ਗੁਰੂ ਗੋਬਿੰਦ ਸਿੰਘ ਰਿਫਾਇਨਰੀ ਵੱਲੋਂ ਸਰਕਾਰੀ ਹਸਪਤਾਲਾਂ ਵਿੱਚ ਸੋਲਰ ਪੈਨਲ ਲਾਉਣ ਦਾ ਫੈਸਲਾ
ਅਸ਼ੋਕ ਵਰਮਾ
ਬਠਿੰਡਾ, 21 ਜਨਵਰੀ 2025 :ਕਾਰਬਨ ਫੁੱਟਪ੍ਰਿੰਟਸ ਨੂੰ ਘਟਾ ਕੇ ਹਰੀ ਊਰਜਾ ਵੱਲ ਵਧਣ ਲਈ ਐਚਐਮਈਐਲ ਹੁਣ ਬਠਿੰਡਾ ਦੇ ਜ਼ਿਲ੍ਹਾ ਤੇ ਸਬ-ਡਵੀਜ਼ਨ ਹਸਪਤਾਲਾਂ ਸਮੇਤ 13 ਸਿਹਤ ਕੇਂਦਰਾਂ ਵਿੱਚ ਛੱਤਾਂ 'ਤੇ ਸੋਲਰ ਪੈਨਲ ਲਾਉਣ ਜਾ ਰਹੀ ਹੈ । ਇਸ ਨਾਲ 350 ਕਿਲੋਵਾਟ ਸੌਰ ਊਰਜਾ ਪੈਦਾ ਹੋਵੇਗੀ, ਜਿਸ ਨਾਲ ਨਾ ਸਿਰਫ ਇਨ੍ਹਾਂ ਸਿਹਤ ਕੇਂਦਰਾਂ ਤੋਂ ਬਿਜਲੀ ਦੇ ਬਿੱਲ ਦਾ ਬੋਝ ਘੱਟ ਹੋਵੇਗਾ, ਬਲਕਿ ਹਰੀ ਊਰਜਾ ਅਤੇ ਵਾਤਾਵਰਣ ਸੁਰੱਖਿਆ ਨੂੰ ਉਤਸ਼ਾਹਤ ਕਰਨ ਵਿੱਚ ਵੀ ਮਦਦ ਮਿਲੇਗੀ। ਇਹ ਯੋਜਨਾ ਜ਼ਿਲ੍ਹਾ ਪ੍ਰਸ਼ਾਸਨ ਦੀ ਅਗਵਾਈ ਨਾਲ ਐਚਐਮਈਐਲ ਦੀ ਸੀਐਸਆਰ ਪਹਿਲ ਕਦਮੀ ਤਹਿਤ ਸ਼ੁਰੂ ਕੀਤੀ ਜਾ ਚੁੱਕੀ ਹੈ। ਇਸ ਸਕੀਮ ਤਹਿਤ ਪੰਜਾਬ ਕੁਦਰਤੀ ਊਰਜਾ ਵਿਭਾਗ ਅਧੀਨ ਛੱਤਾਂ 'ਤੇ ਪੈਨਲ ਲਗਾਏ ਜਾਣਗੇ। ਇਹ ਕੰਮ ਰੈੱਡ ਕਰਾਸ ਵਿਭਾਗ ਦੀ ਨਿਗਰਾਨੀ ਹੇਠ ਕੀਤਾ ਜਾਵੇਗਾ।
ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਸ਼ਾਸਨ ਨੇ ਜ਼ਿਲ੍ਹਾ ਬਠਿੰਡਾ ਦੇ ਸਰਕਾਰੀ ਹਸਪਤਾਲ ਸਮੇਤ ਹੋਰ ਸਿਹਤ ਕੇਂਦਰਾਂ ਵਿੱਚ ਹਰੀ ਊਰਜਾ ਨੂੰ ਉਤਸ਼ਾਹਤ ਕਰਨ ਲਈ ਐਚਐਮਈਐਲ ਨਾਲ ਸੰਪਰਕ ਕੀਤਾ ਸੀ। ਇਸ ਤੋਂ ਬਾਅਦ ਐਚਐਮਈਐਲ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਨੇ ਬਠਿੰਡਾ ਦੇ ਸਰਕਾਰੀ ਹਸਪਤਾਲ, ਸਬ-ਡਵੀਜ਼ਨਲ ਹਸਪਤਾਲ ਤਲਵੰਡੀ ਸਾਬੋ, ਪਿੰਡ ਘੁੱਡਾ ਅਤੇ ਰਾਮਪੁਰਾ ਸਮੇਤ ਸੀਐਮਸੀ ਗੋਨਿਆਣਾ, ਭਗਤਾ, ਨਥਾਣਾ, ਸੰਗਤ, ਘੁੱਦਾ, ਬਾਲਿਆਂਵਾਲੀ, ਰਾਮਾ ਮੰਡੀ, ਭੁੱਚੋ ਅਤੇ ਮੌੜ ਸਿਹਤ ਕੇਂਦਰਾਂ ਵਿੱਚ ਛੱਤਾਂ 'ਤੇ ਸੋਲਰ ਪੈਨਲ ਲਗਾਉਣ ਦੀ ਯੋਜਨਾ ਤਿਆਰ ਕੀਤੀ। ਇਸ ਦੇ ਤਹਿਤ ਇਕੱਲੇ ਬਠਿੰਡਾ ਦੇ ਸਰਕਾਰੀ ਹਸਪਤਾਲ 'ਚ 300 ਕਿਲੋਵਾਟ ਦਾ ਰੂਫਟਾਪ ਸੋਲਰ ਸਿਸਟਮ ਲਗਾਇਆ ਜਾਵੇਗਾ, ਜਿਸ ਨਾਲ ਹਸਪਤਾਲ ਦਾ ਬਿਜਲੀ ਬਿੱਲ ਘੱਟ ਹੋਵੇਗਾ।
ਇਸ ਤੋਂ ਇਲਾਵਾ ਸਬ-ਡਵੀਜ਼ਨਲ ਹਸਪਤਾਲਾਂ ਤਲਵੰਡੀ, ਘੁੱਡਾ ਅਤੇ ਰਾਮਪੁਰਾ ਵਿੱਚ ਕ੍ਰਮਵਾਰ 20-20 ਕਿਲੋਵਾਟ ਦੇ ਰੂਫਟਾਪ ਸੋਲਰ ਪੈਨਲ ਲਗਾਏ ਜਾਣਗੇ , ਜਦਕਿ ਹੋਰ 9 ਸਿਹਤ ਕੇਂਦਰਾਂ ਵਿੱਚ 10-10 ਕਿਲੋਵਾਟ ਦੇ ਸੋਲਰ ਪੈਨਲ ਲਗਾਏ ਜਾਣਗੇ । ਇਸ ਨਾਲ ਬਿਜਲੀ ਦੇ ਬਿੱਲਾਂ 'ਤੇ ਬਚੇ ਖਰਚੇ ਦੀ ਵਰਤੋਂ ਸਿਹਤ ਸਹੂਲਤਾਂ ਨੂੰ ਬਿਹਤਰ ਬਣਾਉਣ ਲਈ ਕੀਤੀ ਜਾ ਸਕਦੀ ਹੈ। ਇਹ ਕੰਮ ਪੇਡਾ ਵਿਭਾਗ ਨੂੰ ਸੌਂਪਿਆ ਗਿਆ ਹੈ, ਜਿਸ ਦਾ ਸਾਰਾ ਖਰਚਾ ਸੀਐਸਆਰ ਪਹਿਲਕਦਮੀਆਂ ਤਹਿਤ ਐਚਐਮਈਐਲ ਦੁਆਰਾ ਸਹਿਣ ਕੀਤਾ ਜਾਵੇਗਾ।ਇੰਨਾ ਹੀ ਨਹੀਂ, ਹਰੀ ਊਰਜਾ ਨੂੰ ਉਤਸ਼ਾਹਿਤ ਕਰਨ ਲਈ ਐਚਐਮਈਐਲ ਨੇ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਦੇ ਆਲੇ-ਦੁਆਲੇ ਦੇ 20 ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ 15 ਕਿਲੋਵਾਟ ਸਮਰੱਥਾ ਦੇ ਛੱਤ 'ਤੇ ਸੋਲਰ ਪੈਨਲ ਵੀ ਲਗਾਏ ਹਨ, ਜਿਸ ਨਾਲ ਉੱਥੇ ਬਿਜਲੀ ਦੀ ਲਾਗਤ ਪੂਰੀ ਤਰ੍ਹਾਂ ਖਤਮ ਹੋ ਗਈ ਹੈ।