ਤਿੰਨ ਰੋਜ਼ਾ ਸਕਾਊਟ ਐਂਡ ਗਾਈਡਜ਼ ਕੈਂਪ ਦਾ ਸ਼ਾਨਦਾਰ ਸਮਾਪਨ
ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ
ਰੋਹਿਤ ਗੁਪਤਾ
ਬਟਾਲਾ, 3 ਜੂਨ ਸਥਾਨਕ ਬੇਰਿੰਗ ਸਕੂਲ, ਬਟਾਲਾ ਵਿਖੇ ਕਰਵਾਈ ਤਿੰਨ ਰੋਜ਼ਾ ਸਕਾਊਟ ਐਂਡ ਗਾਈਡਜ਼ ਟ੍ਰੇਨਿੰਗ ਕੈਂਪ ਦਾ ਸਮਾਪਨ ਸਮਾਰੋਹ ਬੜੇ ਉਤਸ਼ਾਹ ਨਾਲ ਸੰਪੰਨ ਹੋਇਆ। ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਡੀਈਓ) ਅਨਿਲ ਸ਼ਰਮਾ ਅਤੇ ਜ਼ਿਲ੍ਹਾ ਗਾਈਡੈਂਸ ਕੌਂਸਲਰ ( ਡੀਜੀਸੀ) ਮੁਕੇਸ਼ ਵਰਮਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਸਕੂਲ ਦੇ ਪ੍ਰਿੰਸੀਪਲ ਅਭਿਸ਼ੇਕ ਮਿਚੇਲ, ਸਕਾਊਟ ਐਂਡ ਗਾਈਡਜ਼ ਦੇ ਸਟੇਟ ਸਕੱਤਰ ਨਿਤਿਨ ਚੌਧਰੀ ਅਤੇ ਜੁਆਇੰਟ ਸਕੱਤਰ ਹਰਦੀਪ ਸਿੰਘ ਸੈਣੀ ਨੇ ਮੁੱਖ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ।
ਸਮਾਪਨ ਸਮਾਰੋਹ ਦੌਰਾਨ ਕੈਂਪ ਵਿੱਚ ਤਿੰਨ ਦਿਨਾਂ ਤੱਕ ਅਨੁਸ਼ਾਸਨ, ਲੀਡਰਸ਼ਿਪ, ਟੀਮ ਭਾਵਨਾ, ਸੇਵਾ ਕਾਰਜਾਂ ਅਤੇ ਹੋਰ ਗਤੀਵਿਧੀਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਯਾਦਗਾਰੀ ਚਿੰਨ੍ਹ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਵਿਦਿਆਰਥੀਆਂ ਨੇ ਕੈਂਪ ਦੌਰਾਨ ਸਿੱਖੇ ਹੁਨਰਾਂ ਦਾ ਪ੍ਰਭਾਵਸ਼ਾਲੀ ਪ੍ਰਦਰਸ਼ਨ ਕਰਕੇ ਮੌਜੂਦ ਮਹਿਮਾਨਾਂ ਅਤੇ ਅਧਿਆਪਕਾਂ ਦਾ ਮਨ ਮੋਹ ਲਿਆ।
ਆਪਣੇ ਸੰਬੋਧਨ ਵਿੱਚ ਡਿਪਟੀ ਡੀਈਓ ਅਨਿਲ ਸ਼ਰਮਾ ਨੇ ਵਿਦਿਆਰਥੀਆਂ ਨੂੰ ਆਪਣੇ ਮਾਪਿਆਂ ਅਤੇ ਅਧਿਆਪਕਾਂ ਦਾ ਸਤਿਕਾਰ ਕਰਨ, ਅਨੁਸ਼ਾਸਿਤ ਜੀਵਨ ਜਿਉਣ ਅਤੇ ਸਿੱਖਿਆ ਨੂੰ ਸਭ ਤੋਂ ਵੱਧ ਤਰਜੀਹ ਦੇਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਵਿਦਿਆਰਥੀ ਦੇਸ਼ ਦਾ ਭਵਿੱਖ ਹਨ ਅਤੇ ਉਨ੍ਹਾਂ ਨੂੰ ਆਪਣੇ ਟੀਚਿਆਂ ਦੀ ਪ੍ਰਾਪਤੀ ਲਈ ਲਗਾਤਾਰ ਮਿਹਨਤ, ਸਮਰਪਣ ਅਤੇ ਸਕਾਰਾਤਮਕ ਸੋਚ ਨਾਲ ਅੱਗੇ ਵਧਣਾ ਚਾਹੀਦਾ ਹੈ।
ਇਸ ਮੌਕੇ ਜ਼ਿਲ੍ਹਾ ਗਾਈਡੈਂਸ ਕੌਂਸਲਰ ਮੁਕੇਸ਼ ਵਰਮਾ ਨੇ ਵਿਦਿਆਰਥੀਆਂ ਤੋਂ ਸਕਾਊਟ ਐਂਡ ਗਾਈਡਜ਼ ਦੇ ਇਤਿਹਾਸ, ਉਦੇਸ਼, ਆਦਰਸ਼ ਵਾਕ ਅਤੇ ਸਮਾਜ ਸੇਵਾ ਨਾਲ ਸੰਬੰਧਿਤ ਵੱਖ-ਵੱਖ ਸਵਾਲ ਪੁੱਛੇ, ਜਿਨ੍ਹਾਂ ਦੇ ਵਿਦਿਆਰਥੀਆਂ ਨੇ ਪੂਰੇ ਆਤਮਵਿਸ਼ਵਾਸ ਅਤੇ ਉਤਸ਼ਾਹ ਨਾਲ ਸਹੀ ਜਵਾਬ ਦਿੱਤੇ। ਵਿਦਿਆਰਥੀਆਂ ਦੀ ਜਾਣਕਾਰੀ, ਜਾਗਰੂਕਤਾ ਅਤੇ ਸਕਾਊਟਿੰਗ ਪ੍ਰਤੀ ਸਮਰਪਣ ਨੂੰ ਵੇਖਦੇ ਹੋਏ ਉਨ੍ਹਾਂ ਦੀ ਭਰਪੂਰ ਸ਼ਲਾਘਾ ਕੀਤੀ ਗਈ।
ਆਪਣੇ ਪ੍ਰੇਰਣਾਦਾਇਕ ਸੰਬੋਧਨ ਵਿੱਚ ਮੁਕੇਸ਼ ਵਰਮਾ ਨੇ ਕਿਹਾ ਕਿ ਸਕਾਊਟ ਐਂਡ ਗਾਈਡਜ਼ ਸਿਰਫ਼ ਇੱਕ ਸੰਸਥਾ ਨਹੀਂ, ਸਗੋਂ ਨੌਜਵਾਨਾਂ ਵਿੱਚ ਚਰਿੱਤਰ ਨਿਰਮਾਣ, ਲੀਡਰਸ਼ਿਪ, ਸਵੈ-ਨਿਰਭਰਤਾ, ਅਨੁਸ਼ਾਸਨ, ਦੇਸ਼ ਭਗਤੀ ਅਤੇ ਸੇਵਾ ਭਾਵਨਾ ਨੂੰ ਵਿਕਸਿਤ ਕਰਨ ਦਾ ਇੱਕ ਮਜ਼ਬੂਤ ਮੰਚ ਹੈ। ਉਨ੍ਹਾਂ ਕਿਹਾ ਕਿ ਅਜੋਕੇ ਮੁਕਾਬਲੇ ਦੇ ਯੁੱਗ ਵਿੱਚ ਸਿਰਫ਼ ਅਕਾਦਮਿਕ ਪ੍ਰਾਪਤੀਆਂ ਹੀ ਕਾਫ਼ੀ ਨਹੀਂ, ਸਗੋਂ ਵਿਦਿਆਰਥੀਆਂ ਵਿੱਚ ਜੀਵਨ ਕੌਸ਼ਲ, ਸਮਾਜਿਕ ਜ਼ਿੰਮੇਵਾਰੀਆਂ ਦੀ ਸਮਝ, ਟੀਮ ਵਰਕ, ਲੀਡਰਸ਼ਿਪ ਅਤੇ ਚੁਣੌਤੀਪੂਰਨ ਹਾਲਾਤਾਂ ਵਿੱਚ ਸਹੀ ਫ਼ੈਸਲੇ ਲੈਣ ਦੀ ਸਮਰੱਥਾ ਵੀ ਹੋਣੀ ਚਾਹੀਦੀ ਹੈ। ਸਕਾਊਟਿੰਗ ਦੀਆਂ ਗਤੀਵਿਧੀਆਂ ਇਹ ਸਾਰੇ ਗੁਣ ਵਿਕਸਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ।
ਉਨ੍ਹਾਂ ਅੱਗੇ ਕਿਹਾ ਕਿ ਅਜਿਹੇ ਟ੍ਰੇਨਿੰਗ ਕੈਂਪ ਬੱਚਿਆਂ ਵਿੱਚ ਆਤਮਵਿਸ਼ਵਾਸ ਪੈਦਾ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਜ਼ਿੰਮੇਵਾਰ ਅਤੇ ਜਾਗਰੂਕ ਨਾਗਰਿਕ ਬਣਨ ਲਈ ਪ੍ਰੇਰਿਤ ਕਰਦੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਸਕਾਊਟਿੰਗ ਦੇ ਮੂਲ ਮੰਤਰ "ਹਮੇਸ਼ਾ ਤਿਆਰ ਰਹੋ" ਨੂੰ ਆਪਣੇ ਜੀਵਨ ਵਿੱਚ ਅਪਣਾਉਣ ਅਤੇ ਸਮਾਜ ਸੇਵਾ, ਵਾਤਾਵਰਣ ਸੰਭਾਲ, ਮਨੁੱਖਤਾ ਦੀ ਸੇਵਾ ਅਤੇ ਰਾਸ਼ਟਰ ਨਿਰਮਾਣ ਵਿੱਚ ਆਪਣਾ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ।
ਕੈਂਪ ਨੂੰ ਸਫਲ ਬਣਾਉਣ ਵਿੱਚ ਟ੍ਰੇਨਰ ਪੰਕਜ ਅਤੇ ਮਾਂਗੇ ਰਾਮ ਨੇ ਵਿਸ਼ੇਸ਼ ਭੂਮਿਕਾ ਨਿਭਾਈ। ਦੋਵਾਂ ਨੇ ਵਿਦਿਆਰਥੀਆਂ ਨੂੰ ਸਕਾਊਟਿੰਗ ਦੇ ਵੱਖ-ਵੱਖ ਸਿਧਾਂਤਾਂ, ਅਨੁਸ਼ਾਸਨ, ਫਸਟ ਏਡ, ਟੀਮ ਭਾਵਨਾ, ਲੀਡਰਸ਼ਿਪ ਅਤੇ ਸੇਵਾ ਗਤੀਵਿਧੀਆਂ ਬਾਰੇ ਵਿਹਾਰਕ ਸਿਖਲਾਈ ਦਿੱਤੀ। ਇਸ ਤੋਂ ਇਲਾਵਾ ਸਕੂਲ ਦੀ ਦੀਪਿਕਾ ਮੈਡਮ ਵਲੋਂ ਵਿਦਿਆਰਥੀਆਂ ਨੂੰ ਨਿਰੰਤਰ ਮਾਰਗਦਰਸ਼ਨ ਪ੍ਰਦਾਨ ਕਰਦੇ ਹੋਏ ਕੈਂਪ ਦੀਆਂ ਗਤੀਵਿਧੀਆਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।
ਸਮਾਰੋਹ ਦੌਰਾਨ ਹੈੱਡਮਿਸਟ੍ਰੈੱਸ ਮੁਕੇਸ਼ ਕੁਮਾਰੀ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ। ਪ੍ਰੋਗਰਾਮ ਦੇ ਅੰਤ ਵਿੱਚ ਮੁੱਖ ਮਹਿਮਾਨਾਂ ਨੂੰ ਸਕੂਲ ਅਤੇ ਸਕਾਊਟ ਐਂਡ ਗਾਈਡਜ਼ ਇਕਾਈ ਵੱਲੋਂ ਫੁੱਲਾਂ ਦੇ ਗੁਲਦਸਤੇ ਅਤੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਟੇਟ ਸਕੱਤਰ ਨਿਤਿਨ ਚੌਧਰੀ ਨੇ ਸਕਾਊਟਿੰਗ ਪਰੰਪਰਾ ਅਨੁਸਾਰ ਸੰਤਰੀ ਰੰਗ ਦਾ ਸਕਾਰਫ਼ ਪਹਿਨਾ ਕੇ ਉਸ ਦੀ ਗੰਢ ਬੰਨ੍ਹੀ ਅਤੇ ਸਕਾਊਟ ਐਂਡ ਗਾਈਡਜ਼ ਦੇ ਮੂਲ ਸਿਧਾਂਤਾਂ, ਅਨੁਸ਼ਾਸਨ ਅਤੇ ਸੇਵਾ ਭਾਵਨਾ ਨੂੰ ਸਦਾ ਕਾਇਮ ਰੱਖਣ ਦਾ ਸੰਦੇਸ਼ ਦਿੱਤਾ।
ਆਖਰ ਵਿੱਚ ਸਕੂਲ ਪ੍ਰਬੰਧਕਾਂ ਵੱਲੋਂ ਸਾਰੇ ਮਹਿਮਾਨਾਂ, ਟ੍ਰੇਨਰਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਗਿਆ ਅਤੇ ਕੈਂਪ ਦੀ ਸਫਲਤਾ ਲਈ ਸਾਰਿਆਂ ਦੇ ਸਹਿਯੋਗ ਦੀ ਸ਼ਲਾਘਾ ਕੀਤੀ ਗਈ।