ਕੁਕੂ ਦੇ ਢਾਬੇ ’ਤੇ ਪੁਲਿਸ ਦੀ ਰੇਡ, 10 ਜੁਆਰੀ ਗ੍ਰਿਫਤਾਰ, 2.50 ਲੱਖ ਰੁਪਏ ਬਰਾਮਦ
ਰੋਹਿਤ ਗੁਪਤਾ
ਗੁਰਦਾਸਪੁਰ 31 ਜੁਲਾਈ 2025 - ਸਿਟੀ ਥਾਣਾ ਦੀ ਪੁਲਿਸ ਨੇ ਇੱਕ ਵਿਸ਼ੇਸ਼ ਟੀਮ ਦੇ ਨਾਲ ਵੀਰਵਾਰ ਸ਼ਾਮ ਨੂੰ ਬਾਟਾ ਚੌਕ ਨੇੜੇ ਕੁਕੂ ਦੇ ਢਾਬੇ 'ਤੇ ਰੇਡ ਕਰਕੇ ਜੂਆ ਖੇਡਦੇ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ। ਦੱਸਿਆ ਜਾ ਰਿਹਾ ਹੈ ਕਿ ਢਾਬਾ ਮਾਲਕ ਵੀ ਇਨ੍ਹਾਂ ਵਿੱਚ ਸ਼ਾਮਲ ਹੈ। ਇਸ ਕਾਰਵਾਈ ਵਿੱਚ ਪੁਲਿਸ ਨੇ 2.50 ਲੱਖ ਰੁਪਏ ਦੀ ਨਕਦੀ ਅਤੇ ਜੂਆ ਖੇਡਣ ਦਾ ਸਮਾਨ ਵੀ ਜਬਤ ਕੀਤਾ। ਥਾਣਾ ਸਿਟੀ ਦੇ ਐੱਸਐੱਚਓ ਦਵਿੰਦਰ ਪ੍ਰਕਾਸ਼ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਸਥਾਨਕ ਕੁਕੂ ਦੇ ਢਾਬੇ ’ਤੇ ਵੱਡੇ ਪੱਧਰ ’ਤੇ ਜੂਆ ਖੇਡਿਆ ਜਾ ਰਿਹਾ ਹੈ। ਇਸ ਸੂਚਨਾ ’ਤੇ ਤੁਰੰਤ ਕਾਰਵਾਈ ਕਰਦਿਆਂ ਪੁਲਿਸ ਦੀ ਸਪੈਸ਼ਲ ਟੀਮ ਨੇ ਢਾਬੇ ’ਤੇ ਛਾਪੇਮਾਰੀ ਕੀਤੀ।
ਐੱਸਐੱਚਓ ਨੇ ਦੱਸਿਆ ਕਿ ਜਦੋਂ ਪੁਲਿਸ ਟੀਮ ਢਾਬੇ ’ਤੇ ਪਹੁੰਚੀ ਤਾਂ ਉਥੇ 10 ਵਿਅਕਤੀ ਜੂਆ ਖੇਡਣ ਵਿੱਚ ਰੁੱਝੇ ਹੋਏ ਸਨ। ਪੁਲਿਸ ਨੇ ਸਾਰਿਆਂ ਨੂੰ ਮੌਕੇ ’ਤੇ ਹੀ ਕਾਬੂ ਕਰ ਲਿਆ। ਇਸ ਦੌਰਾਨ ਢਾਬੇ ਦਾ ਮਾਲਕ ਵੀ ਮੌਜੂਦ ਸੀ, ਜਿਸ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ। ਤਲਾਸ਼ੀ ਦੌਰਾਨ ਪੁਲਿਸ ਨੇ 2.50 ਲੱਖ ਰੁਪਏ ਦੀ ਨਕਦੀ, ਜੂਆ ਖੇਡਣ ਲਈ ਵਰਤੀਆਂ ਜਾਣ ਚੀਜ਼ਾਂ ਅਤੇ ਹੋਰ ਸਾਮਾਨ ਜਬਤ ਕੀਤਾ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਅੱਗੇ ਦੀ ਕਾਰਵਾਈ ਕੀਤੀ ਜੀ ਰਹੀ ਹੈ।