ਮਜੀਠੀਆ ਦੀ ਸੁਣਵਾਈ ਦੌਰਾਨ ਅਦਾਲਤੀ ਸਟਾਫ਼ ਦੀ ਕੁੱਟਮਾਰ ਦਾ ਮਾਮਲਾ; ਕੋਰਟ ਵੱਲੋਂ SHO ਵਿਰੁੱਧ FIR ਦਰਜ ਕਰਨ ਦੇ ਹੁਕਮ
ਰਵੀ ਜੱਖੂ
ਚੰਡੀਗੜ੍ਹ, 30 ਜੁਲਾਈ 2025- ਨਾਭਾ ਜੇਲ੍ਹ ਵਿੱਚ ਬੰਦ ਅਕਾਲੀ ਲੀਡਰ ਬਿਕਰਮ ਮਜੀਠੀਆ ਦੀ 6 ਜੁਲਾਈ 2025 ਨੂੰ ਮੋਹਾਲੀ ਕੋਰਟ ਵਿੱਚ ਸੁਣਵਾਈ ਦੇ ਦੌਰਾਨ ਇੱਕ ਐਸਐਚਓ ਵੱਲੋਂ ਅਦਾਲਤੀ ਸਟਾਫ਼ ਦੀ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਮਾਮਲੇ ਵਿੱਚ ਹੁਣ ਵੱਡਾ ਅਪਡੇਟ ਸਾਹਮਣੇ ਆਇਆ ਹੈ। ਮੋਹਾਲੀ ਕੋਰਟ ਨੇ ਅਦਾਲਤੀ ਸਟਾਫ਼ ਦੀ ਕੁੱਟਮਾਰ ਕਰਨ ਦੇ ਮਾਮਲੇ ਵਿੱਚ ਐਸਐਚਓ ਜਸ਼ਨਪ੍ਰੀਤ ਸਿੰਘ ਦੇ ਵਿਰੁੱਧ ਮਾਮਲਾ ਦਰਜ ਕਰਨ ਦੇ ਹੁਕਮ ਸੁਹਾਣਾ ਪੁਲਿਸ ਨੂੰ ਦਿੱਤੇ ਹਨ।
ਬਿਕਰਮ ਮਜੀਠੀਆ ਦੇ ਅਰਸ਼ਦੀਪ ਕਲੇਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸੋਹਾਣਾ ਪੁਲਿਸ ਨੂੰ ਮੋਹਾਲੀ ਕੋਰਟ ਨੇ ਐਸਐਚਓ ਵਿਰੁੱਧ ਮਾਮਲਾ ਦਰਜ ਕਰਨ ਦੇ ਹੁਕਮ ਦਿੱਤੇ ਹਨ। ਉਨ੍ਹਾਂ ਨੇ ਕੋਰਟ ਦਾ ਆਰਡਰ ਸਾਂਝਾ ਕਰਦਿਆਂ ਦੱਸਿਆ ਕਿ ਮੋਹਾਲੀ ਅਦਾਲਤ ਦੇ ਆਰਡਰ ਨਾਲ ਸਪਸ਼ਟ ਹੋ ਜਾਂਦਾ ਕਿ ਜਦੋਂ ਮੋਹਾਲੀ ਦੇ ਵਿੱਚ ਬਿਕਰਮ ਮਜੀਠੀਆ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਂਦਾ ਤਾਂ ਪੁਲਿਸ ਕਰਦੀ ਕੀ ਹੈ? ਮੀਡੀਆ ਨੇ ਬੜੀ ਵਾਰ ਦਿਖਾਇਆ ਕਿ ਅਦਾਲਤਾਂ ਦੇ ਉੱਤੇ ਪਰਦੇ ਪਾ ਦਿੱਤੇ ਜਾਂਦੇ ਨੇ ਪੁਲਿਸ ਵਾਲੇ, ਮੀਡੀਆ ਨੂੰ ਤਾਂ ਇੱਕ ਕਿਲੋਮੀਟਰ ਪਿੱਛੇ ਰੋਕ ਦਿੰਦੇ ਨੇ।
ਉਨ੍ਹਾਂ ਦੋਸ਼ ਲਾਏ ਕਿ ਹਾਲਾਤ ਇਹ ਨੇ ਕਿ ਪੁਲਿਸ ਵਕੀਲ ਸਾਹਿਬਾਨਾਂ ਨੂੰ ਕੋਰਟ ਦੇ ਵਿੱਚ ਨਹੀਂ ਜਾਣ ਦਿੰਦੀ। ਇਹ ਜਿਹੜੀ ਘਟਨਾ ਇਸ ਆਰਡਰ ਦੇ ਵਿੱਚ 6 ਜੁਲਾਈ 2025 ਦੀ ਹੈ, ਕਿ ਉਸ ਦਿਨ ਬਿਕਰਮ ਮਜੀਠੀਆ ਨੂੰ ਰਿਮਾਂਡ ਤੇ ਪੁਲਿਸ ਨੇ ਪੇਸ਼ ਕਰਨਾ ਸੀ, ਇਸੇ ਦੌਰਾਨ ਮੋਹਾਲੀ ਪੁਲਿਸ ਦੇ ਇੰਸਪੈਕਟਰ ਨੇ ਕੋਰਟ ਦੇ ਪੀਅਨ ਨੂੰ ਧੱਕੇ ਮਾਰੇ ਅਤੇ ਅਦਾਲਤ ਦਾ ਦਰਵਾਜ਼ਾ ਖੋਲ੍ਹਣ ਲਈ ਪੀਅਨ ਨੂੰ ਕਿਹਾ।
ਜਦੋਂ ਪੀਅਨ ਨੇ ਮਨਾਂ ਕਰ ਦਿੱਤਾ ਕਿ, ਜੱਜ ਸਾਹਿਬ ਦੀ ਆਗਿਆ ਤੋਂ ਬਿਨ੍ਹਾਂ ਤੁਸੀਂ ਅੰਦਰ ਨਹੀਂ ਜਾ ਸਕਦੇ ਤਾਂ, ਇਸੇ ਤੇ ਐਸਐਚਓ ਜਸ਼ਨਪ੍ਰੀਤ ਸਿੰਘ ਭੜਕ ਗਿਆ ਅਤੇ ਉਸਨੇ ਪੀਅਨ ਨੂੰ ਧੱਕੇ ਮਾਰਨੇ ਸ਼ੁਰੂ ਕਰ ਦਿੱਤੇ ਅਤੇ ਕੁੱਟਮਾਰ ਕੀਤੀ। ਜਦੋਂ ਕੋਰਟ ਨੇ ਇਸ ਮਾਮਲੇ ਵਿੱਚ ਕਾਰਵਾਈ ਕਰਨ ਲਈ ਸਬੰਧਤ ਥਾਣੇ ਨੂੰ ਲਿਖਿਆ ਤਾਂ, ਉਨ੍ਹਾਂ ਨੇ ਕੋਈ ਕਾਰਵਾਈ ਨਹੀਂ ਕੀਤੀ, ਹੁਣ ਮੋਹਾਲੀ ਕੋਰਟ ਨੇ ਇਸ ਦਾ ਸਖ਼ਤ ਐਕਸ਼ਨ ਲੈਂਦਿਆਂ ਹੋਇਆ ਐਸਐਚਓ ਜਸ਼ਨਪ੍ਰੀਤ ਸਿੰਘ ਦੇ ਵਿਰੁੱਧ ਮਾਮਲਾ ਦਰਜ ਕਰਨ ਦੇ ਹੁਕਮ ਦਿੱਤੇ ਹਨ।