Political Special ਨਗਰ ਪੰਚਾਇਤ ਚੋਣਾਂ : ਦਿਲਾਂ ’ਚੋਂ ਉਤਰਿਆ ਮਹਿਰਾਜ ਦਾ ‘ਮਹਾਰਾਜਾ’ ਕੈਪਟਨ ਅਮਰਿੰਦਰ ਸਿੰਘ
ਅਸ਼ੋਕ ਵਰਮਾ
ਬਠਿੰਡਾ, 2 ਜੂਨ 2026 : ਬਾਹੀਏ ਦੇ ਪਿੰਡ ਮਹਿਰਾਜ ’ਚ ਜਿਸ ਕੈਪਟਨ ਅਮਰਿੰਦਰ ਸਿੰਘ ਦੀ ਤੂਤੀ ਬੋਲਦੀ ਸੀ ਹੁਣ ਇਸੇ ਪਿੰਡ ਨੇ ਮਹਾਰਾਜੇ ਨੂੰ ਓਪਰਾ ਕਰ ਦਿੱਤਾ ਹੈ। ਪਿੰਡ ਨੇ ਹਾਲੀਆ ਨਗਰ ਪੰਚਾਇਤ ਚੋਣਾਂ ਦੌਰਾਨ ਕੈਪਟਨ ਅਮਰਿੰਦਰ ਸਿੰਘ ਦੀ ਮੌਜੂਦਾ ਪਾਰਟੀ ‘ਭਾਜਪਾ’ ਨਾਲ ਜਬਰਦਸਤ ਨਰਾਜ਼ਗੀ ਦਿਖਾਈ ਹੈ। ਇੰਨ੍ਹਾਂ ਚੋਣਾਂ ਦੌਰਾਨ ਜਿੱਤਣਾ ਤਾਂ ਦੂਰ ਦੀ ਗੱਲ ਬਲਕਿ ਭਾਜਪਾ ਦਾ ਕੋਈ ਵੀ ਉਮੀਦਵਾਰ ਜੇਤੂਆਂ ਦੇ ਲਾਗੇ ਵੀ ਨਹੀਂ ਫੜਕਿਆ ਹੈ। ਮਹਿਰਾਜ ਦੀ ਨਗਰ ਪੰਚਾਇਤ ਦੇ 13 ਵਾਰਡ ਹਨ ਜਿੰਨ੍ਹਾਂ ਚੋ ਤਿੰਨ ਵਾਰਡਾਂ ਲਈ ਤਾਂ ਭਾਜਪਾ ਨੂੰ ਉਮੀਦਵਾਰ ਹੀ ਨਹੀਂ ਲੱਭ ਸਕੇ ਹਨ। ਲੰਘੀ 29 ਮਈ ਨੂੰ ਐਲਾਨੇ ਚੋਣ ਨਤੀਜਿਆਂ ਦੌਰਾਨ ਹਾਕਮ ਧਿਰ ਆਮ ਆਦਮੀ ਪਾਰਟੀ ਦੇ 8 ਉਮੀਦਵਾਰਾਂ ਨੇ ਜਿੱਤ ਪ੍ਰਾਪਤ ਕੀਤੀ ਹੈ ਅਤੇ ਸ਼੍ਰੋਮਣੀ ਅਕਾਲੀ ਦਲ 6 ਵਾਰਡਾਂ ’ਚ ਜਿੱਤਿਆ ਹੈ। ਸਭ ਤੋਂ ਵੱਡੀ ਜੱਗੋਂ ਤੇਰ੍ਹਵੀਂ ਕੈਪਟਨ ਅਮਰਿੰਦਰ ਸਿੰਘ ਦੀ ਸਾਬਕਾ ਪਾਰਟੀ ਕਾਂਗਰਸ ਨਾਲ ਹੋਈ ਹੈ
ਕਾਂਗਰਸ ਪਾਰਟੀ ਦਾ ਇੱਕ ਵੀ ਉਮੀਦਵਾਰ ਇੰਨ੍ਹਾਂ ਚੋਣਾਂ ਦੌਰਾਨ ਜਿੱਤ ਨਹੀਂ ਸਕਿਆ ਹੈ ਜਦੋਂਕਿ ਕੈਪਟਨ ਦੇ ਹੁੰਦਿਆਂ ਮਹਿਰਾਜ ਦੇ ਲੋਕ 22 ਸਾਲ ਲਗਾਤਾਰ ਕਾਂਗਰਸ ਨੂੰ ਜਿਤਾਉਂਦੇ ਰਹੇ ਹਨ। ਜਦੋਂ ਤੋਂ ਕੈਪਟਨ ਨੇ ਭਾਜਪਾ ਦਾ ਪੱਲਾ ਫੜਿਆ ਹੈ ਉਦੋਂ ਤੋਂ ਪਿੰਡ ਵਾਸੀ ਅੰਦਰੋ ਅੰਦਰੀ ਆਪਣੇ ਮਹਾਰਾਜੇ ਨਾਲ ਨਰਾਜ਼ ਚਲੇ ਆ ਰਹੇ ਹਨ। ਬਠਿੰਡਾ ਜ਼ਿਲ੍ਹੇ ਦਾ ਇਹ ਪਿੰਡ ਕੈਪਟਨ ਅਮਰਿੰਦਰ ਸਿੰਘ ਦੇ ਪੁਰਖਿਆਂ ਦਾ ਹੈ, ਜਿੱਥੋਂ ਦੇ ਲੋਕ ਜਮਹੂਰੀਅਤ ਦੇ ਇਸ ਦੌਰ ਵਿੱਚ ਵੀ ਅਮਰਿੰਦਰ ਸਿੰਘ ਨੂੰ ਆਪਣਾ ਮਹਾਰਾਜਾ ਸਮਝਦੇ ਆ ਰਹੇ ਸਨ। ਜਦੋਂ ਵੀ ਛੋਟੀ-ਵੱਡੀ ਚੋਣ ਆਉਂਦੀ ਤਾਂ ਮਹਿਰਾਜ ਦੇ ਲੋਕਾਂ ਨੂੰ ਕੈਪਟਨ ਅਮਰਿੰਦਰ ਸਿੰਘ ਹੀ ਨਜ਼ਰ ਪੈਂਦਾ ਸੀ। ਕੈਪਟਨ ਜਦੋਂ ਵੀ ਮਹਿਰਾਜ ਆਉਂਦੇ ਤਾਂ ਪਿੰਡ ’ਚ ਵਿਆਹ ਵਰਗਾ ਮਹੌਲ ਬਣ ਜਾਂਦਾ ਸੀ। ਅਮਰਿੰਦਰ ਸਿੰਘ ਦੀ ਬਤੌਰ ਮੁੱਖ ਮੰਤਰੀ ਪਹਿਲੀ ਦੌਰਾਨ ਉਨ੍ਹਾਂ ਪਿੰਡ ਦਾ ਨਕਸ਼ਾ ਬਦਲ ਦਿੱਤਾ ਅਤੇ ਫੰਡਾਂ ਦੀ ਕੋਈ ਘਾਟ ਨਾ ਰਹਿਣ ਦਿੱਤੀ ਸੀ।
ਅਮਰਿੰਦਰ ਸਿੰਘ ਨੇ ਜਦੋਂ ਆਪਣੀ ਦੂਜੀ ਪਾਰੀ ਸ਼ੁਰੂ ਕੀਤੀ ਤਾਂ ਲੋਕਾਂ ਨੂੰ ਮੁੜ ਪਿੰਡ ਦੀ ਕਾਇਆ ਕਲਪ ਹੋਣ ਦੀ ਆਸ ਬੱਝੀ ਪਰ ਕੈਪਟਨ ਨੇ ਆਪਣੇ ਪੁਰਖਿਆਂ ਦੇ ਪਿੰਡ ਮਹਿਰਾਜ ਨੂੰ ਪੁਰਾਣੀ ਅੱਖ ਨਾਲ ਨਹੀਂ ਦੇਖਣਾ ਵੀ ਮੁਨਾਸਿਬ ਨਹੀਂ ਸਮਝਿਆ। ਬਤੌਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 28 ਜਨਵਰੀ, 2018 ਨੂੰ ਮਹਿਰਾਜ ਆਏ ਅਤੇ 28 ਕਰੋੜ ਦੇ ਵਿਕਾਸ ਕੰਮਾਂ ਦਾ ਐਲਾਨ ਕੀਤਾ ਸੀ ਜਿਸ ਨੂੰ ਹਕੀਕਤ ਬਣਦਿਆਂ ਕਾਫੀ ਦੇਰ ਹੋ ਗਈ ਸੀ । ਕੈਪਟਨ ਦੀ ਤਕਰਬੀਨ ਸਾਢੇ 4 ਸਾਲ ਦੀ ਹਕੂਮਤ ਦੌਰਾਨ ਮਹਿਰਾਜ ਸੀਵਰੇਜ ਦੀ ਸਮੱਸਿਆ ਨਾਲ ਜੂਝਦਾ ਰਿਹਾ ਸੀ। ਇੱਥੇ ਸੀਵਰੇਜ ਟਰੀਟਮੈਂਟ ਪਲਾਂਟ ਤਾਂ ਬਣਾ ਦਿੱਤਾ ਪਰ ਪਾਈਪਾਂ ਨਹੀਂ ਵਿਛਾਈਆਂ ਸਨ। ਇਹ ਵੱਖਰੀ ਗੱਲ ਹੈ ਕਿ ਮਗਰੋਂ ਨਗਰ ਪੰਚਾਇਤ ਦੇ ਯਤਨਾਂ ਸਦਕਾ ਪਿੰਡ ਨੂੰ ਕਾਫੀ ਰਾਹਤ ਮਿਲੀ ਹੈ। ਸੀਵਰੇਜ਼ ਦੇ ਮੁੱਦੇ ’ਤੇ ਪਿੰਡ ਦੇ ਕਾਂਗਰਸੀਆਂ ਨੂੰ ਤਾਂ ਅਕਾਲੀਆਂ ਦੀਆਂ ਟਿੱਚਰਾਂ ਦਾ ਸਾਹਮਣਾ ਵੀ ਕਰਨਾ ਪਿਆ ਸੀ।
ਮਹਿਰਾਜ ਵਾਸੀ ਤਾਂ ਪਹਿਲਾਂ ਹੀ ਅਮਰਿੰਦਰ ਸਿੰਘ ਵੱਲੋਂ ਪਿੰਡ ਨੂੰ ਅਣਦੇਖਿਆ ਕਰਨ ਤੋਂ ਤੰਗ ਸੀ, ਉਪਰੋਂ ਜਦੋਂ ਅਮਰਿੰਦਰ ਸਿੰਘ ਨੇ ਭਾਜਪਾ ਨਾਲ ਹੱਥ ਮਿਲਾ ਲਏ ਤਾਂ ਲੋਕਾਂ ਦਾ ਰੋਹ ਹੋਰ ਵਧ ਗਿਆ। ਸਾਲ 2022 ’ਚ ਅਮਰਿੰਦਰ ਸਿੰਘ ਦਾ ਲੜਕਾ ਰਣਇੰਦਰ ਸਿੰਘ ਮਹਿਰਾਜ ਪਿੰਡ ਪੁੱਜਿਆ ਸੀ ਅਤੇ ਉਨ੍ਹਾਂ ਨਾਲ ਭਾਜਪਾ ਦਾ ਉਮੀਦਵਾਰ ਵੀ ਸੀ ਪਰ ਪਿੰਡ ਵਾਸੀਆਂ ਵੱਲੋਂ ਰਣਇੰਦਰ ਸਿੰਘ ਦਾ ਪੁਰਾਣਾ ਸ਼ਾਹੀ ਸਵਾਗਤ ਨਹੀਂ ਕੀਤਾ ਗਿਆ ਸੀ। ਭਾਜਪਾ ’ਚ ਸ਼ਮੂਲੀਅਤ ਕਰਨ ਕਾਰਨ ਹੁਣ ਨਤੀਜਾ ਹੈ ਕਿ ਜੋ ਅਮਰਿੰਦਰ ਸਿੰਘ ਮਹਿਰਾਜ ਦੇ ਦਿਲਾਂ ਦਾ ਰਾਜਾ ਹੁੰਦਾ ਸੀ, ਉਸ ਤੋਂ ਲੋਕਾਂ ਦਾ ਮੋਹ ਭੰਗ ਹੋ ਗਿਆ ਹੈ ਜਿਸ ਦੀ ਮਿਸਾਲ ਤਾਜਾ ਚੋਣਾਂ ਹਨ। ਦੇਖਿਆ ਗਿਆ ਹੈ ਕਿ ਨਗਰ ਪੰਚਾਇਤ ਦੇ ਚੋਣ ਮਾਹੌਲ ਦੌਰਾਨ ਕੈਪਟਨ ਅਮਰਿੰਦਰ ਸਿੰਘ ਦਾ ਕਿਧਰੇ ਵੀ ਕੋਈ ਜਿਕਰ ਨਹੀਂ ਸੀ ਜਦੋਂਕਿ ਪਹਿਲੀਆਂ ਚੋਣਾਂ ਦੌਰਾਨ ਤਾਂ ਮਹਿਰਾਜ ਵਿੱਚ ਅਮਰਿੰਦਰ ਸਿੰਘ ਦੇ ਨਾਅਰੇ ਗੂੰਜਦੇ ਹੁੰਦੇ ਸਨ।
ਪਿੰਡ ਵਾਸੀ ਬਲਜੀਤ ਸਿੰਘ ਦਾ ਕਹਿਣਾ ਸੀ ਕਿ ਭਾਜਪਾ ਦਾ ਜੋ ਵਤੀਰਾ ਪੰਜਾਬ ਨਾਲ ਰਿਹਾ ਹੈ ਉਸ ਕਰਕੇ ਲੋਕਾਂ ਵਿੱਚ ਅਮਰਿੰਦਰ ਸਿੰਘ ਦੀ ਪੁਰਾਣੀ ਭੱਲ ਨਹੀਂ ਰਹੀ ਹੈ। ਕਿਸਾਨ ਗੁਰਬਚਨ ਸਿੰਘ ਨੇ ਕਿਹਾ ਕਿ ਆਪਣੀ ਦੂਜੀ ਪਾਰੀ ਦੇ ਪੰਜ ਸਾਲ ਤਾਂ ਪੁਰਾਣਾ ‘ਮਹਾਰਾਜਾ’ ਗੁੰਮ ਰਹਿਣ ਕਰਕੇ ਲੋਕਾਂ ਦੇ ਦਿਲਾਂ ਵਿੱਚ ਪਹਿਲਾਂ ਵਾਲਾ ਸਥਾਨ ਨਹੀਂ ਹੈ। ਉਨ੍ਹਾਂ ਕਿਹਾ ਕਿ ਅਮਰਿੰਦਰ ਸਿੰਘ ਨੇ ਭਾਜਪਾ ਨਾਲ ਹੱਥ ਮਿਲਾਕੇ ਕਿਸਾਨ ਭਾਈਚਾਰੇ ਵਿੱਚੋਂ ਆਪਣਾ ਮਾਣ ਘਟਾ ਲਿਆ ਹੈ। ਬਜ਼ੁਰਗਾਂ ਨੇ ਕਿਹਾ ਕਿ ਹੁਣ ਤਾਂ ਭਾਜਪਾ ’ਚ ਕੈਪਟਨ ਦੀ ਕੋਈ ਵੁੱਕਤ ਵੀ ਨਹੀਂ ਰਹਿ ਗਈ ਹੈ ਜੋ ਉਹ ਖੁਦ ਮੰਨਦੇ ਹਨ। ਨੌਜਵਾਨ ਸੁਖਵੀਰ ਸਿੰਘ ਆਖਦੇ ਹਨ ਕਿ ਪਹਿਲਾਂ ਲੋਕ ਅਮਰਿੰਦਰ ਸਿੰਘ ਨੂੰ ਪਲਕਾਂ ’ਤੇ ਬਿਠਾਉਂਦੇ ਸਨ ਪਰ ਹੁਣ ਉਹ ਗੱਲ ਨਹੀਂ ਰਹੀ ਹੈ। ਉਨ੍ਹਾਂ ਕਿਹਾ ਕਿ ਪਿੰਡ ਪੰਜ ਸਾਲ ਨਰਕ ਭੋਗਦਾ ਰਿਹਾ ਪਰ ਕੈਪਟਨ ਨੇ ਕਿਸੇ ਦੀ ਬਾਤ ਨਹੀਂ ਪੁੱਛੀ ਸੀ।
ਲੀਡਰਸ਼ਿਪ ਦੀ ਘਾਟ : ਰਾਹੁਲ ਸਿੱਧੂ
ਕੈਪਟਨ ਅਮਰਿੰਦਰ ਸਿੰਘ ਦੇ ਨਜ਼ਦੀਕੀ ਤੇ ਸਥਾਨਕ ਭਾਜਪਾ ਆਗੂ ਰਾਹੁਲ ਸਿੰਘ ਸਿੱਧੂ ਮਹਿਰਾਜ ਦਾ ਕਹਿਣਾ ਸੀ ਕਿ ਰਾਮਪੁਰਾ ਹਲਕੇ ’ਚ ਅਸਲ ਵਿੱਚ ਸੰਕਟ ਜੁਝਾਰੂ ਲੀਡਰਸ਼ਿਪ ਦਾ ਹੈ ਜਿਸ ਕਰਕੇ ਪਾਰਟੀ ਦੀ ਇਹ ਹਾਲਤ ਬਣੀ ਹੈ। ਉਨ੍ਹਾਂ ਕਿਹਾ ਕਿ ਫਿਰ ਵੀ ਭਾਜਪਾ ਨੂੰ ਪੱਕੇ ਪੈਰੀ ਕਰਨ ਲਈ ਪੂਰੀ ਵਾਹ ਦਾਹ ਲਾਈ ਜਾ ਰਹੀ ਹੈ।
- Download Babushahi App
-
-