ਵੈਟਨਰੀ ਯੂਨੀਵਰਸਿਟੀ ਦੇ ਵਿਦਿਆਰਥੀ ਨੇ ਕੌਮੀ ਹੈਂਡਬਾਲ ਚੈਂਪੀਅਨਸ਼ਿਪ ਵਿੱਚ ਜਿੱਤਿਆ ਸੋਨਾ
ਲੁਧਿਆਣਾ 02 ਅਪ੍ਰੈਲ 2025 - ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਕਾਲਜ ਆਫ ਵੈਟਨਰੀ ਸਾਇੰਸ ਦੇ ਵਿਦਿਆਰਥੀ ਅਰਸ਼ਦੀਪ ਸਿੰਘ ਬੈਨੀਪਾਲ ਨੇ ਲੜਕਿਆਂ ਦੀ 46ਵੀਂ ਜੂਨੀਅਰ ਕੌਮੀ ਹੈਂਡਬਾਲ ਚੈਂਪੀਅਨਸ਼ਿਪ ਵਿੱਚ ਵੱਡਾ ਨਾਮਣਾ ਖੱਟਿਆ ਹੈ। ਇਸ ਵਿਦਿਆਰਥੀ ਨੇ ਹੈਂਡਬਾਲ ਫੈਡਰੇਸ਼ਨ ਆਫ ਇੰਡੀਆ ਵੱਲੋਂ ਜਹਾਨਾਬਾਦ (ਬਿਹਾਰ) ਵਿਖੇ ਕਰਵਾਈ ਗਈ ਇਸ ਚੈਂਪੀਅਨਸ਼ਿਪ ਵਿੱਚ ਸੋਨੇ ਦਾ ਤਗਮਾ ਪ੍ਰਾਪਤ ਕੀਤਾ ਹੈ।
ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਅਰਸ਼ਦੀਪ ਦੀ ਇਸ ਮਾਣਮੱਤੀ ਪ੍ਰਾਪਤੀ ਲਈ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ ਯੂਨੀਵਰਸਿਟੀ ਵਿਦਿਆਰਥੀਆਂ ਦੇ ਸੰਪੂਰਨ ਸ਼ਖ਼ਸੀਅਤ ਵਿਕਾਸ ਲਈ ਵੀ ਪੂਰਨ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਅਸੀਂ ਵਿਦਿਆਰਥੀਆਂ ਦੀ ਸਰੀਰਕ ਅਤੇ ਮਾਨਸਿਕ ਸਿਹਤ ਲਈ ਬਿਹਤਰ ਸਹੂਲਤਾਂ ਮੁਹੱਈਆ ਕਰਵਾ ਰਹੇ ਹਾਂ ਜਿਸ ਨਾਲ ਕਿ ਵਿਦਿਆਰਥੀ ਆਪਣੇ ਜੀਵਨ ਵਿੱਚ ਪੂਰਨ ਕਾਮਯਾਬ ਹੋ ਸਕਣ।
ਡਾ. ਸਰਵਪ੍ਰੀਤ ਸਿੰਘ ਘੁੰਮਣ, ਨਿਰਦੇਸ਼ਕ ਵਿਦਿਆਰਥੀ ਭਲਾਈ ਨੇ ਇਸ ਵਿਦਿਆਰਥੀ ਦੀ ਸ਼ਲਾਘਾ ਕਰਦਿਆਂ, ਖੇਡਾਂ ਦੇ ਇੰਚਾਰਜਾਂ ਦੀ ਅਣਥੱਕ ਮਿਹਨਤ ਦੀ ਵੀ ਪ੍ਰਸੰਸਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਕੌਮੀ ਪੱਧਰ ਦੇ ਸਨਮਾਨ ਪ੍ਰਾਪਤ ਕਰਨ ਲਈ ਬੜੀ ਘਾਲਣਾ ਕਰਨੀ ਪੈਂਦੀ ਹੈ। ਉਨ੍ਹਾਂ ਹੋਰ ਵਿਦਿਆਰਥੀਆਂ ਨੂੰ ਵੀ ਆਪੋ ਆਪਣੇ ਖੇਤਰਾਂ ਵਿੱਚ ਨਵੀਆਂ ਪ੍ਰਾਪਤੀਆਂ ਕਰਨ ਲਈ ਉਤਸ਼ਾਹਿਤ ਕੀਤਾ।
ਡਾ. ਬਿਲਾਵਲ ਸਿੰਘ, ਇੰਚਾਰਜ ਅਤੇ ਡਾ. ਪ੍ਰਤੀਕ ਸਿੰਘ ਧਾਲੀਵਾਲ, ਸਹਿ-ਇੰਚਾਰਜ ਖੇਡ ਵਿੰਗ ਨੇ ਕਿਹਾ ਕਿ ਖੇਡਾਂ ਵਿਦਿਆਰਥੀਆਂ ਵਿੱਚ ਟੀਮ ਭਾਵਨਾ ਅਤੇ ਅਗਵਾਈ ਦੀ ਸੋਚ ਪੈਦਾ ਕਰਦੀਆਂ ਹਨ। ਜਿਥੇ ਇਸ ਨਾਲ ਵਿਦਿਆਰਥੀਆਂ ਦੇ ਕੌਸ਼ਲ ਨਿਖਰਦੇ ਹਨ ਉਥੇ ਉਹ ਜ਼ਿੰਦਗੀ ਦੀਆਂ ਪ੍ਰਮੁੱਖ ਚੁਣੌਤੀਆਂ ਨੂੰ ਹੌਸਲੇ ਨਾਲ ਨਜਿੱਠਦੇ ਹਨ। ਉਨ੍ਹਾਂ ਨੇ ਵੀ ਅਰਸ਼ਦੀਪ ਦੀ ਖੇਡਾਂ ਪ੍ਰਤੀ ਸਮਰਪਣ ਭਾਵ ਦੀ ਸ਼ਲਾਘਾ ਕੀਤੀ।