ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਵਿਦਿਆਰਥੀ ਖੋਜਣਗੇ ਡਰੋਨ ਤਕਨਾਲੋਜੀ ਦੀਆਂ ਨਵੀਆਂ ਸੰਭਾਵਨਾਵਾਂ
ਅੰਮ੍ਰਿਤਸਰ, 21 ਜਨਵਰੀ, 2025 : ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ, ਪ੍ਰੋ. ਕਰਮਜੀਤ ਸਿੰਘ ਦੀ ਦੂਰਦਰਸ਼ੀ ਅਗਵਾਈ ਹੇਠ, ਯੂਨੀਵਰਸਿਟੀ ਦੇ ਇਲੈਕਟ੍ਰਾਨਿਕਸ ਤਕਨਾਲੋਜੀ ਵਿਭਾਗ ਵੱਲੋਂ ਡਾ. ਬੀ.ਆਰ. ਅੰਬੇਡਕਰ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨਾਲੋਜੀ, ਜਲੰਧਰ ਦੇ ਸਹਿਯੋਗ ਨਾਲ "ਡਰੋਨ ਡਾਇਨਾਮਿਕਸ: ਡਰੋਨ ਤਕਨਾਲੋਜੀ, ਰੁਝਾਨ ਅਤੇ ਐਪਲੀਕੇਸ਼ਨ" ਵਿਸ਼ੇ 'ਤੇ 5-ਦਿਨਾਂ ਬੂਟ ਕੈਂਪ ਸ਼ੁਰੂ ਹੋ ਗਿਆ। ਇਸ ਬੂਟ ਕੈਂਪ ਦਾ ਉਦੇਸ਼ ਡਰੋਨ ਤਿਆਰ ਕਰਨ ਵਿੱਚ ਆ ਰਹੀਆਂ ਨਵੀਨਤਮ ਖੋਜਾਂ ਅਤੇ ਵਿਹਾਰਕ ਐਪਲੀਕੇਸ਼ਨਾਂ ਦੀ ਪੜਚੋਲ ਕਰਨ ਦੇ ਨਾਲ ਨਾਲ ਤੇਜ਼ੀ ਨਾਲ ਵਿਕਸਤ ਹੋ ਰਹੇ ਤਕਨੀਕੀ ਖੇਤਰਾਂ ਵਿੱਚ ਗਿਆਨ ਦਾ ਪੱਧਰ ਉਚਾ ਚੁੱਕਣ ਲਈ ਜ਼ਰੂਰੀ ਸਿਿਖਆ ਅਤੇ ਵਿਹਾਰਕ ਹੁਨਰ ਪ੍ਰਦਾਨ ਕਰਨਾ ਹੈ।
ਇਹ ਪਹਿਲਕਦਮੀ ਸੰਸਥਾ ਮਾਇਟੀ ਦੁਆਰਾ ਫੰਡ ਕੀਤੇ ਗਏ ਵੱਡੇ ਪ੍ਰੋਜੈਕਟ "ਮਨੁੱਖ ਰਹਿਤ ਜਹਾਜ਼ ਪ੍ਰਣਾਲੀਆਂ (ਡਰੋਨ ਅਤੇ ਸੰਬੰਧਿਤ ਤਕਨਾਲੋਜੀ) ਵਿੱਚ ਮਨੁੱਖੀ ਸਰੋਤ ਵਿਕਾਸ ਲਈ ਸਮਰੱਥਾ ਨਿਰਮਾਣ" ਦਾ ਹਿੱਸਾ ਹੈ ਅਤੇ ਇਸ ਪ੍ਰੋਜੈਕਟ ਦਾ ਉਦੇਸ਼ ਡਰੋਨ ਤਕਨਾਲੋਜੀ ਵਿੱਚ ਹੁਨਰਮੰਦ ਪੇਸ਼ੇਵਰਾਂ ਦੇ ਵਿਕਾਸ ਨੂੰ ਉਤਸ਼ਾਹਿਤ ਕਰਨਾ ਹੈ।
ਬੂਟ ਕੈਂਪ ਦੇ ਉਦਘਾਟਨ ਸਮਾਰੋਹ ਦੌਰਾਨ ਵਿਭਾਗ ਦੇ ਮੁਖੀ ਡਾ. ਰਵਿੰਦਰ ਕੁਮਾਰ ਨੇ ਬੂਟ ਕੈਂਪ ਦੇ ਆਯੋਜਨ ਲਈ ਪਹੁੰਚੇ ਐਨ.ਆਈ.ਟੀ., ਜਲੰਧਰ ਤੋਂ ਮਾਹਿਰ ਪ੍ਰੋਫੈਸਰ ਅਰੁਣ ਖੋਸਲਾ ਅਤੇ ਉਨ੍ਹਾਂ ਦੀ ਟੀਮ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਤਕਨਾਲੋਜੀ ਦੇ ਦਿਲਚਸਪ ਖੇਤਰ ਵਿਚ ਨਵੇਂ ਦਿਸਹੱਦਿਆਂ ਦੀ ਤਲਾਸ਼ ਅਤੇ ਪੜਚੋਲ ਕਰਨ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਇਲੈਕਟ੍ਰੌਨਿਕਸ ਵਿਭਾਗ ਹਮੇਸ਼ਾ ਕਾਰਜਸ਼ੀਲ ਰਹਿੰਦਾ ਹੋਇਆ ਸਮੇਂ ਸਮੇਂ ਵੱਖ ਵੱਖ ਸਮਾਗਮਾਂ ਦਾ ਆਯੋਜਨ ਕਰਦਾ ਰਹਿੰਦਾ ਹੈ ਅਤੇ ਡਰੋਨ ਤਕਨਾਲੋਜੀ 'ਤੇ ਇਹ ਕੈਂਪ ਵਿਿਦਆਰਥੀਆਂ, ਅਧਿਆਪਕਾਂ, ਤਕਨੀਕੀ ਮਾਹਿਰਾਂ ਅਤੇ ਡਰੋਨ ਉਦਯੋਗ ਨੂੰ ਹੋਰ ਪ੍ਰਫੁਲਤ ਕਰਨ ਵਿਚ ਬਹੁਤ ਸਹਾਈ ਸਿੱਧ ਹੋਵੇਗਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪੰਜ ਦਿਨਾਂ ਦੌਰਾਨ ਇਸ ਵਿਚ ਭਾਗ ਲੈਣ ਵਾਲਿਆਂ ਨੂੰ ਅਨੁਭਵੀ ਸਿਖਲਾਈ ਦੇ ਨਾਲ ਨਾਲ ਡਰੋਨ ਤਿਆਰ ਕਰਨ ਵਿਚ ਨਵੀਨਤਮ ਤਰੱਕੀਆਂ, ਨਵੀਨਤਾਕਾਰੀ ਖੋਜ ਅਤੇ ਵਿਹਾਰਕ ਐਪਲੀਕੇਸ਼ਨਾਂ ਦੀ ਪੜਚੋਲ ਕਰਨ ਦਾ ਮੌਕਾ ਮਿਲੇਗਾ। ਉਨ੍ਹਾਂ ਕਿਹਾ ਕਿ ਇਸ ਬੂਟਕੈਂਪ ਨਾਲ ਤੇਜ਼ੀ ਨਾਲ ਵਿਕਸਤ ਹੋ ਰਹੇ ਖੇਤਰ ਵਿੱਚ ਵਿਕਾਸ ਦੇ ਮਰਹੱਲੇ ਸਰ ਕਰਨ ਲਈ ਜ਼ਰੂਰੀ ਗਿਆਨ ਅਤੇ ਵਿਹਾਰਕ ਹੁਨਰ ਸਿੱਖਣ ਲਈ ਮਦਦ ਮਿਲੇਗੀ।
ਉਨ੍ਹਾਂ ਦੱਸਿਆ ਕਿ ਇਹ ਬੂਟਕੈਂਪ ਵੱਖ-ਵੱਖ ਖੇਤਰਾਂ ਵਿੱਚ ਡਰੋਨਾਂ ਦੀ ਵਿਸ਼ਾਲ ਸੰਭਾਵਨਾ ਦੀ ਪੜਚੋਲ ਕਰਨ ਲਈ ਮੰਚ ਤਿਆਰ ਕਰਨ ਦੇ ਨਾਲ ਨਾਲ ਉਹਨਾਂ ਨੂੰ ਤਕਨੀਕੀ ਤਰੱਕੀ ਅਤੇ ਉਦਯੋਗ ਐਪਲੀਕੇਸ਼ਨਾਂ ਵਿੱਚ ਯੋਗਦਾਨ ਪਾਉਣ ਲਈ ਤਿਆਰ ਕਰਦਾ ਹੈ।
ਕੋਆਰਡੀਨੇਟਰ ਡਾ. ਰਾਜਦੀਪ ਸਿੰਘ ਸੋਹਲ ਨੇ ਸਾਰੇ ਪਤਵੰਤਿਆਂ ਅਤੇ ਭਾਗੀਦਾਰਾਂ ਦਾ ਧੰਨਵਾਦ ਕਰਦਿਆਂ ਡਰੋਨ ਦੇ ਖੇਤਰ ਵਿਚ ਆ ਰਹੀਆਂ ਤਬਦੀਲੀਆਂ ਬਾਰੇ ਸੰਖੇਪ ਦਿਸ਼ਾ ਵੀ ਸਾਂਝੀ ਕੀਤੀ। ਡਾ. ਮਨਿੰਦਰ ਲਾਲ ਸਿੰਘ, ਡਾਇਰੈਕਟਰ ਖੋਜ, ਡਾ. ਰਵਿੰਦਰ ਸਿੰਘ ਸਾਹਨੀ, ਡਾ. ਸ਼ਾਲਿਨੀ ਬਹਿਲ, ਪ੍ਰੋਫੈਸਰ ਇੰਚਾਰਜ (ਪ੍ਰੀਖਿਆ) ਅਤੇ ਵਿਭਾਗ ਦੇ ਹੋਰ ਫੈਕਲਟੀ ਮੈਂਬਰ ਵੀ ਬੂਟ ਕੈਂਪ ਦੇ ਉਦਘਾਟਨੀ ਸਮਾਰੋਹ ਦੌਰਾਨ ਮੌਜੂਦ ਸਨ।