ਅਦਾਕਾਰੀ ਤੇ ਨਿਰਦੇਸ਼ਨਾ ਦਾ ਸੁਮੇਲ : ਗੋਪਾਲ ਸ਼ਰਮਾ- -- ਉਜਾਗਰ ਸਿੰਘ
ਗੋਪਾਲ ਸ਼ਰਮਾ ਰੰਗ ਮੰਚ ਨੂੰ ਪ੍ਰਣਾਇਆ ਅਦਾਕਾਰ ਤੇ ਨਿਰਦੇਸ਼ਕ ਹੈ, ਜਿਹੜਾ ਰੰਗ ਮੰਚ ‘ਤੇ ਲਗਪਗ ਅੱਧੀ ਸਦੀ ਤੋਂ ਛਾਇਆ ਹੋਇਆ ਹੈ। ਬਚਪਨ ਵਿੱਚ ਹੀ ਬਾਬਾ ਵਿਸ਼ਵਕਰਮਾ ਸਕੂਲ ਸੰਗਰੂਰ ਵਿੱਚ ਪੜ੍ਹਦਿਆਂ ਅਦਾਕਾਰੀ ਦਾ ਐਸਾ ਸ਼ੌਕ ਜਾਗਿਆ, ਮੁੜਕੇ ਪਿੱਛੇ ਨਹੀਂ ਵੇਖਿਆ, ਸਗੋਂ ਪੌੜੀ-ਦਰ-ਪੌੜੀ ਸਨਾਤਨ ਧਰਮ ਸਭਾ ਹਾਇਰ ਸੈਕੰਡਰੀ ਸਕੂਲ ਪਟਿਆਲਾ ਅਤੇ ਫਿਰ ਮੋਦੀ ਕਾਲਜ ਤੋਂ ਹੁੰਦਾ ਹੋਇਆ ਰੰਗ ਮੰਚ ਦੇ ਵੱਖ-ਵੱਖ ਗਰੁਪਾਂ ਵਿੱਚ ਅਦਾਕਾਰੀ ਕਰਦਾ, ਰੰਗ ਮੰਚ ਦੀ ਬਾਰੀਕੀਆਂ ਨੂੰ ਸਮਝਦਿਆਂ ਪਤਾ ਹੀ ਨਹੀਂ ਲੱਗਾ ਕਦੋਂ ਐਕਟਰ ਦੇ ਨਾਲ ਹੀ ਡਾਇਰੈਕਟਰ ਬਣ ਗਿਆ। ਉਹ ਹਰਫ਼ਨ ਮੌਲ਼ਾ ਅਦਾਕਾਰ ਹੈ। ਹੈਰਾਨੀ ਇਸ ਗੱਲ ਦੀ ਹੈ ਕਿ ਉਸਨੂੰ ਅਦਾਕਾਰੀ ਲਈ ਕੋਈ ਵੀ ਕਿਰਦਾਰ ਦਿੱਤਾ ਜਾਵੇ ਬਾਖ਼ੂਬੀ ਨਿਭਾਉਂਦਾ ਹੀ ਨਹੀਂ, ਸਗੋਂ ਉਸਦਾ ਜਿਉਂਦਾ ਜਾਗਦਾ ਨਮੂਨਾ ਬਣਕੇ ਬਾਕੀ ਅਦਾਕਾਰਾਂ ਅਤੇ ਦਰਸ਼ਕਾਂ ਦਾ ਪ੍ਰੇਰਨਾ ਸ੍ਰੋਤ ਬਣ ਜਾਂਦਾ ਹੈ। ਅਦਾਕਾਰੀ ਲਈ ਭਾਵੇਂ ਉਸਨੂੰ ਕੋਈ ਕਿਰਦਾਰ ਦੇ ਦਿੱਤਾ ਜਾਵੇ ਬਾਕਮਾਲ ਢੰਗ ਨਾਲ ਨਿਭਾਉਂਦਾ ਹੈ, ਕੋਈ ਈਗੋ ਨਹੀਂ, ਛੋਟੇ ਤੋਂ ਛੋਟਾ ਰੋਲ ਕਰਕੇ ਵੀ ਸੰਤੁਸ਼ਟ ਰਹਿੰਦਾ ਹੈ, ਕਿਉਂਕਿ ਉਸਨੇ ਤਾਂ ਅਦਾਕਾਰੀ ਕਰਨੀ ਹੈ, ਅਦਾਕਰੀ ਉਸਦਾ ਜਨੂੰਨ ਹੈ। ਮੁੱਖ ਅਦਾਕਾਰ ਦਾ ਰੋਲ ਕਰਨਾ ਉਸਦਾ ਮੰਤਵ ਨਹੀਂ ਪ੍ਰੰਤੂ ਅਦਾਕਾਰੀ ਉਸਦਾ ਮੰਤਵ ਹੈ। ਉਹ ਅਦਾਕਾਰੀ ਰੂਹ ਨਾਲ ਕਰਦਾ ਹੈ, ਕਿਉਂਕਿ ਉਹ ਤਾਂ ਅਦਾਕਾਰੀ ਦਾ ਸੁਦਾਈ ਹੈ, ਅਦਾਕਾਰੀ ਉਸਦੇ ਖ਼ੂਨ ਵਿੱਚ ਵਸੀ ਹੋਈ ਹੈ। ਅਦਾਕਾਰੀ ਉਸਨੂੰ ਆਪਣੇ ਵੱਡੇ ਭਰਾਵਾਂ ਮੋਹਨ ਸ਼ਰਮਾ ਅਤੇ ਭਵਾਨੀ ਸ਼ਰਮਾ ਕੋਲੋਂ ਵਿਰਾਸਤ ਵਿੱਚ ਉਨ੍ਹਾਂ ਨੂੰ ਰਾਮਲੀਲਾ ਵਿੱਚ ਕੰਮ ਕਰਦਿਆਂ ਨੂੰ ਵੇਖ ਕੇ ਮਿਲੀ ਹੈ। ਕਦੀਂ ਵੀ, ਕਿਸੇ ਵੀ ਸਮੇਂ ਭਾਵੇਂ ਐਨ ਮੌਕੇ ‘ਤੇ ਹੀ ਉਸਨੂੰ ਬੁਲਾਕੇ ਕਿਰਦਾਰ ਦਿੱਤਾ ਜਾਵੇ ਤਾਂ ਵੀ ਉਹ ਸਫ਼ਲ ਹੁੰਦਾ ਹੈ। ਇੱਕ ਵਾਰ ਸੁਦਰਸ਼ਨ ਮੈਣੀ ਦੇ ਨਾਟਕ ‘ਗੁੰਗੀ ਗਲੀ’ ਦਾ ਹੀਰੋ ਬਿਮਾਰ ਹੋ ਗਿਆ। ਦੂਜੇ ਦਿਨ ਨਾਟਕ ਸੀ, ਗੋਪਾਲ ਸ਼ਰਮਾ ਨੂੰ ਮੌਕੇ ‘ਤੇ ‘ਗੁੰਗੇ’ ਦਾ ਰੋਲ ਕਰਨ ਲਈ ਫਰੀਦਕੋਟ ਬੁਲਾਇਆ ਗਿਆ। ਉਸਦੇ ਰੋਲ ਨੂੰ ਬੈਸਟ ਐਕਟਰ ਦਾ ਅਵਾਰਡ ਮਿਲਿਆ। ਸਕੂਲ ਦੀ ਸਟੇਜ ਤੋਂ ਰਾਮ ਲੀਲਾ, ਰਾਮ ਲੀਲਾ ਤੋਂ ਮਹਿੰਦਰ ਬੱਗਾ ਅਤੇ ਸਰਦਾਰਜੀਤ ਬਾਵਾ ਦੀ ਨਿਰਦੇਸ਼ਨਾ ਹੇਠ ਜਲੰਧਰ ਦੂਰ ਦਰਸ਼ਨ ਦੇ ਲੜੀਵਾਰ ਸੀਰੀਅਲਾਂ ਵਿੱਚ ਪਹੁੰਚਣਾ ਐਰੇ ਖ਼ੈਰੇ ਅਦਾਕਾਰ ਦੀ ਕਾਬਲੀਅਤ ਨਹੀਂ, ਇਹ ਗੋਪਾਲ ਸ਼ਰਮਾ ਅਦਾਕਾਰੀ ਦਾ ਕਮਾਲ ਹੀ ਹੈ। ਉਸਨੇ ਕਲਾਕ੍ਰਿਤੀ ਦੀ ਡਾਇਰੈਕਟਰ ਪ੍ਰਮਿੰਦਰਪਾਲ ਕੌਰ ਦੇ ਨਿਰਦੇਸ਼ਤ ਕੀਤੇ ਪੰਜ ਨਾਟਕਾਂ ‘ਬੋਦੀ ਵਾਲਾ ਤਾਰਾ’, ‘ਕੋਈ ਦਿਉ ਜਵਾਬ’, ‘ਕਦੋਂ ਤੱਕ’, ‘ਯੇਹ ਜ਼ਿੰਦਗੀ’ ਅਤੇ ‘ਮੁਝੇ ਅੰਮ੍ਰਿਤਾ ਚਾਹੀਏ’ ਵਿੱਚ ਬਾਕਮਾਲ ਅਦਾਕਾਰੀ ਕੀਤੀ, ਜਿਸਦੀ ਦਰਸ਼ਕਾਂ ਨੇ ਵਾਹਵਾ ਸ਼ਾਹਵਾ ਕੀਤੀ। ਪ੍ਰਾਣ ਸਭਰਵਾਲ, ਜਗਜੀਤ ਸਰੀਨ, ਹਰਜੀਤ ਕੈਂਥ ਅਤੇ ਗਿਆਨ ਗੱਖੜ ਦੀਆਂ ਨਾਟਕ ਮੰਡਲੀਆਂ ਵਿੱਚ ਕੰਮ ਕਰਨ ਦਾ ਮਾਣ ਪ੍ਰਾਪਤ ਹੈ। ਗੋਪਾਲ ਸ਼ਰਮਾ ਨੇ ਅਜਮੇਰ ਔਲਖ ਦੇ ‘ਬੇਗਾਨੇ ਬੋਹੜ ਦੀ ਛਾਂ’, ‘ਅਰਬਦ ਨਰਬਦ ਧੁੰਦੂਕਾਰਾ’ ਅਤੇ ‘ਗਾਨੀ’, ਸਫ਼ਦਰ ਹਾਸ਼ਮੀ ਦੇ ‘ਹੱਲਾ ਬੋਲ’, ‘ਅਪਹਰਣ ਭਾਈਚਾਰੇ ਦਾ’ ਅਤੇ ‘ਮੇ ਦਿਨ ਦੀ ਕਹਾਣੀ’, ਏ.ਚੈਖਵ ਦੇ ‘ਗਿਰਗਿਟ’, ਸਤੀਸ਼ ਵਰਮਾ ਦੇ ‘ਟਕੋਰਾਂ’, ਕਪੂਰ ਸਿੰਘ ਘੁੰਮਣ ਦੇ ‘ਰੋਡਾ ਜਲਾਲੀ’, ਸਤਿੰਦਰ ਸਿੰਘ ਨੰਦਾ ਦੇ ‘ਕਿਰਾਏਦਾਰ’, ਰਾਣਾ ਜੰਗ ਬਹਾਦਰ ਦੇ ‘ਬੋਦੀ ਵਾਲਾ ਤਾਰਾ’ ਅਤੇ ਰਾਜਿੰਦਰ ਸ਼ਰਮਾ ਦੇ ‘ਮਜਨੂੰ ਪਾਰਕ’ ਨਾਟਕਾਂ ਦੀ ਨਿਰਦੇਸ਼ਨਾ ਅਤੇ ਉਨ੍ਹਾਂ ਵਿੱਚ ਖੁਦ ਅਦਾਕਾਰੀ ਵੀ ਕੀਤੀ। ਇਸ ਤੋਂ ਇਲਾਵਾ ਉਸਨੇ ਆਪਣੇ ਲਿਖੇ ਅੱਧੀ ਦਰਜਨ ਨਾਟਕਾਂ ‘ਆਜ਼ਾਦੀ ਸਾਡੇ ਦਮ ਤੇ ਆਈ’, ‘ਹੁਣ ਤਾਂ ਸੁਧਰੋ ਯਾਰੋ’, ‘ਨੇਤਾ ਜੀ ਦਾ ਸਰਜੀਕਲ ਸਟਰਾਈਕ’, ‘ਪ੍ਰਧਾਨ ਮੰਤਰੀ ਸੇ ਸਫ਼ਾਈ ਕਰਮਚਾਰੀ ਤਕ’, ਨੁਕੜ ਨਾਟਕ ‘ਸੂਰਜ ਚੜ੍ਹ ਆਇਆ’, ਅਤੇ ਬਾਲ ਸੰਗੀਤ ਨਾਟਕ ‘ਕਹਾਣੀ ਇੱਕ ਚਿੜੀ ਤੇ ਕਾਂ ਦੀ’ ਨੂੰ ਨਿਰਦੇਸ਼ਤ ਕੀਤਾ ਅਤੇ ਅਦਾਕਾਰੀ ਕੀਤੀ। ਇਸੇ ਤਰ੍ਹਾਂ ਆਤਮਜੀਤ ਦੇ ‘ਟੋਭਾ ਸਿੰਘ’ ਅਤੇ ਬਲਬੰਤ ਗਾਰਗੀ ਦੇ ਨਾਟਕ ‘ਲੋਹਾ ਕੁਟ’ ਵਿੱਚ ਅਦਾਕਾਰੀ ਵੀ ਕੀਤੀ ਹੈ। ਉਸਦੀ ਪੰਜਾਬੀ ਅਤੇ ਹਿੰਦੀ ਦੀ ਮੁਹਾਰਤ ਹੋਣ ਕਰਕੇ ਸਮੁੱਚੇ ਦੇਸ਼ ਵਿੱਚ ਨਾਰਥ ਜੋਨ ਕਲਚਰ ਸੈਂਟਰ, ਭਾਰਤ ਸਰਕਾਰ ਦੀ ਸੰਗੀਤ ਨਾਟਕ ਅਕਾਡਮੀ, ਗੀਤ ਤੇ ਨਾਟਕ ਡਵੀਜਨ ਭਾਰਤ ਸਰਕਾਰ ਤੇ ਪੰਜਾਬ ਦੇ ਸਭਿਆਚਾਰਕ ਵਿਭਾਗ ਦੇ ਪ੍ਰੋਗਰਾਮਾ ਵਿੱਚ ਸ਼ਾਮਲ ਹੋਕੇ ਨਾਟਕ ਮੰਡਲੀਆਂ ਵਿੱਚ ਅਦਾਕਾਰੀ ਕਰਕੇ ਨਾਮਣਾ ਖੱਟਿਆ ਹੈ। ਇਸ ਕਰਕੇ ਦੇਸ਼ ਦੇ ਬਾਕੀ ਰਾਜਾਂ ਦੀਆਂ ਨਾਟਕ ਮੰਡਲੀਆਂ ਉਸਨੂੰ ਅਦਾਕਾਰੀ ਲਈ ਆਪੋ ਆਪਣੇ ਰਾਜਾਂ ਵਿੱਚ ਸੱਦੇ ਦਿੰਦੀਆਂ ਰਹਿੰਦੀਆਂ ਹਨ। ਮਸਤ ਮੌਲ਼ਾ ਅਦਾਕਾਰ ਤੇ ਨਿਰਦੇਸ਼ਕ ਹੈ, ਜਿਹੜਾ ਰੰਗ ਮੰਚ ਨੂੰ ਜੀਵਨ ਦਾ ਮੰਤਵ ਸਮਝਦਾ ਹੈ। ਰੰਗ ਮੰਚ ਹੀ ਉਸਦਾ ਮੱਕਾ ਤੇ ਕਾਅਵਾ ਹੈ। ਹਰਿਆਣਾ ਦੇ ਰੋਹਤਕ ਸ਼ਹਿਰ ਵਿੱਚ ਉਤਰੀ ਭਾਰਤ ਦੀ ਸਭ ਤੋਂ ਮਹੱਤਵਪੂਰਨ ਰਾਮ ਲੀਲਾ ਹੁੰਦੀ ਹੈ, ਉਥੇ ਹਰ ਸਾਲ ਗੋਪਾਲ ਸ਼ਰਮਾ ਨੂੰ ਵਿਸ਼ੇਸ਼ ਤੌਰ ‘ਤੇ ਬੁਲਾਕੇ ਰਾਵਣ ਦੀ ਭੂਮਿਕਾ ਨਿਭਾਉਣ ਦੀ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ। ਉਸਦੀ ਅਦਾਕਾਰੀ ਦੀ ਧਾਂਕ ਜੰਮ ਜਾਂਦੀ ਹੈ, ਇਸ ਕਰਕੇ ਉਸਨੂੰ ਵਿਸ਼ੇਸ਼ ਸਨਮਾਨ ਅਤੇ ਵਿਸ਼ੇਸ਼ ਮਾਣ ਭੱਤਾ ਦਿੱਤਾ ਜਾਂਦਾ ਹੈ।
ਗੋਪਾਲ ਸ਼ਰਮਾ ਨੇ 16 ਸਾਲ ਦੀ ਉਮਰ ਵਿੱਚ ਹੀ ਆਪਣਾ Çੲੱਕ ਰੰਗ ਮੰਚ ਗਰੁਪ ‘ਨਟਰਾਜ ਆਰਟਸ ਥੀਏਟਰ’ 1980 ਵਿੱਚ ਮੋਦੀ ਕਾਲਜ ਪਟਿਆਲਾ ਵਿੱਚ ਪੜ੍ਹਦਿਆਂ ਹੀ ਬਣਾ ਲਿਆ ਸੀ। ਮੋਦੀ ਕਾਲਜ ਵਿੱਚ ਹੀ ਉਸਨੇ ਪਹਿਲਾ ਨਾਟਕ ‘ਇਸ਼ਕ ਜਿਨ੍ਹਾਂ ਦੇ ਹੱਡੀਂ ਰੱਚਿਆ’ ਨਿਰਦੇਸ਼ਤ ਕੀਤਾ ਸੀ। ਇਸ ਥੇਟਰ ਗਰੁਪ ਰਾਹੀਂ ਉਹ ਸਮੁੱਚੇ ਦੇਸ਼ ਦੇ ਵੱਡੇ ਸ਼ਹਿਰਾਂ ਵਿੱਚ ਰੰਗ ਮੰਚ ਦੇ ਪ੍ਰੋਗਰਾਮ ਕਰਦਾ ਰਹਿੰਦਾ ਹੈ। ਉਸਨੂੰ ਥੀਏਟਰ ਪ੍ਰਮੋਟਰ ਵੀ ਕਿਹਾ ਜਾਂਦਾ ਹੈ, ਕਿਉਂਕਿ ਉਸਦੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਥੀਏਟਰ ਦੇ ਨਾਲ ਵੱਧ ਤੋਂ ਵੱਧ ਲੋਕਾਂ ਨੂੰ ਜੋੜਿਆ ਜਾਵੇ। ਗੋਪਾਲ ਸ਼ਰਮਾ ਹਰ ਸਾਲ ਰਾਸ਼ਟਰੀ ਪੱਧਰ ‘ਤੇ ਰੰਗ ਮੰਚ ਦੇ 10 ਅਤੇ ਪੰਦਰਾਂ ਰੋਜ਼ਾ ਰਾਸ਼ਟਰੀ ਨਾਟਕ ਮੇਲੇ ਆਯੋਜਤ ਕਰਦਾ ਰਹਿੰਦਾ ਹੈ। ਉਹ ਪ੍ਰਬੰਧਕੀ ਮਾਹਿਰ ਵੀ ਹੈ। ਉਹ ਨਵੇਂ ਕਲਾਕਾਰਾਂ ਨੂੰ ਰੰਗ ਮੰਚ ਨਾਲ ਜੋੜਨ ਲਈ ਵਰਕਸ਼ਾਪਾਂ ਦਾ ਆਯੋਜਨ ਕਰਦਾ ਆ ਰਿਹਾ ਹੈ। ਹੁਣ ਤੱਕ ਉਸਨੇ 70 ਨਾਟਕਾਂ ਵਿੱਚ ਅਦਾਕਾਰੀ ਅਤੇ ਦੋ ਦਰਜਨ ਨਾਟਕਾਂ ਦੀ ਨਿਰਦੇਸ਼ਨਾ ਕੀਤੀ ਹੈ। ਉਸਦਾ ਐਂਟਨੀ ਚੈਖਵ ਦੀ ਕਹਾਣੀ ਗਿਰਗਟ ‘ਤੇ ਅਧਾਰਤ ਨਿਰਦੇਸ਼ਤ ਕੀਤਾ ਗਏ ਨਾਟਕ ਦੇ 700 ਤੋਂ ਵੱਧ ਸ਼ੋ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਕੀਤੇ ਗਏ ਹਨ। ਪੰਜਾਬ ਦੇ ਮਾੜੇ ਦਿਨਾਂ ਵਿੱਚ ਗੋਲੀਆਂ ਦੀ ਛਾਂ ਹੇਠ ਵੀ ਗੋਪਾਲ ਸ਼ਰਮਾ ਦਿਹਾਤੀ ਇਲਾਕਿਆਂ ਵਿੱਚ ਨਾਟਕਾਂ ਦੀ ਨਿਰਦੇਸ਼ਨਾ ਅਤੇ ਅਦਾਕਾਰੀ ਕਰਦਾ ਰਿਹਾ। 1990 ਵਿੱਚ ਕੇਂਦਰੀ ਲਾਇਬ੍ਰੇਰੀ ਪਟਿਆਲਾ ਵਿੱਚ ਸਫ਼ਦਰ ਹਾਸ਼ਮੀ ਦਾ ਨਾਟਕ ‘ਅਪਹਰਣ ਭਾਈਚਾਰੇ ਦਾ’ ਨਾਟਕ ਨਿਰਦੇਸ਼ਤ ਕੀਤਾ ਗਿਆ, ਜਿਸਨੇ ਪਰਸ਼ਕਾਂ ਦੇ ਦਿਲ ਜਿੱਤ ਲਈੇ। ਗੋਪਾਲ ਸ਼ਰਮਾ ਸਕੂਲ ਦੀਆਂ ਪ੍ਰਾਰਥਨਾ ਸਭਾਵਾਂ ਵਿੱਚ ਭਾਸ਼ਣ ਦਿੰਦਾ ਰਿਹਾ, ਜਿਥੋਂ ਉਸਦੀ ਅਦਾਕਰੀ ਦੀ ਕਲ਼ਾ ਨੂੰ ਪ੍ਰੇਰਨਾ ਮਿਲੀ। ਨੰਦ ਲਾਲ ਨੂਰਪੁਰੀ ਦੀ ਕਵਿਤਾ ਪਹਿਲੀ ਵਾਰ ਗੋਪਾਲ ਸ਼ਰਮਾ ਨੇ ਸਕੂਲ ਦੀ ਪ੍ਰਾਰਥਨਾ ਸਭਾ ਵਿੱਚ ‘ਮੈਂ ਵਤਨ ਦਾ ਸ਼ਹੀਦ ਹਾਂ’ ਪੜ੍ਹੀ ਸੀ। ਉਸਨੂੰ ਬਹੁਤ ਸਾਰੀਆਂ ਸਮਾਜਿਕ, ਸਭਿਆਚਾਰਕ ਅਤੇ ਨਾਟਕ ਮੰਡਲੀਆਂ ਨੇ ਮਾਨ ਸਨਮਾਨ ਦਿੱਤੇ ਹਨ, ਜਿਨ੍ਹਾਂ ਵਿੱਚ ‘ਰਾਸ਼ਟਰੀ ਜੋਤੀ ਕਲਾ ਮੰਚ’ ਅਤੇ ‘ਜਸ਼ਨ ਐਂਟਰਟੇਨਮੈਂਟ ਗਰੁਪ’ ਵੱਲੋਂ ‘ਸ਼ਾਨ-ਏ-ਪੰਜਾਬ ਐਵਾਰਡ’, ਹਰਿਆਣਾ ਇਨਸਟੀਚਿਊਟ ਫ਼ਾਰ ਪਰਫ਼ਾਰਮਿੰਗ ਆਰਟਿਸਟ ਵੱਲੋਂ ਮਾਰਚ 2025 ਵਿੱਚ ‘ਗੈਸਟ ਥੇਟਰ ਪ੍ਰਮੋਟਰ ਅਵਾਰਡ, ਰੋਹਤਕ ਵਿਖੇ ਬੈਸਟ ਐਕਟ ਅਵਾਰਡ, ਕੁਲੂ ਦੁਸ਼ਹਿਰਾ ਕਮੇਟੀ ਵੱਲੋਂ ਬੈਸਟ ਐਕਟਰ ਅਵਾਰਡ ਅਤੇ ਮੋਦੀ ਕਾਲਜ ਵੱਲੋਂ ਬੈਸਟ ਐਕਟਰ ਤੇ ਡਾਇਰੈਕਟਰ ਅਵਾਰਡ ਦੇ ਕੇ ਸਨਮਾਨਤ ਕੀਤਾ ਗਿਆ। ਗੋਪਾਲ ਸ਼ਰਮਾ ਆਲ ਇੰਡੀਆ ਥੇਟਰ ਕੌਂਸਲ ਦਾ ਪੰਜਾਬ ਦਾ ਪ੍ਰਭਾਰੀ ਹੈ।
ਗੋਪਾਲ ਸ਼ਰਮਾ ਦਾ ਜਨਮ 1 ਜੂਨ 1964 ਨੂੰ ਸੰਗਰੂਰ ਵਿਖੇ ਮਾਤਾ ਤਾਰਾ ਦੇਵੀ ਦੀ ਕੁੱਖੋਂ ਪਿਤਾ ਬੱਧਰੀ ਦੱਤ ਤਿਵਾੜੀ ਦੇ ਘਰ ਹੋਇਆ। ਉਨ੍ਹਾਂ ਦਾ ਪਰਿਵਾਰ ਉਤਰਾ ਖੰਡ ਰਾਜ ਨਾਲ ਸੰਬੰਧ ਰੱਖਦਾ ਹੈ ਪ੍ਰੰਤੂ ਉਸਦੇ ਪਿਤਾ ਦੀ ਇਨਕਮ ਟੈਕਸ ਵਿਭਾਗ ਵਿੱਚ 1952 ਵਿੱਚ ਨੌਕਰੀ ਲੱਗਣ ਕਰਕੇ ਉਹ ਸੰਗਰੂਰ ਆ ਗਏ ਸਨ। 1977 ਵਿੱਚ ਉਨ੍ਹਾਂ ਦਾ ਪਰਿਵਾਰ ਪਟਿਆਲਾ ਆ ਕੇ ਵਸ ਗਿਆ। ਦਸਵੀਂ ਪਾਸ ਕਰਨ ਤੋਂ ਬਾਅਦ ਥੋੜ੍ਹਾ ਸਮਾਂ ਲਈ ਉਹ 1980-81 ਵਿੱਚ ਮਰਦਮਸ਼ੁਮਾਰੀ ਵਿਭਾਗ ਵਿੱਚ ਨੌਕਰ ਹੋ ਗਿਆ ਸੀ ਪ੍ਰੰਤੂ ਅੱਗੇ ਪੜ੍ਹਾਈ ਜ਼ਾਰੀ ਰੱਖਣ ਲਈ ਉਸਨੇ ਨੌਕਰੀ ਛੱਡ ਕੇ ਮੋਦੀ ਕਾਲਜ ਪਟਿਆਲਾ ਵਿੱਚ ਦਾਖ਼ਲਾ ਲੈ ਲਿਆ। ਉਥੋਂ ਉਸਨੇ ਬੀ.ਏ.ਦੀ ਡਿਗਰੀ ਪਾਸ ਕੀਤੀ।
ਤਸਵੀਰਾਂ ਗੋਪਾਲ ਸ਼ਰਮਾ
ਸੰਪਰਕ : ਗੋਪਾਲ ਸ਼ਰਮਾ 7355361080
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com

-
ਉਜਾਗਰ ਸਿੰਘ, ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ujagarsingh48@yahoo.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.