Babushahi Special: ਦੀਵਾ ਬਾਲਾਂਗੇ ਹਨੇਰਿਆਂ ਦੀ ਹਿੱਕ ਤੇ ਝੱਖੜਾ ਤੂੰ ਝੂਲਦਾ ਰਹੀਂ
ਅਸ਼ੋਕ ਵਰਮਾ
ਬਠਿੰਡਾ, 3 ਫਰਵਰੀ 2025: ਜੱਗੋਂ ਤੇਰ੍ਹਵੀਂ ਇਕੱਲੇ ਕਿਸਾਨ ਲਾਲ ਸਿੰਘ ਨਾਲ ਨਹੀਂ ਹੋਈ ਸਗੋਂ ਹਜ਼ਾਰਾਂ ਕਿਸਾਨ ਉਜਾੜੇ ਦੀ ਚੀਸ ਹੰਢਾ ਰਹੇ ਹਨ। ਹੁਣ ਹਕੂਮਤੀ ਝੱਖੜ ਖਿਲਾਫ ਬਠਿੰਡਾ ਜਿਲ੍ਹੇ ਦੇ ਪਿੰਡ ਜਿਉਂਦ ਤੋਂ ਮੁੱਢ ਬੱਝਿਆ ਹੈ। ਇਸ ਪਿੰਡ ਦੇ ਹੀ ਨਹੀਂ ਬਲਕਿ ਪੰਜਾਬ ਦੇ ਕਿਸਾਨਾਂ ਨੇ ਮਹਿਸੂਸ ਕਰ ਲਿਆ ਹੈ ਕਿ ਜੇਕਰ ਹੁਣ ਚੁੱਪ ਬੈਠੇ ਤਾਂ ਜਿੰਦਗੀ ਭਰ ਬੋਲਣ ਦਾ ਮੌਕਾ ਨਹੀਂ ਮਿਲਣਾ ਹੈ। ਪੰਜਾਬ ’ਚ ਹਜ਼ਾਰਾਂ ਏਕੜ ਜਮੀਨ ਦੇ ਵਾਰਸ ਹੁਣ ਕਿਸਾਨ ਨਹੀਂ ਰਹੇ। ਇਸ ਕਾਰਪੋਰੇਟੀ ਹੱਲੇ ਤੋਂ ਪੈਲੀਆਂ ਦੀ ਰਾਖੀ ਲਈ ਕਿਸਾਨ ਧਿਰਾਂ ਨੇ 13 ਫਰਵਰੀ ਨੂੰ ਜਿਉਂਦ ਵਿਖੇ ਜਮੀਨੀ ਸੰਗਰਾਮ ਕਾਨਫਰੰਸ ਸੱਦ ਲਈ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਦਾ ਕਹਿਣਾ ਸੀ ਕਿ ਇਸ ਮੌਕੇ ਜਮੀਨਾਂ ਤੇ ਹੋ ਰਹੇ ਹਮਲਿਆਂ ਬਾਰੇ ਰਣਨੀਤੀ ਘੜਨ ਅਤੇ ਪੈਲੀਆਂ ਦੀ ਰਾਖੀ ਲਈ ਪ੍ਰੋਗਰਾਮ ਉਲੀਕਿਆ ਜਾਣਾ ਹੈ।
ਕਿਸਾਨਾਂ ਲਈ ਇਹ ਦਿਨ ਬੜਾ ਹੀ ਮਹੱਤਵਪੂਰਨ ਹੈ ਕਿਉਂਕਿ ਇਸੇ ਫਰਵਰੀ 2006 ਵਿੱਚ ਸਰਕਾਰੀ ਦਾਬੇ ਨਾਲ ‘ਟਰਾਈਡੈਂਟ ਗਰੁੱਪ’ 376 ਏਕੜ ਜ਼ਮੀਨ ਦਾ ਮਾਲਕ ਬਣਿਆ ਸੀ। ਉਦੋਂ ਸਰਕਾਰ ਨੇ ਬਰਨਾਲਾ ਦੇ ਤਿੰਨ ਪਿੰਡਾਂ ਦੀ ਜ਼ਮੀਨ ਐਕੁਆਇਰ ਕੀਤੀ ਸੀ ਜਿਸ ਤੇ ਸ਼ੂਗਰ ਮਿੱਲ ਲਾਉਣੀ ਸੀ। ਇੰਨ੍ਹਾਂ ਪੈਲੀਆਂ ਦੀ ਰਖਵਾਲੀ ਲਈ ਲੜੇ ਘੋਲ ਦੌਰਾਨ ਕਿਸਾਨਾਂ ਨੂੰ ਵੱਡਾ ਮੁੱਲ ਤਾਰਨਾ ਪਿਆ ਅਤੇ ਸੰਘਰਸ਼ ਦੌਰਾਨ ਤਿੰਨ ਕਿਸਾਨ ਜਾਨ ਗੁਆ ਬੈਠੇ ਸਨ ਜਦੋਂਕਿ 71 ਕਿਸਾਨ ਜ਼ਖ਼ਮੀ ਹੋਏ ਅਤੇ ਇੱਕ ਕਿਸਾਨ ਦੀ ਅੱਖ ਚਲੀ ਗਈ ਸੀ। ਇਸ ਮੌਕੇ ਖੂਨ ਖਰਾਬਾ ਵੀ ਹੋਇਆ ਅਤੇ ਪੈਲੀਆਂ ਦੇ ਮਾਲਕ ਵੀ ਉੱਜੜ ਗਏ ਜੋ ਅੱਜ ਤੱਕ ਰਾਸ ਨਹੀਂ ਆਏ ਹਨ।ਬਰਨਾਲਾ ਜਿਲ੍ਹੇ ਦੇ ਪਿੰਡ ਫਤਹਿਗੜ੍ਹ ਛੰਨਾ, ਧੌਲਾ ਤੇ ਸੰਘੇੜਾ ਦੇ ਕਿਸਾਨਾਂ ਦੇ ਹਾਉਕੇ ਤੇ ਵਲਵਲੇ ਇੱਕੋ ਹਨ। ਹੱਥੋਂ ਨਿਕਲੀ ਜ਼ਮੀਨ ਦਾ ਦੁੱਖ ਨਾਂ ਸਹਾਰਦਿਆਂ ਇੱਕ ਕਿਸਾਨ ਖੁਦਕੁਸ਼ੀ ਕਰ ਗਿਆ।
ਪੈਲੀਆਂ ਦਾ ਮਾਲਕ ਰਿਹੈ ਦਿਹਾੜੀਆਂ
ਇੱਥੋਂ ਦੇ ਇੱਕ ਹੋਰ ਕਿਸਾਨ ਦੀ ਜ਼ਮੀਨ ਜਦੋਂ ਖਿਸਕ ਗਈ ਤਾਂ ਪਤਨੀ ਨੇ ਸਦਮੇ ’ਚ ਖੁਦਕੁਸ਼ੀ ਕਰ ਲਈ। ਜੋ ਕਦੇ ਖੇਤਾਂ ਦਾ ਮਾਲਕ ਸੀ ਉਸ ਨੂੰ ਜਿੰਦਗੀ ਦੀ ਗੱਡੀ ਰੋੜ੍ਹਨ ਲਈ ਕਈ ਤਰਾਂ ਦੇ ਪਾਪੜ ਵੇਲਣੇ ਪਏ। ਕਿਸਾਨ ਰਾਮ ਸਿੰਘ ਦੀ 23 ਏਕੜ ਜ਼ਮੀਨ ਦੇ ਮਾਲਕ ਟਰਾਈਡੈਂਟ ਵਾਲੇ ਹਨ, ਜਿਸ ਨੂੰ ਜਮੀਨ ਖਾਤਰ ਤਿੰਨ ਵਾਰ ਉਜੜਨਾ ਪਿਆ। ਇੰਨ੍ਹਾਂ ਪੈਲੀਆਂ ਦਾ ਮਾਲਕ ਰਿਹਾ ਇੱਕ ਕਿਸਾਨ ਤਾਂ ਦਿਹਾੜੀਆਂ ਕਰਦਾ ਹੈ ਅਤੇ ਸਰਕਾਰੀ ਰਿਕਾਰਡ ’ਚ ਉਹ ਬੇਜਮੀਨਾ ਕਿਸਾਨ ਹੈ।ਮਾਨਸਾ ਜ਼ਿਲ੍ਹੇ ਦੇ ਚਾਰ ਪਿੰਡਾਂ ਦੀ ਹੋਣੀ ਵੀ ਕੋਈ ਇਸ ਤੋਂ ਵੱਖਰੀ ਨਹੀਂ। ਅਕਾਲੀ ਭਾਜਪਾ ਗਠਜੋੜ ਸਰਕਾਰ ਨੇ ਅਕਤੂਬਰ 2010 ’ਚ ਪੁਲਿਸ ਦੇ ਦਾਬੇ ਨਾਲ ‘ਇੰਡੀਆ ਬੁੱਲਜ਼ ਲਿਮਟਿਡ’ ਲਈ 871 ਏਕੜ ਜ਼ਮੀਨ ਐਕੁਆਇਰ ਕੀਤੀ ਸੀ। ਇੱਥੇ ਵੀ ਕਿਸਾਨ ਧਿਰਾਂ ਦੀ ਅਗਵਾਈ ਹੇਠ ਜ਼ਮੀਨ ਬਚਾਉਣ ਲਈ ਹਜ਼ਾਰਾਂ ਕਿਸਾਨਾਂ ਨੇ 17 ਮਹੀਨੇ ਘੋਲ ਲੜਿਆ।
ਇਸ ਮੌਕੇ ਹੋਏ ਪੁਲੀਸ ਜਬਰ ’ਚ ਹਮੀਦੀ ਪਿੰਡ ਦੇ ਕਿਸਾਨ ਦੀ ਜਾਨ ਚਲੀ ਗਈ। ਪਿੰਡ ਗੋਬਿੰਦਪੁਰਾ, ਜਲਵੇੜਾ, ਸਿਰਸੀਵਾਲਾ ਤੇ ਬਰੇਟਾ ਦੇ 1882 ਕਿਸਾਨਾਂ ਤੋਂ ਤਾਪ ਬਿਜਲੀ ਘਰ ਲਾਉਣ ਲਈ ਜ਼ਮੀਨ ਤਾਂ ਹਾਸਲ ਕੀਤੀ ਪਰ ਤਕਰੀਬਨ 15 ਸਾਲ ਬਾਅਦ ਤੱਕ ਵੀ ਥਰਮਲ ਨਹੀਂ ਲੱਗ ਸਕਿਆ ਹੈ। ਐਕਵਾਇਰ ਕੀਤੀ ਜਮੀਨ ਜੰਗਲ ਦਾ ਰੂਪ ਧਾਰਨ ਕਰ ਗਈ ਹੈ ਜਿੱਥੇ ਜੰਗਲੀ ਜਾਨਵਰਾਂ ਨੇ ਡੇਰਾ ਲਾਇਆ ਹੋਇਆ ਹੈ ਜੋ ਫਸਲਾਂ ਦਾ ਨੁਕਸਾਨ ਕਰਦੇ ਹਨ। ਕਿਸਾਨ ਆਖਦੇ ਹਨ ਕਿ ਜਮੀਨ ਵੀ ਗਈ ਅਤੇ ਕਾਗਜ਼ੀ ਪ੍ਰੋਜੈਕਟ ਨੇ ਪਿੰਡ ਦੀ ਜ਼ਿੰਦਗੀ ਨਰਕ ਬਣਾ ਦਿੱਤੀ ਹੈ। ਇਸ ਪਿੰਡ ਦੇ ਦੋ ਭਰਾ ਅਜਿਹੇ ਹਨ ਜਿੰਨ੍ਹਾਂ ਦੀ ਸਾਰੀ ਜਮੀਨ ਜਾਂਦੀ ਰਹੀ ਤਾਂ ਪਿੰਡ ਛੱਡਣਾ ਪਿਆ ਸੀ। ਹੋਰ ਜਗ੍ਹਾ ਜਮੀਨ ਲਈ ਪਰ ਪਿੰਡ ਵਰਗੀ ਅਪਣੱਤ ਨਾਂ ਮਿਲੀ ਤਾਂ ਇੱਕ ਭਰਾ ਨੂੰ ਅਧਰੰਗ ਹੋ ਗਿਆ ਜਦੋਂਕਿ ਦੂਸਰਾ ਪਿੰਡ ਦੇ ਉਦਰੇਵੇਂ ’ਚ ਚੱਲ ਵਸਿਆ।
ਥਰਮਲ ਤਾਂ ਲੱਗੇ, ਪਰ ਕਿਸਾਨਾਂ ਪੱਲੇ ਉਜਾੜਾ ਪਿਆ
ਇਸ ਪਿੰਡ ਦਾ ਕਿਸਾਨ ਆਗੂ ਤਰਸੇਮ ਸਿੰਘ ਦੱਸਦਾ ਹੈ ਕਿ ਜਮੀਨ ਵੀ ਗਈ ਤੇ ਪਿੰਡ ਦੇ ਨੌਜਵਾਨਾਂ ਨੂੰ ਨੌਕਰੀਆਂ ਵੀ ਨਹੀਂ ਮਿਲੀਆਂ, ਬਲਕਿ ਘਪਲਾ ਕਰਕੇ ਹੋਰ ਹੀ ਲੈ ਗਏ ਹਨ। ਮਾਨਸਾ ਜ਼ਿਲ੍ਹੇ ’ਚ ਬਣਾਂਵਾਲੀ ਥਰਮਲ ਲਈ ਸਾਲ 2008 ’ਚ ਬਣਾਂਵਾਲੀ, ਪੇਰੋ ਅਤੇ ਰਾਏਪੁਰ ਦੀ ਜ਼ਮੀਨ ਐਕੁਆਇਰ ਕੀਤੀ ਸੀ। ਥਰਮਲ ਤਾਂ ਲੱਗ ਗਿਆ ਪਰ ਪਿੰਡ ਦੇ ਕਾਫੀ ਕਿਸਾਨਾਂ ਪੱਲੇ ਉਜਾੜਾ ਪਿਆ ਅਤੇ ਕਈ ਕਿਸਾਨ ਲੇਬਰ ਚੌਂਕ ਦੇ ਮਜ਼ਦੂਰ ਬਣ ਗਏ ਹਨ। ਗੋਇੰਦਵਾਲ ਅਤੇ ਰਾਜਪੁਰਾ ਥਰਮਲ ਪਲਾਂਟ ਲਈ ਜ਼ਮੀਨਾਂ ਐਕੁਆਇਰ ਹੋਣ ਕਰਕੇ ਕਿਸਾਨਾਂ ਨੂੰ ਉਜਾੜਾ ਝੱਲਣਾ ਪਿਆ। ਇਹ ਕੁੱਝ ਮਿਸਾਲਾਂ ਹਨ ਹੋਰ ਵੀ ਕਾਫੀ ਥਾਵਾਂ ਤੇ ਇਸ ਮਾਮਲੇ ’ਚ ਕਿਸਾਨਾਂ ਨਾਲ ਜੱਗੋਂ ਤੇਰ੍ਹਵੀਂ ਹੋਈ ਹੈ। ਜਦੋਂ ਬਠਿੰਡਾ ਅਤੇ ਲਹਿਰਾ ਮੁਹੱਬਤ ਥਰਮਲ ਪਲਾਂਟ ਲੱਗੇ ਸਨ ਤਾਂ ਉਦੋਂ ਚੰਗਾ ਪੱਖ ਇਹ ਸੀ ਕਿ ਹਰ ਪ੍ਰਭਾਵਿਤ ਪਰਿਵਾਰ ਦੇ ਇੱਕ ਇੱਕ ਜੀਅ ਨੂੰ ਨੌਕਰੀ ਦਿੱਤੀ ਗਈ ਸੀ ਜਦੋਂਕਿ ਬਾਅਦ ’ਚ ਅਜਿਹਾ ਹੋਣਾ ਬੰਦ ਹੋ ਗਿਆ ਹੈ।
ਸਰਕਾਰਾਂ ਕਾਰਪੋਰੇਟ ਪੱਖੀ: ਬੱਗਾ ਸਿੰਘ
ਜਮਹੂਰੀ ਅਧਿਕਾਰ ਸਭਾ ਬਠਿੰਡਾ ਦੇ ਪ੍ਰਧਾਨ ਬੱਗਾ ਸਿੰਘ ਦਾ ਪ੍ਰਤੀਕਰਮ ਸੀ ਕਿ ਕਿਸਾਨਾਂ ਦੀ ਸਿਰਫ਼ ਜ਼ਮੀਨ ਨਹੀਂ ਜਾਂਦੀ ਉਨ੍ਹਾਂ ਦਾ ਜ਼ਮੀਨਾਂ ਨਾਲ ਭਾਵੁਕ ਲਗਾਓ ਦਾ ਵੀ ਕਤਲ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਏਜੰਡਾ ਲੋਕ ਪੱਖੀ ਹੁੰਦਾ ਤਾਂ ਇੰਜ ਨਹੀਂ ਹੋਣਾ ਸੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਜ਼ਮੀਨਾਂ ਖੋਹਣ ਲਈ ਪਹਿਲਾਂ ਵੀ ਕਾਰਪੋਰੇਟ ਪੱਖੀ ਭੂਮਿਕਾ ਨਿਭਾਈ ਹੈ ਅਤੇ ਹੁਣ ਵੀ ਇਹੋ ਹਾਲ ਹੈ।