ਬਜਟ 'ਚ ਔਰਤਾਂ ਨਾਲ ਆਪ ਸਰਕਾਰ ਨੇ ਫੇਰ ਕੀਤਾ ਧੋਖਾ , ਨਹੀਂ ਦਿੱਤੇ ਹਜ਼ਾਰ ਹਜ਼ਾਰ ਰੁਪਏ - ਹਰਗੋਬਿੰਦ ਕੌਰ
ਅਸ਼ੋਕ ਵਰਮਾ
ਬਠਿੰਡਾ , 26 ਮਾਰਚ 2025: ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਦੀ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਨੇ ਦੋਸ਼ ਲਗਾਇਆ ਹੈ ਕਿ ਪੰਜਾਬ ਸਰਕਾਰ ਨੇ ਸੂਬੇ ਦੀਆਂ ਕਰੋੜਾਂ ਔਰਤਾਂ ਨਾਲ ਵੱਡਾ ਧੋਖਾ ਕੀਤਾ ਹੈ ਤੇ ਔਰਤਾਂ ਆਪਣੇ ਆਪ ਨੂੰ ਠੱਗੀਆਂ ਠੱਗੀਆਂ ਮਹਿਸੂਸ ਕਰ ਰਹੀਆਂ ਹਨ। ਉਹਨਾਂ ਕਿਹਾ ਕਿ ਔਰਤਾਂ ਨੂੰ ਉਮੀਦ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਅੱਜ ਪੇਸ਼ ਕੀਤੇ ਗਏ ਬੱਜਟ ਦੌਰਾਨ ਉਹਨਾਂ ਨੂੰ ਹਜ਼ਾਰ ਹਜ਼ਾਰ ਰੁਪਏ ਦਿੱਤੇ ਜਾਣਗੇ ਪਰ ਬੱਜਟ ਵਿੱਚ ਅਜਿਹੀ ਕੋਈ ਗੱਲ ਹੀ ਨਹੀਂ ਕੀਤੀ ਗਈ।
ਉਹਨਾਂ ਕਿਹਾ ਕਿ ਪਿਛਲੇਂ ਤਿੰਨ ਸਾਲਾਂ ਤੋਂ ਸਰਕਾਰ ਔਰਤਾਂ ਨੂੰ ਝੂਠੇ ਲਾਰੇ ਲਗਾ ਕੇ ਢੰਗ ਟਪਾ ਰਹੀ ਹੈ ਤੇ ਕਹਿ ਰਹੀ ਹੈ ਕਿ ਅਸੀਂ ਔਰਤਾਂ ਨੂੰ ਹਜ਼ਾਰ ਰੁਪਏ ਰੁਪਏ ਦੇਵਾਂਗੇ। ਪਰ ਕਰ ਕੁੱਝ ਨਹੀਂ ਰਹੀ । ਹੁਣ ਤਾਂ ਬਸ ਇਸ ਸਰਕਾਰ ਦਾ ਇੱਕ ਹੀ ਬੱਜਟ ਹੋਰ ਰਹਿ ਗਿਆ ਹੈ ਤੇ ਔਰਤਾਂ ਨੂੰ ਇਹ ਉਮੀਦ ਖਤਮ ਕਰ ਦੇਣੀ ਚਾਹੀਦੀ ਹੈ । ਹਰਗੋਬਿੰਦ ਕੌਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਜੋ ਕਿਹਾ ਜਾਂਦਾ ਸੀ ਉਹ ਕਰਕੇ ਵਿਖਾਇਆ ਜਾਂਦਾ ਸੀ ਤੇ ਸਾਰੀਆਂ ਭਲਾਈ ਸਕੀਮਾਂ ਵੀ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਵਿੱਚ ਹੀ ਚਲਾਈਆਂ ਗਈਆਂ ਸਨ ।