ਲੋਕਾਂ ਦੇ ਸਾਥ ਨਾਲ ਹੋਵੇਗਾ ਨਸ਼ਿਆਂ ਦਾ ਖਾਤਮਾ-ਵਿਧਾਇਕ ਸ਼ੈਰੀ ਕਲਸੀ
ਨਸ਼ਾ ਮੁਕਤੀ ਯਾਤਰਾ' ਤਹਿਤ ਵਾਰਡ ਨੰਬਰ 48 ਦੇ ਵਾਸੀਆਂ ਨੂੰ ਕੀਤਾ ਨਸ਼ਿਆਂ ਖ਼ਿਲਾਫ਼ ਜਾਗਰੂਕ
ਬਟਾਲਾ, 1 ਅਗਸਤ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਸੂਬੇ ਵਿੱਚ ਵੱਡੇ ਪੱਧਰ 'ਤੇ ਜਾਗਰੂਕਤਾ ਗਤੀਵਿਧੀਆਂ ਜਾਰੀ ਹਨ। ਇਸ ਤਹਿਤ ਬਟਾਲਾ ਦੀ ਵਾਰਡ ਨੰਬਰ 48 ਵਿੱਚ ‘ਨਸ਼ਾ ਮੁਕਤੀ ਯਾਤਰਾ’ ਤਹਿਤ ਹੋਈ ਇਕੱਤਰਤਾ ਵਿੱਚ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਵੱਲੋਂ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਵਾਰਡ ਵਾਸੀਆਂ ਨੂੰ ਨਸ਼ਿਆਂ ਖ਼ਿਲਾਫ਼ ਇੱਕਜੁਟ ਹੋ ਕੇ ਲੜਨ ਦੀ ਸਹੁੰ ਵੀ ਚੁਕਾਈ ਗਈ।
ਵਿਧਾਇਕ ਸ਼ੈਰੀ ਕਲਸੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਸ ਭਗਵੰਤ ਸਿੰਘ ਮਾਨ, ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਸੂਬਾ ਸਰਕਾਰ ਵਲੋਂ ਨਸ਼ਿਆਂ ਨੂੰ ਖਤਮ ਕਰਨ ਦਾ ਤਹੱਈਆ ਕੀਤਾ ਗਿਆ ਹੈ ਅਤੇ ਇਸ ਲਈ ਲੋਕਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ। ਉਨਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਵਾਰਡਾਂ ਜਾਂ ਆਲੇ-ਦੁਆਲੇ ਨਸ਼ੇ ਵੇਚਣ ਵਾਲਿਆਂ ਦੀ ਇਤਲਾਹ ਪੁਲਿਸ ਨੂੰ ਜਾਂ ਵਟਸਐਪ ਨੰਬਰ 97791-00200 ਉੱਪਰ ਦੇਣ। ਜਾਣਕਾਰੀ ਦੇਣ ਵਾਲੇ ਦੀ ਪਹਿਚਾਣ ਗੁਪਤ ਰੱਖੀ ਜਾਵੇਗੀ।
ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਨਸ਼ਾ ਪੀੜਤਾਂ ਨੂੰ ਮੁੜ ਨਵਾਂ ਜੀਵਨ ਦੇਣ ਦੇ ਮੰਤਵ ਨਾਲ ਨਸ਼ਾ ਛੁਡਾਊ ਕੇਦਰਾਂ ਵਿੱਚ ਮੁਫਤ ਇਲਾਜ ਕਰਵਾਇਆ ਜਾ ਰਿਹਾ ਹੈ। ਇਸ ਲਈ ਸਾਰੇ ਲੋਕ ਇਸ ਨਾਮੁਰਾਦ ਬਿਮਾਰੀ ਨਸ਼ਿਆਂ ਨੂੰ ਖਤਮ ਕਰਨ ਲਈ ਅੱਗੇ ਆਉਣ।
ਉਨ੍ਹਾਂ ਕਿਹਾ ਕਿ ਇਹ ਮਿਸ਼ਨ ਸਿਰਫ ਸਰਕਾਰ ਅਤੇ ਪੁਲਿਸ ਵਿਭਾਗ ਵਲੋਂ ਸਫ਼ਲ ਨਹੀ ਬਣਾਇਆ ਜਾ ਸਕਦਾ। ਇਸ ਵਿੱਚ ਹਰ ਨਾਗਰਿਕ ਦਾ ਸਹਿਯੋਗ ਬਹੁਤ ਜ਼ਰੂਰੀ ਹੈ।
ਇਸ ਮੌਕੇ ਅੰਮ੍ਰਿਤ ਕਲਸੀ, ਸੀਨੀਅਰ ਆਗੂ ਮਾਸਟਰ ਤਿਲਕ ਰਾਜ, ਅਵਤਾਰ ਸਿੰਘ ਕਲਸੀ, ਮਨਜੀਤ ਸਿੰਘ ਬੁਮਰਾਹ ਵਾਇਸ ਕੁਆਰਡੀਨੇਟਰ ਨਸ਼ਾ ਮੁਕਤੀ ਯਾਤਰਾ, ਭੁਪਿੰਦਰ ਸਿੰਘ ਅਤੇ ਵੀਨੂੰ ਕਾਹਲੋਂ ਪਤਵੰਤੇ ਅਤੇ ਵਾਰਡ ਵਾਸੀ ਹਾਜ਼ਰ ਸਨ।