21ਜਨਵਰੀ 2025 ਦਿਨ ਮੰਗਲਵਾਰ ਨੂੰ ਭੋਗ ਤੇ ਵਿਸ਼ੇਸ਼ - ਪੰਜਾਬੀ, ਪੰਜਾਬੀਅਤ ਦੀ ਮੁਦੱਈ ਪ੍ਰੋਫੈਸਰ ਡਾ.ਜਸਵੰਤ ਕੌਰ ਮਣੀ ਦਾ ਬੇਵਕਤੀ ਤੁਰ ਜਾਣਾ ਬਹੁਤ ਵੱਡਾ ਘਾਟਾ
ਅਸ਼ੋਕ ਵਰਮਾ
ਬਠਿੰਡਾ, 21 ਜਨਵਰੀ 2025:
ਅੱਜ ਦੇ ਪਦਾਰਥਵਾਦੀ ਯੁੱਗ ਵਿੱਚ ਸਮਾਜਿਕ ਰਿਸ਼ਤੇ ਭਾਵੇਂ ਮੁੱਠੀ ਦੀ ਰੇਤ ਵਾਂਗ ਕਿਰਦੇ ਜਾ ਰਹੇ ਹਨ,ਪਰ ਅਜੇ ਵੀ ਉਸ ਆਕਾਲ ਪੁਰਖ ਵਾਹਿਗੁਰੂ ਨੇ ਇਨ੍ਹਾਂ ਰਿਸ਼ਤਿਆਂ ਨੂੰ ਨਿਭਾਉਣ ਲਈ ਆਪਣਾ ਸੁਖ ਆਰਾਮ ਤਿਆਗਕੇ ,ਆਪਣਾ ਆਪ ਨਿਛਾਵਰ ਕਰਨ ਵਾਲੇ ਇਨਸਾਨ ਵੀ ਭੇਜੇ ਹਨ। ਐਸਾ ਹੀ ਨਿੱਘੇ ਸੁਭਾਅ ਦਾ ਮਾਲਕ ਸਮਾਜ ਸੇਵੀ, ਜੁਝਾਰੂ ਪੱਤਰਕਾਰ ਅੰਗਰੇਜ਼ ਸਿੰਘ ਵਿੱਕੀ ਵੀ ਹੈ। ਜੋ ਸਮਾਜ ਦੇ ਦੱਬੇ ਕੁਚਲੇ ਲੋਕਾਂ ਨੂੰ ਇਨਸਾਫ਼ ਦਿਵਾਉਣ ਲਈ ਆਪਣੀ ਕਲਮ ਅਤੇ ਪੜ੍ਹਾਈ ਲਿਖਾਈ ਰਾਹੀਂ ਹਮੇਸ਼ਾ ਹਿੱਕ ਡਾਹਕੇ ਮੈਦਾਨ ਵਿੱਚ ਨਿਤਰਿਆ ਹੈ। ਉਸਨੇ ਆਪ ਸ਼ਾਦੀ ਨਾਂ ਕਰਵਾਕੇ ਆਪਣੇ ਅੰਮਾਂ ਜਾਏ ਭਾਈ ਦੇ ਬੱਚਿਆਂ ਨੂੰ ਉੱਚ ਵਿੱਦਿਆ ਦਿਵਾਉਣ ਅਤੇ ਸਮਾਜ ਚ ਸਿਰ ਉੱਚਾ ਕਰਕੇ ਜਿਉਣ ਦੀ ਗੁੜਤੀ ਦਿੱਤੀ। ਵਿੱਕੀ ਨੂੰ ਮਿਲਿਆਂ ਭਾਵੇਂ ਸਾਲ ਤੋਂ ਵੱਧ ਦਾ ਸਮਾਂ ਹੋ ਗਿਆਂ ਸੀ ਪਰ ਸੋਸ਼ਲ ਮੀਡੀਆ ਰਾਹੀਂ ਅਸੀਂ ਇਕ ਦੂਜੇ ਨਾਲ ਜੁੜੇ ਹੋਏ ਹਾਂ। ਪਿਛਲੇ ਦਿਨੀਂ ਜਦੋਂ ਉਨ੍ਹਾਂ ਨੇ ਆਪਣੀ ਲਾਡਾਂ ਪਾਲੀ ਭਤੀਜੀ ਦੀ ਤਸਵੀਰ ਸਾਂਝੀ ਕੀਤੀ ਕਿ ਨਹੀਂ ਰਹੀ ਪ੍ਰੈਫੈਸਰ ਬੇਟੀ ਡਾ. ਜਸਵੰਤ ਕੌਰ ਮਣੀ ਤਾਂ ਦਿਲ ਨੂੰ ਝਟਕਾ ਜਿਹਾ ਲੱਗਾ ਕਿਉਂਕਿ ਪਿਛਲੇ ਸਾਲਾਂ ਦੌਰਾਨ ਮੈਂ ਵੀ ਆਪਣੀ ਜਵਾਨ ਧੀ ਦੇ ਵਿਛੋੜੇ ਦਾ ਦਰਦ ਸੀਨੇ ਲਗਾਕੇ ਜੀਅ ਰਿਹਾ ਹਾਂ। ਜਦੋਂ ਇਸ ਘਟਨਾਂ ਬਾਰੇ ਵਿੱਕੀ ਦੇ ਫੋਨ ਤੇ ਮੈਂ ਕੈਨੇਡਾ ਤੋਂ ਸੰਪਰਕ ਕੀਤਾ ਤਾਂ ਸੰਪਰਕ ਨਾਂ ਹੋ ਸਕਿਆ। ਦੂਜੇ ਦਿਨ ਵਿੱਕੀ ਦਾ ਫੋਨ ਉਨ੍ਹਾਂ ਦੇ ਪਰਮ ਮਿੱਤਰ ਗੁਰਦੇਵ ਸਿੰਘ ਬਰਾੜ ਨੇ ਚੁੱਕਿਆ ਤਾਂ ਸਾਡੀ ਹੋਣਹਾਰ ਬੇਟੀ ਦੀ ਰਹੱਸਮਈ ਮੌਤ ਬਾਰੇ ਪਤਾ ਚੱਲਿਆ। ਇਹ ਇਕੱਲੇ ਪਰਿਵਾਰ ਜਾਂ ਪਿੰਡ ਲਈ ਹੀ ਨਹੀਂ ਸਗੋਂ ਪੂਰੇ ਪੰਜਾਬ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ,ਬੇਟੀ ਮਣੀ ਐਸੀ ਸਰਵਪੱਖੀ ਸਖ਼ਸੀਅਤ ਦੀ ਮਾਲਕ ਸੀ ਕਿ ਉਸ ਦੀ ਜਿੰਦਗੀ ’ਤੇ ਪੂਰੀ ਕਿਤਾਬ ਲਿਖੀ ਜਾ ਸਕਦੀ ਹੈ। ਦੁਖਦਾਇਕ ਵਰਤਾਰਾ ਤਾਂ ਇਹ ਵੀ ਹੈ ਕਿ ਇਸ ਬੱਚੀ ਦੀ ਮੌਤ ਅਜੇ ਰਹੱਸ ਬਣੀ ਹੋਈ ਹੈ, ਇਕ ਵਾਰ ਉਸ ਨੇ ਆਪਣੇ ਚਾਚੇ ਨੂੰ ਵੀ ਕਿਹਾ ਸੀ ਕਿ ਇੱਥੇ ਪੰਜਾਬੀ ਯੂਨੀਵਰਸਿਟੀ ’ਚ ਪੰਜਾਬੀ ਵਾਲਿਆਂ ਨਾਲ ਐਨੀ ਨਫ਼ਰਤ ਹੈ ਕਿ ਕੋਈ ਸਾਨੂੰ ਸਾਜ਼ਿਸ ਤਹਿਤ ਜ਼ਹਿਰ ਵੀ ਦੇ ਸਕਦਾ ਹੈ। ਪੱਤਰਕਾਰ ਵਿੱਕੀ ਦਾ ਕਹਿਣਾ ਹੈ ਕਿ ਡਾਕਟਰਾਂ ਨੇ ਦੱਸਿਆ ਕਿ ਬੱਚੀ ਦੇ ਸਰੀਰ ’ਚ ਗੰਢਾਂ ਹਨ, ਇਹ ਜ਼ਹਿਰ ਦੀਆਂ ਵੀ ਹੋ ਸਕਦੀਆਂ ਨੇ, ਕੈਂਸਰ ਦੀਆਂ ਵੀ ਪਰ ਕੁਝ ਚਿਰ ਵਿਚ ਹੀ ਮੌਤ ਹੋ ਜਾਣੀ ਤਾਂ ਸ਼ੱਕ ਜ਼ਹਿਰ ਵਾਲੇ ਪਾਸੇ ਨੂੰ ਗਿਆ। ਯੂਨੀਵਰਸਿਟੀ ਦੀਆਂ ਅਧਿਆਪਕਾਵਾਂ ਨੇ ਵੀ ਕਿਹਾ ਕਿ ਇਸ ਦੀ ਜਾਂਚ ਕਰਾਂਗੇ ਤੇ ਡੂੰਘਾਈ ਨਾਲ ਜਾਂਚ ਹੋਣੀ ਵੀ ਚਾਹੀਦੀ ਹੈ।
ਪ੍ਰੋਫ਼ੈਸਰ ਡਾ. ਜਸਵੰਤ ਕੌਰ ਮਣੀ ਦਾ ਜਨਮ ਜਿਲ੍ਹਾ ਬਠਿੰਡਾ ਦੇ ਪਿੰਡ ਕੋਟ ਗੁਰੂ ਨੇੜੇ ਸੰਗਤ ਮੰਡੀ ਵਿਚ 10 ਮਈ 1991 ਨੂੰ ਕਿਰਤੀ ਪਰਿਵਾਰ ਪਿਤਾ ਸ੍ਰ. ਗੁਰਤੇਜ ਸਿੰਘ ਤੇ ਮਾਤਾ ਸੁਖਦੀਪ ਕੌਰ ਦੇ ਘਰ ਹੋਇਆ। ਉਹ ਇੱਕ ਭੈਣ ਤੇ ਦੋ ਭਰਾਵਾਂ ਦੀ ਭੈਣ ਸੀ। ਪੱਤਰਕਾਰ ਵਿੱਕੀ ਨੇ ਆਪਣੀ ਇਸ ਭਤੀਜੀ ਤੇ ਦੂਜੇ ਭਤੀਜੇ, ਭਤੀਜੀ ਨੂੰ ਉਚ ਪੱਧਰੀ ਸਿੱਖਿਆ ਦਿਵਾਉਣ, ਉਹਨਾਂ ਦੇ ਕੈਰੀਅਰ ਬਣਾਉਣ ਲਈ ਆਪ ਵਿਆਹ ਨਾ ਕਰਵਾ ਕੇ ਉਹਨਾਂ ਦੀ ਪਰਵਰਿਸ਼ ਕੀਤੀ, ਬਹੁਤ ਹੀ ਕਠਿਨ ਤੇ ਗਰੀਬੀ ਦੀ ਹਾਲਤ ’ਚ ਜੂਝਦਿਆ ਵਿੱਕੀ ਨੇ ਇਸ ਬੱਚੀ ਦੀ ਪੜ੍ਹਨ ਸਬੰਧੀ ਹਰ ਖਾਹਿਸ ਪੂਰੀ ਕੀਤੀ। ਬੇਟੀ ਮਣੀ ਨੇ ਰਜਿੰਦਰਾ ਕਾਲਜ ਬਠਿੰਡਾ ਤੋਂ ਬੀ.ਏ. ਕਰਨ ਬਾਅਦ ਐਮ.ਏ. ਪੰਜਾਬੀ ਤੇ ਰਾਜਨੀਤੀ ਸ਼ਾਸਤਰ ਕੀਤੀ, ਇਸ ਦੌਰਾਨ ਉਸ ਨੇ ਚਾਰ ਡਿਪਲੋਮੇ ਜਰਨਲਿਜ਼ਮ ਐਡ ਮਾਸਕਿਊਨੀਕੇਸ਼ਨ, ਕੰਪਿਊਟਰ, ਉਰਦੂ ਤੇ ਹੋਰ ਡਿਪਲੋਮੇ ਪਹਿਲੇ ਦਰਜ਼ੇ ਵਿਚ ਪਾਸ ਕੀਤੇ। ਉਸ ਨੇ ਬੀ.ਐਡ. ਦੀ ਡਿਗਰੀ ਵੀ ਪ੍ਰਾਪਤ ਕੀਤੀ। ਰਜਿੰਦਰਾ ਕਾਲਜ ਬਠਿੰਡਾ ਪੜ੍ਹਨ ਤੇ ਬੀ.ਐਡ. ਦੌਰਾਨ ਉਹ ਵਿਦਿਆਰਥੀਆਂ ਦੇ ਰਸਾਲੇ ਦੇ ਸੰਪਾਦਕ ਵੀ ਰਹੇ। ਉਸ ਨੂੰ ਗੁਰਬਾਣੀ, ਸਿੱਖ ਧਰਮ, ਸੂਫ਼ੀ ਤੇ ਪੰਜਾਬੀ ਸਾਹਿਤ ਪੜ੍ਹਨ ਦੀ ਸ਼ੁਰੂ ਤੋਂ ਹੀ ਆਦਤ ਸੀ, ਪੜ੍ਹਾਈ ਦੌਰਾਨ ਹੀ ਉਸ ਨੇ ਲਿਖਣਾ ਸ਼ੁਰੂ ਕੀਤਾ, ਉਸ ਦੇ ਲੇਖ ਰੋਜ਼ਾਨਾ ‘ਅਜੀਤ’, ‘ਪੰਜਾਬੀ ਟ੍ਰਿਬਿਊਨ’, ‘ਸਪੋਕਸਮੈਨ’ ਤੇ ਹੋਰ ਵਿਦੇਸ਼ੀ ਅਖ਼ਬਾਰਾਂ ਵਿਚ ਛਪਣ ਲੱਗੇ, ਜਿਹਨਾਂ ਨੇ ਗੰਭੀਰ ਕਿਸਮ ਦੇ ਪਾਠਕਾਂ ਦਾ ਧਿਆਨ ਖਿੱਚਿਆ। ਉਸ ਦੇ ਲਿਖੇ ਅਨੇਕਾਂ ਖ਼ੋਜ ਨਿਬੰਧ ਵੀ ਵੱਖ ਵੱਖ ਅਖ਼ਬਾਰਾਂ ਵਿਚ ਛਪਦੇ ਰਹੇ। ਇਹ ਸਾਰੇ ਲੇਖ ਉਹ ਖੁਦ ਟਾਇਪ ਕਰਦੀ ਸੀ। ਉਸ ਨੇ ਪੀ.ਟੈਟ, ਯੂ.ਜੀ.ਸੀ., ਐਚ. ਟੈਟ ਤੇ ਹੋਰ ਪੇਪਰ ਵੀ ਚੰਗੇ ਨੰਬਰਾਂ ਵਿਚ ਪਾਸ ਕੀਤੇ। ਬੇਟੀ ਮਣੀ ਨੇ ਐਮ.ਫਿਲ ਕੀਤੀ, ਫਿਰ ਉਸ ਨੇ ਪੰਜਾਬੀ ਵਿਚ ਪੱਤਰਕਾਰੀ ਦੇ ਵਿਸ਼ੇ ’ਚ ਡਾ. ਬਰਿੰਦਰ ਕੌਰ ਦੀ ਅਗਵਾਈ ’ਚ ਪੀ.ਐਚ.ਡੀ. ਸ਼ੁਰੂ ਕੀਤੀ। ਉਸ ਦੀ ਸਖ਼ਤ ਮਿਹਨਤ ਤੇ ਕਾਬਲੀਅਤ ਕਾਰਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਪੜ੍ਹਾਈ ਦੌਰਾਨ ਉਸ ਨੂੰ ਰਹਿਣ ਲਈ ਸਰਕਾਰੀ ਫਲੈਟ ਵੀ ਅਲਾਟ ਕੀਤਾ, ਇਸ ਫਲੈਟ ਤੇ ਉਸ ਦੇ ਜੱਦੀ ਘਰ ਕਿਤਾਬਾਂ ਦੀ ਭਰੀਆਂ ਅਲਮਾਰੀਆਂ ਉਸ ਦੇ ਹੋਣਹਾਰ ਸਖ਼ਸੀਅਤ ਦੀ ਹਾਮੀ ਭਰਦੀਆਂ ਹਨ। ਦਿਨ ਰਾਤ ਕੀਤੀ ਮਿਹਨਤ, ਪਾਰਟ ਟਾਇਮ ਨੌਕਰੀਆਂ ਤੇ ਸਕਾਲਰਸਿੱਪ ਤੋਂ ਬਚਾਏ ਪੈਸਿਆਂ ਨੂੰ ਇਕੱਠਾ ਕਰਕੇ ਉਸ ਨੇ ਆਪਣੇ ਪਰਿਵਾਰ ਲਈ ਪਿੰਡ ਘਰ ਖਰੀਦ ਕੇ ਦਿੱਤਾ। ਆਪਣੀ ਬੱਚਤ ਵਿੱਚੋਂ ਉਹ ਆਪਣਾ ਦਸਵੰਧ ਸ੍ਰੀ ਅੰਮ੍ਰਿਤਸਰ ਸਥਿਤ ਭਗਤ ਪੂਰਨ ਸਿੰਘ ਪਿੰਗਲਵਾੜਾ ਨੂੰ ਦਾਨ ਕਰਦੀ ਸੀ।
ਡਾ.ਜਸਵੰਤ ਕੌਰ ਮਣੀ ਸਿੱਖ ਧਰਮ, ਪੰਜਾਬੀ, ਪੰਜਾਬੀਅਤ ਤੇ ਜਮੀਨ ਨਾਲ ਐਨੀ ਹੱਦ ਤਕ ਜੁੜੀ ਹੋਈ ਸੀ ਕਿ ਉਸ ਦੇ ਮੋਢੇ ’ਤੇ ਟੰਗੇ ਸਧਾਰਨ ਝੋਲੇ, ਜਿਸ ’ਤੇ ਪੰਜਾਬ ਦਾ ਨਕਸ਼ਾ ਤੇ ਉਸ ਵਿਚ ਗੁਰਮੁਖੀ ਲਿਖੀ ਹੋਈ ਹੈ, ਵਿਚ ਉਹ ਹਰ ਸਮੇਂ ਗੁਟਕਾ ਸਾਹਿਬ ਤੇ ਪੰਜਾਬੀ ਸਾਹਿਤ ਦੀ ਕੋਈ ਨਵੀਂ ਕਿਤਾਬ ਰੱਖਦੀ, ਇਹ ਕਿਤਾਬ ਪੜ੍ਹ ਕੇ ਹੋਰ ਕਿਤਾਬ ਝੋਲੇ ’ਚ ਪਾਉਦੀ। ਬਿਮਾਰੀ ਦੀ ਕਠਿਨ ਹਾਲਤ ਤੇ ਅੰਤਿਮ ਸਮੇਂ ਤੱਕ ਉਸ ਨੇ ਗੁਰਦੁਆਰਾ ਸਾਹਿਬ ਜਾਣ ਤੇ ਪਾਠ ਕਰਨ ਦਾ ਨਿਤਨੇਮ ਨਾ ਛੱਡਿਆ। ਆਪਣੀ ਜਿੰਦਗੀ ਦੌਰਾਨ ਉਸ ਨੇ ਪੰਜਾਬੀ ਮਾਂ ਬੋਲੀ, ਪੰਜਾਬੀ ਸੱਭਿਆਚਾਰ ਦੀ ਪੂਰੀ ਜੁਰੱਅਤ ਨਾਲ ਵਕਾਲਤ ਕੀਤੀ, ਕਈ ਵਾਰ ਉਸ ਨੇ ਤਿੱਖੇ ਸ਼ਬਦਾਂ ’ਚ ਲੇਖ ਵੀ ਲਿਖੇ, ਸਾਇਦ ਇਹ ਵੀ ਦੁਸ਼ਮਣਾਂ ਨੂੰ ਚੁਭਦੇ ਰਹੇ ਹੋਣ। ਉਹ ਪੰਜਾਬੀ ਮੁਦੱਈ ਦਾ ਇਕ ਭਵਿੱਖ ਸੀ, ਪੰਜਾਬ ਲਈ ਇਕ ਉਮੀਦ ਦੀ ਕਿਰਨ ਸੀ ਬੇਟੀ ਜਸਵੰਤ ਕੌਰ ਮਣੀ।
ਕੁਦਰਤ ਦੀ ਹੋਣੀ ਦੇਖੋ ਕਿ ਸਿੱਖਿਆ ਮਹਿਕਮੇ ਚੰਡੀਗੜ੍ਹ ਵਿਚ ਸਿਰਫ਼ ਇਕ ਹੀ ਸੀਨੀਅਰ ਪੰਜਾਬੀ ਲੈਕਚਰਾਰ ਦੀ ਅਸਾਮੀ ਨਿਕਲੀ, ਕਈ ਹਜ਼ਾਰਾਂ ਨੇ ਅਸਾਮੀ ਭਰੀ, ਪ੍ਰੀਖਿਆ ਦਿੱਤੀ ਪਰ ਚੋਣ ਕੇਵਲ ਡਾ. ਜਸਵੰਤ ਕੌਰ ਮਣੀ ਦੀ ਹੋਈ, ਕੁਝ ਦਿਨਾਂ ਬਾਅਦ ਉਸ ਨੇ ਨੌਕਰੀ ਜੁਆਇਨ ਕਰਨੀ ਸੀ ਕਿ ਇਹ ਭਾਣਾ ਵਾਪਰ ਗਿਆ। 12 ਜਨਵਰੀ 2025 ਨੂੰ ਪੀ.ਜੀ.ਆਈ. ਚੰਡੀਗੜ੍ਹ ਉਸ ਨੇ ਆਪਣੇ ਸਵਾਸ ਤਿਆਗ ਦਿੱਤੇ। ਬੇਟੀ ਡਾ. ਜਸਵੰਤ ਕੌਰ ਮਣੀ ਆਪਣੇ ਪਿੱਛੇ ਮਾਤਾ, ਪਿਤਾ, ਭੈਣ ਸਤਵੀਰ ਕੌਰ, ਭਰਾਵਾਂ ਬਲਜੀਤ ਸਿੰਘ, ਹਰਵਿੰਦਰ ਸਿੰਘ, ਚਾਚਾ ਅੰਗਰੇਜ ਸਿੰਘ ਵਿੱਕੀ, ਦਾਦਾ ਜੱਗਾ ਸਿੰਘ, ਦਾਦੀ ਨਸੀਬ ਕੌਰ ਨੂੰ ਛੱਡ ਗਈ ਹੈ। ਉਸ ਦੀ ਅੰਤਿਮ ਅਰਦਾਸ 21 ਜਨਵਰੀ 2025, ਦਿਨ ਮੰਗਲਵਾਰ ਨੂੰ ਉਸ ਦੇ ਪਿੰਡ ਕੋਟ ਗੁਰੂ ਸਥਿਤ ਇਤਿਹਾਸਕ ਗੁਰਦੁੁਆਰਾ ਸਾਹਿਬ ’ਚ ਹੋ ਰਹੀ ਹੈ। ਵਾਹਿਗੁਰੂ ਉਹਨਾਂ ਨੂੰ ਆਪਣੇ ਚਰਨਾਂ ’ਚ ਨਿਵਾਸ ਬਖ਼ਸਣ, ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸਣ ਤੇ ਉਸ ਦੀ ਮੌਤ ਦਾ ਰਹੱਸ ਵੀ ਸਾਹਮਣੇ ਆਵੇ। ਵਾਹਿਗੁਰੂ ਦੁਖੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਅਤੇ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ।