ਮੋਟਰਸਾਈਕਲਾਂ ਦੀ ਹੋਈ ਟੱਕਰ, ਸੜਕ ਤੇ ਗਿਰ ਕੇ ਹੋਏ ਦੋ ਜਖਮੀਆਂ ਵਿੱਚੋਂ ਇੱਕ ਦੀ ਮੌਤ
ਦੀਪਕ ਜੈਨ
ਜਗਰਾਉਂ, 19 ਮਾਰਚ 2025 - ਲਾਗਲੇ ਪਿੰਡ ਕੌਂਕੇ ਕਲਾਂ ਦੇ ਨਜ਼ਦੀਕ ਬਾਬਾ ਹੀਰਾ ਗਊ ਹਸਪਤਾਲ ਦੇ ਨੇੜੇ ਦੋ ਮੋਟਰਸਾਈਕਲਾਂ ਦੀ ਟੱਕਰ ਹੋ ਜਾਣ ਕਾਰਨ ਇੱਕ ਮੋਟਰ ਸਾਈਕਲ ਉੱਪਰ ਸਵਾਰ ਦੋ ਵਿਅਕਤੀਆਂ ਦੇ ਜਖਮੀ ਹੋਣ ਦਾ ਸਮਾਚਾਰ ਮਿਲਿਆ ਹੈ, ਜਿਨਾਂ ਵਿੱਚੋਂ ਇੱਕ ਜਖਮੀ ਜਿਸ ਦੀ ਹਾਲਤ ਗੰਭੀਰ ਦੇਖਦਿਆਂ ਹੋਇਆਂ ਉਸ ਨੂੰ ਲੁਧਿਆਣਾ ਦੇ ਵੱਡੇ ਹਸਪਤਾਲ ਭੇਜ ਦਿੱਤਾ ਗਿਆ ਸੀ ਅਤੇ ਜਿੱਥੇ ਉਸਦੀ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਪੂਰੇ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਹੋਇਆਂ ਥਾਣਾ ਸਦਰ ਜਗਰਾਉਂ ਦੇ ਏਐਸਆਈ ਧਰਮਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਬੱਸੀਆਂ ਦੇ ਰਹਿਣ ਵਾਲੇ ਜਸਪ੍ਰੀਤ ਸਿੰਘ ਪੁੱਤਰ ਜਾਗਰ ਸਿੰਘ ਨੇ ਆਪਣੇ ਬਿਆਨ ਦਰਜ ਕਰਵਾ ਕੇ ਜਾਣਕਾਰੀ ਦਿੱਤੀ ਹੈ ਕਿ ਉਹ ਮਜ਼ਦੂਰੀ ਦਾ ਕੰਮ ਕਰਦਾ ਹੈ ਅਤੇ ਬੀਤੀ 16 ਮਾਰਚ ਨੂੰ ਆਪਣੇ ਦੋਸਤ ਸੁਖਜਿੰਦਰ ਸਿੰਘ ਉਰਫ ਪੀਤਾ ਬਾਸੀ ਬਸੀਆਂ ਨਾਲ ਮੋਟਰਸਾਈਕਲ ਨੰਬਰ ਪੀਵੀ 91 ਕੇ 1170 ਉੱਤੇ ਸਵਾਰ ਹੋ ਕੇ ਬਸੀਆਂ ਤੋਂ ਵਾਇਆ ਜਗਰਾਓਂ ਕੋਕੇ ਕਲਾ ਆ ਰਹੇ ਸਨ।
ਮੋਟਰਸਾਈਕਲ ਨੂੰ ਸੁਖਜਿੰਦਰ ਸਿੰਘ ਉਰਫ ਪੀਤਾ ਚਲਾ ਰਿਹਾ ਸੀ ਅਤੇ ਜਦੋਂ ਇਹਨਾਂ ਦਾ ਮੋਟਰਸਾਈਕਲ ਬਾਬਾ ਹੀਰਾ ਸਿੰਘ ਪਸ਼ੂ ਹਸਪਤਾਲ ਦੇ ਨਜਦੀਕ ਪਹੁੰਚਿਆ ਤਾਂ ਪਿੱਛੋਂ ਦੀ ਇੱਕ ਮੋਟਰਸਾਈਕਲ ਉੱਪਰ ਦੋ ਨੌਜਵਾਨ ਆਏ ਜਿਨਾਂ ਦੇ ਮੋਟਰਸਾਈਕਲ ਨੇ ਇਹਨਾਂ ਦੇ ਮੋਟਰਸਾਈਕਲ ਵਿੱਚ ਟੱਕਰ ਮਾਰ ਦਿੱਤੀ। ਜਿਸ ਕਾਰਨ ਸੁਖਜਿੰਦਰ ਸਿੰਘ ਅਤੇ ਜਸਪ੍ਰੀਤ ਸਿੰਘ ਸੜਕ ਉੱਤੇ ਗਿਰ ਗਏ ਅਤੇ ਗੰਭੀਰ ਜ਼ਖਮੀ ਹੋ ਗਏ। ਦੂਸਰੇ ਮੋਟਰਸਾਈਕਲ ਵਾਲੇ ਆਪਣਾ ਮੋਟਰਸਾਈਕਲ ਮੌਕੇ ਤੋਂ ਦੌੜਾ ਕੇ ਫਰਾਰ ਹੋ ਗਏ।
ਜਸਪ੍ਰੀਤ ਮੁਤਾਬਕ ਰਾਹਗੀਰਾਂ ਨੇ ਉਹਨਾਂ ਨੂੰ ਪ੍ਰਬੰਧ ਕਰਕੇ ਸਿਵਿਲ ਹਸਪਤਾਲ ਜਗਰਾਉਂ ਪਹੁੰਚਾਇਆ ਜਿੱਥੇ ਸੁਖਜਿੰਦਰ ਦੀ ਨਾਜੁਕ ਹਾਲਤ ਨੂੰ ਦੇਖਦਿਆਂ ਹੋਇਆਂ ਉਸ ਨੂੰ ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਏਐਸਆਈ ਧਰਮਿੰਦਰ ਸਿੰਘ ਨੇ ਦੱਸਿਆ ਕਿ ਉਕਤ ਜਸਪ੍ਰੀਤ ਦੇ ਬਿਆਨਾ ਮੁਤਾਬਕ ਟੱਕਰ ਮਾਰਨ ਵਾਲੇ ਅਣਪਛਾਤੇ ਮੋਟਰਸਾਈਕਲ ਚਾਲਕ ਦੇ ਖਿਲਾਫ ਥਾਣਾ ਸਦਰ ਜਗਰਾਓ ਵਿਖੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।