ਮਜ਼ਬੂਤ ਲੋਕਤੰਤਰ ਦੇ ਨਿਰਮਾਣ ਵਿਚ ਵੋਟਰਾਂ ਦੀ ਮਹੱਤਵਪੂਰਨ ਭੂਮਿਕਾ : ਡਾ. ਅਕਸ਼ਿਤਾ ਗੁਪਤਾ
- ਡੀ.ਏ.ਐਨ ਕਾਲਜ ਵਿਖੇ ਹੋਇਆ ਜ਼ਿਲ੍ਹਾ ਪੱਧਰੀ ਰਾਸ਼ਟਰੀ ਵੋਟਰ ਦਿਵਸ ਸਮਾਗਮ
- ਚੋਣ ਪ੍ਰਕਿਰਿਆ ’ਚ ਵਧੀਆ ਕਾਰਗੁਜ਼ਾਰੀ ਕਰਨ ਵਾਲਿਆਂ ਨੂੰ ਕੀਤਾ ਗਿਆ ਸਨਮਾਨਿਤ
ਪ੍ਰਮੋਦ ਭਾਰਤੀ
ਨਵਾਂ ਸ਼ਹਿਰ 25 ਜਨਵਰੀ,2025 - ਮੁੱਖ ਚੋਣ ਅਫਸਰ ਪੰਜਾਬ ਦੇ ਦਿਸ਼ਾ- ਨਿਰਦੇਸ਼ਾਂ ਅਤੇ ਡਿਪਟੀ ਕਮਿਸ਼ਨਰ-ਕਮ- ਜ਼ਿਲ੍ਹਾ ਚੋਣ ਅਫ਼ਸਰ ਸ਼ਹੀਦ ਭਗਤ ਸਿੰਘ ਨਗਰ ਰਾਜੇਸ਼ ਧੀਮਾਨ ਦੀਆਂ ਹਦਾਇਤਾਂ 'ਤੇ ਡੀ. ਏ. ਐਨ ਕਾਲਜ ਆਫ ਐਜੂਕੇਸ਼ਨ ਫਾਰ ਗਰਲਜ਼ ਨਵਾਂਸ਼ਹਿਰ ਵਿਖੇ ਰਾਸ਼ਟਰੀ ਵੋਟਰ ਦਿਵਸ ਦਾ ਜ਼ਿਲ੍ਹਾ ਪੱਧਰੀ ਸਮਾਗਮ ਕਰਵਾਇਆ ਗਿਆ। ਐਸ.ਡੀ.ਐਮ ਨਵਾਂਸ਼ਹਿਰ ਡਾ. ਅਕਸ਼ਿਤਾ ਗੁਪਤਾ ਨੇ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਜ਼ਿਲ੍ਹਾ ਵਾਸੀਆਂ ਨੂੰ ਰਾਸ਼ਟਰੀ ਵੋਟਰ ਦਿਵਸ ਦੀਆਂ ਸ਼ੁੱਭਕਾਮਨਾਵਾਂ ਦਿੰਦਿਆਂ ਉਨ੍ਹਾਂ ਕਿਹਾ ਕਿ ਲੋਕਤੰਤਰ ਦਾ ਹਿੱਸਾ ਬਣਨ ਲਈ ਵੋਟਰ ਬਣਨਾ ਜ਼ਰੂਰੀ ਹੈ ਅਤੇ ਮਜ਼ਬੂਤ ਲੋਕਤੰਤਰ ਦੇ ਨਿਰਮਾਣ ਵਿਚ ਵੋਟਰਾਂ ਦੀ ਮਹੱਤਵਪੂਰਨ ਭੂਮਿਕਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ ਅਤੇ ਇਸ ਨੂੰ ਸਫਲ ਬਣਾਉਣ ਵਿਚ ਵੋਟਰਾਂ ਦੀ ਭੂਮਿਕਾ ਅਹਿਮ ਰਹੀ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਵੋਟਰਾਂ ਨੂੰ ਆਪਣੇ ਵੋਟ ਦੀ ਵਰਤੋਂ ਕਰਨ ਦੇ ਨਾਲ-ਨਾਲ ਹੋਰਾਂ ਨੂੰ ਵੀ ਵੋਟ ਪਾਉਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ, ਕਿਉਂਕਿ ਵੋਟ ਦਾ ਅਧਿਕਾਰ ਬਹੁਤ ਮਹੱਤਵਪੂਰਨ ਅਧਿਕਾਰ ਹੈ। ਉਨ੍ਹਾਂ ਕਿਹਾ ਕਿ ਸਾਨੂੰ ਬਿਨਾਂ ਕਿਸੇ ਲਾਲਚ ਵਿਚ ਆਏ ਆਪਣੇ ਵਿਵੇਕ ਦੇ ਆਧਾਰ ’ਤੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨੀ ਚਾਹੀਦੀ ਹੈ।
ਵਿਦਿਆਰਥਣਾਂ ਨੇ ਇਸ ਮੌਕੇ ਸੱਭਿਆਚਾਰਕ ਪ੍ਰੋਗਰਾਮ, ਭਾਸ਼ਣਾਂ, ਕਵਿਤਾਵਾਂ, ਗੀਤਾਂ, ਸਕਿੱਟਾਂ, ਡਾਂਸ ਅਤੇ ਗਿੱਧੇ ਰਾਹੀਂ ਭਾਰਤ ਦੇ ਮਜ਼ਬੂਤ ਲੋਕਤੰਤਰ ਅਤੇ ਵੋਟ ਦੀ ਮਹੱਤਤਾ ਅਤੇ ਵੋਟ ਪਾਉਣ ਦਾ ਸੁਨੇਹਾ ਦਿੱਤਾ
ਇਸ ਮੌਕੇ ਨਵੇਂ ਵੋਟਰਾਂ ਨੂੰ ਵੋਟਰ ਸ਼ਨਾਖਤੀ ਕਾਰਡ ਦਿੱਤੇ ਗਏ ਅਤੇ ਵੋਟ ਪਾਉਣ ਸਬੰਧੀ ਸਹੁੰ ਵੀ ਚੁਕਾਈ ਗਈ।
ਇਸੇ ਤਰ੍ਹਾਂ ਵੋਟਰ ਦਿਵਸ ਸਬੰਧੀ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਤੋਂ ਇਲਾਵਾ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਨ ਵਾਲੇ ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ।
ਇਸ ਦੌਰਾਨ ਐਸ.ਡੀ.ਐਮ ਬਲਾਚੌਰ ਰਵਿੰਦਰ ਕੁਮਾਰ ਬਾਂਸਲ ਨੂੰ ਸਰਬੋਤਮ ਈ.ਆਰ.ਓ, ਠਾਕਰ ਪ੍ਰਕਾਸ਼ ਸਿੰਘ ਨੂੰ ਸਰਬੋਤਮ ਨੋਡਲ ਅਫ਼ਸਰ ਫਾਰ ਕਾਲਜਿਜ਼ ਅਤੇ ਰੇਸ਼ਮ ਲਾਲ ਨੂੰ ਸਰਬੋਤਮ ਬੀ.ਐਲ.ਓ ਵਜੋਂ ਸਨਮਾਨਿਤ ਕੀਤਾ। ਇਸ ਤੋਂ ਇਲਾਵਾ ਚੋਣ ਪ੍ਰਕਿਰਿਆ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੀਆਂ ਹੋਰਨਾਂ ਸ਼ਖਸੀਅਤਾਂ ਨੂੰ ਵੀ ਸਨਮਾਨਿਤ ਕੀਤਾ ਗਿਆ, ਜਿਨਾਂ ਵਿਚ ਜ਼ਿਲ੍ਹਾ ਸਵੀਪ ਆਈਕਨ ਜਸਪਾਲ ਸਿੰਘ ਗਿੱਦਾ, ਪੀ. ਡਬਲਿਊ. ਡੀ ਆਈਕਨ ਕਸ਼ਮੀਰ ਸਿੰਘ ਸਨਾਵਾ, ਟਰਾਂਸਜੈਂਡਰ ਆਈਕਨ ਪ੍ਰੀਤੀ ਮਹੰਤ, ਸਵੀਪ ਨੋਡਲ ਅਫਸਰ ਰਜਿੰਦਰ ਕੁਮਾਰ, ਤਰਸੇਮ ਲਾਲ ਤੇ ਰਜਿੰਦਰ ਕੁਮਾਰ, ਜ਼ਿਲ੍ਹਾ ਲੈਵਲ ਮਾਸਟਰ ਟ੍ਰੇਨਰ ਸੁਰਿੰਦਰ ਪਾਲ ਅਗਨੀਹੋਤਰੀ, ਜ਼ਿਲ੍ਹਾ ਲੈਵਲ ਸਹਾਇਕ ਸਵੀਪ ਨੋਡਲ ਅਫ਼ਸਰ ਸਤਨਾਮ ਸਿੰਘ, ਸਵੀਪ ਟੀਮ ਮੈਂਬਰ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਕੰਚਨ ਅਰੋੜਾ, ਹਰਦੀਪ ਕੌਰ ਤੇ ਓਂਕਾਰ ਸਿੰਘ, ਈ.ਐਲ.ਸੀ ਨੋਡਲ ਅਫਸਰ ਜਸਵੀਰ ਸਿੰਘ ਤੇ ਰਜਨੀ ਬਾਲਾ ਤੋਂ ਇਲਾਵਾ ਮਨਦੀਪ ਕੌਰ ਤੇ ਸੁਰਜੀਤ ਕੁਮਾਰ ਦਾ ਸਨਮਾਨ ਹੋਇਆ। ਚੋਣ ਕਾਨੂੰਗੋ ਦਲਜੀਤ ਸਿੰਘ ਅਤੇ ਕਾਲਜ ਦੇ ਪ੍ਰਿੰਸੀਪਲ ਕਰੁਨਾ ਉਬਰਾਏ ਨੇ ਪਹੁੰਚੀਆਂ ਸਾਰੀਆਂ ਸ਼ਖਸੀਅਤਾਂ ਦਾ ਧੰਨਵਾਦ ਕੀਤਾ। ਮੈਡਮ ਸੋਨੀਆ ਅੰਗਰਿਸ਼ ਵੱਲੋਂ ਮੰਚ ਦਾ ਸੰਚਾਲਨ ਬਾਖੂਬੀ ਕੀਤਾ ਗਿਆ।