ਚੇਅਰਮੈਨ ਰਮਨ ਬਹਿਲ ਦੀਆਂ ਕੋਸ਼ਿਸ਼ਾਂ ਸਦਕਾ ਸ਼ਹਿਰ ਵਾਸੀਆਂ ਨੂੰ ਵੱਡੀ ਰਾਹਤ ਤੇ ਸਹੂਲਤ ਮਿਲੀ
ਵਿਰੋਧੀ ਪਾਰਟੀਆਂ ਦੇ ਆਗੂ ਸਿਰਫ਼ ਸੌੜੀ ਸੋਚ ਨਾਲ ਫੁੱਟ ਪਾਉਣ ਤੇ ਨਫ਼ਰਤ ਦੀ ਰਾਜਨੀਤੀ ਹੀ ਕਰਦੇ, ਲੋਕਾਂ ਦੇ ਅਸਲ ਮੁੱਦਿਆਂ ਨਾਲ ਉਨ੍ਹਾਂ ਦਾ ਕੋਈ ਸਰੋਕਾਰ ਨਹੀਂ - ਰਮਨ ਬਹਿਲ
ਰੋਹਿਤ ਗੁਪਤਾ
ਗੁਰਦਾਸਪੁਰ, 21 ਜਨਵਰੀ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਦੀਆਂ ਕੋਸ਼ਿਸ਼ਾਂ ਸਦਕਾ ਗੁਰਦਾਸਪੁਰ ਸ਼ਹਿਰ ਵਾਸੀਆਂ ਨੂੰ ਵੱਡੀ ਰਾਹਤ ਤੇ ਸਹੂਲਤ ਮਿਲੀ ਹੈ। ਸ੍ਰੀ ਬਹਿਲ ਵੱਲੋਂ ਕੀਤੀ ਗਈ ਪੈਰਵੀ ਸਦਕਾ ਪੰਜਾਬ ਸਰਕਾਰ ਵੱਲੋਂ ਗੁਰਦਾਸਪੁਰ ਸ਼ਹਿਰ ਵਿਚੋਂ ਲੰਘਦੀ ਨਬੀਪੁਰ ਕੱਟ ਡਰੇਨ ਨੂੰ ਪੱਕਿਆਂ ਕਰਨ ਲਈ 5.70 ਕਰੋੜ ਰੁਪਏ ਦਾ ਪ੍ਰੋਜੈਕਟ ਮਨਜ਼ੂਰ ਕੀਤਾ ਗਿਆ ਹੈ। ਦਹਾਕਿਆਂ ਤੋਂ ਉਡੀਕੇ ਜਾ ਰਹੇ ਇਸ ਪ੍ਰੋਜੈਕਟ ਦਾ ਕੰਮ ਅਗਲੇ ਮਹੀਨੇ 10 ਫਰਵਰੀ ਨੂੰ ਸ਼ੁਰੂ ਹੋ ਜਾਵੇਗਾ ਅਤੇ 31 ਮਾਰਚ 2025 ਤੱਕ ਇਸ ਨੂੰ ਮੁਕੰਮਲ ਕਰਨ ਦਾ ਟੀਚਾ ਮਿਥਿਆ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਦੱਸਿਆ ਕਿ ਨਬੀਪੁਰ ਕੱਟ ਡਰੇਨ 1960 ਵਿੱਚ ਬਣੀ ਸੀ ਜੋ ਪਠਾਨਕੋਟ ਬਾਈਪਾਸ ਤੋਂ ਸ਼ੁਰੂ ਹੋ ਕੇ ਨਵਾਂ ਬੱਸ ਸਟੈਂਡ, ਕਾਹਨੂੰਵਾਨ ਰੋਡ ਵੱਲ ਦੀ ਅਬਰੋਲ ਹਸਪਤਾਲ ਕੋਲੋਂ ਬਟਾਲਾ ਰੋਡ ਪਾਰ ਕਰਦੀ ਹੋਈ ਗੁਰਦਾਸਪੁਰ ਸ਼ਹਿਰ ਵਿਚੋਂ ਲੰਘਦੀ ਹੋਈ ਅੱਗੇ ਜਾ ਕੇ ਕਿਰਨ ਨਾਲੇ ਵਿੱਚ ਮਿਲ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਸ ਡਰੇਨ ਦਾ 3.50 ਕਿੱਲੋਮੀਟਰ ਹਿੱਸਾ ਗੁਰਦਾਸਪੁਰ ਸ਼ਹਿਰ ਵਿੱਚ ਪੈਂਦਾ ਹੈ। ਸ੍ਰੀ ਬਹਿਲ ਨੇ ਕਿਹਾ ਕਿ ਡਰੇਨ ਬਣਨ ਤੋਂ ਦਹਾਕੇ ਬੀਤਣ ਦੇ ਬਾਵਜੂਦ ਵੀ ਕਿਸੇ ਵੀ ਆਗੂ ਨੇ ਇਸ ਡਰੇਨ ਵੱਲ ਧਿਆਨ ਨਹੀਂ ਦਿੱਤਾ, ਜਿਸ ਕਾਰਨ ਇਸ ਡਰੇਨ ਵਿੱਚ ਘਾਹ-ਬੂਟੀ ਆਦਿ ਹੋਣ ਕਾਰਨ ਬਰਸਾਤਾਂ ਦੇ ਸੀਜ਼ਨ ਦੌਰਾਨ ਅਕਸਰ ਹੀ ਇਸ ਦਾ ਪਾਣੀ ਓਵਰਫ਼ਲੋ ਹੋ ਕੇ ਲੋਕਾਂ ਦੇ ਘਰਾਂ ਵਿੱਚ ਵੜ ਕੇ ਨੁਕਸਾਨ ਕਰਦਾ ਹੈ। ਇਸ ਤੋਂ ਇਲਾਵਾ ਇਹ ਡਰੇਨ ਕੱਚੀ ਹੋਣ ਕਾਰਨ ਇਸ ਦਾ ਗੰਦਾ ਪਾਣੀ ਜ਼ਮੀਨ ਵਿੱਚ ਜ਼ੀਰਦਾ ਹੈ ਜਿਸ ਕਾਰਨ ਇਸ ਡਰੇਨ ਦੇ ਆਲੇ-ਦੁਆਲੇ ਅਬਾਦ ਕਾਲੋਨੀਆਂ ਦਾ ਧਰਤ ਹੇਠਲਾ ਪੀਣ ਵਾਲਾ ਪਾਣੀ ਵੀ ਦੂਸ਼ਿਤ ਹੋ ਰਿਹਾ ਹੈ।
ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਨਬੀਪੁਰ ਕੱਟ ਡਰੇਨ ਦੇ ਦੋਵੇਂ ਪਾਸੇ ਗੁਰਦਾਸਪੁਰ ਸ਼ਹਿਰ ਦੀ ਵੱਡੀ ਅਬਾਦੀ ਅਬਾਦ ਹੈ ਪਰ ਨਿੱਕੇ-ਨਿੱਕੇ ਮਸਲਿਆਂ ਉੱਪਰ ਰਾਜਨੀਤੀ ਕਰਨ ਵਾਲੇ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਲੋਕਾਂ ਦਾ ਇਹ ਵੱਡਾ ਮਸਲਾ ਕਦੀ ਦਿਖਾਈ ਹੀ ਨਹੀਂ ਦਿੱਤਾ। ਸ੍ਰੀ ਬਹਿਲ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੌਰਾਨ ਜਦੋਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਗੁਰਦਾਸਪੁਰ ਸ਼ਹਿਰ ਆਏ ਸਨ ਤਾਂ ਉਨ੍ਹਾਂ ਨੇ ਨਬੀਪੁਰ ਕੱਟ ਡਰੇਨ ਦਾ ਮਸਲਾ ਉਨ੍ਹਾਂ ਦੇ ਧਿਆਨ ਵਿੱਚ ਲਿਆ ਕੇ ਇਸਦੇ ਪੱਕੇ ਹੱਲ ਦੀ ਮੰਗ ਕੀਤੀ ਸੀ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਨੇ ਉਨ੍ਹਾਂ ਦੀ ਮੰਗ ਨੂੰ ਮੰਨਦੇ ਹੋਏ ਗੁਰਦਾਸਪੁਰ ਸ਼ਹਿਰ ਵਿਚੋਂ ਲੰਘਦੀ ਨਬੀਪੁਰ ਕੱਟ ਡਰੇਨ ਨੂੰ ਪੱਕਿਆਂ ਕਰਨ ਲਈ 5.70 ਕਰੋੜ ਰੁਪਏ ਦਾ ਪ੍ਰੋਜੈਕਟ ਮਨਜ਼ੂਰ ਕਰ ਦਿੱਤਾ ਹੈ।
ਚੇਅਰਮੈਨ ਸ੍ਰੀ ਰਮਨ ਬਹਿਲ ਨੇ ਅੱਗੇ ਦੱਸਿਆ ਕਿ 5.70 ਕਰੋੜ ਰੁਪਏ ਦੀ ਲਾਗਤ ਨਾਲ ਨਬੀਪੁਰ ਕੱਟ ਡਰੇਨ ਨੂੰ ਗੁਰਦਾਸਪੁਰ ਸ਼ਹਿਰ ਵਿਚਲੇ ਹਿੱਸੇ ਨੂੰ ਪੱਕਿਆਂ ਕੀਤਾ ਜਾਵੇਗਾ ਅਤੇ ਡਰੇਨ ਦੇ ਦੋਵੇਂ ਪਾਸੇ ਤਿੰਨ-ਤਿੰਨ ਫੁੱਟ ਰਸਤਾ ਵੀ ਬਣਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸਦੇ ਨਾਲ ਹੀ ਡਰੇਨ ਦੇ ਕਿਨਾਰਿਆਂ `ਤੇ 20-20 ਫੁੱਟ ਦੀ ਦੂਰੀ 'ਤੇ ਪਿੱਲਰ ਬਣਾਏ ਜਾਣਗੇ ਤਾਂ ਜੋ ਇਸਦੀ ਮਜ਼ਬੂਤੀ ਨੂੰ ਵਧਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਡਰੇਨ ਦੇ ਦੋਵਾਂ ਕਿਨਾਰਿਆਂ ਉੱਪਰ ਤਿੰਨ-ਤਿੰਨ ਫੁੱਟ ਉੱਚੀਆਂ ਲੋਹੇ ਦੀਆਂ ਰੋਕਾਂ ਵੀ ਲਗਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਹ ਡਰੇਨ ਪੱਕੀ ਹੋਣ ਨਾਲ ਜਿੱਥੇ ਇਸਦੇ ਓਵਰ ਫਲੋਅ ਹੋਣ ਉੱਪਰ ਰੋਕ ਲੱਗੇਗੀ ਓਥੇ ਨਾਲ ਹੀ ਜ਼ਮੀਨ ਵਿੱਚ ਇਸ ਦਾ ਗੰਦਾ ਪਾਣੀ ਵੀ ਨਹੀਂ ਜ਼ੀਰੇਗਾ। ਉਨ੍ਹਾਂ ਕਿਹਾ ਕਿ ਡਰੇਨ ਪੱਕੀ ਹੋਣ ਨਾਲ ਇਸ ਦੀ ਖ਼ੂਬਸੂਰਤੀ ਵਿੱਚ ਵੀ ਵਾਧਾ ਹੋਵੇਗਾ।
ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਇਸ ਪ੍ਰੋਜੈਕਟ ਦਾ ਟੈਂਡਰ ਲੱਗ ਚੁੱਕਾ ਹੈ ਅਤੇ ਜਲਦੀ ਹੀ ਇਸ ਦਾ ਕੰਮ ਅਲਾਟ ਹੋ ਜਾਵੇਗਾ। ਉਨ੍ਹਾਂ ਕਿਹਾ ਕਿ 10 ਫਰਵਰੀ ਦੇ ਨਜ਼ਦੀਕ ਇਸ ਪ੍ਰੋਜੈਕਟ ਦੀ ਅਰੰਭਤਾ ਕਰ ਦਿੱਤੀ ਜਾਵੇਗੀ ਅਤੇ 31 ਮਾਰਚ 2025 ਤੱਕ ਇਸ ਪ੍ਰੋਜੈਕਟ ਨੂੰ ਮੁਕੰਮਲ ਕਰ ਲਿਆ ਜਾਵੇਗਾ।
ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਉਨ੍ਹਾਂ ਦੀ ਰਾਜਨੀਤੀ ਹਮੇਸ਼ਾਂ ਹੀ ਵਿਕਾਸ ਦੀ ਅਤੇ ਲੋਕ ਮੁੱਦਿਆਂ ਨੂੰ ਹੱਲ ਕਰਨ ਦੀ ਰਹੀ ਹੈ। ਉਨ੍ਹਾਂ ਕਿਹਾ ਕਿ ਇਸਦੇ ਮੁਕਾਬਲੇ ਵਿਰੋਧੀ ਪਾਰਟੀਆਂ ਦੇ ਆਗੂ ਸੌੜੀ ਸੋਚ ਨਾਲ ਸਿਰਫ਼ ਹੋਸ਼ੀ ਰਾਜਨੀਤੀ ਕਰਕੇ ਲੋਕਾਂ ਨੂੰ ਆਪਸ ਵਿੱਚ ਲੜਾਉਣ ਤੇ ਗੁੰਮਰਾਹ ਕਰਨ ਦਾ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕਿ ਦਮਗਜੇ ਮਾਰਨ ਵਾਲੇ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਨਬੀਪੁਰ ਡਰੇਨ ਕਾਰਨ ਸ਼ਹਿਰ ਵਾਸੀਆਂ ਨੂੰ ਪੇਸ਼ ਆ ਰਹੀ ਦਹਾਕਿਆਂ ਪੁਰਾਣੀ ਸਮੱਸਿਆ ਕਦੇ ਦਿਖਾਈ ਹੀ ਨਹੀਂ ਦਿੱਤੀ ਅਤੇ ਨਾ ਹੀ ਉਨ੍ਹਾਂ ਨੇ ਕਦੀ ਇਸਦੇ ਹੱਲ ਲਈ ਕੋਈ ਯਤਨ ਕੀਤਾ। ਉਨ੍ਹਾਂ ਕਿਹਾ ਕਿ ਗੁਰਦਾਸਪੁਰ ਦੇ ਲੋਕ ਵਿਕਾਸ ਦੇ ਹਾਮੀ ਹਨ ਅਤੇ ਉਹ ਵਿਰੋਧੀਆਂ ਦੀ ਨਫ਼ਰਤ ਅਤੇ ਫੁੱਟ ਪਾਓ ਰਾਜਨੀਤੀ ਨੂੰ ਬੁਰੀ ਤਰ੍ਹਾਂ ਨਕਾਰ ਦੇਣਗੇ।
ਗੁਰਦਾਸਪੁਰ ਸ਼ਹਿਰ ਵਾਸੀਆਂ ਦੀ ਦਹਾਕਿਆਂ ਪੁਰਾਣੀ ਸਮੱਸਿਆ ਦਾ ਹੱਲ ਕਰਨ ਲਈ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਦਾ ਦਿਲੀ ਧੰਨਵਾਦ ਵੀ ਕੀਤਾ ਹੈ।