ਐੱਸ.ਡੀ.ਐੱਮ. ਸਰਦੂਲਗੜ੍ਹ ਵੱਲੋਂ SIR ਸਬੰਧੀ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ
ਹਲਕਾ ਸਰਦੂਲਗੜ੍ਹ ਵਿਖੇ 95.25% ਵੋਟਰਾਂ ਦੀ ਮੈਪਿੰਗ ਮੁਕੰਮਲ-ਐੱਸ.ਡੀ.ਐੱਮ.
ਅਸ਼ੋਕ ਵਰਮਾ
ਮਾਨਸਾ, 3 ਜੂਨ 2026 : ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐੱਸ.ਆਈ.ਆਰ) ਸਬੰਧੀ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਕਮ ਐੱਸ.ਡੀ.ਐੱਮ. ਸਰਦੂਲਗੜ੍ਹ ਹਰਜਿੰਦਰ ਸਿੰਘ ਜੱਸਲ ਨੇ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ। ਉਨ੍ਹਾਂ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿਭਾਰਤ ਚੋਣ ਕਮਿਸ਼ਨ ਵੱਲੋਂ ਪੰਜਾਬ ਰਾਜ ਵਿੱਚ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐੱਸ.ਆਈ.ਆਰ) ਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ। ਸ਼ਡਿਊਲ ਅਨੁਸਾਰ 15 ਜੂਨ 2026 ਤੋਂ 24 ਜੂਨ 2026 ਤੱਕ ਟ੍ਰੇਨਿੰਗ ਅਤੇ ਗਣਨਾ ਫਾਰਮਾਂ ਦੀ ਪ੍ਰਿੰਟਿੰਗ ਹੋਵੇਗੀ।
ਉਨ੍ਹਾਂ ਦੱਸਿਆ ਕਿ 25 ਜੂਨ 2026 ਤੋਂ 24 ਜੁਲਾਈ 2026 ਤੱਕ ਗਣਨਾ ਫਾਰਮ ਬੂਥ ਲੈਵਲ ਅਫਸਰਾਂ ਵੱਲੋਂ ਘਰ-ਘਰ ਜਾ ਕੇ ਵੰਡੇ ਜਾਣਗੇ ਅਤੇ ਵੋਟਰਾਂ ਵੱਲੋਂ ਭਰੇ ਹੋਏ ਗਣਨਾ ਫਾਰਮ ਇਕੱਤਰ ਕੀਤੇ ਜਾਣਗੇ। ਹਰ ਇੱਕ ਵੋਟਰ ਵੱਲੋਂ ਗਣਨਾ ਫਾਰਮ ਭਰਿਆ ਜਾਣਾ ਜਰੂਰੀ ਹੈ। ਉਨ੍ਹਾਂ ਦੱਸਿਆ ਕਿ ਪ੍ਰਾਪਤ ਹੋਏ ਗਣਨਾ ਫਾਰਮਾਂ ਦੇ ਆਧਾਰ 'ਤੇ ਤਿਆਰ ਕੀਤੀ ਗਈ ਮੁੱਢਲੀ ਵੋਟਰ ਸੂਚੀ ਦੀ ਪ੍ਰਕਾਸ਼ਨਾ 03 ਅਗਸਤ 2026 ਨੂੰ ਕੀਤੀ ਜਾਵੇਗੀ। ਦਾਅਵੇ/ਇਤਰਾਜ 03 ਅਗਸਤ 2026 ਤੋਂ 02 ਸਤੰਬਰ 2026 ਤੱਕ ਪ੍ਰਾਪਤ ਕੀਤੇ ਜਾਣਗੇ। ਦਾਅਵੇ/ਇਤਰਾਜਾਂ ਜਾ ਨਿਪਟਾਰਾ 02 ਸਤੰਬਰ 2026 ਤੋਂ 28 ਸਤੰਬਰ 2026 ਤੱਕ ਕੀਤਾ ਜਾਵੇਗਾ ਅਤੇ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾਂ 01 ਅਕਤੂਬਰ 2026 ਨੂੰ ਕੀਤੀ ਜਾਵੇਗੀ।
ਚੋਣਕਾਰ ਰਜਿਸਟਰੇਸ਼ਨ ਅਫ਼ਸਰ ਨੇ ਦੱਸਿਆ ਕਿ ਐੱਸ.ਆਈ.ਆਰ. ਦਾ ਮੁੱਖ ਉਦੇਸ਼ ਹਰੇਕ ਯੋਗ ਨਾਗਰਿਕ ਨੂੰ ਵੋਟਰ ਸੂਚੀ ਵਿੱਚ ਸ਼ਾਮਲ ਕਰਨਾ ਅਤੇ ਅਯੋਗ ਵਿਅਕਤੀਆਂ ਨੂੰ ਵੋਟਰ ਸੂਚੀ ਵਿੱਚੋਂ ਬਾਹਰ ਕਰਨਾ ਹੈ। ਉਨ੍ਹਾਂ ਵੱਲੋਂ ਸਮੂਹ ਰਾਜਨਤਿਕ ਪਾਰਟੀਆਂ ਨੂੰ ਬੀ.ਐਲ.ਓ. ਨਿਯੁਕਤ ਕਰਨ ਦੀ ਬੇਨਤੀ ਕੀਤੀ ਗਈ।
ਚੋਣਕਾਰ ਰਜਿਸਟਰੇਸ਼ਨ ਅਫਸਰ ਵੱਲੋਂ ਬੂਥ ਲੈਵਲ ਅਫਸਰਾਂ ਦੇ ਕੰਮ ਦੀ ਸ਼ਲਾਘਾ ਕਰਦਿਆਂ ਦੱਸਿਆ ਗਿਆ ਕਿ ਵਿਧਾਨ ਸਭਾ ਹਲਕਾ 097-ਸਰਦੂਲਗੜ੍ਹ ਵੱਲੋਂ 02 ਜੂਨ 2026 ਤੱਕ 95.25% ਵੋਟਰਾਂ ਦੀ ਮੈਪਿੰਗ ਦਾ ਕੰਮ ਮੁਕੰਮਲ ਕਰ ਲਿਆ ਹੈ ਅਤੇ ਮਾਨਸਾ ਜ਼ਿਲ੍ਹਾ ਪੰਜਾਬ ਰਾਜ ਵਿੱਚੋਂ ਸਭ ਤੋਂ ਮੋਹਰੀ ਹੈ। ਰਾਜਸੀ ਪਾਰਟੀਆਂ ਵੱਲੋਂ ਉਭਾਰੇ ਗਏ ਖਦਸ਼ਿਆਂ ਨੂੰ ਦੂਰ ਕਰਦਿਆਂ ਚੋਣਕਾਰ ਰਜਿਸਟਰੇਸ਼ਨ ਅਫ਼ਸਰ ਵੱਲੋਂ ਦੱਸਿਆ ਗਿਆ ਕਿ ਐੱਸ.ਆਈ.ਆਰ ਦੀ ਸਾਰੀ ਪ੍ਰਕਿਰਿਆ ਪਾਰਦਰਸ਼ੀ ਢੰਗ ਨਾਲ ਕੀਤੀ ਜਾਵੇਗੀ। ਕਿਸੇ ਵੀ ਯੋਗ ਵੋਟਰ ਨੂੰ ਵੋਟਰ ਸੂਚੀ ਵਿੱਚੋਂ ਬਾਹਰ ਨਹੀਂ ਕੱਢਿਆ ਜਾਵੇਗਾ। ਚੋਣਾਂ ਨਾਲ ਸਬੰਧਤ ਕਿਸੇ ਵੀ ਕਿਸਮ ਦੀ ਜਾਣਕਾਰੀ ਲੈਣ ਲਈ ਟੋਲ ਫਰੀ ਨੰਬਰ 1950 ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਮੀਟਿੰਗ ਵਿੱਚ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆ ਨੂੰ ਐੱਸ.ਆਈ.ਆਰ. ਸ਼ਡਿਊਲ, ਗਣਨਾ ਫਾਰਮ ਦੀ ਕਾਪੀ, ਬੀ.ਐੱਲ.ਏ-2 ਦੀ ਕਾਪੀ ਸਮੇਤ ਹਦਾਇਤਾਂ ਦਿੱਤੀਆਂ ਗਈਆਂ।
ਇਸ ਮੌਕੇ ਸ੍ਰੀ ਅਮਨਦੀਪ ਸਿੰਘ, ਚੋਣ ਕਾਨੂੰਗੋ, ਸਰਦੂਲਗੜ੍ਹ, ਸ਼੍ਰੀ ਮੁਨੀਸ਼ ਕੁਮਾਰ ਚੋਣ ਕਲਰਕ ਸਰਦੂਲਗੜ੍ਹ, ਸ਼੍ਰੀ ਸਤਪਾਲ ਵਰਮਾ, ਜਨਰਲ ਸਕੱਤਰ ਕਾਂਗਰਸ, ਸ੍ਰੀ ਗਗਨਦੀਪ ਸਿੰਘ, ਸ਼ਹਿਰੀ ਪ੍ਰਧਾਨ ਕਾਂਗਰਸ, ਸ੍ਰੀ ਰਾਮ ਚੰਦਰ, ਜ਼ਿਲ੍ਹਾ ਮਾਨਸਾ ਵਾਈਸ ਪ੍ਰਧਾਨ, ਬੀਜੇਪੀ, ਸ੍ਰੀ ਜਸਵੀਰ ਸਿੰਘ, ਹਲਕਾ ਇੰਚਾਰਜ ਹਾਜ਼ਰ ਸਨ।
- Download Babushahi App
-
-