ਇੰਕਲਾਬ ਜਿੰਦਾਬਾਦ ! ਦਾ ਨਾਅਰਾ,ਸ਼ਹੀਦ ਏ ਆਜ਼ਮ ਭਗਤ ਸਿੰਘ ਨੇ ਦਿੱਤਾ
——————————-
ਮੈਂ ਨਾਸਤਿਕ ਕਿਉਂ ਹਾਂ ! ਬਾਰੇ ਭਗਤ ਸਿੰਘ ਦੀ ਸੋਚ ਸੀ ਕੇ ਉਸਦੀ ਨਾਸਤਿਕਤਾ ਘੁਮੰਡ ਤੋਂ ਪੈਦਾ ਨਹੀਂ ਹੋਈ।ਸਗੋਂ ਉਹ ਸਰਬ ਸ਼ਕਤੀਮਾਨ ਵਿੱਚ ਦ੍ਰਿੜ ਰੱਖਦਾ ਹੈ।ਪਰ ਉਹ ਦੂਸਰਿਆਂ ਵਾਂਗ ਮਿੱਥ ਅਤੇ ਕਲਪਨਾਵਾਂ ’ਤੇ ਵਿਸ਼ਵਾਸ ਨਹੀਂ ਕਰ ਸਕਦਾ।ਫਾਂਸੀ ਤੋਂ ਕੁਝ ਸਮਾਂ ਪਹਿਲਾਂ ਭਗਤ ਸਿੰਘ ਨੇ ਇਹ ਕਹਿੰਦਿਆਂ ਰੱਬ ਦਾ ਨਾਂ ਜੱਪਣ ਤੋਂ ਨਾਂਹ ਕਰ ਦਿੱਤੀ ਕਿ: “ਮੈਂ ਆਪਣੀ ਪੂਰੀ ਜ਼ਿੰਦਗੀ ‘ਚ ਰੱਬ ਨੂੰ ਯਾਦ ਨਹੀਂ ਕੀਤਾ।ਮੈਂ ਕਈ ਵਾਰ ਗਰੀਬਾਂ ਦੇ ਕਲੇਸ਼ ਲਈ ਰੱਬ ਨੂੰ ਕੋਸਿਆ ਹੈ।ਜੇ ਹੁਣ ਮੈਂ ਉਸ ਕੋਲੋਂ ਮੁਆਫ਼ੀ ਮੰਗਾਂ ਤਾਂ ਉਹ ਕਹਿਣਗੇ ਕੇ ਇਸ ਤੋਂ ਵੱਡਾ ਡਰਪੋਕ ਕੋਈ ਨਹੀਂ ਹੈ।ਇਸ ਦਾ ਅੰਤ ਨੇੜੇ ਹੈ, ਇਸ ਲਈ ਮੁਆਫ਼ੀ ਮੰਗਦਾ ਹੈ।” ਉਸਦੇ ਵਿਚਾਰ ਬੜੇ ਸ਼ਪਸ਼ਟ ਸਨ।
ਸਰਦਾਰ ਭਗਤ ਸਿੰਘ 28 ਸਤੰਬਰ 1907 ਨੂੰ ਚੱਕ ਨੰਬਰ 105 ਪਿੰਡ ਬੰਗਾ ਤਹਿਸੀਲ ਜੜਵਾਲਾਂ ਜ਼ਿਲ੍ਹਾ ਲਾਇਲਪੁਰ ਪਾਕਿਸਤਾਨ ਚ ਪਿਤਾ ਸ:ਕਿਸ਼ਨ ਸਿੰਘ ਤੇ ਮਾਤਾ ਵਿਦਿਆਵਤੀ ਦੀ ਕੁੱਖੋਂ ਪੈਦਾ ਹੋਏ ।ਭਗਤ ਸਿੰਘ ਦਾ ਜੱਦੀ ਪਿੰਡ ਖਟਕੜ ਕਲਾਂ ਹੈ ।ਉਨ੍ਹਾਂ ਦੇ ਪਿਤਾ ਅਤੇ ਚਾਚੇ ਸੁਤੰਤਰਤਾ ਸੰਗਰਾਮੀ ਸਨ।ਚਾਚਾ ਅਜੀਤ ਸਿੰਘ ਨੂੰ ਅੰਗਰੇਜ਼ ਸਰਕਾਰ ਨੇ ਅਦਾਲਤੀ ਮਾਮਲਿਆਂ ਤਹਿਤ ਕੈਦ ਕੀਤਾ ਹੋਇਆ ਸੀ।ਜਦੋਂ ਕੇ ਜੇਲ੍ਹ ਵਿੱਚੋਂ ਰਿਹਾਅ ਕੀਤੇ ਜਾਣ ਤੋਂ ਬਾਅਦ ਸੰਨ 1910 ਵਿੱਚ ਲਾਹੌਰ ਵਿੱਚ ਦੂਜੇ ਚਾਚੇ ਸਵਰਨ ਸਿੰਘ ਦੀ ਮੌਤ ਹੋ ਗਈ ਸੀ।ਮੁੱਢਲੀ ਸਿੱਖਿਆ ਲਾਇਲਪੁਰ ਦੇ ਜ਼ਿਲ੍ਹਾ ਬੋਰਡ ਪ੍ਰਾਇਮਰੀ ਸਕੂਲ ਤੋ ਲਈ ਉਸ ਪਿੱਛੋਂ ਉਹ ਡੀਏਵੀ ਹਾਈ ਸਕੂਲ ਲਾਹੌਰ ਵਿੱਚ ਦਾਖਲ ਹੋ ਗਏ ।ਅੰਗਰੇਜ਼ ਇਸ ਸਕੂਲ ਨੂੰ ‘ਰਾਜ ਵਿਰੋਧੀ ਸਰਗਰਮੀਆਂ ਦੀ ਨਰਸਰੀ’ ਮੰਨਦੇ ਸਨ।ਭਗਤ ਸਿੰਘ ਭਾਂਵੇਂ ਰਵਾਇਤੀ ਪੜ੍ਹਾਕੂ ਤਾਂ ਨਹੀਂ ਸੀ।ਪਰ ਉਹ ਵੱਖ-ਵੱਖ ਕਿਤਾਬਾਂ ਜਰੂਰ ਪੜ੍ਹਦਾ ਰਹਿੰਦਾ ਸੀ।ਉਰਦੂ ਭਾਸ਼ਾ ਚ ਉਸ ਨੂੰ ਖ਼ਾਸ ਮੁਹਾਰਤ ਸੀ ਤੇ ਉਹ ਇਸੇ ਭਾਸ਼ਾ ਵਿੱਚ ਆਪਣੇ ਪਿਤਾ ਸ:ਕਿਸ਼ਨ ਸਿੰਘ ਨੂੰ ਚਿੱਠੀ ਪੱਤਰ ਲਿਖਿਆ ਕਰਦਾ ਸੀ।ਸੰਨ 1921 ‘ਚ ਸਰਦਾਰ ਭਗਤ ਸਿੰਘ ਨੇ ਆਪਣੀ 10 ਵੀਂ ਜਮਾਤ ਦੀ ਪੜ੍ਹਾਈ ਅੱਧ ਵਿੱਚ ਛੱਡ ਕੇ ਨਾ-ਮਿਲਵਰਤਣ ਲਹਿਰ ‘ਚ ਸਰਗਰਮੀ ਨਾਲ ਹਿੱਸਾ ਲੈਣ ਲੱਗਾ।ਸੰਨ1919 ਚ ਜਲ੍ਹਿਆਂ ਵਾਲੇ ਬਾਗ ਦੇ ਖੂਨੀ ਸਾਕੇ ਦਾ ਸਰਦਾਰ ਭਗਤ ਸਿੰਘ ਦੇ ਮਨ ’ਤੇ ਬੜਾ ਡੂੰਘਾ ਪ੍ਰਭਾਵ ਪਿਆ ।ਉਹ ਇਸ ਘਟਨਾ ਤੋਂ ਦੂਜੇ ਦਿਨ ਜਲ੍ਹਿਆਂ ਵਾਲੇ ਬਾਗ ਅੰਮ੍ਰਿਤਸਰ ਗਏ ਅਤੇ ਖੂਨ ਨਾਲ ਭਿੱਜੀ ਮਿੱਟੀ ਲੈ ਕੇ ਵਾਪਸ ਆ ਗਏ।ਇਸ ਘਟਨਾ ਨੇ ਉਨ੍ਹਾਂ ਦੇ ਮਨ ‘ਚ ਅੰਗਰੇਜ਼ਾਂ ਪ੍ਰਤੀ ਨਫਰਤ ਦੇ ਭਾਂਬੜ ਬਾਲ ਦਿੱਤੇ।ਫਰਵਰੀ1921 ਨੂੰ ਸ੍ਰੀ ਨਨਕਾਣਾ ਸਾਹਿਬ ਗੁਰਦੁਆਰੇ ਦੇ ਮੋਰਚੇ ਨੇ ਭਗਤ ਸਿੰਘ ਦੇ ਮਨ ਤੇ ਹੋਰ ਡੂੰਘੀ ਛਾਪ ਛੱਡੀ।ਨਾਮਿਲਵਰਤਨ ਅੰਦੋਲਨ ਵਾਪਸ ਲੈਣ ਤੋਂ ਬਾਅਦ ਸਰਦਾਰ ਭਗਤ ਸਿੰਘ ਮਹਾਤਮਾ ਗਾਂਧੀ ਦੇ ਅਹਿੰਸਾ ਦੇ ਸਿਧਾਂਤ ਤੋਂ ਨਿਰਾਸ਼ ਹੋ ਗਿਆ।ਸਰਦਾਰ ਭਗਤ ਸਿੰਘ ਨੇ ਨੌਜਵਾਨ ਇਨਕਲਾਬੀ ਲਹਿਰ ਵਿੱਚ ਸ਼ਾਮਲ ਹੁੰਦਿਆਂ ਬ੍ਰਿਟਿਸ਼ ਸਰਕਾਰ ਦੇ ਹਿੰਸਕ ਵਿਰੋਧ ਦੀ ਵਕਾਲਤ ਸ਼ੁਰੂ ਕਰ ਦਿੱਤੀ।ਬ੍ਰਿਟਿਸ਼ ਸਰਕਾਰ ਨੇ ਭਾਰਤ ਵਿੱਚ ਸਿਆਸੀ ਸਥਿਤੀ ਬਾਰੇ ਰਿਪੋਰਟ ਦੇਣ ਲਈ ਸਾਈਮਨ ਕਮਿਸ਼ਨ ਦੀ ਸਥਾਪਨਾ ਕੀਤੀ।ਭਾਰਤੀ ਸਿਆਸੀ ਪਾਰਟੀਆਂ ਨੇ ਸਾਇਮਨ ਕਮਿਸ਼ਨ ਦਾ ਬਾਈਕਾਟ ਕੀਤਾ।ਕਿਉਂਕਿ ਇਸ ਵਿੱਚ ਕੋਈ ਵੀ ਭਾਰਤੀ ਮੈਂਬਰ ਨਹੀਂ ਸੀ।30 ਅਕਤੂਬਰ 1928 ਨੂੰ ਜਦੋ ਸਾਇਮਨ ਕਮਿਸ਼ਨ ਲਹੌਰ ਪਹੁੰਚਿਆ ਤਾਂ ਲਾਲਾ ਲਾਜਪਤ ਰਾਏ ਦੀ ਅਗਵਾਈ ਚ ਲੋਕਾਂ ਨੇ ਇਸਦਾ ਵਿਰੋਧ ਕੀਤਾ।ਪੁਲੀਸ ਵੱਲੋਂ ਭੀੜ ਨੂੰ ਭਜਾਉਣ ਲਈ ਲਾਠੀਚਾਰਜ ਕੀਤਾ ਗਿਆ। ਜਿਸ ਨਾਲ ਲਾਲਾ ਲਾਜਪਤ ਰਾਏ ਜਖਮੀ ਹੋ ਗਏ ਤੇ ਦਿਲ ਦਾ ਦੌਰਾ ਪੈਣ ਕਾਰਨ 17 ਨਵੰਬਰ 1928 ਨੂੰ ਉਨਾਂ ਦੀ ਮੌਤ ਹੋ ਗਈ।ਉਨਾਂ ਦੀ ਮੌਤ ਦਾ ਬਦਲਾ ਲੈਣ ਲਈ ਸਰਦਾਰ ਭਗਤ ਸਿੰਘ ਨੇ ਅੰਗਰੇਜ਼ ਅਫ਼ਸਰ ਸਕਾਟ ਨੂੰ ਮਾਰਨ ਲਈ ਸ਼ਿਵਰਾਮ ਰਾਜਗੁਰੂ, ਸੁਖਦੇਵ ਥਾਪਰ ਅਤੇ ਚੰਦਰਸ਼ੇਖਰ ਆਜ਼ਾਦ ਵਰਗੇ ਕ੍ਰਾਂਤੀਕਾਰੀਆਂ ਨਾਲ ਮਿਲ ਕੇ ਯੋਜਨਾ ਬਣਾਈ।ਪਰ ਪਛਾਣਨ ਦੀ ਗਲਤੀ ਕਾਰਨ 17 ਦਸੰਬਰ 1928 ਨੂੰ ਉਨਾਂ ਸਹਾਇਕ ਪੁਲੀਸ ਅਫ਼ਸਰ ਜੌਹਨ ਪੀ ਸਾਂਡਰਸ ਨੂੰ ਗੋਲੀ ਮਾਰ ਦਿੱਤੀ।ਜੋ ਲਾਹੌਰ ਵਿਖੇ ਜਿਲ੍ਹਾ ਪੁਲੀਸ ਹੈੱਡਕੁਆਰਟਰ ਤੋਂ ਬਾਹਰ ਨਿਕਲ ਰਿਹਾ ਸੀ।ਅਸਲ ਚ ਸਰਦਾਰ ਭਗਤ ਸਿੰਘ ਖੂਨ-ਖਰਾਬੇ ਦੇ ਜਮ੍ਹਾ ਹੱਕ ‘ਚ ਨਹੀਂ ਸੀ।ਉਸਨੇ ਪਬਲਿਕ ਦੀ ਸੁਰੱਖਿਆ ਲਈ ਬਿਲ ਅਤੇ ਟਰੇਡ ਡਿਸਪਿਊਟਸ ਬਿਲ ਦੇ ਖਿਲਾਫ ਅਸੈਂਬਲੀ ‘ਚ ਨਕਲੀ ਬੰਬ ਸੁੱਟ ਕੇ ਹਕੂਮਤ ਦਾ ਵਿਰੋਧ ਕਰਨ ਦਾ ਫ਼ੈਸਲਾ ਕੀਤਾ।ਇਸ ਲਈ ਸਰਦਾਰ ਭਗਤ ਸਿੰਘ ਤੇ ਬਟੁਕੇਸ਼ਵਰ ਦੱਤ ਨੇ 8 ਅਪਰੈਲ1929 ਨੂੰ ਕੇਂਦਰੀ ਅਸੈਂਬਲੀ ਦੇ ਸੈਂਟਰਲ ਹਾਲ ‘ਚ ਖਾਲੀ ਥਾਂ ਇਹ ਬੰਬ ਸੁੱਟਿਆ।ਉਨਾਂ ਪਰਚੇ ਸੁੱਟੇ ਤੇ ਇੰਕਲਾਬ ਜ਼ਿੰਦਾਬਾਦ ! ਦੇ ਨਾਅਰੇ ਲਾਏ।ਜਦੋਂ ਸਰਦਾਰ ਭਗਤ ਸਿੰਘ ਨੂੰ ਨਕਲੀ ਬੰਬ ਸੁੱਟਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕੇ ਉਸ ਦਾ ਉਦੇਸ਼ ਕਿਸੇ ਨੂੰ ਜਾਨੀ ਨੁਕਸਾਨ ਪਹੁੰਚਾਉਣਾ ਨਹੀਂ ਸੀ ਸਗੋਂ ਸੱਤ-ਸਮੁੰਦਰ ਪਾਰ ਬੈਠੀ ਗੂੰਗੀ ਬੋਲ਼ੀ ਅੰਗਰੇਜ਼ ਹਕੂਮਤ ਦੇ ਕੰਨ ਖੋਲ੍ਹਣਾ ਸੀ।ਇਨਕਬਾਲ ਜ਼ਿੰਦਾਬਾਦ ਦਾ ਨਾਅਰਾ ਉਦੋਂ ਪਹਿਲੀ ਵਾਰ ਸਰਦਾਰ ਭਗਤ ਸਿੰਘ ਨੇ ਦਿੱਤਾ ਸੀ।ਜੋ ਅੱਗੇ ਚੱਲ ਕੇ ਸਾਰੇ ਦੇਸ਼ ਦਾ ਨਾਅਰਾ ਬਣ ਗਿਆ।ਸਾਂਡਰਸ ਕਤਲ ਕੇਸ ਦਾ ਮੁਕੱਦਮਾ10 ਜੁਲਾਈ 1929 ਨੂੰ ਜੇਲ੍ਹ ‘ਚ ਹੀ ਵਿਸ਼ੇਸ਼ ਮੈਜਿਸਟ੍ਰੇਟ ਦੀ ਅਦਾਲਤ ‘ਚ ਸ਼ੁਰੂ ਕੀਤਾ ਗਿਆ।ਇਸ ਮਾਮਲੇ ‘ਚ 25 ਵਿਅਕਤੀ ਨਾਮਜ਼ਦ ਕੀਤੇ ਗਏ ਸਨ।ਇਨਕਲਾਬੀਆਂ ਨੇ ਇਸ ਮੁਕੱਦਮੇ ਪ੍ਰਤੀ ਕੋਈ ਖਾਸ ਗੰਭੀਰਤਾ ਨਹੀਂ ਦਿਖਾਈ।ਇੰਝ ਲੱਗਦਾ ਸੀ ਕਿ ਜਿਵੇਂ ਉਨ੍ਹਾਂ ਦਾ ਇੱਕੋ ਇੱਕ ਮਕਸਦ ਸਿਰਫ ਫਾਂਸੀ ਚੜ੍ਹਨ ਤੱਕ ਹੀ ਸੀਮਿਤ ਸੀ।ਹਕੂਮਤ ਵੱਲੋਂ ਸਰਦਾਰ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਦੇ ਮਾਮਲੇ ਦੀ ਕਾਰਵਾਈ ਲਈ ਤਿੰਨ ਜੱਜਾਂ ਦਾ ਟ੍ਰਿਬਿਊਨਲ ਬਣਾਇਆ ਗਿਆ।ਇਸ ਟ੍ਰਿਬਿਊਨਲ ਨੇ 7 ਅਕਤੂਬਰ 1930 ਨੂੰ ਫੈਸਲਾ ਸੁਣਾਉਂਦੇ ਹੋਏ ਸਰਦਾਰ ਭਗਤ ਸਿੰਘ, ਸੁਖਦੇਵ ਥਾਪਰ ਅਤੇ ਸ਼ਿਵਰਾਮ ਰਾਜਗੁਰੂ ਨੂੰ ਫਾਂਸੀ ਦੀ ਸਜ਼ਾ ਸੁਣਾਈ।ਜੇਲ੍ਹ ਵਿਚ ਭਗਤ ਸਿੰਘ ਨੂੰ ਫਾਂਸੀ ਤੋਂ ਦੋ ਘੰਟੇ ਪਹਿਲਾਂ ਉਸਦਾ ਵਕੀਲ ਪ੍ਰਾਣ ਨਾਥ ਮਹਿਤਾ ਮਿਲਣ ਆਇਆ।ਜਿਸ ਨੇ ਬਾਦ ਚ ਲਿਖਿਆ ਕੇ ਭਗਤ ਸਿੰਘ ਆਪਣੀ ਛੋਟੀ ਜਿਹੀ ਕੋਠੜੀ ‘ਚ ਪਿੰਜਰੇ ‘ਚ ਬੰਦ ਸ਼ੇਰ ਵਾਂਗ ਚੱਕਰ ਲਾ ਰਹੇ ਸਨ।
ਸਰਦਾਰ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੂੰ ਫਾਂਸੀ ਲਾਉਣ ਦੀ ਮਿਤੀ 24 ਮਾਰਚ 1931 ਤਹਿ ਕੀਤੀ ਗਈ ਸੀ।ਪਰ 23 ਮਾਰਚ ਸਵੇਰ ਤੋਂ ਜੇਲ੍ਹ ਦੇ ਬਾਹਰ ਲੋਕਾਂ ਦੀ ਵੱਡੀ ਭੀੜ ਜੁਟਣ ਲੱਗੀ।ਇਸ ਤਰਾਂ ਬਗਾਵਤ ਤੋਂ ਡਰਦਿਆਂ ਅੰਗਰੇਜ਼ ਹਕੂਮਤ ਨੇ 23 ਮਾਰਚ, 1931 ਨੂੰ ਸ਼ਾਮ ਸਾਢੇ ਸੱਤ ਵਜੇ ਫਾਂਸੀ ਦੇਣ ਦੀ ਯੋਜਨਾ ਬਣਾ ਲਈ।ਜਦੋਂ ਸਰਦਾਰ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਫਾਂਸੀ ਦੇ ਤਖਤੇ ਤੱਕ ਲਿਜਾਣ ਲਈ ਪੁਲੀਸ ਕਰਮਚਾਰੀ ਆਏ ਤਾਂ ਕਹਿੰਦੇ ਹਨ ਕੇ ਸਰਦਾਰ ਭਗਤ ਸਿੰਘ ਉਸ ਵਕਤ ਲੈਨਿਨ ਦੀ ਜੀਵਨੀ ਪੜ੍ਹ ਰਿਹਾ ਸੀ। ਉਨਾਂ ਪੁਲਿਸ ਕਰਮਚਾਰੀਆਂ ਨੂੰ ਕਿਹਾ ‘ਰੁਕੋ ਇਕ ਕ੍ਰਾਂਤੀਕਾਰੀ ਦੂਜੇ ਕ੍ਰਾਂਤੀਕਾਰੀ ਨੂੰ ਮਿਲ ਰਿਹਾ ਹੈ।ਕੁਝ ਦੇਰ ਪਿੱਛੋਂ ਪੁਲਿਸ ਕਰਮਚਾਰੀਆਂ ਵੱਲੋਂ ਤਿੰਨਾਂ ਕ੍ਰਾਂਤੀਕਾਰੀਆਂ ਨੂੰ ਫਾਂਸੀ ਦੀ ਤਿਆਰੀ ਲਈ ਉਨ੍ਹਾਂ ਦੀਆਂ ਕੋਠੜੀਆਂ ਤੋਂ ਬਾਹਰ ਲਿਆਂਦਾ ਗਿਆ।ਫਾਂਸੀ ਦੇਣ ਲਈ ਜੱਲਾਦ ਨੂੰ ਲਾਹੌਰ ਨੇੜਿਓਂ ਸ਼ਾਹਦਰਾ ਤੋਂ ਬੁਲਾਇਆ ਗਿਆ ਸੀ।ਪਹਿਲਾ ਯੋਜਨਾ ਸੀ ਕੇ ਇਨ੍ਹਾਂ ਦਾ ਅੰਤਮ ਸੰਸਕਾਰ ਜੇਲ੍ਹ ‘ਚ ਹੀ ਕਰ ਦਿੱਤਾ ਜਾਵੇਗਾ ।ਪਰ ਜਦੋਂ ਅਧਿਕਾਰੀਆਂ ਨੂੰ ਇਹ ਅਹਿਸਾਸ ਹੋਇਆ ਕਿ ਜੇਲ੍ਹ ‘ਚੋਂ ਧੂੰਆਂ ਨਿਕਲਦਾ ਦੇਖ ਕੇ ਬਾਹਰ ਖੜ੍ਹੀ ਭੀੜ ਜੇਲ੍ਹ ‘ਤੇ ਹਮਲਾ ਕਰ ਸਕਦੀ ਹੈ ਤਾਂ ਉਨ੍ਹਾਂ ਨੂੰ ਇਹ ਵਿਚਾਰ ਛੱਡਣਾ ਪਿਆ।ਕਹਿੰਦੇ ਹਨ ਕੇ ਫੇਰ ਜੇਲ੍ਹ ਦੀ ਪਿਛਲੀ ਕੰਧ ਭੰਨੀ ਗਈ ਅਤੇ ਇੱਕ ਟਰੱਕ ਜੇਲ੍ਹ ਦੇ ਅੰਦਰ ਲਿਆਂਦਾ ਗਿਆ।ਉਸ ‘ਤੇ ਤਿੰਨੇ ਸ਼ਹੀਦਾਂ ਦੀਆਂ ਲਾਸ਼ਾਂ ਨੂੰ ਬਹੁਤ ਬੁਰੇ ਤਰੀਕੇ ਨਾਲ ਲੱਦਿਆ ਗਿਆ।ਪਹਿਲਾਂ ਤੈਅ ਹੋਇਆ ਕੇ ਸਸਕਾਰ ਲਾਹੌਰ ਲਾਗਿਉਂ ਵਹਿੰਦੇ ਦਰਿਆ ਰਾਵੀ ਦੇ ਕੰਢੇ ਕੀਤਾ ਜਾਵੇ।ਪਰ ਰਾਵੀ ‘ਚ ਪਾਣੀ ਘੱਟ ਸੀ।ਇਸ ਕਰਕੇ ਸਸਕਾਰ ਲਈ ਲਾਹੌਰ ਤੋਂ ਕੁਝ ਦੂਰ ਵਗਦੇ ਸਤਲੁਜ ਦਾ ਕੰਢਾ ਹੁਸੈਨੀਵਾਲਾ (ਫ਼ਿਰੋਜ਼ਪੁਰ )ਚੁਣਿਆ ਗਿਆ।ਜਿੱਥੇ ਇਨਾਂ ਤਿੰਨਾ ਸ਼ਹੀਦਾਂ ਦੀ ਯਾਦਗਾਰ ਬਣੀ ਹੋਈ ਹੈ ਜੋ ਸਾਨੂੰ ਅਜਾਦੀ ਦੀ ਘਾਲਣਾ ਘਾਲਣ ਵਾਲੇ ਇਨਾਂ ਅਜਾਦੀ ਪਰਵਾਨਿਆਂ ਦੀ ਅਜਾਦੀ ਪ੍ਰਤੀ ਕੀਤੀ ਕੁਰਬਾਨੀ ਦੀ ਯਾਦ ਨੂੰ ਤਾਜ਼ਾ ਕਰਦੀ ਹੈ।
ਮੋਬਾਈਲ :76967-54669
ਫਾਈਲ ਫੋਟੋ: ਅਜੀਤ ਖੰਨਾ

-
ਅਜੀਤ ਖੰਨਾ , ਲੈਕਚਰਾਰ
khannaajitsingh@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.