ਵਿਦਿਆਰਥੀਆਂ ਦੇ ਵਿਕਾਸ ਲਈ ਵਰਦਾਨ: ਮਾਪੇ-ਅਧਿਆਪਕ ਮਿਲਣੀ
ਸਿੱਖਿਆ ਕਿਸੇ ਵੀ ਸਮਾਜ ਦੀ ਨੀਂਹ ਹੁੰਦੀ ਹੈ, ਅਤੇ ਇਸ ਨੀਂਹ ਨੂੰ ਮਜ਼ਬੂਤ ਬਣਾਉਣ ਲਈ ਮਾਪਿਆਂ ਅਤੇ ਅਧਿਆਪਕਾਂ ਦੀ ਭੂਮਿਕਾ ਸਭ ਤੋਂ ਮਹੱਤਵਪੂਰਨ ਰਹਿੰਦੀ ਹੈ। ਵਿਦਿਆਰਥੀ ਇੱਕ ਖਾਲੀ ਪਿਆਲਾ ਹੁੰਦੇ ਹਨ, ਜਿਸ ਨੂੰ ਗਿਆਨ ਦੀ ਰੋਸ਼ਨੀ ਨਾਲ ਭਰਨ ਲਈ ਘਰ ਅਤੇ ਸਕੂਲ ਦੋਵੇਂ ਥਾਵਾਂ ਤੋਂ ਸਮਰਥਨ ਮਿਲਣਾ ਬਹੁਤ ਜ਼ਰੂਰੀ ਹੁੰਦਾ ਹੈ। ਇਹੀ ਕਾਰਨ ਹੈ ਕਿ ਮੌਜੂਦਾ ਪੰਜਾਬ ਸਰਕਾਰ ਵੱਲੋਂ "ਮਾਪੇ-ਅਧਿਆਪਕ ਮਿਲਣੀ" ਦੇ ਪ੍ਰੋਗਰਾਮ ਨੂੰ ਵਧੇਰੇ ਪ੍ਰਭਾਵਸ਼ਾਲੀ ਬਣਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਮੌਜੂਦਾ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਅਤੇ ਸਿੱਖਿਆ ਮੰਤਰੀ ਪੰਜਾਬ ਸਰਦਾਰ ਹਰਜੋਤ ਸਿੰਘ ਬੈਂਸ ਜੀ ਦੀ ਦੂਰਅੰਦੇਸ਼ੀ ਸੋਚ ਤਹਿਤ, ਇਹ ਪ੍ਰੋਗਰਾਮ ਨਿਰੰਤਰ ਲੜੀ ਦੇ ਰੂਪ ਵਿੱਚ ਸਕੂਲਾਂ ਵਿੱਚ ਚਲਾਇਆ ਜਾ ਰਿਹਾ ਹੈ, ਜੋ ਵਿਦਿਆਰਥੀਆਂ ਦੇ ਵਿਕਾਸ ਲਈ ਇਕ ਬਹੁਤ ਵੱਡਾ ਵਰਦਾਨ ਸਾਬਤ ਹੋ ਰਿਹਾ ਹੈ।
ਮਾਪੇ-ਅਧਿਆਪਕ ਮਿਲਣੀ ਦੀ ਲੋੜ ਅਤੇ ਮਹੱਤਤਾ ਬਹੁਤ ਜਿਆਦਾ ਹੈ। ਇੱਕ ਵਿਦਿਆਰਥੀ ਦੇ ਸੰਪੂਰਨ ਵਿਕਾਸ ਵਿੱਚ ਤਿੰਨ ਮੁੱਖ ਹਿੱਸੇਦਾਰ ਹੁੰਦੇ ਹਨ - ਮਾਪੇ, ਅਧਿਆਪਕ, ਅਤੇ ਵਿਦਿਆਰਥੀ ਆਪ । ਅਧਿਆਪਕ ਵਿਦਿਆਰਥੀ ਨੂੰ ਸਕੂਲ ਵਿੱਚ ਸਿੱਖਣ ਦੀ ਪ੍ਰੇਰਣਾ ਦਿੰਦੇ ਹਨ, ਪਰ ਘਰ ਵਿੱਚ ਮਾਪਿਆਂ ਦੀ ਭੂਮਿਕਾ ਵੀ ਉਨੀ ਹੀ ਮਹੱਤਵਪੂਰਨ ਰਹਿੰਦੀ ਹੈ। ਜਦ ਤੱਕ ਮਾਪੇ ਅਤੇ ਅਧਿਆਪਕ ਮਿਲ ਕੇ ਵਿਦਿਆਰਥੀ ਦੀ ਤਰੱਕੀ ਲਈ ਕੰਮ ਨਹੀਂ ਕਰਦੇ, ਉਦੋਂ ਤੱਕ ਬੱਚਾ ਆਪਣੀ ਮੰਜਿਲ ਦੀ ਪ੍ਰਾਪਤੀ ਤੱਕ ਨਹੀਂ ਪਹੁੰਚ ਸਕਦਾ। ਇਸ ਲਈ, ਮਾਪੇ-ਅਧਿਆਪਕ ਮਿਲਣੀ ਇੱਕ ਐਸੀ ਪ੍ਰਕਿਰਿਆ ਬਣ ਗਈ ਹੈ, ਜਿਸ ਵਿੱਚ ਦੋਵੇਂ ਧਿਰਾਂ (ਮਾਪੇ ਅਤੇ ਅਧਿਆਪਕ) ਵਿਦਿਆਰਥੀ ਦੀ ਪ੍ਰਗਤੀ ਬਾਰੇ ਵਿਚਾਰ-ਵਟਾਂਦਰਾ ਕਰਦੇ ਹਨ।
ਪਹਿਲਾਂ, ਪਿਛਲੀਆਂ ਸਰਕਾਰਾਂ ਦੇ ਸਮੇਂ ਇਹ ਪ੍ਰੋਗਰਾਮ ਸਿਰਫ਼ ਇੱਕ ਰਸਮੀ ਪ੍ਰਕਿਰਿਆ ਜਾਪਦਾ ਸੀ, ਜਿਸ ਵਿੱਚ ਵਿਦਿਆਰਥੀਆਂ ਦੀ ਹਾਜ਼ਰੀ ਜਾਂ ਪ੍ਰੀਖਿਆ ਦੇ ਨਤੀਜੇ ਦੱਸਣ ਤੱਕ ਹੀ ਗੱਲ ਸੀਮਿਤ ਰਹਿੰਦੀ ਸੀ। ਪਰ ਮੌਜੂਦਾ ਪੰਜਾਬ ਸਰਕਾਰ ਨੇ ਇਸ ਪ੍ਰੋਗਰਾਮ ਨੂੰ ਇਕ ਨਵੇਂ ਮੁਕਾਮ ਤੱਕ ਪਹੁੰਚਾਇਆ ਹੈ। ਹੁਣ ਮਾਪੇ-ਅਧਿਆਪਕ ਮਿਲਣੀ ਸਿਰਫ਼ ਇੱਕ ਦਿਨ ਦੀ ਕਾਰਵਾਈ ਨਹੀਂ ਰਹੀ, ਸਗੋਂ ਇਹ ਇੱਕ ਲਗਾਤਾਰ ਚੱਲਣ ਵਾਲੀ ਲੜੀ ਬਣ ਚੁੱਕੀ ਹੈ। ਹਰ ਵਿਦਿਆਰਥੀ ਦੀ ਵਿਅਕਤੀਗਤ ਤਰੱਕੀ ਦੀ ਜਾਂਚ ਕਰਕੇ, ਉਸ ਦੇ ਆਉਣ ਵਾਲੇ ਭਵਿੱਖ ਬਾਰੇ ਵਿਸ਼ਲੇਸ਼ਣ ਕਰਨਾ ਅਤੇ ਜੇਕਰ ਕਿਸੇ ਖੇਤਰ ਵਿੱਚ ਉਹ ਪਿੱਛੇ ਰਹਿ ਗਿਆ ਹੋਵੇ, ਤਾਂ ਉਸ ਨੂੰ ਬਿਹਤਰ ਬਣਾਉਣ ਲਈ ਯੋਜਨਾਬੱਧ ਤਰੀਕਿਆਂ ਦੀ ਚਰਚਾ ਕਰਨੀ – ਇਹ ਸਭ ਹੁਣ ਮਾਪੇ-ਅਧਿਆਪਕ ਮਿਲਣੀ ਦਾ ਹਿੱਸਾ ਬਣ ਗਿਆ ਹੈ।
ਮੌਜੂਦਾ ਸਰਕਾਰ ਦੀ ਦੂਰਅੰਦੇਸ਼ੀ ਸੋਚ ਅਤੇ ਉਪਰਾਲਿਆਂ ਤਹਿਤ ਹੀ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਅਤੇ ਸਿੱਖਿਆ ਮੰਤਰੀ ਪੰਜਾਬ ਸਰਦਾਰ ਹਰਜੋਤ ਸਿੰਘ ਬੈਂਸ ਜੀ ਨੇ ਆਪਣੀ ਸਰਕਾਰ ਦੇ ਸ਼ੁਰੂਆਤੀ ਦਿਨਾਂ ਤੋਂ ਹੀ ਸਿੱਖਿਆ ਪ੍ਰਣਾਲੀ ਵਿੱਚ ਸੁਧਾਰ ਲਿਆਉਣ ਉਤੇ ਧਿਆਨ ਦਿੱਤਾ ਹੈ। ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੀ ਗੁਣਵੱਤਾ ਨੂੰ ਨਵੀਂ ਉਚਾਈਆਂ ਤੱਕ ਲੈ ਜਾਣ ਲਈ, ਉਨ੍ਹਾਂ ਨੇ ਵਿਸ਼ੇਸ਼ ਤੌਰ ਤੇ ਮਾਪੇ-ਅਧਿਆਪਕ ਮਿਲਣੀ ਪ੍ਰੋਗਰਾਮ ਉੱਤੇ ਧਿਆਨ ਦਿੱਤਾ ਹੈ। ਪਹਿਲਾਂ, ਪਿਛਲੀਆਂ ਸਰਕਾਰਾਂ ਦੇ ਸਮੇਂ ਇਹ ਪ੍ਰੋਗਰਾਮ ਸਿਰਫ਼ ਇੱਕ ਦਿਨ ਦੀ ਇੱਕ ਸੰਖੇਪ ਮੀਟਿੰਗ ਹੁੰਦੀ ਸੀ, ਪਰ ਹੁਣ ਇਸ ਨੂੰ ਵਿਦਿਆਰਥੀਆਂ ਦੇ ਵਿਕਾਸ ਦੀ ਇੱਕ ਨਿਰੰਤਰ ਪ੍ਰਕਿਰਿਆ ਵਜੋਂ ਲਿਆ ਜਾ ਰਿਹਾ ਹੈ। ਇਸ ਮਿਲਣੀ ਦੀ ਮਿਤੀ ਤੈਅ ਕੀਤੀ ਜਾਂਦੀ ਹੈ ਅਤੇ ਪੂਰੇ ਪੰਜਾਬ ਵਿੱਚ ਇਸ ਦਾ ਵਿਆਪਕ ਪ੍ਰਚਾਰ-ਪ੍ਰਸਾਰ ਕੀਤਾ ਜਾਂਦਾ ਹੈ ਤਾਂ ਜੋ ਵੱਧ ਤੋਂ ਵੱਧ ਮਾਪੇ ਆਪਣੇ ਆਪਣੇ ਕੰਮ-ਕਾਜ ਤੋਂ ਸਮਾਂ ਕੱਢਕੇ, ਬੱਚਿਆਂ ਦੀ ਕਾਰਗੁਜ਼ਾਰੀ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਣ। ਇਹ ਮਾਪੇ-ਅਧਿਆਪਕ ਮਿਲਣੀਆਂ ਇੱਕ ਉਪਚਾਰਕਤਾ ਨਹੀਂ ਰਹੀਆਂ, ਸਗੋਂ ਵਿਦਿਆਰਥੀ ਦੇ ਬਹੁ-ਪੱਖੀ ਤਰੱਕੀ ਲਈ ਇੱਕ ਮਜ਼ਬੂਤ ਮੰਚ ਬਣ ਗਈਆਂ ਹਨ।
ਸਿੱਖਿਆ ਮੰਤਰੀ ਪੰਜਾਬ ਸਰਦਾਰ ਹਰਜੋਤ ਸਿੰਘ ਬੈਂਸ ਜੀ ਨੇ ਵਿਭਾਗੀ ਅਧਿਕਾਰੀਆਂ ਨੂੰ ਸਖਤ ਹਦਾਇਤਾਂ ਦਿੱਤੀਆਂ ਹਨ ਕਿ ਇਹ ਮਾਪੇ-ਅਧਿਆਪਕ ਮਿਲਣੀਆਂ ਕੇਵਲ ਇੱਕ ਉਪਚਾਰਕਤਾ ਤੱਕ ਸੀਮਿਤ ਨਾ ਰਹਿਣ, ਸਗੋਂ ਮਾਪਿਆਂ ਨੂੰ ਸਕੂਲ ਪ੍ਰਣਾਲੀ ਨਾਲ ਹੋਰ ਵਧੇਰੇ ਜੁੜਨ ਲਈ ਪ੍ਰੇਰਿਤ ਕੀਤਾ ਜਾਵੇ। ਇਸ ਲਈ ਹੁਣ ਮਾਪੇ-ਅਧਿਆਪਕ ਮਿਲਣੀ ਵਿੱਚ ਵਿਦਿਆਰਥੀ ਦੀ ਅਕਾਦਮਿਕ ਪ੍ਰਗਤੀ, ਵਿਵਹਾਰਕ ਪ੍ਰਗਤੀ, ਮਨੋਵਿਗਿਆਨਕ ਵਿਸ਼ਲੇਸ਼ਣ, ਅਤੇ ਭਵਿੱਖ ਦੀ ਯੋਜਨਾ ਬਾਰੇ ਵਿਸ਼ੇਸ਼ ਚਰਚਾ ਕੀਤੀ ਜਾਂਦੀ ਹੈ। ਮਾਪੇ-ਅਧਿਆਪਕ ਮਿਲਣੀ ਇੱਕ ਕਾਮਯਾਬ ਉਪਰਾਲਾ ਬਣ ਰਿਹਾ ਹੈ। ਮਾਪੇ-ਅਧਿਆਪਕ ਮਿਲਣੀ ਦਾ ਸਭ ਤੋਂ ਵੱਡਾ ਲਾਭ ਇਹ ਹੈ ਕਿ ਇਹ ਵਿਦਿਆਰਥੀ ਦੇ ਸਿੱਖਣ ਦੇ ਤਰੀਕੇ, ਉਸ ਦੀ ਸਮੱਸਿਆਵਾਂ, ਅਤੇ ਉਸ ਦੀ ਭਵਿੱਖੀ ਯੋਜਨਾ ਬਾਰੇ ਇੱਕ ਸਪਸ਼ਟ ਤਸਵੀਰ ਬਣਾਉਂਦੀ ਹੈ। ਇਹ ਮਿਲਣੀਆਂ ਵਿਦਿਆਰਥੀ, ਮਾਪੇ, ਅਤੇ ਅਧਿਆਪਕ ਤਿੰਨੇ ਪਾਸਿਆਂ ਲਈ ਲਾਭਕਾਰੀ ਹੋ ਰਹੀਆਂ ਹਨ। ਇਹ ਮਿਲਣੀ ਵਿਦਿਆਰਥੀ ਨੂੰ ਇਹ ਮਹਿਸੂਸ ਕਰਵਾਉਂਦੀ ਹੈ ਕਿ ਉਸ ਦੀ ਤਰੱਕੀ ਲਈ ਅਧਿਆਪਕ ਅਤੇ ਮਾਪੇ ਦੋਵੇਂ ਸੰਜੀਦਾ ਹਨ। ਇਹ ਪ੍ਰੋਗਰਾਮ ਮਾਪਿਆਂ ਨੂੰ ਆਪਣੇ ਬੱਚੇ ਦੀ ਅਕਾਦਮਿਕ ਪ੍ਰਗਤੀ ਅਤੇ ਆਚਰਣ ਬਾਰੇ ਵਿਸ਼ਲੇਸ਼ਣ ਦੀ ਸੁਵਿਧਾ ਦਿੰਦਾ ਹੈ।
ਅਧਿਆਪਕ ਵੀ ਵਿਦਿਆਰਥੀ ਦੀ ਕਮਜ਼ੋਰੀਆਂ ਨੂੰ ਪਹਿਚਾਣ ਕੇ ਉਸ ਦੇ ਵਿਅਕਤੀਗਤ ਵਿਕਾਸ ਸੰਬੰਧੀ ਯੋਜਨਾ ਬਣਾਉਣ ਵਿੱਚ ਸਹਾਇਕ ਹੁੰਦੇ ਹਨ। ਮਾਪੇ-ਅਧਿਆਪਕ ਮਿਲਣੀ ਪ੍ਰੋਗਰਾਮ ਦਾ ਸੰਚਾਲਨ ਜਿਸ ਤਰੀਕੇ ਨਾਲ ਕੀਤਾ ਜਾ ਰਿਹਾ ਹੈ, ਉਸ ਨੂੰ ਦੇਖਦੇ ਹੋਏ ਇਹ ਆਸ ਕੀਤੀ ਜਾ ਸਕਦੀ ਹੈ ਕਿ ਆਉਣ ਵਾਲੇ ਸਮਿਆਂ ਵਿੱਚ ਮਾਪੇ-ਅਧਿਆਪਕ ਮਿਲਣੀ ਪ੍ਰੋਗਰਾਮ ਪੰਜਾਬ ਦੇ ਸਕੂਲਾਂ ਦਾ ਇਹ ਇੱਕ ਨਿਯਮਿਤ ਅਤੇ ਅਟੂਟ ਹਿੱਸਾ ਬਣ ਜਾਵੇਗਾ। ਮਾਪੇ-ਅਧਿਆਪਕ ਮਿਲਣੀ ਪ੍ਰੋਗਰਾਮ ਵਿਦਿਆਰਥੀ ਦੇ ਭਵਿੱਖ ਨੂੰ ਸੰਵਾਰਣ ਵਿੱਚ ਕੇਵਲ ਇੱਕ ਉਪਰਾਲਾ ਹੀ ਨਹੀਂ, ਸਗੋਂ ਵਿਦਿਆਰਥੀਆਂ ਦੇ ਭਵਿੱਖ ਨੂੰ ਲੈਕੇ ਮੌਜੂਦਾ ਪੰਜਾਬ ਸਰਕਾਰ ਦੀ ਸੰਜੀਦਾ ਸੋਚ ਦਾ ਮੁਜਾਹਰਾ ਵੀ ਹੈ। ਅਸੀਂ ਇਹ ਉਮੀਦ ਕਰਦੇ ਹਾਂ ਕਿ ਮੌਜੂਦਾ ਪੰਜਾਬ ਸਰਕਾਰ ਇਸ ਪ੍ਰੋਗਰਾਮ ਨੂੰ ਹੋਰ ਵਧੀਆ ਬਣਾਉਣ ਦੀ ਕੋਸ਼ਿਸ਼ ਕਰੇਗੀ, ਕਿਉਂਕਿ ਇਹ ਪ੍ਰੋਗਰਾਮ ਸਿੱਖਿਆ ਪ੍ਰਣਾਲੀ ਵਿੱਚ ਇੱਕ ਬਹੁਤ ਵੱਡਾ ਇਨਕਲਾਬ ਸਾਬਤ ਰਿਹਾ ਹੈ। ਇਸ ਲਈ ਬਿਨ੍ਹਾਂ ਸ਼ੱਕ ਇਹ ਕਿਹਾ ਜਾ ਸਕਦਾ ਹੈ ਕਿ ਮਾਪੇ-ਅਧਿਆਪਕ ਮਿਲਣੀ ਵਿਦਿਆਰਥੀਆਂ ਦੇ ਸੰਪੂਰਨ ਵਿਕਾਸ ਲਈ ਇੱਕ ਬੇਮਿਸਾਲ ਵਰਦਾਨ ਹੈ।
-
ਸੰਦੀਪ ਕੁਮਾਰ, ਐਮ.ਸੀ.ਏ, ਐਮ.ਏ ਮਨੋਵਿਗਆਨ ਰੂਪਨਗਰ
liberalthinker1621@gmail.com
-7009807121
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.