Canada: ਬੈਂਕ ਆਫ਼ ਕੈਨੇਡਾ ਵੱਲੋਂ ਵਿਆਜ ਦਰਾਂ ਬਾਰੇ ਵੱਡਾ ਐਲਾਨ
ਹਰਦਮ ਮਾਨ
ਸਰੀ, 31 ਜੁਲਾਈ 2025- ਬੈਂਕ ਆਫ਼ ਕੈਨੇਡਾ ਨੇ ਅੱਜ ਲਗਾਤਾਰ ਤੀਜੀ ਵਾਰ ਆਪਣੀ ਨੀਤੀਗਤ ਵਿਆਜ ਦਰ ਸਥਿਰ ਰੱਖਣ ਦਾ ਐਲਾਨ ਕੀਤਾ ਹੈ। ਬੇਸ਼ੱਕ ਟਰੰਪ ਟੈਰਿਫ ਦੀਆਂ ਧਮਕੀਆਂ ਕਾਰਨ ਅਨਿਸ਼ਚਤਾ ਬਣੀ ਹੋਈ ਹੈ ਪਰ ਬੈਂਕ ਦਾ ਕਹਿਣਾ ਹੈ ਕਿ ਕੈਨੇਡੀਅਨ ਅਰਥ ਵਿਵਸਥਾ ਨੇ ਅਮਰੀਕੀ ਟੈਰਿਫਾਂ ਦਾ ਸਾਹਮਣਾ ਉਮੀਦ ਨਾਲੋਂ ਬਿਹਤਰ ਢੰਗ ਨਾਲ ਕੀਤਾ ਹੈ। ਜਿਸ ਕਾਰਨ ਕੇਂਦਰੀ ਬੈਂਕ ਦੀ ਗਵਰਨਿੰਗ ਕੌਂਸਲ ਨੇ ਬੈਂਚਮਾਰਕ ਵਿਆਜ ਦਰ ਨੂੰ 2.75 ਪ੍ਰਤੀਸ਼ਤ ‘ਤੇ ਰੱਖਣ ਲਈ ਵੋਟ ਦਿੱਤੀ ਹੈ ਜੋ ਮਾਰਚ ਤੋਂ ਚੱਲੀ ਆ ਰਹੀ ਹੈ।
ਵਿਆਜ ਦਰ ਸਥਿਰ ਰੱਖਣ ਦਾ ਐਲਾਨ ਕਰਦਿਆਂ ਗਵਰਨਰ ਟਿਫ ਮੈਕਲਮ ਨੇ ਕਿਹਾ ਕਿ ਦਰ ਨੂੰ ਸਥਿਰ ਰੱਖਣ ਲਈ ਸਪੱਸ਼ਟ ਸਹਿਮਤੀ ਹੈ, ਪਰ ਨਾਲ ਹੀ ਕਿਹਾ ਕਿ ਲੋੜ ਪੈਣ ‘ਤੇ ਵਾਧੂ ਦਰਾਂ ਵਿੱਚ ਕਟੌਤੀ ਲਈ ਦਰਵਾਜ਼ਾ ਖੁੱਲ੍ਹਾ ਰਹੇਗਾ। ਜੇਕਰ ਇੱਕ ਕਮਜ਼ੋਰ ਅਰਥ ਵਿਵਸਥਾ ਮਹਿੰਗਾਈ ‘ਤੇ ਹੋਰ ਹੇਠਾਂ ਵੱਲ ਦਬਾਅ ਪਾਉਂਦੀ ਹੈ ਅਤੇ ਵਪਾਰ ਰੁਕਾਵਟਾਂ ਤੋਂ ਉੱਪਰ ਵੱਲ ਕੀਮਤਾਂ ਦੇ ਦਬਾਅ ਨੂੰ ਰੋਕਿਆ ਜਾਂਦਾ ਹੈ ਤਾਂ ਨੀਤੀਗਤ ਵਿਆਜ ਦਰ ਵਿੱਚ ਕਟੌਤੀ ਦੀ ਜ਼ਰੂਰਤ ਹੋ ਸਕਦੀ ਹੈ।