Babushahi ਖਬਰ ਦਾ ਅਸਰ: ਐਸਐਸਪੀ ਨੇ ਕਸੀ ਬਠਿੰਡਾ ਪੁਲਿਸ ਦੀ ਚੂੜੀ
ਅਸ਼ੋਕ ਵਰਮਾ
ਬਠਿੰਡਾ, 4 ਫਰਵਰੀ 2025:ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਅਧੀਨ ਆਉਂਦਾ ਕਸਬਾ ਭਗਤਾ ਭਾਈ ਵਿੱਚ ਲਗਾਤਾਰ ਹੋ ਰਹੀਆਂ ਚੋਰੀਆਂ ਚਕਾਰੀਆਂ ਅਤੇ ਲੁੱਟਾਂ ਖੋਹਾਂ ਦੇ ਮਾਮਲੇ ’ਚ ਜਿਲ੍ਹਾ ਪੁਲਿਸ ਮੁਖੀ ਨੇ ਬਠਿੰਡਾ ਪੁਲਿਸ ਦੀ ਚੂੜੀ ਕਸ ਦਿੱਤੀ ਹੈ। ‘ਬਾਬੂਸ਼ਾਹੀ ਵੱਲੋਂ ਦੋ ਦਿਨ ਪਹਿਲਾਂ ਆਪਣੇ ਕਾਲਮ ‘ਭਗਤਾ ਭਾਈ ਵਾਸੀਓ ਜਾਗਦੇ ਰਹੋ-ਬਠਿੰਡਾ ਪੁਲੀਸ ਸੌਂ ਰਹੀ ਹੈ’ ਰਾਹੀਂ ਪੁਲਿਸ ਪ੍ਰਸ਼ਾਸ਼ਨ ਦੇ ਧਿਆਨ ’ਚ ਲਿਆਂਦਾ ਸੀ ਕਿ ਕਿਸ ਤਰਾਂ ਇਸ ਕਸਬੇ ਦੇ ਆਮ ਲੋਕ ਸਹਿਮ ਦੇ ਸਾਏ ਹੇਠ ਜਿਉਣ ਲਈ ਮਜਬੂਰ ਹਨ। ਸੂਤਰ ਦੱਸਦੇ ਹਨ ਕਿ ਇਸ ਰਿਪੋਰਟ ਦਾ ਪੰਜਾਬ ਪੁਲਿਸ ਦੇ ਹੈਡਕੁਆਟਰ ਨੇ ਵੀ ਨੋਟਿਸ ਲਿਆ ਹੈ। ਸੂਤਰਾਂ ਨੇ ਦੱਸਿਆ ਹੈ ਕਿ ਪੁਲਿਸ ਦੇ ਉੱਚ ਅਧਿਕਾਰੀ ਅਮਨ ਕਾਨੂੰਨ ਦੇ ਮਾਮਲੇ ’ਚ ਕੋਈ ਢਿੱਲ ਨਹੀਂ ਵਰਤਣਾ ਚਾਹੁੰਦੇ ਹਨ ਕਿਉਂਕਿ ਆਮ ਆਦਮੀ ਨਾਲ ਜੁੜੇ ਇਸ ਅਹਿਮ ਮੁੱਦੇ ’ਚ ਢਿੱਲ ਮੱਠ ਵਰਤਣ ਨਾਲ ਸਰਕਾਰ ਦੀ ਬਦਨਾਮੀ ਹੁੰਦੀ ਹੈ।
ਹਾਲਾਂਕਿ ਇਸ ਮੁੱਦੇ ਤੇ ਕੋਈ ਵੀ ਅਧਿਕਾਰੀ ਕੋਈ ਪ੍ਰਤੀਕਿਰਿਆ ਦੇਣ ਨੂੰ ਤਿਆਰ ਨਹੀਂ ਹੋਇਆ ਅਤੇ ਰਾਜਧਾਨੀ ’ਚ ਅਮਨ ਕਾਨੂੰਨ ਨਾਲ ਜੁੜੀ ਮਹੱਤਵਪੂਰਨ ਮੀਟਿੰਗ ਹੋਣ ਕਰਕੇ ਐਸਐਸਪੀ ਬਠਿੰਡਾ ਦਾ ਪੱਖ ਨਹੀਂ ਜਾਣਿਆ ਜਾ ਸਕਿਆ ਪਰ ਅਹਿਮ ਸਰਕਾਰੀ ਸੂਤਰਾਂ ਨੇ ਜਾਣਕਾਰੀ ਦਿੱਤੀ ਹੈ ਕਿ ਜਿਲ੍ਹਾ ਪੁਲਿਸ ਹੁਣ ਅਮਨ ਕਾਨੂੰਨ ਮਾਮਲੇ ਤੇ ਸਖਤੀ ਦਿਖਾਉਣ ਦੇ ਰੌਂਅ ’ਚ ਹੈ। ਜਿਲ੍ਹਾ ਪੁਲਿਸ ਨੇ ਸਮੂਹ ਥਾਣਿਆਂ ਨੂੰ ਚਿਤਾਵਨੀ ਵੀ ਜਾਰੀ ਕੀਤੀ ਹੈ ਕਿ ਜੋ ਵੀ ਕੋਈ ਅਫਸਰ ਜਾਂ ਮੁਲਾਜਮ ਇਸ ਮਾਮਲੇ ’ਚ ਆਪਣੀ ਡਿਊਟੀ ਦੌਰਾਨ ਕੋਤਾਹੀ ਕਰੇਗਾ ਉਸ ਖਿਲਾਫ ਸਖਤ ਕਾਰਵਾਈ ਅਮਲ ’ਚ ਲਿਆਂਦੀ ਜਾਏਗੀ। ਤਾਂ ਹੀ ਪੁਲਿਸ ਪ੍ਰਸ਼ਾਸ਼ਨ ਨੇ ਮੀਡੀਆ ਰਿਪੋਰਟਾਂ ਨੂੰ ਪੂਰੀ ਗੰਭੀਰਤਾ ਨਾਲ ਲੈਂਦਿਆਂ ਭਗਤਾ ਭਾਈ ਵਿਖੇ ਸਥਿਤ ਥਾਣਾ ਦਿਆਲਪੁਰਾ ਭਾਈ ਵਿੱਚ ਅੱਧੀ ਦਰਜਨ ਤੋਂ ਵੱਧ ਨਵੇਂ ਮੁਲਾਜਮ ਤਾਇਨਾਤ ਕਰ ਦਿੱਤੇ ਹਨ ਜੋ ਅਮਨ ਕਾਨੂੰਨ ਦੀ ਸਥਿਤੀ ਅਤੇ ਸ਼ਰਾਰਤੀ ਤੱਤਾਂ ਤੇ ਨਜ਼ਰ ਰੱਖਣਗੇ।
ਸੀਨੀਅਰ ਪੁਲਿਸ ਕਪਤਾਨ ਬਠਿੰਡਾ ਅਮਨੀਤ ਕੌਂਡਲ ਨੇ ਵੀ ਇਸ ਪੱਤਰਕਾਰ ਨਾਲ ਗੱਲਬਾਤ ਦੌਰਾਨ ਭਗਤਾ ਭਾਈ ’ਚ ਨਫਰੀ ਵਧਾਉਣ ਦੀ ਗੱਲ ਆਖੀ ਸੀ ਜੋ ਉਨ੍ਹਾਂ ਪੂਰੀ ਕਰ ਦਿਖਾਈ ਹੈ। ਐਸਐਸਪੀ ਵੱਲੋਂ ਕੀਤੀ ਗਈ ਇਸ ਪਹਿਲਕਦਮੀ ਨਾਲ ਆਮ ਲੋਕਾਂ ਖਾਸ ਤੌਰ ਤੇ ਭਗਤਾ ਭਾਈ ਦੇ ਕਾਰੋਬਾਰੀਆਂ ਨੂੰ ਰਾਹਤ ਦੀ ਆਸ ਬੱਝੀ ਹੈ ਜਿੰਨ੍ਹਾਂ ਨੂੰ ਹਰ ਵਕਤ ਕਿਸੇ ਅਣਹੋਣੀ ਦਾ ਡਰ ਸਤਾਉਂਦਾ ਰਹਿੰਦਾ ਸੀ। ਅੱਜ ਵੀ ਇਸ ਪੱਤਰਕਾਰ ਨੇ ਕੁੱਝ ਕਾਰੋਬਾਰੀ ਧਿਰਾਂ ਨਾਲ ਗੱਲ ਬਾਤ ਕੀਤੀ ਜਿੰਨ੍ਹਾਂ ਦਾ ਕਹਿਣਾ ਸੀ ਕਿ ਅਪਰਾਧਿਕ ਅਨਸਰਾਂ ਖਿਲਾਫ ਸਖਤੀ ਜਾਰੀ ਰੱਖਣੀ ਚਾਹੀਦੀ ਹੈ ਤਾਂ ਜੋ ਲੋਕ ਬੇਫਿਕਰ ਹੋਗੇ ਆਪੋ ਆਪਣੇ ਕੰਮ ਧੰਦੇ ਕਰ ਸਕਣ। ਉਨ੍ਹਾਂ ਕਿਹਾ ਕਿ ਪੁਲਿਸ ਪ੍ਰਸ਼ਾਸ਼ਨ ਆਮ ਲੋਕਾਂ ਨੂੰ ਸੁਰੱਖਿਅਤ ਮਹੌਲ ਮੁਹੱਈਆ ਕਰਵਾਏ ਤਾਂ ਜੋ ਕਿਸੇ ਧੀਅ ਭੈਣ ਜਾਂ ਫਿਰ ਆਮ ਨਾਗਰਿਕ ਨੂੰ ਸੜਕ ਤੇ ਜਾਂਦਿਆਂ ਕਿਸੇ ਵੀ ਕਿਸਮ ਦਾ ਡਰ ਭੈਅ ਨਾਂ ਹੋਵੇ।
ਸ਼ਹਿਰ ਦੇ ਵਪਾਰੀ ਭਾਈਚਾਰੇ ਦਾ ਪ੍ਰਤੀਕਰਮ ਹੈ ਥਾਣਾ ਸ਼ਹਿਰੋਂ ਬਾਹਰ ਅਤੇ ਦੂਰ ਬਣਿਆ ਹੋਣਾ ਵੀ ਵਾਰਦਾਤਾਂ ਕਰਨ ਵਾਲਿਆਂ ਲਈ ਇੱਕ ਤਰਾਂ ਨਾਲ ਰਾਹ ਮੋਕਲਾ ਕਰਨ ਦਾ ਕਾਰਨ ਹੈ। ਦੱਸਣਯੋਗ ਹੈ ਕਿ ਸ਼ਾਂਤੀ ਪਸੰਦ ਨਾਗਰਿਕਾਂ ਦਾ ਸ਼ਹਿਰ ਮੰਨੇ ਜਾਂਦੇ ਭਗਤਾ ਭਾਈ ’ਚ ਪਿਛੇ ਦਿਨਾਂ ਦੌਰਾਨ ਲਗਾਤਾਰ ਹੋ ਚੋਰੀਆਂ ਵਗੈਰਾ ਦੀਆਂ ਵਾਰਦਾਤਾਂ ਨੇ ਲੋਕਾਂ ਦੇ ਨੱਕ ’ਚ ਦਮ ਕੀਤਾ ਹੋਇਆ ਸੀ। ਇਸ ਮਾਮਲੇ ਨੂੰ ਪ੍ਰਮੁੱਖਤਾ ਨਾਲ ਉਠਾਉਂਦੀਆਂ ਇਹ ਜਾਣਕਾਰੀ ਦਿੱਤੀ ਗਈ ਸੀ ਕਿ ਕਿਸ ਤਰਾਂ ਹੱਦ ਦਰਜੇ ਦੀ ਦੀਦਾ ਦਲੇਰੀ ਨਾਲ ਕੁੱਝ ਲੋਕ ਰਾਤ ਵੇਲੇ ਭਗਤਾ ਭਾਈ ਦੇ ਐਕਸਿਸ ਬੈਂਕ ’ਚ ਦਾਖਲ ਹੁੰਦੇ ਹਨ ਅਤੇ ਬੈਂਕ ਦੇ ਸਮਾਨ ਦੀ ਭੰਨ ਤੋੜ ਕੀਤੀ ਜਾਂਦੀ ਹੈ ਜਿਸ ’ਚ ਇੱਕ ਐਲਈਡੀ ਅਤੇ ਹੋਰ ਸਾਜੋ ਸਮਾਨ ਤੋਂ ਇਲਾਵਾ ਗਾਇਬ ਕੀਤਾ ਗਿਆ ਇੱਕ ਦਰਾਜ ਵੀ ਸ਼ਾਮਲ ਹੈ।
ਹੈਰਾਨੀ ਵਾਲੀ ਗੱਲ ਹੈ ਕਿ ਇਸ ਮਾਮਲੇ ’ਚ ਹਾਲੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਅਤੇ ਗੱਲ ਸਿਰਫ ਥਾਣਾ ਦਿਆਪੁਰਾ ਭਾਈ ’ਚ ਮੁਕੱਦਮਾ ਦਰਜ ਕਰਨ ਤੱਕ ਹੀ ਸੀਮਤ ਖਲੋਤੀ ਹੈ। ਰਾਹਤ ਇਹੋ ਹੈ ਕਿ ਵੱਡਾ ਨੁਕਸਾਨ ਨਹੀਂ ਹੋਇਆ ਹੈ। ਇਹ ਵੀ ਦੱਸਿਆ ਸੀ ਕਿ ਬਾਜਾਖਾਨਾ ਰੋਡ ਉਪਰ ਸਥਿਤ ਸ੍ਰੀ ਇੱਛਾ ਪੂਰਨ ਬਾਲਾ ਜੀ ਹਨੂੰਮਾਨ ਮੰਦਰ ਵਿਖੇ ਤਿੰਨ ਚਾਰ ਲੱਖ ਰੁਪਏ ਨਕਦੀ ਤੋਂ ਇਲਾਵਾ ਸੋਨਾ ਚੋਰੀ ਹੋਇਆ ਹੈ। ਚੋਰਾਂ ਨੇ ਲੰਗਰ ਹਾਲ ਦਾ ਜਿੰਦਰਾ ਤੋੜਕੇ ਕਮਰੇ ਵਿਚ ਪਈ ਅਲਮਾਰੀ ਨੂੰ ਬਾਹਰ ਕੱਢ ਲਿਆ ਅਤੇ ਭੰਨ ਤੋੜ ਕਰਕੇ ਅਲਮਾਰੀ ਵਿੱਚ ਰੱਖੀ ਨਕਦੀ ਤੇ ਸੋਨਾ ਚੋਰੀ ਕਰ ਕੀਤਾ ਹੈ। ਭਗਤਾ ਭਾਈ ਦੀ ਪੱਤੀ ਸੇਲਬਰਾਹ ’ਚ ਇੱਕ ਘਰ ’ਤੇ ਹਮਲਾ ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਉਨ੍ਹਾਂ ਦੇ ਘਰ ਦੇ ਲੋਹੇ ਦੇ ਗੇਟ ਦੀ ਭੰਨ ਤੋੜ ਕੀਤੀ ਅਤੇ ਹਵਾਈ ਫਾਇਰ ਵੀ ਕੀਤੇ ਹਨ।
ਰਿਪੋਰਟ ਮੁਤਾਬਕ ਭਾਈ ਬਹਿਲੋ ਰੋਡ ਤੇ ਨਕਾਬਪੋਸ਼ਾਂ ਵੱਲੋਂ ਕਾਜੂ ਬਦਾਮ ਲੈਣ ਬਹਾਨੇ ਇੱਕ ਦੁਕਾਨਦਾਰ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਪਰ ਦੁਕਾਨ ਮਾਲਕ ਨੇ ਹੁਸ਼ਿਆਰੀ ਵਰਤਦਿਆਂ ਬਚਾਅ ਕਰ ਲਿਆ। ਇੰਨ੍ਹਾਂ ਦਿਨਾਂ ਦੌਰਾਨ ਇੱਕ ਮੋਟਰ ਸਾਈਕਲ ਚੋਰੀ ਹੋਇਆ ਤਾਂ ਇੱਕ ਰਾਹਗੀਰ ਨੌਜਵਾਨ ਤੋਂ ਮੋਬਾਇਲ ਫੋਨ ਅਤੇ ਨਕਦੀ ਖੋਹੀ ਗਈ ਹੈ। ਇਸੇ ਤਰਾਂ ਹੀ ਝਪਟਮਾਰਾਂ ਨੇ ਇੱਕ ਰਾਹਗੀਰ ਔਰਤ ਦਾ ਪਰਸ ਖੋਹਿਆ ਸੀ ਜਿਸ ਲੋਕਾਂ ਨੇ ਦਬੋਚ ਲਿਆ। ਹੋਰ ਵੀ ਕਈ ਅਪਰਾਧਿਕ ਵਾਰਦਾਤਾਂ ਹੋਈਆਂ ਜਿੰਨ੍ਹਾਂ ਨੇ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਕਟਹਿਰੇ ’ਚ ਖੜ੍ਹਾ ਕਰ ਦਿੱਤਾ ਸੀ । ਪੁਲਿਸ ਨਫਰੀ ’ਚ ਵਾਧੇ ਅਤੇ ਅਧਿਕਾਰੀਆਂ ਵੱਲੋਂ ਚੁੱਕੇ ਕਦਮਾਂ ਉਪਰੰਤ ਹੁਣ ਉਮੀਦ ਜਤਾਈ ਜਾ ਰਹੀ ਹੈ ਕਿ ਲੋਕ ਸੁੱਖ ਦੀ ਨੀਂਦ ਸੌਂ ਸਕਣਗੇ।