Big News: ਯੁੱਧ ਬੇਰੁਜ਼ਗਾਰੀ ਵਿਰੁੱਧ: ਪੁਲਿਸ ਨੇ ਡੰਡੇ ਦੇ ਜੋਰ ਤੇ ਘਰਾਂ ’ਚ ਤਾੜੇ ਬੇਰੁਜ਼ਗਾਰ ਧੀਆਂ ਤੇ ਪੁੱਤ
ਅਸ਼ੋਕ ਵਰਮਾ
ਬਠਿੰਡਾ,31 ਜੁਲਾਈ 2025: ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਸੁਨਾਮ ’ਚ ਕਰਵਾਏ ਜਾਣ ਵਾਲੇ ਸਮਾਗਮਾਂ ਮੌਕੇ ਬੇਰੁਜ਼ਗਾਰਾਂ ਵੱਲੋਂ ਆਪਣੀਆਂ ਮੰਗਾਂ ਤੇ ਮਸਲਿਆਂ ਖਾਤਰ ਧਾਵਾ ਬੋਲਣ ਦੀ ਦਿੱਤੀ ਧਮਕੀ ਦੇ ਮੱਦੇਨਜ਼ਰ ਅੱਜ ਪੁਲਿਸ ਪ੍ਰਸ਼ਾਸ਼ਨ ਨੇ ਦਰਜਨਾਂ ਦੀ ਗਿਣਤੀ ’ਚ ਬੇਰੁਜ਼ਗਾਰ ਆਗੂ ਘਰਾਂ ’ਚ ਤਾੜੀ ਰੱਖੇ। ਇੰਨ੍ਹਾਂ ਵਿੱਚ ’ਚ ਬੇਰੁਜ਼ਗਾਰ ਪੀਟੀਆਈ ਆਗੂ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਮੂੰਹ ਬੋਲੀ ਭੈਣ ਸਿੱਪੀ ਸ਼ਰਮਾ ਵੀ ਸ਼ਾਮਲ ਹੈ। ਸਿੱਪੀ ਸ਼ਰਮਾ ਵੱਲੋਂ ਪਿਛਲੇ ਸਮੇਂ ਦੌਰਾਨ ਦਿਖਾਏ ਤੇਵਰਾਂ ਅਤੇ ਹਕੂਮਤਾਂ ਨੂੰ ਟੈਂਕੀਆਂ ਤੇ ਚੜ੍ਹਕੇ ਦਿੱਤੇ ਝਟਕਿਆਂ ਕਾਰਨ ਪੁਲਿਸ ਨੇ ਉਸ ਦਾ ਘਰ ਤਾਂ ਗੈਂਗਸਟਰਾਂ ਨੂੰ ਗ੍ਰਿਫਤਾਰ ਕਰਨ ਵਾਂਗ ਛਾਉਣੀ ’ਚ ਤਬਦੀਲ ਕੀਤਾ ਹੋਇਆ ਸੀ। ਆਪਣੇ ਆਪਰੇਸ਼ਨ ਬੇਰੁਜ਼ਗਾਰ ਦੌਰਾਨ ਪੁਲਿਸ ਨੇ ਬਠਿੰਡਾ, ਮਾਨਸਾ, ਮਲੇਰਕੋਟਲਾ ਤੇ ਮੁਕਤਸਰ ਆਦਿ ਜਿਲਿ੍ਹਆਂ ਨਾਲ ਸਬੰਧ ਰੱਖਣ ਵਾਲੇ ਵੱਡੀ ਗਿਣਤੀ ਆਗੂਆਂ ਨੂੰ ਸੁਨਾਮ ਕੂਚ ਤੋਂ ਰੋਕਣ ਲਈ ਹਿਰਾਸਤ ’ਚ ਲੈਣ ਮਗਰੋਂ ਵੱਖ ਵੱਖ ਥਾਣਿਆਂ ’ਚ ਬਿਠਾਕੇ ਰੱਖਿਆ।

ਅੱਜ ਦੇ ਸੂਬਾ ਪੱਧਰੀ ਸਮਾਗਮਾਂ ’ਚ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅਤੇ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਤੋਂ ਇਲਾਵਾ ਪਾਰਟੀ ਦੀ ਹੋਰ ਅਹਿਮ ਲੀਡਰਸ਼ਿਪ ਨੇ ਸ਼ਾਮਲ ਹੋਣਾ ਸੀ ਜਿਸ ਕਰਕੇ ਪੁਲਿਸ ਪ੍ਰਸ਼ਾਸ਼ਨ ਨੇ ਕਾਫੀ ਮੁਸਤੈਦੀ ਵਧਾਈ ਹੋਈ ਸੀ। ਸੂਤਰ ਦੱਸਦੇ ਹਨ ਕਿ ਪੰਜਾਬ ਪੁਲਿਸ ਦੇ ਖੁਫੀਆ ਵਿੰਗ ਨੇ ਬੇਰੁਜ਼ਗਾਰਾਂ ਦੇ ਸੰਭਾਵੀ ਕੂਚ ਨੂੰ ਦੇਖਦਿਆਂ ਮੋਹਰੀ ਆਗੂਆਂ ਦੀਆਂ ਸੂਚੀਆਂ ਕੁੱਝ ਦਿਨ ਪਹਿਲਾਂ ਹੀ ਪੁਲਿਸ ਨੂੰ ਸੌਂਪ ਦਿੱਤੀਆਂ ਸਨ। ਸੂਤਰਾਂ ਮੁਤਾਬਕ ਖੁਫੀਆ ਵਿਭਾਗ ਨੇ ਇਹ ਵੀ ਇਸ਼ਾਰਾ ਕੀਤਾ ਸੀ ਕਿ ਬੇਰੁਜ਼ਗਾਰ ਭੇਸ ਬਦਲਕੇ ਪੰਡਾਲ ’ਚ ਦਾਖਲ ਹੋ ਸਕਦੇ ਹਨ । ਸੂਤਰਾਂ ਮੁਤਾਬਕ ਸੀਆਈਡੀ ਨੇ ਬੇਰੁਜ਼ਗਾਰਾਂ ਵਾਂਗ ਦਿਖਾਈ ਦੇਣ ਵਾਲੇ ਨੌਜਵਾਨ ਮੁੰਡੇ ਕੁੜੀਆਂ ਅਤੇ ਕਾਲੀਆਂ ਚੁੰਨੀਆਂ ਜਾਂ ਪਗੜੀਧਾਰਕ ਵਿਅਕਤੀਆਂ ਤੇ ਵਿਸੇਸ਼ ਨਜ਼ਰ ਰੱਖਣ ਲਈ ਵੀ ਕਿਹਾ ਸੀ। ਬੇਰੁਜ਼ਗਾਰਾਂ ਵੱਲੋਂ ਨਾਅਰੇਬਾਜੀ ਅਤੇ ਕਾਲੀਆਂ ਝੰਡੀਆਂ ਦਿਖਾਉਣ ਦੇ ਖਦਸ਼ੇ ਕਾਰਨ ਪੁਲਿਸ ਪੰਡਾਲ ’ਚ ਦਾਖਲ ਹੋਣ ਵਾਲਿਆਂ ਦੀ ਪੂਰੀ ਮੁਸਤੈਦੀ ਨਾਲ ਜਾਂਚ ਕਰ ਰਹੀ ਸੀ।

ਜਾਣਕਾਰੀ ਮੁਤਾਬਕ ਪੰਜਾਬ ਪੁਲਿਸ ਨੇ ਬੇਰੁਜ਼ਗਾਰਾਂ ਖਿਲਾਫ ਕਾਰਵਾਈ ਅੱਜ ਵੱਡੇ ਤੜਕੇ ਸ਼ੁਰੂ ਕਰ ਦਿੱਤੀ ਸੀ। ਇਸ ਦੌਰਾਨ ਕਈ ਆਗੂ ਤਾਂ ਇਸ ਗੱਲ ਦੀ ਭਿਣਕ ਪੈਣ ਕਾਰਨ ਮੌਕੇ ਤੋਂ ਖਿਸਕਣ ’ਚ ਸਫਲ ਹੋ ਗਏ ਜਦੋਂਕਿ ਕਈਆਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਨਜ਼ਰਬੰਦ ਕਰ ਕਰ ਦਿੱਤਾ ਗਿਆ। ਇੰਨ੍ਹਾਂ ’ਚ ਬਠਿੰਡਾ ਜਿਲ੍ਹੇ ਦਾ ਬੇਰੁਜ਼ਗਾਰ ਆਗੂ ਗੁਰਪ੍ਰੀਤ ਸਿੰਘ ਪੱਕਾ ਸ਼ਾਮਲ ਹੈ ਜਿਸ ਦੇ ਘਰ ਪੁਲਿਸ ਨੇ ਅੱਜ ਸੁਭਾ ਛਾਪਾ ਮਾਰਿਆ । ਗੁਰਪ੍ਰੀਤ ਪੱਕਾ ਅਨੁਸਾਰ ਮੋਰਚੇ ਦੇ ਸੂਬਾ ਕਨਵੀਨਰ ਰਮਨ ਕੁਮਾਰ ਮਲੋਟ ਲਾਗਲੇ ਆਪਣੇ ਪਿੰਡ ਕਰਮਗੜ੍ਹ ’ਚ ਨਜ਼ਰਬੰਦ ਕੀਤੇ ਹਨ। ਸੂਬਾ ਕਨਵੀਨਰ ਸੁਖਵਿੰਦਰ ਸਿੰਘ ਢਿੱਲਵਾਂ ਨੂੰ ਤਪਾ ਪੁਲਿਸ ਨੇ ਹਿਰਾਸਤ ’ਚ ਲਿਆ ਹੈ। ਇਸੇ ਤਰਾਂ ਹਰਜਿੰਦਰ ਸਿੰਘ ਬੁਢਲਾਡਾ ,ਹਰਵਿੰਦਰ ਸਿੰਘ ਬੁਲਾਡੇਵਾਲਾ ,ਨਿਰਮਲ ਸਿੰਘ ਵਿੱਕੀ ਬੁਰਜ ਹਮੀਰਾ,ਤੇਜਿੰਦਰ ਪਾਲ ਸਿੰਘ ਮਾਨਾ ਵਾਲਾ, ਸੁਖਦੇਵ ਸਿੰਘ ਜਲਾਲਾਬਾਦ, ਸੁਖਪਾਲ ਖਾਨ ਲਹਿਰਾ, ਅਸਵਿੰਦਰ ਮਾਲੇਰਕੋਟਲਾ ,ਮਨਜੀਤ ਕੌਰ ,ਰਾਜਵੀਰ ਕੌਰ ,ਪਰਮਜੀਤ ਕੌਰ ਅਤੇ ਜਸਵੰਤ ਸਿੰਘ ਆਦਿ ਵੀ ਹਿਰਾਸਤ ਵਿੱਚ ਰੱਖੇ ਗਏ ਹਨ।
ਬੇਰੁਜ਼ਗਾਰ ਸਾਂਝੇ ਮੋਰਚੇ ਦੇ ਜਿਲ੍ਹਾ ਬਠਿੰਡਾ ਦੇ ਆਗੂ ਗੁਰਪ੍ਰੀਤ ਪੱਕਾ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਸਿੱਖਿਆ ਵਿਭਾਗ ਵਿੱਚ ਭਰਤੀ ਕੈਲੰਡਰ ਲਾਗੂ ਕਰਨ ਦਾ ਵਾਅਦਾ ਕੀਤਾ ਸੀ। ਉਨ੍ਹਾਂ ਕਿਹਾ ਕਿ ਸਵਾ ਤਿੰਨ ਸਾਲਾਂ ਵਿੱਚ ਸਿੱਖਿਆ ਅਤੇ ਸਿਹਤ ਵਿਭਾਗ ਵਿੱਚ ਇੱਕ ਵੀ ਅਸਾਮੀ ਨਹੀਂ ਕੱਢੀ ਉਲਟਾ ਮੁੱਖ ਮੰਤਰੀ,ਸਿੱਖਿਆ ਮੰਤਰੀ ਅਤੇ ਸਿਹਤ ਮੰਤਰੀ ਮੀਟਿੰਗਾਂ ਤੋ ਭੱਜ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਪਿਛਲੇ ਸਮੇਂ ਜਾਰੀ ਹੋਈਆਂ 343 ਲੈਕਚਰਾਰ,646 ਪੀਟੀਆਈ ਅਤੇ 1158 ਸਹਾਇਕ ਪ੍ਰੋਫ਼ੈਸਰ ਭਰਤੀਆਂ ਰੱਦ ਜਰੂਰ ਕੀਤੀਆਂ ਹਨ। ਉਨ੍ਹਾਂ ਦੱਸਿਆ ਕਿ ਸਿੱਖਿਆ ਵਿਭਾਗ ਵਿੱਚ ਮਾਸਟਰ ਕੇਡਰ,ਲੈਕਚਰਾਰ, ਸਹਾਇਕ ਪ੍ਰੋਫੈਸਰਾਂ ਮਲਟੀਪਰਪਜ਼ ਹੈਲਥ ਵਰਕਰ (ਪੁਰਸ਼) ਅਤੇ ਆਰਟ ਐਂਡ ਕਰਾਫਟ ਵਰਗ ਨਾਲ ਸਬੰਧਤ ਅਸਾਮੀਆਂ ਅਤੇ ਮਸਲਿਆਂ ਦੀ ਲੜਾਈ ਲੜ ਰਿਹਾ ਹੈ ਜਿਸ ਨੂੰ ਰੋਕਣ ਲਈ ਅੱਜ ਪੁਲਿਸ ਨੇ ਦਰਜਨਾਂ ਆਗੂ ਨਜ਼ਰਬੰਦ ਕੀਤੇ ਹਨ ਤਾਂ ਜੋ ਉਹ ਆਪਣੀ ਗੱਲ ਸਰਕਾਰ ਤੱਕ ਨਾਂ ਪੁਜਦੀ ਕਰ ਸਕਣ। ਉਨ੍ਹਾਂ ਕਿਹਾ ਕਿ ਮੰਗਾਂ ਮੰਨਣ ਤੱਕ ਸੰਘਰਸ਼ ਜਾਰੀ ਰੱਖਿਆ ਜਾਏਗਾ।
ਰੁਜ਼ਗਾਰ ਮੁਹਿੰਮ ਮਹਿਜ਼ ਸ਼ੋਸ਼ਾ’:ਸਿੱਪੀ ਸ਼ਰਮਾ
ਪੰਜਾਬ ਸਰਕਾਰ ਦੀ ਰੁਜ਼ਗਾਰ ਮੁਹਿੰਮ ਨੂੰ ਮਹਿਜ਼ ਸ਼ੋਸ਼ਾ ਕਰਾਰ ਦਿੰਦਿਆਂ ਬੇਰੁਜ਼ਗਾਰ ਪੀਟੀਆਈ ਅਧਿਆਪਕ ਆਗੂ ਸਿੱਪੀ ਸ਼ਰਮਾ ਮਾਨਸਾ ਦਾ ਕਹਿਣਾ ਸੀ ਕਿ ਸਰਕਾਰ ਦੀ ਖੋਟੀ ਨੀਅਤ ਅਤੇ ਨੀਤੀ ਨੇ ਜਵਾਨੀ ਰੋਲਕੇ ਰੱਖ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਦੀ ਮਿਸਾਲ ਹਜ਼ਾਰਾਂ ਬੇਰੁਰਗਾਰਾਂ ਦੇ ਸੜਕਾਂ ਤੇ ਧੱਕੇ ਖਾਣ ਤੋਂ ਮਿਲਦੀ ਹੈ । ਉਨ੍ਹਾਂ ਕਿਹਾ ਕਿ ਬਦਲਾਅ ਵਾਲੀ ਸਰਕਾਰ ਦੇ ਰਾਜ ਦੌਰਾਨ ਹਜ਼ਾਰਾਂ ਨੌਜਵਾਨ ਨੌਕਰੀ ਲਈ ਉਮਰ ਹੱਦ ਟਪਾ ਬੈਠੇ ਹਨ। ਉਨ੍ਹਾਂ ਕਿਹਾ ਕਿ ਜੋ ਸਰਕਾਰ ਸਿਰਫ 646 ਪੀਟੀਆਈਜ਼ ਦਾ ਮਸਲਾ ਹੱਲ ਨਹੀਂ ਕਰ ਸਕੀ ਉਸ ਤੋਂ ਵੱਡੀ ਆਸ ਕੀ ਰੱਖੀ ਜਾ ਸਕਦੀ ਹੈ।
ਸ਼ੁਰੂ ਕਰਾਂਗੇ ਪੱਕਾ ਮੋਰਚਾ: ਢਿੱਲਵਾਂ
ਬੇਰੁਜ਼ਗਾਰ ਅਧਿਆਪਕ ਆਗੂ ਸੁਖਵਿੰਦਰ ਸਿੰਘ ਢਿੱਲਵਾਂ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਨੇ ਮਸਲਾ ਫੌਰੀ ਹੱਲ ਨਾ ਕੀਤਾ ਤਾਂ 14 ਅਗਸਤ ਤੋਂ ਮੁੱਖ ਮੰਤਰੀ ਦੀ ਸੰਗਰੂਰ ਵਾਲੀ ਕੋਠੀ ਅੱਗੇ ਪੱਕਾ ਮੋਰਚਾ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਦੋਸ਼ ਲਾਇਆ ਕਿ ਨੌਕਰੀਆਂ ਦੇਣ ਦੀ ਥਾਂ ਸਰਕਾਰ ਜੁਬਾਨ ਬੰਦੀ ਤੇ ਉੱਤਰ ਆਈ ਹੈ। ਉਨ੍ਹਾਂ ਕਿਹਾ ਕਿ ਵੋਟਾਂ ਤੋਂ ਪਹਿਲਾਂ ਲੀਡਰਾਂ ਨੂੰ ਸਵਾਲ ਕਰਨ ਦੀਆਂ ਗੱਲਾਂ ਕਰਨ ਵਾਲੇ ਮੁੱਖ ਮੰਤਰੀ ਬੇਰੁਜ਼ਗਾਰਾਂ ਦੇ ਸਵਾਲਾਂ ਤੋਂ ਭੱਜ ਰਹੇ ਹਨ।