ਪੰਜਾਬੀ ਯੂਨੀਵਰਸਿਟੀ ਵਿਖੇ ਡਾ. ਸਿਮਰਜੋਤ ਸਿੰਘ ਸਰੀਂ ਨੇ ਦਿਲ ਦੀ ਤੰਦਰੁਸਤੀ ਬਾਰੇ ਦਿੱਤਾ ਭਾਸ਼ਣ
ਪਟਿਆਲਾ, 4 ਫ਼ਰਵਰੀ 2025 - ਪੰਜਾਬੀ ਯੂਨੀਵਰਸਿਟੀ ਦੇ ਯੂ.ਜੀ.ਸੀ. ਮਾਲਵੀਆ ਮਿਸ਼ਨ ਟੀਚਰ ਟ੍ਰੇਨਿੰਗ ਸੈਂਟਰ ਵਿਖੇ ਚੱਲ ਰਹੇ ਗੁਰੂ ਦਕਸ਼ਤਾ ਫ਼ੈਕਲਟੀ ਇੰਡਕਸ਼ਨ ਪ੍ਰੋਗਰਾਮ ਤਹਿਤ ਡਾ. ਸਿਮਰਜੋਤ ਸਿੰਘ ਸਰੀਂ ਨੇ ਵਿਸ਼ੇਸ਼ ਮਾਹਿਰ ਵਜੋਂ ਸ਼ਿਰਕਤ ਕਰਦਿਆਂ ਦਿਲ ਦੀ ਤੰਦਰੁਸਤੀ, ਦੇਖਭਾਲ ਅਤੇ ਮਜ਼ਬੂਤੀ ਦੇ ਹਵਾਲੇ ਨਾਲ਼ ਭਾਸ਼ਣ ਦਿੱਤਾ।
ਡਾ. ਸਿਮਰਜੋਤ ਸਿੰਘ ਸਰੀਂ ਨੇ ਆਪਣੇ ਭਾਸ਼ਣ ਦੌਰਾਨ ਵੱਖ ਵੱਖ ਨੁਕਤਿਆਂ ਉੱਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਮਨੁੱਖ ਨੂੰ ਆਪਣੇ ਦਿਲ ਨੂੰ ਸਿਹਤਮੰਦ ਅਤੇ ਮਜ਼ਬੂਤ ਰੱਖਣ ਲਈ ਕਿਹੜੀਆਂ ਵਿਸ਼ੇਸ਼ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਅਤੇ ਦਿਲ ਦੀ ਕਿਸ ਤਰ੍ਹਾਂ ਬਿਹਤਰ ਦੇਖਭਾਲ ਕੀਤੀ ਜਾ ਸਕਦੀ ਹੈ। ਡਾ. ਸਰੀਨ ਨੇ ਕਿਹਾ ਕਿ ਸਾਰਿਆਂ ਨੂੰ ਨਿਯਮਤ ਕਸਰਤ ਕਰਦਿਆਂ ਸੰਤੁਲਿਤ ਖੁਰਾਕ ਦੀ ਵਰਤੋਂ ਕਰ ਕੇ ਕੋਲੈਸਟ੍ਰੋਲ ਅਤੇ ਬਲੱਡ ਸ਼ੂਗਰ ਨੂੰ ਕਾਬੂ ਵਿੱਚ ਰੱਖਣਾ ਚਾਹੀਦਾ ਹੈ। ਵਿਅਕਤੀ ਨੂੰ ਨਿਯਮਿਤ ਤੌਰ 'ਤੇ ਬਲੱਡ ਪ੍ਰੈਸ਼ਰ ਦੀ ਨਿਗਰਾਨੀ ਕਰਵਾਉਣੀ ਚਾਹੀਦੀ ਹੈ ਅਤੇ ਜੇਕਰ ਕੋਈ ਲੱਛਣ ਦਿਖਾਈ ਦਿੰਦੇ ਹਨ ਤਾਂ ਤੁਰੰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।
ਇਸ ਤੋਂ ਪਹਿਲਾਂ ਯੂ.ਜੀ.ਸੀ. ਮਾਲਵੀਆ ਮਿਸ਼ਨ ਅਧਿਆਪਕ ਸਿਖਲਾਈ ਕੇਂਦਰ ਦੇ ਡਾਇਰੈਕਟਰ ਡਾ. ਰਮਨ ਮੈਣੀ ਨੇ ਸਵਾਗਤੀ ਭਾਸ਼ਣ ਦੌਰਾਨ ਦੱਸਿਆ ਕਿ ਡਾ. ਸਿਮਰਜੋਤ ਸਿੰਘ ਸਰੀਂ ਪਟਿਆਲਾ ਹਾਰਟ ਹਸਪਤਾਲ ਵਿਖੇ ਦਿਲ ਦੇ ਰੋਗਾਂ ਸਬੰਧੀ ਮਾਹਿਰ ਡਾਕਟਰ ਹਨ। ਉਨ੍ਹਾਂ ਮਾਲਵੀਆ ਮਿਸ਼ਨ ਅਧਿਆਪਕ ਸਿਖਲਾਈ ਕੇਂਦਰ ਵੱਲੋਂ ਆਯੋਜਿਤ 4 ਹਫ਼ਤਿਆਂ ਦੇ ਫੈਕਲਟੀ ਇੰਡਕਸ਼ਨ ਪ੍ਰੋਗਰਾਮ ਵਿੱਚ ਨਿਰੰਤਰ ਲੈਕਚਰ ਲੜੀ ਦੇ ਹਿੱਸੇ ਵਜੋਂ ਇਹ ਵਿਸ਼ੇਸ਼ ਭਾਸ਼ਣ ਦਿੱਤਾ ਹੈ।
ਇਸ ਭਾਸ਼ਣ ਵਿੱਚ ਡਾ. ਰੇਗੀਨਾ ਮੈਣੀ, ਸੀਨੀਅਰ ਮੈਡੀਕਲ ਅਫਸਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਸ਼੍ਰੀ. ਸਤਵੀਰ ਸਿੰਘ ਇੰਚਾਰਜ ਸੀਨੀਅਰ ਸੈਕੰਡਰੀ ਮਾਡਲ ਸਕੂਲ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਸ੍ਰੀ ਹਰਪ੍ਰੀਤ ਸਿੰਘ ਰੰਧਾਵਾ, ਵਾਈਸ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਬਹਾਦਰਗੜ੍ਹ, ਕੋਰਸ ਕੋਆਰਡੀਨੇਟਰ ਡਾ. ਅਨੂਪ ਠਾਕੁਰ ਅਤੇ ਸਹਿ ਕੋਆਰਡੀਨੇਟਰ ਡਾ. ਕਰਮਜੀਤ ਸਿੰਘ ਮੌਜੂਦ ਰਹੇ।
ਅੰਤ ਵਿੱਚ ਡਾ. ਰੇਗੀਨਾ ਮੈਣੀ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।