ਕੋਠਾਗੁਰੂ ਦੇ ਪੰਜ ਸ਼ਹੀਦਾਂ ਤੇ ਜ਼ਖ਼ਮੀਆਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੁਆਉਣ ਲਈ ਮੋਰਚਾ ਜਾਰੀ
ਅਸ਼ੋਕ ਵਰਮਾ
ਬਠਿੰਡਾ,21 ਜਨਵਰੀ 2025: 4 ਜਨਵਰੀ ਨੂੰ ਟੋਹਾਣਾ ਰੈਲੀ ਚ ਜਾਂਦੇ ਸਮੇਂ ਬੱਸ ਹਾਦਸੇ ਦੌਰਾਨ ਸ਼ਹੀਦ ਹੋਏ ਕੋਠਾਗੁਰੂ ਦੇ ਪੰਜ ਕਿਸਾਨਾਂ ਦੇ ਪਰਿਵਾਰਾਂ ਨੂੰ ਦਸ ਦਸ ਲੱਖ ਰੁਪਏ ਮੁਆਵਜ਼ਾ, ਨੌਕਰੀ ਦੇਣ ਤੇ ਕਰਜਾ ਖ਼ਤਮ ਕਰਨ ਤੋਂ ਇਲਾਵਾ ਜ਼ਖਮੀਆਂ ਨੂੰ ਢੁਕਵਾਂ ਮੁਆਵਜ਼ਾ ਦੇਣ ਆਦਿ ਮੰਗਾਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਡੀ ਸੀ ਦਫਤਰ ਬਠਿੰਡਾ ਅੱਗੇ ਕੱਲ੍ਹ ਤੋਂ ਸ਼ੁਰੂ ਕੀਤਾ ਦਿਨ ਰਾਤ ਦਾ ਪੱਕਾ ਮੋਰਚਾ ਅੱਜ਼ ਦੂਜੇ ਦਿਨ ਵੀ ਜਾਰੀ ਰਿਹਾ । ਬੇਸ਼ੱਕ ਅੱਜ ਫਿਰ ਪ੍ਰਸ਼ਾਸਨ ਵੱਲੋਂ ਕਿਸਾਨ ਆਗੂਆਂ ਨਾਲ਼ ਲੰਮੀ ਮੀਟਿੰਗ ਕੀਤੀ ਗਈ ਪਰ ਗੱਲ ਕਿਸੇ ਤਣ ਪੱਤਣ ਨਾ ਲੱਗੀ।
ਕਿਸਾਨ ਮਜ਼ਦੂਰ ਆਗੂਆਂ ਵੱਲੋਂ ਸਭਨਾਂ ਮਿਰਤਕਾਂ ਦੇ ਵਾਰਸਾਂ ਨੂੰ 10 ਲੱਖ ਰੁਪਏ ਦੇ ਮੁਆਵਜ਼ੇ ਸਮੇਤ ਸਾਰੀਆਂ ਮੰਗਾਂ ਪੂਰੀਆਂ ਕਰਨ ਦੀ ਮੰਗ ਕੀਤੀ ਗਈ । ਪ੍ਰਸ਼ਾਸਨ ਤੇ ਜਥੇਬੰਦੀਆਂ ਦਰਮਿਆਨ ਸਮਝੌਤਾ ਸਿਰੇ ਨਾ ਚੜ੍ਹ ਕਾਰਨ ਮਿਰਤਕਾਂ 'ਚ ਸ਼ਾਮਲ ਜ਼ਿਲਾ ਬਠਿੰਡਾ ਦੇ ਮੀਤ ਪ੍ਰਧਾਨ ਬਸੰਤ ਸਿੰਘ ਕੋਠਾਗੁਰੂ ਤੇ ਕਰਮ ਸਿੰਘ ਦੀਆਂ ਲਾਸ਼ਾਂ ਦਾ ਅੱਜ਼ ਵੀ ਸੰਸਕਾਰ ਨਹੀਂ ਹੋ ਸਕਿਆ।
ਪ੍ਰਸ਼ਾਸਨ ਨਾਲ਼ ਗੱਲਬਾਤ ਚ ਸ਼ਾਮਲ ਬੀਕੇਯੂ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ, ਜਗਦੇਵ ਸਿੰਘ ਜੋਗੇਵਾਲਾ, ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਨੇ ਆਖਿਆ ਕਿ ਬਦਲਾਅ ਦਾ ਝਾਂਸਾ ਦੇ ਕੇ ਸਤਾ ਚ ਆਈ ਭਗਵੰਤ ਮਾਨ ਸਰਕਾਰ ਲੋਕਾਂ ਤੋਂ ਬਦਲੇ ਲੈ ਰਹੀ ਹੈ। ਉਹਨਾਂ ਆਖਿਆ ਕਿ ਆਪਣੇ ਆਪ ਨੂੰ ਕਿਸਾਨਾਂ ਦੇ ਵਜੋਂ ਪੇਸ਼ ਕਰਨ ਵਾਲੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਇਸ ਦਰਦਨਾਕ ਘਟਨਾ ਬਾਰੇ ਅੱਖਾਂ ਬੰਦ ਕਰਨ ਨੇ ਉਹਦਾ ਕਿਸਾਨ ਵਿਰੋਧੀ ਚਿਹਰਾ ਹੋਰ ਬੇਨਕਾਬ ਕਰ ਦਿੱਤਾ ਹੈ। ਅੱਜ ਮਿਰਤਕ ਕਿਸਾਨ ਆਗੂ ਬਸੰਤ ਸਿੰਘ ਕੋਠਾਗੁਰੂ ਤੇ ਕਰਮ ਸਿੰਘ ਦੇ ਵਾਰਸਾਂ ਵੱਲੋਂ ਧਰਨੇ ਚ ਪਹੁੰਚ ਕੇ ਇਨਸਾਫ਼ ਨਾ ਮਿਲਣ ਤੱਕ ਲਾਸ਼ਾਂ ਦਾ ਸੰਸਕਾਰ ਕਰਨ ਤੋਂ ਦਿਰੜਤਾ ਨਾਲ਼ ਇਨਕਾਰ ਕੀਤਾ ਗਿਆ।
ਅੱਜ ਦੇ ਧਰਨੇ ਨੂੰ ਮਹਿਲਾ ਕਿਸਾਨ ਆਗੂ ਹਰਿੰਦਰ ਬਿੰਦੂ, ਜ਼ਿਲ੍ਹਾ ਫਾਜ਼ਿਲਕਾ ਦੇ ਪ੍ਰਧਾਨ ਗੁਰਭੇਜ ਸਿੰਘ ਰੋਹੀ ਵਾਲਾ, ਜ਼ਿਲ੍ਹਾ ਮੁਕਤਸਰ ਸਾਹਿਬ ਦੇ ਪ੍ਰਧਾਨ ਹਰਬੰਸ ਸਿੰਘ ਕੋਟਲੀ, ਜ਼ਿਲ੍ਹਾ ਫ਼ਰੀਦਕੋਟ ਦੇ ਆਗੂ ਨੱਥਾ ਸਿੰਘ ਰੋੜੀਕਪੂਰਾ ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਆਖਿਆ ਕਿ ਭਗਵੰਤ ਮਾਨ ਸਰਕਾਰ ਵੱਲੋਂ ਮਿਰਤਕਾਂ ਤੇ ਜ਼ਖ਼ਮੀਆਂ ਨਾਲ਼ ਸਬੰਧਤ ਮੰਗਾਂ ਪੂਰੀਆਂ ਕਰਨ ਤੋਂ ਧਾਰਨ ਕੀਤਾ ਅੜੀਅਲ ਰਵੱਈਆ ਉਸ ਦੀ ਕਿਸਾਨਾਂ ਮਜ਼ਦੂਰਾਂ ਪ੍ਰਤੀ ਜਮਾਤੀ ਨਫ਼ਰਤ ਦਾ ਸਿੱਟਾ ਹੈ। ਇਸੇ ਦੌਰਾਨ ਕਿਸਾਨ ਆਗੂ ਸ਼ਿੰਗਾਰਾ ਸਿੰਘ ਮਾਨ ਨੇ ਐਲਾਨ ਕੀਤਾ ਕਿ ਭਲਕੇ ਸੰਘਰਸ਼ ਨੂੰ ਹੋਰ ਤਿੱਖਾ ਤੇ ਤੇਜ਼ ਕੀਤਾ ਜਾਵੇਗਾ। ਅੱਜ ਦੇ ਧਰਨੇ ਨੂੰ ਬਲਜੀਤ ਸਿੰਘ ਪੂਹਲਾ, ਰਾਜਵਿੰਦਰ ਸਿੰਘ ਰਾਮਨਗਰ, ਕਾਲਾ ਸਿੰਘ ਚੱਠੇਵਾਲਾ, ਤਾਰੀ ਸਿੰਘ ਭਗਤਾ, ਗੁਰਾਦਿੱਤਾ ਸਿੰਘ ਕੋਠਾਗੁਰੂ, ਅਜੇਪਾਲ ਸਿੰਘ ਘੁੱਦਾ, ਨੀਟਾ ਸਿੰਘ ਦਿਉਣ ਨੇ ਸੰਬੋਧਨ ਕੀਤਾ। ਇਸ ਸਮੇਂ ਹਰਬੰਸ ਸਿੰਘ ਘਣੀਆ ਵੱਲੋਂ ਇਨਕਲਾਬੀ ਗੀਤਾਂ ਰਾਹੀਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।