ਜਿਓਂਦ ਘਟਨਾ: ਡੀਐਸਪੀ ਦੀ ਤੋੜੀ ਬਾਂਹ ਪੁਲਿਸ ਨੇ ਦਰਜ ਕੀਤੇ ਕੇਸ ਤਾਂ
ਅਸ਼ੋਕ ਵਰਮਾ
ਬਠਿੰਡਾ, 21 ਜਨਵਰੀ2025:ਬਠਿੰਡਾ ਜਿਲ੍ਹੇ ਦੇ ਪਿੰਡ ਜਿਉਂਦ ’ਚ ਪ੍ਰਸ਼ਾਸ਼ਨ ਵੱਲੋਂ ਕੀਤੀ ਜਾਣ ਵਾਲੀ ਮੁਰੱਬਾਬੰਦੀ ਅਤੇ ਨਿਸ਼ਾਨਦੇਹੀ ਦਾ ਵਿਰੋਧ ਕਰ ਰਹੀ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਅਗਵਾਈ ਹੇਠ ਕਿਸਾਨਾਂ ਅਤੇ ਪ੍ਰਸ਼ਾਸਨ ਵਿਚਕਾਰ ਹੋਏ ਤਿੱਖੇ ਟਕਰਾਅ ਤੋਂ ਬਾਅਦ ਪੁਲੀਸ ਨੇ ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜੱਥੇਬੰਦੀ ਦੇ ਗਰਮ ਸਭਾਅ ਵਾਲੇ ਆਗੂ ਝੰਡਾ ਸਿੰਘ ਜੇਠੂਕੇ ਸਮੇਤ ਤਿੰਨ ਦਰਜਨ ਵਿਅਕਤੀਆਂ ਖ਼ਿਲਾਫ਼ ਦੋ ਵੱਖ-ਵੱਖ ਮੁਕੱਦਮੇ ਦਰਜ ਕਰਕੇ ਕਾਨੂੰਨੀ ਸ਼ਿਕੰਜਾ ਕਸਣਾ ਸ਼ੁਰੂ ਕਰ ਦਿੱਤਾ ਹੈ। ਹਾਲਾਂਕਿ ਪੁਲਿਸ ਪ੍ਰਸ਼ਾਸ਼ਨ ਨੇ ਕਿਸਾਨਾਂ ਖਿਲਾਫ ਦਰਜ ਕੀਤੇ ਪੁਲਿਸ ਕੇਸਾਂ ਤੇ ਪਰਦਾ ਪਾਉਣ ਖਾਤਰ ਪੁਲਿਸ ਵੱਲੋਂ ਰੋਜਾਨਾਂ ਜਾਰੀ ਕੀਤੀ ਜਾਂਦੀ ਕ੍ਰਾਈਮ ਰਿਪੋਰਟ ਤੋਂ ਬਾਹਰ ਰੱਖਕੇ ਇਨ੍ਹਾਂ ਮੁਕੱਦਮਿਆਂ ਤੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਹੈ ਫਿਰ ਵੀ ਕਿਸਾਨ ਧਿਰਾਂ ਨਾਲ ਵਿਵਾਦ ਵਧਣ ਤੋਂ ਰੋਕਣ ਲਈ ਰੱਖਿਆ ਗੁੱਝਾ ਭੇਦ ਸਾਹਮਣੇ ਆ ਗਿਆ ਹੈ।
ਜਾਣਕਾਰੀ ਅਨੁਸਾਰ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂ ਕੇ, ਬਲਤੇਜ ਸਿੰਘ ਚਾਓਕੇ, ਬੂਟਾ ਸਿੰਘ ਬੱਲ੍ਹੋ, ਗੁਰਜੰਟ ਸਿੰਘ ਸਾਬਕਾ ਸਰਪੰਚ ਜਿਓਂਦ ਅਤੇ ਗੁਲਾਬ ਸਿੰਘ ਵਿਧੀਆ ਸਮੇਤ 30-35 ਅਣਪਛਾਤੇ ਵਿਅਕਤੀਆਂ ਨੂੰ ਮੁਕੱਦਮਾ ਨੰਬਰ 5/25 ’ਚ ਧਾਰਾ 140 (3), 304, 132, 221, 127 (2), 351 (2), 190, 191 (3) ਬੀਐਨਸ ਅਧੀਨ ਨੂੰ ਨਾਮਜ਼ਦ ਕੀਤਾ ਗਿਆ ਹੈ। ਇਸੇ ਤਰਾਂ ਹੀ ਮੁਕੱਦਮਾ ਨੰਬਰ 6/25 ਵਿੱਚ ਬੀਐਨਐਸ ਦੀਆਂ ਧਾਰਾਵਾਂ 109, 132, 221, 285, 191 (3) ਅਤੇ 190 ਤਹਿਤ ਜੋਗਿੰਦਰ ਸਿੰਘ ਉਗਰਾਹਾਂ, ਝੰਡਾ ਸਿੰਘ ਜੇਠੂ ਕੇ, ਸ਼ਗਨਦੀਪ ਸਿੰਘ ਜਿਓਂਦ, ਬੂਟਾ ਸਿੰਘ ਬੱਲ੍ਹੋ, ਗੁਰਵਿੰਦਰ ਸਿੰਘ ਬੱਲ੍ਹੋ, ਹਰਵਿੰਦਰ ਸਿੰਘ ਬੱਲ੍ਹੋ, ਬਲਦੇਵ ਸਿੰਘ ਚਾਓਕੇ, ਜਸਵਿੰਦਰ ਸਿੰਘ ਜੈਦ, ਹਰਵਿੰਦਰ ਸਿੰਘ ਜੇਠੂ ਕੇ ਅਤੇ ਗੁਲਾਬ ਸਿੰਘ ਨਾਮਜ਼ਦ ਕੀਤੇ ਗਏ ਹਨ।
ਗੌਰਤਲਬ ਹੈ ਕਿ ਹਾਈਕੋਰਟ ਦੇ ਨਿਰਦੇਸ਼ਾਂ ’ਤੇ ਜ਼ਿਲ੍ਹਾ ਪ੍ਰਸ਼ਾਸਨ ਬੀਤੇ ਦਿਨ ਪਿੰਡ ਜਿਓਂਦ ’ਚ ਜ਼ਮੀਨੀ ਨਿਸ਼ਾਨਦੇਹੀ ਤੇ ਮੁਰੱਬਾਬੰਦੀ ਦੇ ਸਬੰਧ ’ਚ ਪੈਮਾਇਸ਼ ਕਰਨ ਗਿਆ ਸੀ। ਪ੍ਰਸ਼ਾਸਨਿਕ ਅਮਲੇ ਦਾ ਕਿਸਾਨਾਂ ਨੇ ਵਿਰੋਧ ਕਰ ਦਿੱਤਾ ਅਤੇ ਰੱਫੜ ਵਧਣ ਮਗਰੋਂ ਦੋਵਾਂ ਧਿਰਾਂ ਦਰਮਿਆਨ ਹੋਇਆ ਟਕਰਾਅ ਹਿੰਸਕ ਰੂਪ ਧਾਰਨ ਕਰ ਗਿਆ। ਘਟਨਾ ’ਚ ਡੀਐਸਪੀ ਰਾਹੁਲ ਭਾਰਦਵਾਜ ਦੀ ਖੱਬੀ ਬਾਂਹ ਟੁੱਟ ਗਈ ਅਤੇ ਉਨ੍ਹਾਂ ਦੇ ਅੰਗ ਰੱਖਿਅਕ ਦੇ ਵੀ ਸੱਟਾਂ ਲੱਗੀਆਂ। ਡੀਐਸਪੀ ਰਾਹੁਲ ਭਾਰਦਵਾਜ ਦਾ ਕਹਿਣਾ ਸੀ ਕਿ ਕਿਸਾਨਾਂ ਵੱਲੋਂ ਕੀਤੇ ਹਮਲੇ ਕਾਰਨ ਉਨ੍ਹਾਂ ਦੇ ਸੱਟਾਂ ਵੱਜੀਆਂ ਹਨ ਅਤੇ ਉਨ੍ਹਾਂ ਦਾ ਅੰਗ ਰੱਖਿਅਕ ਵੀ ਜਖਮੀ ਹੋਇਆ ਹੈ ਜੋ ਹਸਪਤਾਲ ’ਚ ਦਾਖਲ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਨੇ ਪੁਲਿਸ ਪ੍ਰਸ਼ਾਸ਼ਨ ਦੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ ਹੈ। ਕਿਸਾਨ ਆਗੂਆਂ ਨੇ ਦੋਸ਼ ਲਾਏ ਕਿ ਇਸ ਝੜਪ ’ਚ ਕੁੱਝ ਕਿਸਾਨ ਜ਼ਖ਼ਮੀ ਹੋਏ ਹਨ।