ਲੈ ਦੱਸ! ਦਿਲ ਸਟੀਲ 'ਤੇ ਜਾ ਡੁੱਲਿਆ..!
ਸਟੀਲ ਦੀਆਂ ਚਾਦਰਾਂ 'ਤੇ ਦਿਲ ਹੋਇਆ ਬੇਈਮਾਨ! ਬਰਨਾਲਾ ਪੁਲਿਸ ਦੇ ਇੰਝ ਚੜੇ ਹੱਥੇ ਚੋਰ!
ਲੁਧਿਆਣਾ ਤੋਂ ਚੋਰੀ ਕੀਤਾ ਸਟੀਲ ਨਾਲ ਭਰਿਆ ਟਰੱਕ ਬਰਨਾਲਾ ਪੁਲਿਸ ਨੇ ਕੀਤਾ ਬਰਾਮਦ
ਕਮਲਜੀਤ ਸਿੰਘ ਸੰਧੂ
ਬਰਨਾਲਾ , 3 ਫਰਵਰੀ 2025: ਲੁਧਿਆਣਾ ਤੋਂ ਚੋਰੀ ਕੀਤਾ ਸਟੀਲ ਨਾਲ ਭਰਿਆ ਟਰੱਕ ਬਰਨਾਲਾ ਪੁਲਿਸ ਦੇ ਵਲੋਂ ਬਰਾਮਦ ਕਰਦਿਆਂ ਹੋਇਆ ਚੋਰਾਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਬਰਨਾਲਾ ਐਸਐਸਪੀ ਸੰਦੀਪ ਕੁਮਾਰ ਮਲਿਕ ਨੇ ਕਿਹਾ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਅਵਤਾਰ ਸਿੰਘ, ਸਰਬਜੀਤ ਸਿੰਘ ਅਤੇ ਗੁਰਮੁਖ ਸਿੰਘ ਨਾਮਕ ਤਿੰਨ ਮੁਲਜ਼ਮਾਂ ਨੇ ਲੁਧਿਆਣਾ ਤੋਂ ਇੱਕ ਟਰੱਕ ਚੋਰੀ ਕੀਤਾ ਹੈ। ਇਸ ਸਬੰਧੀ ਥਾਣਾ ਸਿਟੀ ਬਰਨਾਲਾ ਦੇ ਐਸਐਚਓ ਲਖਵਿੰਦਰ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਇਸ ਮਾਮਲੇ ਵਿੱਚ ਵਧੀਆ ਕੰਮ ਕੀਤਾ ਅਤੇ ਚੋਰੀ ਹੋਇਆ ਟਰੱਕ ਮੁਲਜ਼ਮਾਂ ਤੋਂ ਬਰਾਮਦ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮਾਂ ਤੋਂ 18 ਟਾਇਰਾਂ ਵਾਲੇ ਦੋ ਵੱਡੇ ਟਰੱਕ, 32 ਟਨ ਸਟੀਲ ਦੀਆਂ ਚਾਦਰਾਂ, ਇੱਕ ਮੋਟਰਸਾਈਕਲ, ਗੈਸ ਕਟਰ ਅਤੇ ਗੈਸ ਸਿਲੰਡਰ ਬਰਾਮਦ ਕੀਤੇ ਗਏ ਹਨ। ਮੁਲਜ਼ਮਾਂ ਨੇ ਟਰੱਕ ਅਤੇ ਸਟੀਲ ਦੀਆਂ ਚਾਦਰਾਂ ਨੂੰ ਗੈਸ ਕਟਰ ਨਾਲ ਕੱਟ ਕੇ ਸਕ੍ਰੈਪ ਵਜੋਂ ਵੇਚਣ ਦੀ ਯੋਜਨਾ ਬਣਾਈ ਸੀ। ਲੁਧਿਆਣਾ ਵਿੱਚ ਇੱਕ ਟਰੱਕ ਚੋਰੀ ਦੇ ਮਾਮਲੇ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਦੋਸ਼ੀ ਪੂਰੀ ਯੋਜਨਾਬੰਦੀ ਨਾਲ ਡਕੈਤੀ ਅਤੇ ਚੋਰੀ ਦੀਆਂ ਇਨ੍ਹਾਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਸਨ। ਜੇਕਰ ਉਨ੍ਹਾਂ ਵੱਲੋਂ ਪਹਿਲਾਂ ਵੀ ਕੋਈ ਚੋਰੀ ਦਾ ਸਾਮਾਨ ਵੇਚਿਆ ਗਿਆ ਹੈ, ਤਾਂ ਉਸਦੀ ਵੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਚੋਰੀ ਹੋਏ ਸਾਰੇ ਸਮਾਨ ਦੀ ਕੀਮਤ ਲਗਭਗ 50 ਲੱਖ ਰੁਪਏ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੂੰ ਰਿਮਾਂਡ 'ਤੇ ਲੈ ਲਿਆ ਗਿਆ ਹੈ।