ਡਾ.ਗੁਰਦੇਵ ਸਿੰਘ ਸਿੱਧੂ ਦੀ ਪੁਸਤਕ ‘ਅਣਗੌਲਿਆ ਆਜ਼ਾਦੀ ਘੁਲਾਟੀਆ ਭਾਈ ਹਰੀ ਸਿੰਘ ਚੋਟੀਆਂ (ਮੋਗਾ) ’ ਜਦੋਜਹਿਦ ਦਾ ਦਾਸਤਾਂ
ਉਜਾਗਰ ਸਿੰਘ
ਡਾ. ਗੁਰਦੇਵ ਸਿੰਘ ਸਿੱਧੂ ਖੋਜੀ ਸਾਹਿਤਕਾਰ ਤੇ ਇਤਿਹਾਸਕਾਰ ਹੈ। ਉਹ ਹੁਣ ਤੱਕ ਅਣਗੌਲੇ ਚਾਰ ਪੰਜਾਬੀ ਸੁਤੰਤਰਤਾ ਸੰਗ੍ਰਾਮੀਆਂ, ਗਦਰੀ ਬਾਬਾ ਨਿਧਾਨ ਸਿੰਘ ਮਹੇਸਰੀ, ਮਾਸਟਰ ਗੱਜਣ ਸਿੰਘ ਗੋਬਿੰਦਗੜ੍ਹ, ਗਿਆਨੀ ਊਧਮ ਸਿੰਘ ਖੰਨਿਆਣ ਅਤੇ ਗਿਆਨੀ ਗੁਰਦਿੱਤ ਸਿੰਘ ਦਲੇਰ ਮੰਢਾਲੀ ਬਾਰੇ ਖੋਜੀ ਪੁਸਤਕਾਂ ਲਿਖ ਚੁੱਕਿਆ ਹੈ। ‘ਭਾਈ ਹਰੀ ਸਿੰਘ ਚੋਟੀਆਂ (ਮੋਗਾ) ਇਸ ਲੜੀ ਵਿੱਚ ਉਸਦੀ ਪੰਜਵੀਂ ਪੁਸਤਕ ਹੈ। ਇਨ੍ਹਾਂ ਆਜ਼ਾਦੀ ਦੇ ਪ੍ਰਵਾਨਿਆਂ ਦੀਆਂ ਕੁਰਬਾਨੀਆਂ ਨੂੰ ਪੰਜਾਬੀ ਇਤਿਹਾਸਕਾਰਾਂ ਨੇ ਅਣਡਿਠ ਕੀਤਾ ਹੈ। ਡਾ.ਗੁਰਦੇਵ ਸਿੰਘ ਸਿੱਧੂ ਨੂੰ ਮਾਣ ਜਾਂਦਾ ਹੈ ਕਿ ਉਸਨੇ ਅਜਿਹੇ ਪ੍ਰਤਿਭਾਵਾਨ ਆਜ਼ਾਦੀ ਦੇ ਪ੍ਰਵਾਨਿਆਂ ਨੂੰ ਜੰਗੇ ਆਜ਼ਾਦੀ ਦੇ ਇਤਿਹਾਸ ਦਾ ਹਿੱਸਾ ਬਣਾਇਆ। ਭਾਈ ਹਰੀ ਸਿੰਘ ਚੋਟੀਆਂ ਦਾ ਜਨਮ ਫਿਰੋਜ਼ਪੁਰ ਜ਼ਿਲ੍ਹੇ ਦੇ ‘ਚੋਟੀਆਂ ਠੋਬਾ ਸਿੰਘ’ ਨਾਮ ਦੇ ਪਿੰਡ ਵਿੱਚ ਬੀਕਾ ਸਿੰਘ ਦੇ ਘਰ ਹੋਇਆ ਸੀ। ਉਸਦੀ ਜਨਮ ਤਾਰੀਕ ਦਾ ਵੇਰਵਾ ਉਪਲਭਧ ਨਹੀਂ ਪ੍ਰੰਤੂ ਡਾ.ਗੰਡਾ ਸਿੰਘ ਨੇ 1877 ਲਿਖਿਆ ਹੈ। ਇੱਕ ਹੋਰ ਅਨੁਮਾਨ ਅਨੁਸਾਰ ਜਨਮ ਦਾ ਸਾਲ 1870 ਬਣਦਾ ਦੱਸਿਆ ਗਿਆ ਹੈ। ਉਸਨੇ ਆਪਣੀ ਪੜ੍ਹਾਈ ਪਿੰਡ ਦੇ ਡੇਰੇ ਵਿਚਲੇ ਨਿਰਮਲੇ ਸੰਤਾਂ ਪਾਸੋਂ ਲਈ ਅਤੇ ਗੁਰਮੁੱਖੀ ਤੇ ਗੁਰਬਾਣੀ ਦਾ ਗਿਆਨ ਪ੍ਰਾਪਤ ਕੀਤਾ। ਉਹ ਕੀਰਤਨ ਕਰਨਾ ਵੀ ਸਿੱਖ ਗਿਆ ਤੇ ਕੀਰਤਨ ਕਰਦਾ ਰਿਹਾ। ਭਾਈ ਹਰੀ ਸਿੰਘ ਦੇ ਰਿਸ਼ਤੇਦਾਰ ਸੂਬੇਦਾਰ ਠਾਕਰ ਸਿੰਘ ਨੇ ਉਸਨੂੰ ਅੰਗਰੇਜ਼ਾਂ ਦੀ 36 ਸਿੱਖ ਪਲਟਨ ਵਿੱਚ ਭਰਤੀ ਕਰਵਾ ਦਿੱਤਾ। ਉਸਨੇ 11 ਸਾਲ ਦੀ ਨੌਕਰੀ ਤੋਂ ਬਾਅਦ 1900 ਦੇ ਨੇੜੇ ਤੇੜੇ ਫ਼ੌਜ ਵਿੱਚੋਂ ਅਸਤੀਫ਼ਾ ਦੇ ਕੇ 1902 ਦੇ ਅੰਤ ਵਿੱਚ ਚੀਨ ਦੇ ਸ਼ਿੰਘਾਈ ਸ਼ਹਿਰ ਵਿੱਚ ਚਲਾ ਗਿਆ। ਡਾ.ਗੰਡਾ ਸਿੰਘ ਅਨੁਸਾਰ ਉਸਨੇ ਫ਼ੌਜ ਵਿੱਚ ਤਿੰਨ ਸਾਲ ਨੌਕਰੀ ਕੀਤੀ ਸੀ। ਉਥੇ ਉਹ ਸ਼ਿੰਘਾਈਮਿਉਂਸਪਲ ਪੁਲਿਸ ਵਿੱਚ ਭਰਤੀ ਹੋ ਗਿਆ। ਸਰਕਾਰੀ ਰਿਕਾਰਡ ਵਿੱਚ ਹਰੀ ਸਿੰਘ ਗ੍ਰੰਥੀ ਲਿਖਿਆ ਹੋਇਆ ਹੈ। ਹੋ ਸਕਦਾ ਫ਼ੌਜ ਵਿੱਚ ਵੀ ਉਹ ਗ੍ਰੰਥੀ ਹੀ ਭਰਤੀ ਹੋਇਆ ਹੋਵੇ। ਸ਼ਿੰਘਾਈਮਿਉਂਸਪਲ ਪੁਲਿਸ ਵਿੱਚ ਸਾਢੇ ਪੰਜ ਸਾਲ ਨੌਕਰੀ ਕਰਨ ਤੋਂ ਬਾਅਦ ਅਸਤੀਫ਼ਾ ਦੇ ਕੇ 1907 ਵਿੱਚ ਕੈਨੇਡਾ ਚਲਾ ਗਿਆ। ਧਾਰਮਿਕ ਖਿਆਲਾਂ ਦਾ ਹੋਣ ਕਰਕੇ ਸ਼ਿੰਘਾਈ ਰਹਿੰਦਿਆਂ ਹਾਂਗ ਕਾਂਗ ਦੇ ਗੁਰਦੁਆਰੇ ਨਾਲ ਜੁੜਿਆ ਰਿਹਾ। ਉਸਦੇ ਵੈਨਕੂਵਰ ਰਹਿੰਦਿਆਂ ਹੀ ਪ੍ਰੋ.ਤੇਜਾ ਅਮਰੀਕਾ ਤੋਂ ਆ ਗਿਆ। ਪ੍ਰੋ.ਤੇਜਾ ਸਿੰਘ ਦੀ ‘ਗੁਰੂ ਨਾਨਕ ਮਾਈਨਿੰਗ ਐਂਡ ਟਰੱਸਟ ਕੰਪਨੀ’ ਦੀ ਸਥਾਪਨਾ ਵਿੱਚ ਅਹਿਮ ਭੂਮਿਕਾ ਨਿਭਾਈ। ਅਗਲੇ ਸਾਲ ਕੰਪਨੀ ਨੇ ਉਸਨੂੰ ਅਮਰੀਕਾ ਦੇ ਕੈਲੇਫੋਰਨੀਆ ਸੂਬੇ ਵਿੱਚ ਭੇਜ ਦਿੱਤਾ, ਜਿਥੇ ਉਸਦਾ ਮੇਲ ਦੇਸ਼ ਭਗਤਾਂ ਭਾਈ ਵਿਸਾਖਾ ਸਿੰਘ ਅਤੇ ਭਾਈ ਜਵਾਲਾ ਸਿੰਘ ਨਾਲ ਹੋਇਆ, ਉਨ੍ਹਾਂ ਕੋਲੋਂ ਉਸਨੂੰ ਦੇਸ਼ ਭਗਤੀ ਦੀ ਜਾਗ ਲੱਗੀ। ਵੈਨਕੂਵਰ ਦੀ ਸੰਗਤ ਨੇ 1909 ਵਿੱਚ ਉਸਨੂੰ ਕੈਲੇਫੋਰਨੀਆਂ ਤੋਂ ਬੁਲਾਕੇਵੈਨਕੂਵਰ ਗੁਰਦੁਆਰੇ ਦਾ ਗ੍ਰੰਥੀ ਨਿਯੁਕਤ ਕਰ ਦਿੱਤਾ। ਉਸ ਸਮੇਂ ਉਸਨੇ ਵੈਨਕੂਵਰ ਵਸਦੇ ਪੰਜਾਬੀਆਂ ਦੀਆਂ ਖ਼ਬਰਾਂ ਖਾਲਸਾ ਸਮਾਚਾਰ ਨੂੰ ਭੇਜਣੀਆਂ ਸ਼ੁਰੂ ਕਰ ਦਿੱਤੀਆਂ। ਜਨਵਰੀ 1912 ਵਿੱਚ ਭਾਈ ਹਰੀ ਸਿੰਘ ਵੈਨਕੂਵਰ ਨੇੜੇ ਫਰੇਜ਼ਰ ਮਿਲ ਵਿੱਚ ਕੰਮ ਕਰਨ ਲੱਗ ਗਿਆ। ਉਥੇ ਲਗਪਗ100ਮੁਲਾਜਮ ਕੰਮ ਕਰਦੇ ਸਨ, ਉਨ੍ਹਾਂ ਨੂੰ ਇਕੱਠੇ ਕਰਕੇ ਇੱਕ ਕਮਰੇ ਨੂੰ ਗੁਰਦੁਆਰੇ ਦੇ ਰੂਪ ਵਿੱਚ ਵਰਤਣ ਲਈ ਸੰਗਠਤ ਕੀਤਾ। ਐਬਸਫੋਰਡ ਗੁਰਦੁਆਰਾ ਬਣਾਉਣ ਵਿੱਚ ਵੀ ਅਹਿਮ ਕੰਮ ਕੀਤਾ। ਪੰਜਾਬੀਆਂ ਦੀਆਂ ਮੁਸ਼ਕਲਾਂ ਸੰਬੰਧੀ ਵੈਨਕੂਵਰ ਤੋਂ ਛਪਣ ਵਾਲੇ ਅਖ਼ਬਾਰ ‘ਖ਼ਾਲਸਾ ਹੈਰੋਲਡ’ ਵਿੱਚ ਭਾਈ ਹਰੀ ਸਿੰਘ ਦੀ ਤਸਵੀਰ ਛਪੀ। ਸਟਾਕਟਨ ਗੁਰਦੁਆਰੇ ਦੀ ਪ੍ਰਬੰਧਕੀ ਕਮੇਟੀ ਦਾ ਮੈਂਬਰ ਬਣ ਗਿਆ। 2 ਜੂਨ 1912 ਨੂੰ ਫਰੇਜਰ ਮਿਲ ਸਾਈਡ ਗੁਰਦੁਆਰੇ ਦਾ ਗ੍ਰੰਥੀ ਨਿਯੁਕਤ ਕੀਤਾ ਗਿਆ। ਉਸਨੂੰ ਪੰਜ ਪਿਆਰਿਆਂ ਵਿੱਚ ਵੀ ਸ਼ਾਮਲ ਕੀਤਾ ਜਾਂਦਾ ਸੀ। 1913 ਵਿੱਚ ਉਹ ਗਿਆਨੀ ਭਗਵਾਨ ਨਾਲ ਰਲਕੇਗਦਰ ਪਾਰਟੀ ਵਿੱਚ ਸ਼ਾਮਲ ਹੋ ਗਿਆ। ਇਸ ਤੋਂ ਬਾਅਦ ਭਾਈ ਹਰੀ ਸਿੰਘ ਦਾ ਸਿਆਸੀ ਜੀਵਨ ਸ਼ੁਰੂ ਹੁੰਦਾ ਹੈ। ਕਾਮਾ ਗਾਟਾ ਮਾਰੂ ਜਹਾਜ ਦੇ ਯਾਤਰੂਆਂ ਨੂੰ ਕੈਨੇਡਾ ਵਿੱਚ ਦਾਖ਼ਲ ਹੋਣ ਤੋਂ ਰੋਕਣ ਦੀ ਸਥਿਤੀ ਵਿੱਚ ਕੈਨੇਡਾ ਵਿੱਚ ਵਸਦੇ ਭਾਰਤੀਆਂ ਨੇ ਕੈਨੇਡੀਅਨ ਅਧਿਕਾਰੀਆਂ ਨੂੰ ਪ੍ਰੇਰਿਤ ਕਰਨ ਲਈ 7 ਮੈਂਬਰੀ ਕਮੇਟੀ ਬਣਾਈ ਹਰੀ ਸਿੰਘ ਨੂੰ ਕਮੇਟੀ ਦਾ ਮੈਂਬਰ ਬਣਾਇਆ ਗਿਆ। ਕਾਮਾਗਾਟਾ ਮਾਰੂ ਜਹਾਜ਼ ਦੀ ਸਥਿਤੀ ਬਾਰੇ ਭਾਰਤੀਆਂ ਨੂੰ ਜਾਣੂੰ ਕਰਵਾਉਣ ਲਈ 31 ਮਈ 1914 ਨੂੰ ਡੋਮੀਨੀਅਨ ਹਾਲ, ਵੈਨਕੂਵਰ ਵਿੱਚ ਹੋਈ ਮੀਟਿੰਗ ਵਿੱਚ ਭਾਈ ਹਰੀ ਸਿੰਘ ਨੇ ਗਰਜ਼ਵੀਂ ਆਵਾਜ਼ ਵਿੱਚ ਆਪਣੀ ਕਵਿਤਾ ‘ਸੁਤਿਆ ਤੂੰ ਜਾਗ ਸ਼ੇਰਾ’ ਸੁਣਾਈ ਜਿਸਨੇ ਭਾਰਤੀਆਂ ਵਿੱਚ ਜੋਸ਼ ਭਰ ਦਿੱਤਾ। ਫਿਰ ਗਦਰਪਾਰਟਂੀ ਨੇ ਭਾਰਤੀਆਂ ਨੂੰ ਦੇਸ਼ ਪੁਜਕੇ ਹਥਿਆਰਬੰਦ ਜਦੋਜਹਿਦ ਰਾਹੀਂ ਦੇਸ਼ ਨੂੰ ਆਜ਼ਾਦ ਕਰਵਾਉਣ ਦਾ ਹੁਕਮ ਕੀਤਾ, ਜਿਸ ਕਰਕੇ ਭਾਈ ਹਰੀ ਸਿੰਘ 17 ਨਵੰਬਰ 1914ਸੰਗਕੋ ਮਾਰੂ ਜਹਾਜ਼ ਵਿੱਚ ਸਵਾਰ ਹੋ ਕੇ ਹਾਂਗ ਕਾਂਗ ਨੂੰ ਚਲ ਪਿਆ। ਅੰਗਰੇਜ਼ ਸਰਕਾਰ ਨੂੰ ਸੂਹੀਏ ਤੋਂ ਪਤਾ ਲੱਗਾ ਕਿ ਉਹ ਗਦਰ ਅਖ਼ਬਾਰ ਦੇ ਪੰਜ ਸੂਟਕੇਸਭਰਕੇ ਗਦਰੀ ਸਾਹਿਤ ਲੈ ਕੇ ਸ਼ਿੰਘਾਈ ਸਾਹਿਤ ਤਕਸੀਮ ਕੀਤਾ ਹੈ। ਫਿਰ ਉਹ ਤੋਸ਼ਾ ਮਾਰੂ ਜਹਾਜ਼ ਵਿੱਚ ਸਵਾਰ ਹੋ ਕੇ 17 ਜਨਵਰੀ 1915 ਨੂੰ ਕਲਕੱਤੇ ਪਹੁੰਚਾ, ਜਿਥੋਂ ਉਸਨੂੰ ਗ੍ਰਿਫ਼ਤਾਰ ਕਰਕੇ ਮੋਗਾ ਸਟੇਸ਼ਨ ‘ਤੇ ਉਤਾਰ ਦਿੱਤਾ। 25 ਜਨਵਰੀ 1915 ਨੂੰ ਪੁਲਿਸ ਨੇ ਚੋਟੀਆਂ ਠੋਬਾ ਤੋਂ ਬਾਹਰ ਨਾ ਜਾਣ ਦਾ ਹੁਕਮ ਫੜਾ ਦਿੱਤਾ। ਪੁਲਿਸ ਨੇ ਇਸ ਸਮੇਂ ਦੌਰਾਨ ਉਸ ਉਪਰ ਹਰਨਾਮ ਸਿੰਘ ਕਾਹਰੀ ਨਾਲ ਰਲਕੇ ਹਿੰਦੁਸਤਾਨ ਆ ਕੇ ਗਦਰੀਆਂ ਨੂੰ ਬੰਬ ਬਣਾਉਣ ਦੀ ਸਿੱਖਿਆ ਦੇਣ ਦਾ ਇਲਜ਼ਾਮ ਲਗਾ ਕੇ ਜੂਹਬੰਦੀ ਕਰਕੇ 1000 ਰੁਪਏ ਦੀ ਨੇਕ ਚਲਣੀ ਜ਼ਮਾਨਤ ਲੈ ਲਈ। ਲਾਹੌਰ ਸ਼ਾਜ਼ਸ਼ ਕੇਸ ਵਿੱਚ 23 ਅਗਸਤ 1916 ਨੂੰ ਹਰੀ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ। ਇਸ ਕੇਸ ਵਿੱਚ ਹਰੀ ਸਿੰਘ ‘ਤੇ ਅਨੇਕਾਂ ਦੋਸ਼ ਲਗਾਏ ਗਏ। 15 ਜਨਵਰੀ 1917 ਨੂੰ ਧਾਰਾ 121 ਅਤੇ 121 ਏ ਅਧੀਨ ਦੋਸ਼ੀ ਠਹਿਰਾ ਕੇ ਉਮਰ ਕੈਦ ਕਾਲੇ ਪਾਣੀ ਅਤੇ ਜਾਇਦਾਦ ਜ਼ਬਤੀ ਦੀ ਸਜ਼ਾ ਸੁਣਾਈ ਗਈ। ਫਿਰ ਲੈਫ਼ਟੀਨੈਂਟ ਗਵਰਨਰ ਨੇ ਨੁਕਤਾਚੀਨੀ ਤੋਂ ਡਰਦਿਆਂ ਇਹ ਕੈਦ ਸਤ ਸਾਲ ਵਿੱਚ ਬਦਲ ਦਿੱਤੀ। 12 ਗਦਰੀ ਕੈਦੀਆਂ ਨੂੰ ਜਨਵਰੀ 1918 ਵਿੱਚ ਹਰੀ ਸਿੰਘ ਸਮੇਤ ਹਜ਼ਾਰੀ ਬਾਗ ਜੇਲ੍ਹ ਵਿੱਚ ਭੇਜ ਦਿੱਤਾ ਗਿਆ। ਇਥੇ ਉਸਦਾ ਮੇਲ ਭਾਈ ਰਣਧੀਰ ਸਿੰਘ ਨਾਲ ਹੋਇਆ, ਜੋ ਭਾਈ ਹਰੀ ਸਿੰਘ ਦੀ ਸਿੱਖੀ ਸੋਚ ਤੋਂ ਬਹੁਤ ਪ੍ਰਭਾਵਤ ਹੋਏ। ਦੋ ਸਾਲ ਹਜ਼ਾਰੀ ਬਾਗ ਜੇਲ੍ਹ ਵਿੱਚ ਰਹਿਣ ਤੋਂ ਬਾਅਦ ਪਹਿਲੀ ਸੰਸਾਰ ਜੰਗ ਵਿੱਚ ਬਰਤਾਨੀਆਂ ਦੀ ਜਿੱਤ 1919 ਵਿੱਚ ਹੋਣ ਕਰਕੇ ਰਾਜ-ਖਿਮਾ ਦਾ ਐਲਾਨ ਨਾਮਾ-ਜਾਰੀ ਹੋਇਆ, ਜਿਸ ਕਰਕੇ ਮਾਰਚ 1920 ਵਿੱਚ ਰਿਹਾਈ ਹੋਈ। ਰਿਹਾਈ ਤੋਂ ਬਾਅਦ ਉਹ ਅਕਾਲੀ ਲਹਿਰ ਵਿੱਚ ਸਰਗਰਮ ਹੋ ਗਿਆ। ਉਸਦੀ ਕਾਬਲੀਅਤ ਨੂੰ ਵੇਖਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਸਨੂੰ ਪ੍ਰਚਾਰਕ ਭਰਤੀ ਕਰ ਲਿਆ। ਇਸ ਦੌਰਾਨ ਜਦੋਂ ਸ਼੍ਰੋਮਣੀ ਕਮੇਟੀ ਨੇ ਖਾਲਸਾ ਦੀਵਾਨ ਸੋਸਾਇਟੀਵੈਨਕੂਵਰ ਨੂੰ ਆਪਣੇ ਦੋ ਮੈਂਬਰ ਸ਼੍ਰੋਮਣੀ ਕਮੇਟੀ ਲਈ ਨਾਮਜ਼ਦ ਕਰਨ ਲਈ ਕਿਹਾ ਤਾਂ ਉਸਨੂੰ ਖਾਲਸਾ ਦੀਵਾਨ ਸੋਸਾਇਟੀਵੈਨਕੂਵਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਨਿਯੁਕਤ ਕਰ ਦਿੱਤਾ। ਹਰੀ ਸਿੰਘ ਨੂੰ ਗੁਰੂ ਕੇ ਬਾਗ ਦੇ ਮੋਰਚੇ ਵਿੱਚ ਭਾਗ ਲੈਣ ਕਰਕੇ ਛੇ ਮਹੀਨੇ ਦੀ ਸਜ਼ਾ ਵੀ ਹੋਈ ਸੀ। ਦੇਸ਼ ਦੇ ਆਜ਼ਾਦ ਹੋਣ ਤੋਂ ਬਾਅਦ ਉਹ ਆਪਣੇ ਪਿੰਡ ਚੋਟੀਆਂ ਠੋਬਾ ਆ ਗਿਆ। ਸਾਰਾ ਪਰਿਵਾਰ ਸੁਰਗਵਾਸ ਹੋ ਚੁੱਕਿਆ ਸੀ। ਉਸਦੀ ਪਤਨੀ ਵੀ ਸਵਰਗਵਾਸ ਹੋ ਗਈ ਸੀ। ਫਿਰ ਉਸਦੇ ਭਰਾ ਸੁਚੇਤ ਸਿੰਘ ਦੇ ਪੋਤਰਿਆਂ ਬੰਤਾ ਸਿੰਘ ਨੇ ਬਿਰਧ ਉਮਰ ਉਸਦੀ ਵੇਖ ਭਾਲ ਕੀਤੀ। ਭਾਈ ਹਰੀ ਸਿੰਘ 1950 ਵਿੱਚ ਸਵਰਗਵਾਸ ਹੋ ਗਏ। ਅੰਤਿਕਾ-1 ਵਿੱਚ ਉਸਦੀ ਕਵਿਤਾ ‘ਸੁਤਿਆ ਤੂੰ ਜਾਗ ਸ਼ੇਰਾ’ ਪ੍ਰਕਾਸ਼ਤ ਕੀਤੀ ਗਈ ਹੈ। ਅੰਤਿੰਕਾ-2 ਵਿੱਚ ਵਚਿਤ੍ਰਸਪਨਾ ਅਤੇ ਸਰਕਾਰੀ ਰਿਕਾਰਡ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਥੱਮਣ ਸਿੰਘ ਬਰਾੜ ਦੀ ਜਦੋਜਹਿਦ ਵਾਲੀ ਜ਼ਿੰਦਗੀ ਦਾ ਵਰਣਨ ਵੀ ਕੀਤਾ ਗਿਆ ਹੈ।
68 ਪੰਨਿਆਂ, 150 ਰੁਪਏ ਕੀਮਤ ਵਾਲੀ ਇਹ ਪੁਸਤਕ ਲੋਕ ਗੀਤ ਪ੍ਰਕਾਸ਼ਨ ਮੋਹਾਲੀ ਨੇ ਪ੍ਰਕਾਸ਼ਤ ਕੀਤੀ ਹੈ।
ਸੰਪਰਕ : ਡਾ.ਗੁਰਦੇਵ ਸਿੰਘ ਸਿੱਧੂ : 9417049417
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh480yahoo.com

-
ਉਜਾਗਰ ਸਿੰਘ, ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ujagarsingh48@yahoo.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.