ਕੈਮਿਸਟ ਐਸੋਸੀਏਸ਼ਨ ਬਠਿੰਡਾ ਨੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੂੰ ਦੱਸੀਆਂ ਕੈਮਿਸਟਾਂ ਦੀਆਂ ਸਮੱਸਿਆਵਾਂ
ਅਸ਼ੋਕ ਵਰਮਾ
ਬਠਿੰਡਾ, 24 ਮਾਰਚ 2025: ਬਠਿੰਡਾ ਦੌਰੇ 'ਤੇ ਪਹੁੰਚੇ ਕੇਂਦਰੀ ਰਾਜ ਫੂਡ ਪ੍ਰੋਸੈਸਿੰਗ ਮੰਤਰੀ ਸਰਦਾਰ ਰਵਨੀਤ ਸਿੰਘ ਬਿੱਟੂ ਨੂੰ "ਦ ਬਠਿੰਡਾ ਡਿਸਟ੍ਰਿਕਟ ਕੈਮਿਸਟ ਐਸੋਸੀਏਸ਼ਨ" (ਟੀਬੀਡੀਸੀਏ) ਦੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਬਾਲਿਆਂਵਾਲੀ ਵੱਲੋਂ ਮੁਲਾਕਾਤ ਕਰਕੇ ਕੈਮਿਸਟਾਂ ਦੀਆਂ ਮੰਗਾਂ ਸਬੰਧੀ ਜਾਣੂ ਕਰਵਾਉਂਦਿਆਂ ਕੇਂਦਰ ਸਰਕਾਰ ਰਾਹੀਂ ਉਪਰੋਕਤ ਮੰਗਾਂ ਜਲਦ ਹੱਲ ਕਰਵਾਉਣ ਦੀ ਅਪੀਲ ਕੀਤੀ ਗਈ। ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰਧਾਨ ਅਸ਼ੋਕ ਬਾਲਿਆਂਵਾਲੀ ਨੇ ਦੱਸਿਆ ਕਿ ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਵਿਖੇ ਪੁੱਜੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੇ ਕੈਮਿਸਟਾਂ ਨੂੰ ਆਉਣ ਵਾਲੀਆਂ ਸਮੱਸਿਆਵਾਂ ਹੱਲ ਕਰਨ ਦੀ ਅਪੀਲ ਕੀਤੀ ਸੀ। ਉਹਨਾਂ ਦੱਸਿਆ ਕਿ ਕੈਮਿਸਟਾਂ ਦੀ ਪਿਛਲੇ ਲੰਮੇ ਸਮੇਂ ਤੋਂ ਚਲਦੀ ਆ ਰਹੀ ਵੱਡੀ ਮੰਗ ਦਵਾਈਆਂ ਦੀ ਆਨਲਾਈਨ ਸੇਲ ਪਰਚੇਜ਼ ਨੂੰ ਬੰਦ ਕਰਵਾਇਆ ਜਾਵੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਰਵਨੀਤ ਸਿੰਘ ਬਿੱਟੂ ਨੂੰ ਦਵਾਈਆਂ ਦੀ ਆਨਲਾਈਨ ਸੇਲ ਪਰਚੇਜ਼ ਰਾਹੀਂ ਆਮ ਜਨਤਾ ਦੀ ਸਿਹਤ ਨਾਲ ਹੋ ਰਹੇ ਖਿਲਵਾੜ ਤੇ ਨਸ਼ਾ ਤਸਕਰੀ ਨੂੰ ਮਿਲ ਰਹੀ ਸਹਾਇਤਾ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ।
ਉਨ੍ਹਾਂ ਕਿਹਾ ਕਿ ਦਵਾਈਆਂ ਦੀ ਆਨਲਾਈਨ ਸੇਲ ਪਰਚੇਜ਼ ਨੂੰ ਬੰਦ ਕਰਵਾਇਆ ਜਾਵੇ, ਤਾਂ ਜਿੱਥੇ ਇੱਕ ਪਾਸੇ ਨਸ਼ਾਖੋਰੀ 'ਤੇ ਪਾਬੰਦੀ ਲੱਗੇਗੀ, ਉੱਥੇ ਹੀ ਦੂਜੇ ਪਾਸੇ ਆਮ ਜਨਤਾ ਦੀ ਸਿਹਤ ਨਾਲ ਹੋ ਰਹੇ ਖਿਲਵਾੜ 'ਤੇ ਵੀ ਰੋਕ ਲੱਗੇਗੀ। ਅਸ਼ੋਕ ਬਾਲਿਆਂਵਾਲੀ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਡਰੱਗ ਟੈਕਨੀਕਲ ਐਡਵਾਈਜਰੀ ਬੋਰਡ (ਡੀਟੀਏਬੀ) ਦਾ ਪੁਨਰਗਠਨ ਕੀਤਾ ਗਿਆ ਹੈ, ਜਿਸ ਵਿੱਚ ਆਲ ਇੰਡੀਆ ਆਰਗਨਾਈਜੇਸ਼ਨ ਆਫ ਕੈਮਿਸਟ ਐਂਡ ਡਰੱਗਿਸਟ੍ਸ (ਏਆਈਓਸੀਡੀ) ਦੇ ਪ੍ਰਤੀਨਿਧੀਆਂ ਨੂੰ ਸ਼ਾਮਿਲ ਨਹੀਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਏਆਈਓਸੀਡੀ ਭਾਰਤ ਦੀ ਸਭ ਤੋਂ ਵੱਡੀ ਸੰਸਥਾ ਹੈ, ਜੋ ਕੈਮਿਸਟਾਂ ਦੀ ਭਲਾਈ ਲਈ ਕੰਮ ਕਰ ਰਹੀ ਹੈ। ਜਿਸ ਵੱਲੋਂ ਦੇਸ਼ ਭਰ ਵਿੱਚ ਕਿਸੇ ਵੀ ਕੁਦਰਤੀ ਆਫਤ ਦੀ ਸਥਿਤੀ ਵਿੱਚ ਸਰਕਾਰ ਦੇ ਮੋਢੇ ਨਾਲ ਮੋਢਾ ਮਿਲਾ ਕੇ ਆਮ ਜਨਤਾ ਨੂੰ ਦਵਾਈਆਂ ਸਪਲਾਈ ਕੀਤੀ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਜੇਕਰ ਡਰੱਗ ਟੈਕਨੀਕਲ ਐਡਵਾਈਜਰੀ ਬੋਰਡ ਵਿੱਚ ਏਆਈਓਸੀਡੀ ਨੂੰ ਸ਼ਾਮਿਲ ਕੀਤਾ ਜਾਂਦਾ ਹੈ, ਤਾਂ ਦੇਸ਼ ਭਰ ਦੇ ਕੈਮਿਸਟਾਂ ਦੀਆਂ ਸਮੱਸਿਆਵਾਂ ਬਾਰੇ ਸਰਕਾਰ ਨੂੰ ਸਮੇਂ ਸਮੇਂ 'ਤੇ ਜਾਣਕਾਰੀ ਮਿਲੇਗੀ ਅਤੇ ਐਡਵਾਈਜਰੀ ਬੋਰਡ ਦੇ ਸਹਿਯੋਗ ਨਾਲ ਹਰੇਕ ਕੈਮਿਸਟਾਂ ਤੱਕ ਸਰਕਾਰ ਵੱਲੋਂ ਪਹੁੰਚ ਕਰਦਿਆਂ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਸਮਾਧਾਨ ਵਿੱਚ ਮਹੱਤਵਪੂਰਨ ਕਦਮ ਉਠਾਏ ਜਾ ਸਕਦੇ ਹਨ, ਇਸ ਲਈ ਏਆਈਓਸੀਡੀ ਦੇ ਪ੍ਰਤੀਨਿਧੀਆਂ ਨੂੰ ਡਰੱਗ ਟੈਕਨੀਕਲ ਐਡਵਾਈਜਰੀ ਬੋਰਡ ਵਿੱਚ ਸ਼ਾਮਿਲ ਕੀਤਾ ਜਾਵੇ। ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਬਾਲਿਆਂਵਾਲੀ ਨੇ ਦੱਸਿਆ ਕਿ ਸਰਦਾਰ ਰਵਨੀਤ ਸਿੰਘ ਬਿੱਟੂ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਉਨ੍ਹਾਂ ਦੀਆਂ ਉਪਰੋਕਤ ਦੋਵੇਂ ਵੱਡੀਆਂ ਮੰਗਾਂ ਸਬੰਧੀ ਕੇਂਦਰੀ ਸਿਹਤ ਮੰਤਰੀ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਜਾਣੂ ਕਰਵਾਉਣਗੇ, ਤਾਂ ਜੋ ਕੈਮਿਸਟਾਂ ਦੀਆਂ ਉਪਰੋਕਤ ਦੋਵੇਂ ਮੰਗਾਂ ਦਾ ਜਲਦ ਸਮਾਧਾਨ ਕੀਤਾ ਜਾ ਸਕੇ।