ਪੰਜਾਬ ਰੋਡਵੇਜ਼ ਰੂਪਨਗਰ ਦੇ ਡਰਾਈਵਰਾਂ, ਕੰਡਕਟਰਾਂ ਤੇ ਵਰਕਸ਼ਾਪ ਮੁਲਾਜ਼ਮਾਂ ਲਈ ਅੱਖਾਂ ਦੀ ਜਾਂਚ ਸ਼ਿਵਿਰ ਲਾਇਆ
ਰੂਪਨਗਰ, 21 ਜਨਵਰੀ 2025: ਜਿਲ੍ਹਾ ਰੂਪਨਗਰ ਵਿੱਚ ਰੋਡ ਸੇਫਟੀ ਮਹੀਨੇ ਦੇ ਤਹਿਤ ਅੱਜ ਪੰਜਾਬ ਰੋਡਵੇਜ਼, ਰੂਪਨਗਰ ਵਿਖੇ ਅੱਖਾਂ ਦੀ ਜਾਂਚ ਕਰਨ ਲਈ ਇੱਕ ਵਿਸ਼ੇਸ਼ ਸ਼ਿਵਿਰ ਦਾ ਆਯੋਜਨ ਕੀਤਾ ਗਿਆ। ਇਸ ਸ਼ਿਵਿਰ ਦਾ ਮਕਸਦ ਡਰਾਈਵਰਾਂ, ਕੰਡਕਟਰਾਂ ਅਤੇ ਵਰਕਸ਼ਾਪ ਕਰਮਚਾਰੀਆਂ ਦੀ ਅੱਖਾਂ ਦੀ ਸਿਹਤ ਦੀ ਜਾਂਚ ਕਰਕੇ ਸੜਕ ਸੁਰੱਖਿਆ ਨੂੰ ਯਕੀਨੀ ਬਣਾਉਣਾ ਸੀ।
ਇਸ ਮੌਕੇ ਉਤੇ ਰੀਜਨਲ ਟ੍ਰਾਂਸਪੋਰਟ ਅਧਿਕਾਰੀ (ਆਰਟੀਓ) ਰੂਪਨਗਰ ਗੁਰਵਿੰਦਰ ਸਿੰਘ ਜੌਹਲ; ਜਨਰਲ ਮੈਨੇਜਰ, ਪੰਜਾਬ ਰੋਡਵੇਜ਼ ਰੂਪਨਗਰ ਮੈਰਿਕ ਗਰਗ ਅਤੇ ਧੀਰਜ ਕੁਮਾਰ ਟ੍ਰੈਫਿਕ ਮੈਨੇਜਰ ਨੇ ਵਿਸ਼ੇਸ਼ ਤੌਰ ’ਤੇ ਹਾਜਰੀ ਲਗਾਈ।
ਇਸ ਅਵਸਰ ਉਤੇ ਗੱਲ ਕਰਦੇ ਹੋਏ ਗੁਰਵਿੰਦਰ ਸਿੰਘ ਜੌਹਲ ਨੇ ਕਿਹਾ ਕਿ ਸੜਕ ਸੁਰੱਖਿਆ ਦੇ ਮਿਆਰਾਂ ਨੂੰ ਬਣਾਈ ਰੱਖਣ ਲਈ ਅੱਖਾਂ ਦੀ ਸਿਹਤ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਨੇ ਕਿਹਾ ਕਿ ਡਰਾਈਵਰਾਂ ਲਈ ਸਹੀ ਵਿਜ਼ਨ ਹਰ ਹਾਲ ਵਿੱਚ ਜ਼ਰੂਰੀ ਹੈ ਤਾਂ ਜੋ ਹਾਦਸਿਆਂ ਨੂੰ ਟਾਲਿਆ ਜਾ ਸਕੇ।
ਜਨਰਲ ਮੈਨੇਜਰ ਮੈਰਿਕ ਗਰਗ ਨੇ ਇਸ ਕਦਮ ਦੀ ਸਾਰਾਹ ਕਰਦੇ ਹੋਏ ਰੋਡਵੇਜ਼ ਦੇ ਸਟਾਫ਼ ਦੀ ਸ਼ਮੂਲੀਅਤ ਦੀ ਤਾਰੀਫ਼ ਕੀਤੀ। ਟ੍ਰੈਫਿਕ ਮੈਨੇਜਰ ਧੀਰਜ ਕੁਮਾਰ ਨੇ ਰੋਡ ਸੇਫਟੀ ਮੁਹਿੰਮ ਦੇ ਤਹਿਤ ਹੋਰ ਕਈ ਸੁਰੱਖਿਆ ਸੰਬੰਧੀ ਕਾਰਜਕਰਮ ਆਯੋਜਿਤ ਕਰਨ ਦੀ ਪ੍ਰਤੀਬੱਧਤਾ ਪ੍ਰਗਟਾਈ।
ਇਸ ਸ਼ਿਵਿਰ ਵਿੱਚ ਮਾਹਿਰ ਅੱਖਾਂ ਦੇ ਡਾਕਟਰਾਂ ਦੀ ਟੀਮ ਨੇ ਕਰਮਚਾਰੀਆਂ ਦੀ ਜਾਂਚ ਕੀਤੀ ਅਤੇ ਜਿਨ੍ਹਾਂ ਨੂੰ ਵਧੇਰੇ ਇਲਾਜ ਦੀ ਲੋੜ ਸੀ, ਉਨ੍ਹਾਂ ਨੂੰ ਵਿਸ਼ੇਸ਼ ਕੇਅਰ ਲਈ ਰੈਫਰ ਕੀਤਾ ਗਿਆ।
ਇਹ ਕਦਮ ਟਰਾਂਸਪੋਰਟ ਕਰਮਚਾਰੀਆਂ ਵਿੱਚ ਸੜਕ ਸੁਰੱਖਿਆ ਅਤੇ ਸਿਹਤ ਪ੍ਰਤੀ ਜਾਗਰੂਕਤਾ ਫੈਲਾਉਣ ਦੇ ਵੱਡੇ ਉਦੇਸ਼ ਦਾ ਹਿੱਸਾ ਹੈ।