ਪਾਰਲੀਮੈਂਟ ਤੋਂ ਸਿੱਧਾ ਬੁੱਢੇ ਦਰਿਆ ਦੀ ਕਾਰ ਸੇਵਾ ਵਿੱਚ ਹਿੱਸਾ ਲੈਣ ਪਹੁੰਚੇ ਸੰਤ ਸੀਚੇਵਾਲ
* ਦਰਿਆ ਨੂੰ ਪ੍ਰਦੂਸ਼ਿਤ ਕਰ ਰਹੇ ਪਿੰਡਾਂ ਦੇ ਗੰਦੇ ਪਾਣੀਆਂ ਦੇ ਸੀਚੇਵਾਲ ਮਾਡਲ ਤਹਿਤ ਕੀਤੇ ਜਾ ਰਹੇ ਹਨ ਬਦਲਵੇਂ ਪ੍ਰਬੰਧ
* ਖੁਦ ਮਸ਼ੀਨ ਚਲਾ ਸੰਤ ਸੀਚੇਵਾਲ ਵੱਲੋਂ ਕੱਢਿਆ ਜਾ ਰਿਹਾ ਛੱਪੜ ਵਿੱਚੋਂ ਗੋਹਾ*
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 4 ਫਰਵਰੀ 2025 - ਪਾਰਲੀਮੈਂਟ ਦੇ ਚੱਲ ਰਹੇ ਮੌਜੂਦਾ ਬਜਟ ਸੈਸ਼ਨ ਵਿੱਚ ਹਿੱਸਾ ਲੈਣ ਉਪਰੰਤ ਅੱਜ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਪਾਰਲੀਮੈਂਟ ਤੋਂ ਸਿੱਧਾ ਬੁੱਢੇ ਦਰਿਆ ਦੀ ਚੱਲ ਰਹੀ ਕਾਰ ਸੇਵਾ ਵਿੱਚ ਹਿੱਸਾ ਲੈਣ ਲਈ ਪਹੁੰਚੇ। ਉਹਨਾਂ ਵੱਲੋਂ ਪਿੰਡ ਭੂਖੜੀ ਖੁਰਦ ਵਿੱਚ ਚੱਲ ਰਹੀਆਂ ਐਕਸਾਵੇਟਰ ਮਸ਼ੀਨਾਂ ਨੂੰ ਖੁਦ ਚਲਾ ਕੇ ਘੰਟਾਬਧੀ ਸਮਾਂ ਲਗਾ ਕੇ ਛੱਪੜ ਵਿੱਚੋਂ ਗੋਹਾ ਕੱਢਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਸੰਤ ਸੀਚੇਵਾਲ ਨੇ ਦੱਸਿਆ ਕਿ ਦਰਿਆ ਦੇ ਨਾਲ ਲੱਗਦੇ ਇਹਨਾਂ ਪਿੰਡਾਂ ਦਾ ਗੰਦਾ ਪਾਣੀ ਪਿਛਲੇ ਲੰਬੇ ਸਮੇਂ ਤੋਂ ਬੁੱਢੇ ਦਰਿਆ ਨੂੰ ਪ੍ਰਦੂਸ਼ਿਤ ਕਰ ਰਿਹਾ ਸੀ ਪ੍ਰਬੰਧ ਨਾ ਹੋਣ ਕਾਰਨ ਇਹ ਗੰਦਾ ਪਾਣੀ ਸਿੱਧੇ ਦਰਿਆ ਵਿੱਚ ਵਹਾਇਆ ਜਾ ਰਿਹਾ ਸੀ।
ਉਹਨਾਂ ਨੇ ਦੱਸਿਆ ਕਿ ਪਿੰਡ ਭੂਖੜੀ ਖੁਰਦ ਪਵਿੱਤਰ ਬੁੱਢੇ ਦਰਿਆ ਦੇ ਉੱਤੇ ਵਸਿਆ ਹੋਇਆ ਪਿੰਡ ਹੈ। ਜਿਸ ਦੇ ਛੱਪੜ ਵਿੱਚ ਚਾਰ ਤੋਂ ਪੰਜ ਫੁੱਟ ਤੱਕ ਗੋਹਾ ਕੱਢਣ ਤੋਂ ਬਾਅਦ ਵੀ ਹਾਲੇ ਵੀ ਇਸ ਛੱਪੜ ਵਿੱਚ ਪੰਜ ਛੇ ਫੁੱਟ ਦੇ ਕਰੀਬ ਗੋਹਾ ਦੱਸਿਆ ਜਾ ਰਿਹਾ ਹੈ। ਜਿਨਾਂ ਨੂੰ ਮਸ਼ੀਨਾਂ ਰਾਹੀਂ ਕੱਢਣ ਲਈ ਲਗਾਤਾਰ ਪਿਛਲੇ ਤਿੰਨ ਦਿਨ ਤੋਂ ਕਾਰਜ ਚੱਲ ਰਹੇ ਹਨ। ਉਹਨਾਂ ਕਿਹਾ ਕਿ ਡੇਅਰੀ ਮਾਲਕ ਦੁੱਧ ਤਾਂ ਆਪਣੇ ਮਨ ਮੁਤਾਬਿਕ ਵੇਚ ਲੈਂਦੇ ਹਨ ਪਰ ਪਸ਼ੂਆਂ ਦੀ ਰਹਿਣ ਖੂੰਹਦ ਨੂੰ ਛੱਪੜਾ ਜਾ ਦਰਿਆਵਾਂ ਵਿੱਚ ਵਹਾ ਰਹੇ ਹਨ। ਉਹਨਾਂ ਕਿਹਾ ਕਿ ਮਸ਼ੀਨਾਂ ਲੱਗੀਆਂ ਹੋਈਆਂ ਤੇ ਜਲਦੀ ਇਹ ਥੱਪੜ ਵਿੱਚੋਂ ਗੋਹਾ ਕੱਢ ਦਿੱਤਾ ਜਾਵੇਗਾ। ਗੋਹੇ ਦੇ ਪ੍ਰਬੰਧਨ ਲਈ ਇਸੇ ਪਿੰਡ ਵਿੱਚ ਸਾਡੇ ਪੰਜ ਏਕੜ ਜਮੀਨ ਵੀ ਠੇਕੇ ਤੇ ਲੈ ਲਈ ਗਈ ਹੈ ਤਾਂ ਜੋ ਗੋਹੇ ਦਾ ਪ੍ਰਬੰਧ ਕੀਤਾ ਜਾ ਸਕੇ ਤੇ ਇਸ ਗੋਹੇ ਨੂੰ ਦਰਿਆ ਵਿੱਚ ਭੈਣੋ ਰੋਕਿਆ ਜਾ ਸਕੇ।
ਸੰਤ ਸੀਚੇਵਾਲ ਨੇ ਕਿਹਾ ਕਿ ਬੁੱਢੇ ਦਰਿਆ ਨੂੰ ਪ੍ਰਦੂਸ਼ਿਤ ਕਰ ਰਹੇ ਪੂਰਾ ਪਿੰਡਾਂ ਦੇ ਵੀ ਬਦਲਵੇ ਪ੍ਰਬੰਧ ਸੀਚੇਵਾਲ ਮਾਡਲ ਤਹਿਤ ਕੀਤੇ ਜਾਣਗੇ। ਜਿਨਾਂ ਦਾ ਪਾਣੀ ਟਰੀਟ ਕਰਕੇ ਛੇਤੀ ਨੂੰ ਲੱਗਦਾ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਇਹ ਮਾਡਲ ਪੰਜਾਬ ਦੇ 200 ਤੋਂ ਵੱਧ ਪਿੰਡਾਂ ਵਿੱਚ ਸਫਲਤਾ ਪੂਰਵਕ ਚੱਲ ਰਿਹਾ ਹੈ। ਇਸ ਮਾਡਲ ਨਾਲ ਜਿੱਥੇ ਧਰਤੀ ਹੇਠਲੇ ਪਾਣੀ ਦੀ ਬਚਤ ਹੋ ਰਹੀ ਹੈ ਉਥੇ ਹੀ ਇਹ ਫਸਲਾਂ ਦੇ ਉਤਪਾਦਨ ਦਾ ਵਾਧਾ ਕਰਨ ਵਿੱਚ ਵੀ ਮਦਦਗਾਰ ਸਾਬਿਤ ਹੋ ਰਿਹਾ ਹੈ। ਉਹਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਸੁਲਤਾਨਪੁਰ ਲੋਧੀ ਵਿੱਚ ਵਗਦੀ ਬਾਬੇ ਨਾਨਕ ਦੀ ਵੇਈਂ ਦੇ ਨਾਲ ਲੱਗਦੇ ਪਿੰਡਾਂ ਵਿੱਚ ਵੀ ਇਸ ਮਾਡਲ ਤਹਿਤ ਗੰਦੇ ਪਾਣੀ ਦਾ ਪ੍ਰਬੰਧ ਕਰਕੇ ਖੇਤੀ ਨੂੰ ਲੱਗਦਾ ਕੀਤਾ ਗਿਆ ਹੈ। ਕਿਉਂਕਿ ਇਹ ਗੰਦੇ ਪਾਣੀ ਖੇਤੀ ਲਈ ਵਰਦਾਨ ਹਨ।
ਬਾਕਸ ਆਈਟਮ : ਅਧਿਕਾਰੀਆਂ ਨਾਲ ਕਰਨਗੇ ਅੱਜ ਸੰਤ ਸੀਚੇਵਾਲ ਮੀਟਿੰਗ
ਸੰਸਦ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵਲੋਂ 5 ਫਰਵਰੀ ਨੂੰ ਦੁਪਹਿਰ 2:00 ਵਜੇ 225 ਐਮ.ਐਲ.ਡੀ. ਟ੍ਰੀਟਮੈਂਟ ਪਲਾਂਟ, ਜਮਾਲਪੁਰ ਵਿੱਚ ਬੁੱਢੇ ਦਰਿਆ ਵਿੱਚ ਵਹਿ ਰਹੇ ਗੰਦੇ ਪਾਣੀ ਦੇ ਪ੍ਰਬੰਧਨ ਬਾਰੇ ਇੱਕ ਮੀਟਿੰਗ ਬੁਲਾਈ ਗਈ ਹੈ। ਇਸ ਮੀਟਿੰਗ ਵਿੱਚ ਲੁਧਿਆਣਾ ਦੇ 8 ਪਿੰਡਾਂ ਵਿੱਚ ਗੰਦੇ ਪਾਣੀ ਦੇ ਹੱਲ ਅਤੇ ਪ੍ਰਬੰਧਨ 'ਤੇ ਵਿਚਾਰ ਕੀਤਾ ਜਾਵੇਗਾ। ਮੀਟਿੰਗ ਤੋਂ ਪਹਿਲਾਂ ਸੰਤ ਸੀਚੇਵਾਲ ਅਧਿਕਾਰੀਆਂ ਨਾਲ ਕੁਝ ਪਿੰਡਾਂ ਤੇ ਡੇਅਰੀਆ ਦਾ ਦੌਰਾ ਕਰਨਗੇ। ਮੀਟਿੰਗ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਅਤੇ ਸਬੰਧਤ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਹਾਜ਼ਰ ਰਹਿਣਗੇ।