ਮੋਹਾਲੀ ਪ੍ਰਸ਼ਾਸਨ ਨੇ 15ਵੇਂ ਰਾਸ਼ਟਰੀ ਵੋਟਰ ਦਿਵਸ ਮੌਕੇ ਸਰਵੋਤਮ ਪ੍ਰਦਰਸ਼ਨ ਕਰਨ ਵਾਲਿਆਂ ਦਾ ਕੀਤਾ ਸਨਮਾਨ
ਹਰਜਿੰਦਰ ਸਿੰਘ ਭੱਟੀ
- ਡੀ ਸੀ ਆਸ਼ਿਕਾ ਜੈਨ ਨੇ ਨੌਜਵਾਨਾਂ ਨੂੰ ਵੋਟਰ ਵਜੋਂ ਆਪਣਾ ਨਾਮ ਦਰਜ ਕਰਵਾਉਣ ਲਈ ਪ੍ਰੇਰਿਤ ਕੀਤਾ
- ਐਸ ਡੀ ਐਮ ਡੇਰਾਬੱਸੀ ਨੂੰ ਸਰਵੋਤਮ ਈ ਆਰ ਓ, ਸੁਨੀਤਾ ਰਾਣਾ ਨੂੰ ਸਰਵੋਤਮ ਬੀ ਐਲ ਓ ਅਤੇ ਡਾ. ਰਵਿੰਦਰ ਸਿੰਘ ਨੂੰ ਸਰਵੋਤਮ ਨੋਡਲ ਅਫਸਰ ਵਜੋਂ ਸਨਮਾਨ
- ਐੱਸ ਓ ਈ ਫੇਜ਼ 3ਬੀ1 ਤੋਂ ਸ਼ਿਵਾਲਿਕ ਪਬਲਿਕ ਸਕੂਲ ਤੱਕ ਵੋਟ ਦੀ ਮਹੱਤਤਾ ਬਾਰੇ ਸਾਈਕਲ ਰੈਲੀ ਕੱਢੀ ਗਈ
ਐਸ.ਏ.ਐਸ.ਨਗਰ, 25 ਜਨਵਰੀ, 2025: ਮੋਹਾਲੀ ਪ੍ਰਸ਼ਾਸਨ ਵੱਲੋਂ ਅੱਜ ਸ਼ਿਵਾਲਿਕ ਪਬਲਿਕ ਸਕੂਲ, ਫੇਜ਼ 6 ਵਿਖੇ 15ਵਾਂ ਰਾਸ਼ਟਰੀ ਵੋਟਰ ਦਿਵਸ ਮਨਾਇਆ ਗਿਆ। ਇਸ ਤੋਂ ਪਹਿਲਾਂ ਐਸ.ਡੀ.ਐਮ ਦਮਨਦੀਪ ਕੌਰ ਵੱਲੋਂ ਸਕੂਲ ਆਫ ਐਮੀਨੈਂਸ, ਫੇਜ਼ 3ਬੀ1, ਮੋਹਾਲੀ ਤੋਂ ਸ਼ਿਵਾਲਿਕ ਪਬਲਿਕ ਸਕੂਲ ਤੱਕ ਨੌਜਵਾਨਾਂ ਵਿੱਚ ਵੋਟਰ ਬਣਨ ਦੀ ਜਾਗਰੂਕਤਾ ਪੈਦਾ ਕਰਨ ਲਈ ਇੱਕ ਸਾਈਕਲ ਰੈਲੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ।
ਸ਼ਿਵਾਲਿਕ ਸਕੂਲ ਦੇ ਆਡੀਟੋਰੀਅਮ ਵਿਖੇ ਨੌਜਵਾਨਾਂ ਅਤੇ ਹੋਰਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਆਸ਼ਿਕਾ ਜੈਨ ਨੇ ਹਾਜ਼ਰੀਨ ਨੂੰ ਵੋਟ ਦੀ ਮਹੱਤਤਾ ਤੋਂ ਜਾਣੂ ਕਰਵਾਉਂਦਿਆ ਕਿਹਾ ਕਿ ਜੇਕਰ ਉਹ 18 ਜਨਵਰੀ 2025 ਨੂੰ 18 ਸਾਲ ਦੀ ਉਮਰ ਪੂਰੀ ਕਰ ਚੁੱਕੇ ਹਨ ਤਾਂ ਉਹ ਆਪਣਾ ਨਾਮ ਵੋਟਰ ਵਜੋਂ ਦਰਜ ਕਰਵਾਉਣ। ਉਨ੍ਹਾਂ ਨੇ ਕਿਹਾ ਕਿ ਸਾਡੇ ਦੇਸ਼ ਨੂੰ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਵਜੋਂ ਜਾਣਿਆ ਜਾਂਦਾ ਹੈ ਅਤੇ ਅੱਜ ਅਸੀਂ ਜਿਸ ਦਿਨ ਦਾ ਜਸ਼ਨ ਮਨਾ ਰਹੇ ਹਾਂ, ਉਸ ਦਿਨ ਨੂੰ ਚੋਣ ਕਮਿਸ਼ਨ ਦੀ ਸਥਾਪਨਾ ਵਜੋਂ ਜਾਣਿਆ ਜਾਂਦਾ ਹੈ। ਭਾਰਤ ਦਾ ਚੋਣ ਕਮਿਸ਼ਨ, ਗਣਤੰਤਰ ਦਿਵਸ ਤੋਂ ਇੱਕ ਦਿਨ ਪਹਿਲਾਂ, 1950 ਵਿੱਚ ਹੋਂਦ ਵਿੱਚ ਆਇਆ ਸੀ। ਉਨ੍ਹਾਂ ਕਿਹਾ ਕਿ ਅੱਜ ਅਸੀਂ ਲਗਭਗ 99.1 ਕਰੋੜ ਭਾਰਤੀਆਂ ਨੂੰ ਵੋਟਰਾਂ ਵਜੋਂ ਰਜਿਸਟਰ ਕਰ ਚੁੱਕੇ ਹਾਂ ਅਤੇ ਜਲਦੀ ਹੀ ਅਸੀਂ 100 ਕਰੋੜ ਵੋਟਰਾਂ ਦੇ ਅੰਕੜੇ ਨੂੰ ਵੀ ਪਾਰ ਕਰ ਲਵਾਂਗੇ ਜੋ ਕਿ ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰ ਲਈ ਮਾਣ ਵਾਲਾ ਪਲ ਹੋਵੇਗਾ।
ਵੋਟਰ ਵਜੋਂ ਜ਼ਿੰਮੇਵਾਰੀ ਨਿਭਾਉਣ ਦਾ ਸੱਦਾ ਦਿੰਦਿਆਂ ਉਨ੍ਹਾਂ ਕਿਹਾ ਕਿ ਵੋਟ ਇੱਕ ਲੋਕਤੰਤਰੀ ਦੇਸ਼ ਦਾ ਭਵਿੱਖ ਤੈਅ ਕਰਦੀ ਹੈ। ਜਿੰਨੀਆਂ ਵੱਧ ਵੋਟਾਂ ਪਾਈਆਂ ਜਾਣਗੀਆਂ, ਓਨਾ ਹੀ ਸਾਡਾ ਯੋਗਦਾਨ ਸਹੀ-ਗ਼ਲਤ ਦੀ ਚੋਣ ਕਰਨ ਦੇ ਸਾਡੇ ਅਧਿਕਾਰ ਦਾ ਪ੍ਰਯੋਗ ਕਰੇਗਾ। ਉਨ੍ਹਾਂ ਕਿਹਾ ਕਿ ਰਾਸ਼ਟਰੀ ਵੋਟਰ ਦਿਵਸ ਜੋ ਕਿ 2011 ਤੋਂ ਮਨਾਉਣਾ ਸ਼ੁਰੂ ਕੀਤਾ ਗਿਆ ਸੀ, ਦਾ ਉਦੇਸ਼ ਵੋਟਰਾਂ ਖਾਸ ਕਰਕੇ ਨੌਜਵਾਨਾਂ ਨੂੰ ਵੋਟਰ ਵਜੋਂ ਨਾਮ ਦਰਜ ਕਰਵਾ ਕੇ ਜਮਹੂਰੀਅਤ ਦਾ ਹਿੱਸਾ ਬਣਨ ਲਈ ਜਾਗਰੂਕ ਕਰਨਾ ਅਤੇ ਫਿਰ ਇੱਕ ਮਜ਼ਬੂਤ ਸਰਕਾਰ ਚੁਣਨ ਦੇ ਆਪਣੇ ਅਧਿਕਾਰ ਦੀ ਵਰਤੋਂ ਕਰਨ ਦੇ ਯੋਗ ਬਣਾਉਣਾ ਸੀ।
ਉਨ੍ਹਾਂ ਕਿਹਾ ਕਿ 18 ਸਾਲ ਜਾਂ ਇਸ ਤੋਂ ਵੱਧ ਉਮਰ ਦਾ ਕੋਈ ਵੀ ਵਿਅਕਤੀ 1950 'ਤੇ ਕਾਲ ਕਰਕੇ ਜਾਂ ਨੈਸ਼ਨਲ ਵੋਟਰ ਸਰਵਿਸ ਪੋਰਟਲ 'ਤੇ ਲਾਗਇਨ ਕਰਕੇ ਜਾਂ ਮੋਬਾਈਲ ਫ਼ੋਨ 'ਤੇ ਵੋਟਰ ਹੈਲਪਲਾਈਨ ਐਪ ਡਾਊਨਲੋਡ ਕਰਕੇ ਆਸਾਨੀ ਨਾਲ ਵੋਟਰ ਵਜੋਂ ਆਪਣਾ ਨਾਮ ਦਰਜ ਕਰਵਾ ਸਕਦਾ ਹੈ। ਪ੍ਰੋਗਰਾਮ ਦੌਰਾਨ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਸ਼੍ਰੀ ਰਾਜੀਵ ਕੁਮਾਰ ਦਾ ਵੀਡੀਓ ਸੰਦੇਸ਼ ਵੀ ਚਲਾਇਆ ਗਿਆ।
ਇਸ ਮੌਕੇ ਐਸ.ਡੀ.ਐਮ ਡੇਰਾਬੱਸੀ, ਅਮਿਤ ਗੁਪਤਾ (ਐਸ.ਡੀ.ਐਮ. ਮੋਹਾਲੀ ਵਲੋਂ ਉਹਨਾਂ ਦੀ ਤਰਫੋਂ ਐਵਾਰਡ ਪ੍ਰਾਪਤ ਕੀਤਾ ਗਿਆ), ਡੇਰਾਬੱਸੀ ਦੇ ਬੂਥ ਨੰਬਰ 9 ਦੇ ਬੂਥ ਲੈਵਲ ਅਫ਼ਸਰ ਸੁਨੀਤਾ ਰਾਣਾ ਅਤੇ ਡਾ. ਰਵਿੰਦਰ ਸਿੰਘ ਲੈਕਚਰਾਰ ਸਰਕਾਰੀ ਪੌਲੀਟੈਕਨਿਕ ਖੂਨੀ ਮਾਜਰਾ ਨੂੰ ਵੱਧ ਤੋਂ ਵੱਧ ਨੌਜਵਾਨ ਵੋਟਰਾਂ ਦੇ ਨਾਮ ਦਰਜ ਕਰਵਾਉਣ ਲਈ ਸਨਮਾਨਿਤ ਵੀ ਕੀਤਾ ਗਿਆ। ਇਸ ਤੋਂ ਇਲਾਵਾ ਜ਼ਿਲ੍ਹਾ ਆਈਕੋਨ ਸ੍ਰੀਮਤੀ ਪੂਨਮ ਲਾਲ ਅਤੇ ਗੁਰਪ੍ਰੀਤ ਸਿੰਘ ਨਾਮਧਾਰੀ, ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਪ੍ਰੋ. ਗੁਰਬਖ਼ਸੀਸ਼ ਸਿੰਘ ਅੰਟਾਲ, ਜ਼ਿਲ੍ਹਾ ਲੀਡ ਬੈਂਕ ਬੈਂਕ (ਪੀ.ਐਨ.ਬੀ.) ਦੇ ਮੈਨੇਜਰ ਐਮ.ਕੇ ਭਾਰਦਵਾਜ, ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਗਿੰਨੀ ਦੁੱਗਲ, ਸ਼ਿਵਾਲਿਕ ਸਕੂਲ ਦੇ ਪ੍ਰਿੰਸੀਪਲ ਡਾ. ਅਨੂਪ ਕਿਰਨ, ਚੋਣ ਤਹਿਸੀਲਦਾਰ ਸੰਜੇ ਕੁਮਾਰ ਨੂੰ ਵੀ ਸਮਾਗਮ ਦੌਰਾਨ ਸਨਮਾਨਿਤ ਕੀਤਾ ਗਿਆ।
ਸਮਾਗਮ ਨੂੰ ਰੰਗਾ-ਰੰਗ ਬਣਾਉਣ ਲਈ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸੋਹਾਣਾ ਵੱਲੋਂ ਗਿੱਧਾ, ਸਵਾਮੀ ਰਾਮ ਤੀਰਥ ਪਬਲਿਕ ਸਕੂਲ ਮੋਹਾਲੀ ਵੱਲੋਂ ਭੰਗੜਾ, ਬੀ ਐਸ ਐਚ ਆਰੀਆ ਸਕੂਲ ਮੋਹਾਲੀ ਵੱਲੋਂ ਕੋਰੀਓਗ੍ਰਾਫੀ ਅਤੇ ਵੋਟ ਦੀ ਮਹੱਤਤਾ ਸਬੰਧੀ ਸਮੂਹ ਗੀਤ, ਕਵਿਤਾ, ਭਾਸ਼ਣ ਅਤੇ ਨੁੱਕੜ ਨਾਟਕ ਆਦਿ ਸੱਭਿਆਚਾਰਕ ਵੰਨਗੀਆਂ ਪੇਸ਼ ਕੀਤੀਆਂ ਗਈਆਂ। 'ਸਲੋਗਨ ਰਾਈਟਿੰਗ' ਅਤੇ 'ਪੋਸਟਰ ਮੇਕਿੰਗ' ਮੁਕਾਬਲੇ 'ਤੇ ਆਧਾਰਿਤ ਪ੍ਰਦਰਸ਼ਨੀ ਨੇ ਵੀ ਲੋਕਤੰਤਰ ਬਾਰੇ ਭਵਿੱਖ ਦੇ ਵੋਟਰਾਂ ਦੇ ਵਿਚਾਰਾਂ ਅਤੇ ਸੰਕਲਪਾਂ ਨੂੰ ਪ੍ਰਦਰਸ਼ਿਤ ਕੀਤਾ।
ਸਲੋਗਨ ਲਿਖਣ ਦੇ ਜੇਤੂ; ਜਸਪ੍ਰੀਤ ਕੌਰ, ਪ੍ਰਾਚੀ, ਏਕਮਪ੍ਰੀਤ (ਸਾਰੇ ਸ਼ਿਵਾਲਿਕ ਪਬਲਿਕ ਸਕੂਲ ਤੋਂ), ਪੋਸਟਰ ਮੇਕਿੰਗ ਦੇ ਜੇਤੂ ਰਹਿਮਤ, ਕੁਮਾਰੀ ਦੀਪਾਂਕਸ਼ੀ ਅਤੇ ਮੰਨਤ ਸ਼ਰਮਾ (ਸਾਰੇ ਸ਼ਿਵਾਲਿਕ ਪਬਲਿਕ ਸਕੂਲ ਤੋਂ) ਅਤੇ ਵਾਦ-ਵਿਵਾਦ ਮੁਕਾਬਲੇ ਦੇ ਜੇਤੂਆਂ; ਮਨਪ੍ਰੀਤ, ਈਸ਼ਾ ਬੇਦੀ ਅਤੇ ਅਨੀਤਾ ਰਾਣੀ (ਸਾਰੇ ਸਰਕਾਰੀ ਕਾਲਜ ਫੇਜ਼ 6 ਤੋਂ) ਨੂੰ ਵੀ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।
ਚੋਣ ਦਫ਼ਤਰ ਦੇ ਸਟਾਫ਼ ਅਤੇ ਹੋਰ ਕਰਮਚਾਰੀਆਂ ਜਿਨ੍ਹਾਂ ਨੇ ਚੋਣ ਸਬੰਧੀ ਕੰਮਾਂ ਲਈ ਸਖ਼ਤ ਮਿਹਨਤ ਕੀਤੀ, ਨੂੰ ਵੀ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਡਿਪਟੀ ਕਮਿਸ਼ਨਰ ਵੱਲੋਂ ਹਾਜ਼ਰੀਨ ਨੂੰ ਇੱਕ ਜ਼ਿੰਮੇਵਾਰ ਨਾਗਰਿਕ ਵਜੋਂ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦਾ ਪ੍ਰਣ ਵੀ ਦਿਵਾਇਆ ਗਿਆ।