ਜ਼ਿਲ੍ਹਾ ਪੱਧਰੀ ਨਿਰਿਯਾਤ ਪ੍ਰੋਤਸਹਾਨ ਕਮੇਟੀ ਦੀ ਬੈਠਕ ਹੋਈ
-ਕਿਨੂੰ, ਬਾਸਮਤੀ ਤੇ ਹੋਰ ਉਤਪਾਦਾਂ ਦੇ ਨਿਰਿਯਾਤਕਾਂ ਨੂੰ ਸਰਕਾਰ ਦੀਆਂ ਨਿਰਯਾਤ ਨੂੰ ਪ੍ਰਫੁਲਿਤ ਕਰਨ ਵਾਲੀਆਂ ਸਕੀਮਾਂ ਦੀ ਜਾਣਕਾਰੀ ਦਿੱਤੀ ਗਈ
ਫਾਜ਼ਿਲਕਾ, 21 ਜਨਵਰੀ
ਜਿਲੇ ਵਿੱਚ ਕਿੰਨੂ, ਬਾਸਮਤੀ ਅਤੇ ਹੋਰ ਉਤਪਾਦਾਂ ਦੇ ਨਿਰਿਯਾਤ ਸਬੰਧੀ ਨਿਰਿਆਤਕਾਂ ਨੂੰ ਸਰਕਾਰੀ ਨਿਯਮਾਂ ਅਤੇ ਸਕੀਮਾਂ ਪ੍ਰਤੀ ਹੋਰ ਸਜਗ ਬਣਾਉਣ ਲਈ ਜ਼ਿਲਾ ਪੱਧਰੀ ਨਿਰਿਯਾਤ ਪ੍ਰੋਤਸਹਾਨ ਕਮੇਟੀ ਦੀ ਬੈਠਕ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਆਈਏਐਸ ਦੀ ਪ੍ਰਧਾਨਗੀ ਹੇਠ ਹੋਈ। ਬੈਠਕ ਦੌਰਾਨ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਨੇ ਦੱਸਿਆ ਕਿ ਫਾਜ਼ਿਲਕਾ ਜ਼ਿਲ੍ਹੇ ਤੋਂ ਬਾਸਮਤੀ ਅਤੇ ਕਿੰਨੂ ਪ੍ਰਮੁੱਖ ਰੂਪ ਨਾਲ ਨਿਰਿਯਾਤ ਕੀਤੇ ਜਾਂਦੇ ਹਨ ਅਤੇ ਸਰਕਾਰ ਵੱਲੋਂ ਨਿਰਿਯਾਤ ਨੂੰ ਹੋਰ ਉਤਸਾਹਿਤ ਕਰਨ ਲਈ ਬਹੁਤ ਸਾਰੀਆਂ ਸਕੀਮਾਂ ਚਲਾਈਆਂ ਜਾ ਰਹੀਆਂ ਹਨ। ਉਹਨਾਂ ਨੇ ਕਿਹਾ ਕਿ ਇਸ ਵਰਕਸ਼ਾਪ ਦਾ ਉਦੇਸ਼ ਸਾਡੇ ਨਿਰਿਯਾਤਕਾਂ ਨੂੰ ਸਰਕਾਰ ਦੀਆਂ ਇਹਨਾਂ ਸਕੀਮਾਂ ਸਬੰਧੀ ਜਾਗਰੂਕ ਕਰਨਾ ਹੈ।
ਇਸ ਮੌਕੇ ਜ਼ਿਲ੍ਹਾ ਉਦਯੋਗ ਕੇਂਦਰ ਦੇ ਜੀਐਮ ਸ੍ਰੀ ਜਸਵਿੰਦਰ ਸਿੰਘ ਚਾਵਲਾ ਨੇ ਦੱਸਿਆ ਕਿ ਸਰਕਾਰ ਵੱਲੋਂ ਨਿਰਿਯਾਤ ਨੂੰ ਉਤਸਾਹਿਤ ਕਰਨ ਲਈ ਕਈ ਉਪਰਾਲੇ ਕੀਤੇ ਜਾ ਰਹੇ ਹਨ। ਉਹਨਾਂ ਨੇ ਦੱਸਿਆ ਕਿ ਨਿਰਿਯਾਤਕ ਇਸ ਸਬੰਧੀ ਸਰਕਾਰੀ ਸਕੀਮਾਂ ਦਾ ਲਾਭ ਲੈ ਕੇ ਆਪਣੇ ਨਿਰਯਾਤ ਨੂੰ ਵਧਾ ਸਕਦੇ ਹਨ। ਵਿਭਾਗ ਦੇ ਐਫਐਮ ਨਿਰਵੈਰ ਸਿੰਘ ਨੇ ਇਸ ਮੌਕੇ ਸਾਰੇ ਨਿਰਯਾਤਕਾਂ ਨੂੰ ਜੀ ਆਇਆਂ ਨੂੰ ਆਖਿਆ।
ਇਸ ਮੌਕੇ ਡੀਜੀਐਫਟੀ ਦੇ ਜੁਆਇੰਟ ਡਾਇਰੈਕਟਰ ਮਨਜੀਤ ਕੌਰ ਨੇ ਵਿਦੇਸ਼ੀ ਵਪਾਰ ਪੋਲਸੀ 2023 ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੇਕਰ ਕੋਈ ਉਦੋਗਪਤੀ ਨਿਰਿਯਾਤ ਲਈ ਸਮਾਨ ਤਿਆਰ ਕਰਨ ਹਿੱਤ ਕੋਈ ਮਸ਼ੀਨਾਂ ਮੰਗਾਉਂਦਾ ਹੈ ਤਾਂ ਉਸਨੂੰ ਡਿਊਟੀ ਮਾਫ ਕੀਤੀ ਜਾਂਦੀ ਹੈ ਪਰ ਜਿੰਨੀ ਡਿਊਟੀ ਮਾਫ ਕੀਤੀ ਜਾਂਦੀ ਹੈ ਉਸਦੇ ਛੇ ਗੁਣਾ ਨਿਰਿਯਾਤ ਉਸਨੇ ਆਉਣ ਵਾਲੇ ਛੇ ਸਾਲਾਂ ਵਿੱਚ ਕਰਨਾ ਹੁੰਦਾ ਹੈ। ਇਸੇ ਤਰ੍ਹਾਂ ਜੇਕਰ ਕੋਈ ਉਦਯੋਗ ਐਕਸਪੋਰਟ ਕੀਤੇ ਜਾਣ ਵਾਲਾ ਸਮਾਨ ਤਿਆਰ ਕਰਨ ਲਈ ਉਸ ਲਈ ਕੋਈ ਕੱਚਾ ਮਾਲ ਬਾਹਰ ਤੋਂ ਮੰਗਾਉਂਦਾ ਹੈ ਤਾਂ ਉਸ ਨੂੰ ਵੀ ਛੋਟ ਮਿਲਦੀ ਹੈ। ਉਹਨਾਂ ਨੇ ਦੱਸਿਆ ਕਿ ਈ ਕਮਰਸ ਟਰੇਡ ਐਕਸਪੋਰਟ ਹਬ ਵੀ ਬਣਾਏ ਜਾ ਰਹੇ ਹਨ ਅਤੇ ਡਾਕ ਨਿਰਿਯਾਤ ਕੇਂਦਰਾਂ ਰਾਹੀਂ ਵੀ ਨਿਰਿਯਾਤਕਾਂ ਦੀ ਮਦਦ ਕੀਤੀ ਜਾ ਰਹੀ ਹੈ। ਉਹਨਾਂ ਨੇ ਨਿਰਿਯਾਤ ਬੰਧੂ ਸਕੀਮ ਦੀ ਜਾਣਕਾਰੀ ਵੀ ਦਿੱਤੀ।
ਫੈਡਰੇਸ਼ਨ ਆਫ ਇੰਡੀਅਨ ਐਕਸਪੋਟਰਸ ਤੋਂ ਵਿਨੇ ਸ਼ਰਮਾ ਨੇ ਵੱਖ-ਵੱਖ ਸਕੀਮਾਂ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਕਸਪੋਰਟ ਕਰੈਡਿਟ ਗਰੰਟੀ ਕਾਰਪੋਰੇਸ਼ਨ ਦੀ ਸਕੀਮ ਤਹਿਤ ਨਿਰਿਯਾਤਕ ਨੂੰ ਪੈਸੇ ਡੁੱਬਣ ਤੋਂ ਗਰੰਟੀ ਮਿਲਦੀ ਹੈ। ਇਸੇ ਤਰ੍ਹਾਂ ਉਹਨਾਂ ਨੇ ਨਿਰਿਯਾਤਕਾਂ ਨੂੰ ਜਾਣਕਾਰੀ ਦਿੱਤੀ ਕਿ ਕਿਸ ਤਰ੍ਹਾਂ ਉਹ ਵਿਦੇਸ਼ ਵਿੱਚ ਆਪਣੇ ਖਰੀਦਦਾਰ ਲੱਭ ਸਕਦੇ ਹਨ। ਉਹਨਾਂ ਨੇ ਦੱਸਿਆ ਕਿ ਸਰਕਾਰ ਦੀਆਂ ਇਸ ਸਬੰਧੀ ਵੈਬਸਾਈਟ ਵੀ ਹਨ ਅਤੇ ਵਿਦੇਸ਼ਾਂ ਵਿੱਚ ਭਾਰਤੀ ਸਫਾਰਤਖਾਨਿਆਂ ਵਿੱਚ ਵੀ ਕਮਰਸ਼ੀਅਲ ਟ੍ਰੇਡ ਵਿਭਾਗ ਬਣੇ ਹੋਏ ਹਨ ਜਿੱਥੋਂ ਵਪਾਰੀ ਆਪਣੇ ਉਤਪਾਦ ਲਈ ਸਬੰਧਤ ਦੇਸ਼ ਦੇ ਖਰੀਦਦਾਰਾਂ ਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਇਸ ਮੌਕੇ ਜ਼ਿਲ੍ਹੇ ਦੇ ਉਦਯੋਗਪਤੀਆਂ ਅਤੇ ਨਿਰਯਾਤਕਾਂ ਤੋਂ ਇਲਾਵਾ ਸ੍ਰੀ ਅਜੈ ਸਿਡਾਨਾ, ਡਾ ਮਮਤਾ ਲੂਣਾ, ਡਾ ਸੋਪਤ ਸਹਾਰਣ ਵੀ ਹਾਜਰ ਸਨ।