17 ਮਾਰਚ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋਣ ਵਾਲੀ ਅੰਤ੍ਰਿੰਗ ਕਮੇਟੀ ਦੀ ਇੱਕਤਰਤਾ ਦੇ ਸੰਦਰਭ ਵਿੱਚ ਹੱਥਲਾ ਲੇਖ ਕੁੱਝ ਨਵੇਂ ਪਹਿਲੂਆਂ ਤੇ ਰੋਸ਼ਨੀ ਪਾਉਂਦਾ ਪਾਠਕਾਂ ਦੀ ਦ੍ਰਿਸਟੀਗੋਚਰ ਹੈ। ਖਾਲਸਾ ਪੰਥ ਦੀਆਂ ਮਹਾਨ ਸੰਸਥਾਵਾਂ ਸ੍ਰੀ ਅਕਾਲ ਤਖ਼ਤ ਸਾਹਿਬ, ਸ਼੍ਰੋ:ਗੁ:ਪ੍ਰ ਕਮੇਟੀ, ਖਾਲਸਾ ਪੰਥ ਦੀ ਹੋਂਦ ਹਸਤੀ ਅਤੇ ਅਜ਼ਾਦ ਪ੍ਰਭੂਸਤਾ ਦਾ ਪ੍ਰਤੀਕ ਹਨ ਤੇ ਇਨ੍ਹਾਂ ਦਾ ਗੌਰਵਮਈ ਇਤਿਹਾਸ ਤੇ ਵਿਰਸਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਕੀਤੀ ਅਤੇ ਇਸ ਅਸਥਾਨ ਦੀ ਉਸਾਰੀ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਆਦਿ ਨੇ ਖੁਦ ਆਪਣੇ ਹੱਥੀ ਕੀਤੀ। ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ੍ਰੀ ਦਰਬਾਰ ਸਾਹਿਬ ਸਿੱਖ ਪੰਥ ਦੇ ਰਾਜਸੀ ਤੇ ਧਾਰਮਿਕ ਸ਼ਕਤੀ ਦੇ ਸੋਮੇ ਹਨ। ਗੁਰੂ ਚਰਨਾਂ ਦੀ ਛੋਹ ਪ੍ਰਾਪਤ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਗੁਰੂ ਸਾਹਿਬ ਤੋਂ ਪਿੱਛੋਂ ਬੜੇ-ਬਿਖੜੇ ਹਲਾਤਾਂ ਵਿੱਚ ਚਲਦਾ ਰਿਹਾ। ਬਿਪਤਾਂ ਮਾਰੇ ਸਮੇਂ ਵਿੱਚ ਇਸ ਦਾ ਪ੍ਰਬੰਧ ਨਿਰਮਲੇ ਤੇ ਉਦਾਸੀ ਮਹੰਤਾ ਕੋਲ ਰਿਹਾ ਸ਼ੁਰੂਆਤੀ ਦੌਰ ਤਾਂ ਠੀਕ ਰਿਹਾ ਪਰ ਪਿੱਛੋਂ ਗੁਰਦੁਆਰਾ ਪ੍ਰਬੰਧ ਵਿੱਚ ਵੱਡਾ ਨਿਘਾਰ ਆ ਗਿਆ। ਜਿਥੇ ਇਸ ਪ੍ਰਬੰਧ ਨੂੰ ਪੰਥਕ ਹੱਥਾਂ ਵਿੱਚ ਲੈਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਵਿੱਚ 1920 ਵਿਚ ਪਹਿਲਾਂ ਸ਼੍ਰੋ:ਗੁ:ਪ੍ਰ ਕਮੇਟੀ ਤੇ ਫਿਰ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਕੀਤੀ ਗਈ। ਅਕਾਲ ਤਖ਼ਤ ਸਾਹਿਬ ਦੀ ਪ੍ਰਭੂਸਤਾ ਚੜ੍ਹਦੀ ਕਲਾ ‘ਚ ਰਹੀ।
ਸ਼੍ਰੋ:ਗੁ:ਪ੍ਰ ਕਮੇਟੀ ਅਧੀਨ ਗੁ: ਸਾਹਿਬਾਨ ਦਾ ਪ੍ਰਬੰਧ ਪੰਥਕ ਰਵਾਇਤਾਂ, ਮਰਯਾਦਾ ਨੂੰ ਅਸਰਦਾਰ ਤੇ ਬਲ ਮਿਲਿਆ ਸਿੱਖਾਂ ਦਾ ਧਾਰਮਿਕ ਪੱਖ ਉਘੜ ਕੇ ਬਲਵਾਨ ਹੋਇਆ। ਪਰ ਅਕਾਲੀ ਦਲ ਜਿਸ ਦੀ ਸਥਾਪਨਾ ਧਾਰਮਿਕ ਰਹੁਰੀਤਾਂ ਸਿਧਾਂਤਕ ਪਹਿਰੇਦਾਰੀ ਅਤੇ ਧਰਮ ਦੀ ਉਚਤਾ ਬਣਾਈ ਰੱਖਣ ਲਈ ਕੀਤੀ ਗਈ ਸੀ। ਇਸ ਦੇ ਮੁੱਢਲੇ ਮੁਖੀ ਆਗੂ ਨਿਸ਼ਕਾਮ, ਨਿਰਛਲ ਤੇ ਨਿਰਮਲ ਭਾਵਨਾ ਤੇ ਲੋਕ ਲਾਲਚ ਤੋਂ ਦੂਰ ਸਨ। ਪਰ ਅੱਜ ਅਕਾਲੀ ਦਲ ਦੀਆਂ ਰਾਜਨੀਤਕ ਲਾਲਸਾਵਾਂ ਸ਼ੁਰੂ ਹੋ ਗਈਆਂ ਤਾਂ ਪਹਿਲਾਂ ਬਣੇ ਸਕੰਲਪਾਂ ਤੇ ਸਿਧਾਤਾਂ ਨੂੰ ਆਪਣੀ ਹੋਂਦ ਖਤਰੇ ‘ਚ ਮਹਿਸੂਸ ਹੋਣ ਲੱਗੀ। ਜਿਉਂ ਹੀ ਰਾਜਸੀ ਲਾਲਸਾ ਵਧੀ ਉਸ ਨੇ ਸ਼੍ਰੋ:ਗੁ:ਪ੍ਰ ਕਮੇਟੀ ਨੂੰ ਆਪਣੇ ਹਿੱਤ ਲਈ ਵਰਤਨਾ ਸ਼ੁਰੂ ਕਰ ਦਿਤਾ ਹੈ। ਆਪਣੇ ਰਾਜਸੀ ਮੁਫਾਦਾਂ ਨੂੰ ਅੱਗੇ ਰਖਦਿਆਂ ਪਹਿਲਾਂ ਸ਼੍ਰੋ:ਗੁ:ਪ੍ਰ ਕਮੇਟੀ ਨੂੰ ਅਤੇ ਇਸ ਦੇ ਸੋਮਿਆਂ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ। ਫਿਰ ਇੱਕ ਹੋਰ ਜੋਰਦਾਰ ਹਮਲਾ ਕੀਤਾ ਕਿ ਸਿੱਖਾਂ ਦੀ ਮਹਾਨ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਦੂਸਰੇ ਤਖ਼ਤਾਂ ਦੇ ਜਥੇਦਾਰਾਂ ਨੂੰ ਆਪਣੀ ਆਰੀ ਦੇ ਦੰਦੇ ਬਣਾ ਲਿਆ।
ਪਿੱਛਲੇ ਸਮੇਂ ਦੌਰਾਨ ਬਹੁਤ ਸਾਰੇ ਪੰਥਕ ਤੇ ਕੌਮੀ ਫੈਸਲੇ ਕਰਨ ਕਰਾਉਣ ਲਈ ਸਿਧੀ ਦਖਲ ਅੰਦਾਜ਼ੀ ਦੋਹਾਂ ਹੀ ਸੰਸਥਾਵਾਂ ਵਿੱਚ ਅਕਾਲੀ ਦਲ ਬਾਦਲ ਨੇ ਕੀਤੀ। ਜਿਸ ਨੇ ਸੰਸਾਰ ਭਰ ਵਿੱਚ ਵਸਦੇ ਸਿੱਖਾਂ ਨੂੰ ਝੰਜੋੜ ਕੇ ਰੱਖ ਦਿਤਾ। ਕੇਵਲ ਰਾਜਸੀ ਸਤਾ ਲਈ ਦੋਹਾਂ ਸੰਸਥਾਵਾਂ ਦੇ ਮਾਨ ਸਨਮਾਨ ਤੇ ਵਕਾਰ ਨੂੰ ਵੱਡੀ ਢਾਹ ਲਾਈ। ਹਲਾਤ ਉਦੋਂ ਹੋਰ ਚਿੰਤਾ ਜਨਕ ਬਣ ਗਏ ਜਦੋਂ ਸੋਦੇ ਸਾਧ ਦੁਆਰਾ ਪਹਿਲਾਂ ਜਾਮੇ ਇੰਨਸ਼ਾ ਵਰਤਾਰਾ, ਫਿਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਉਸ ਸਮੇਂ ਦੇ ਸੋਦਾ ਸਾਧ ਨੂੰ ਵੋਟਾਂ ਖਾਤਰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਦੂਜੇ ਜਥੇਦਾਰਾਂ ਨੂੰ ਵਰਤ ਕੇ ਸੋਦਾ ਸਾਧ ਨੂੰ ਮੁਆਫੀ ਦੇਣ ਦੇ ਢੰਗਵੰਜ ਬਨਾਏ। ਜਿਸ ਨੇ ਸੰਸਾਰ ਭਰ ਵਿੱਚ ਵਸਦੇ ਸਿੱਖਾਂ ਨੂੰ ਝੰਜੋੜ ਕੇ ਰੱਖ ਦਿਤਾ। ਧੜਾਧੜ ਗਲਤੀਆਂ ਕੀਤੀਆਂ ਇਨ੍ਹਾਂ ਭਾਰੀ ਬਜਰ ਗਲਤੀਆਂ ਨੇ ਅਕਾਲੀ ਦਲ ਬਾਦਲ ਨੂੰ ਰਾਜਸੀ ਸਤਾ ਤੋਂ ਦੂਰ ਕਰ ਦਿਤਾ। ਅਕਾਲੀ ਦਲ ਨੇ ਆਪਣੀ ਗੁਆਚੀ ਰਾਜਸੀ ਸ਼ਕਤੀ ਪ੍ਰਾਪਤ ਕਰਨ ਲਈ ਦੋਹਾਂ ਸੰਸਥਾਵਾਂ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋ:ਗੁ:ਕਮੇਟੀ ਨੂੰ ਵਰਤਣ ਲਈ ਜ਼ੋਰ ਪਾਇਆ। 2 ਦਸੰਬਰ 2024 ਦੇ ਹੁਕਮਨਾਮਿਆਂ ਨਾਲ ਸੰਸਾਰ ਭਰ ਵਿੱਚ ਵਸਦੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਢਾਰਸ ਮਿਲੀ ਪਰ ਇਸ ਨਾਲ ਅਕਾਲੀ ਦਲ ਬਾਦਲ ਨੇ ਵੱਡੀ ਬੇਇਜ਼ਤੀ ਮਹਿਸੂਸ ਕੀਤੀ ਹੈ ਅਤੇ ਸਜ਼ਾ ਲਗਾਉਣ ਵਾਲਿਆਂ ਨੂੰ ਮਜ਼ਾ ਸਿਖਾਉਣ ਲਈ ਹੇਠਲੇ-ਦਰਜੇ ਦੀਆਂ ਹਰਕਤਾਂ ਤੇ ਉਤਰ ਆਇਆ।
ਪਹਿਲਾਂ ਗਿ. ਹਰਪ੍ਰੀਤ ਸਿੰਘ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੇ ਫਿਰ ਗਿ. ਰਘਬੀਰ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਗਿ. ਸੁਲਤਾਨ ਸਿੰਘ ਜਥੇਦਾਰ ਕੇਸਗੜ੍ਹ ਸਾਹਿਬ ਨੂੰ ਬੇਬੁਨਿਆਦ ਦੋਸ਼ ਲਾ ਕੇ ਸੇਵਾ ਮੁਕਤ ਕਰ ਦਿੱਤਾ। ਫਿਰ ਨਵੇਂ ਜਥੇਦਾਰ ਲਾ ਦਿੱਤੇ। ਹੁਣ ਨਵੇਂ ਲਾਏ ਜਥੇਦਾਰ ਨੂੰ ਸੇਵਾ ਸੰਭਾਲ ਦਾ ਸਮਾਗਮ ਪੰਥਕ ਰਵਾਇਤਾਂ ਨੂੰ ਛਿੱਕੇ ਟੰਗਦਿਆਂ ਮਰਯਾਦਾ ਨੂੰ ਤੋੜਦਿਆਂ, ਗੁਰੂ ਗ੍ਰੰਥ ਸਾਹਿਬ ਤੇ ਪੰਥ ਨੂੰ ਤਿਲਾਂਜਲੀ ਦਿੰਦਿਆ ਕੀਤਾ, ਜੋ ਖਾਲਸਾ ਪੰਥ ਨੂੰ ਕਦਾਚਿਤ ਪ੍ਰਵਾਨ ਨਹੀਂ ਹੈ ਇਸ ਸਾਰੇ ਪ੍ਰਸੰਗ ਲਈ ਜਿਥੇ ਸ਼੍ਰੋਮਣੀ ਕਮੇਟੀ ਦੀ ਕਾਰਜਕਾਰੀ ਜਿੰਮੇਵਾਰ ਹੈ ਉਥੇ ਸ਼੍ਰੋਮਣੀ ਕਮੇਟੀ ਦਾ ਪ੍ਰਸ਼ਾਸਨ ਵੀ ਬਰਾਬਰ ਦਾ ਦੋਸ਼ੀ ਹੈ। ਬਿਨ੍ਹਾ ਸ਼ੱਕ ਸ਼੍ਰੋ:ਗੁ:ਪ੍ਰ ਕਮੇਟੀ ਦੀ ਕਾਰਜ ਕਰਨੀ ਪੰਜਾਬ ਵਿਚਲੇ ਤਖ਼ਤਾਂ ਦੇ ਜਥੇਦਾਰ ਸਾਹਿਬਾਨ ਦੀ ਨਿਯੁਕਤੀ ਤੇ ਸੇਵਾ ਨਿਵਰਤੀ ਕਰਦੀ ਹੈ। ਪਰ ਇਹ ਪੰਥਕ ਰਵਾਇਤਾਂ ਅਨੁਸਾਰ ਕੀਤਾ ਜਾਂਦਾ। ਜਥੇਦਾਰ ਸਾਹਿਬਾਨ ਦੀ ਸੇਵਾ ਨਿਵਰਤੀ ਤੇ ਵਰਤੇ ਢੰਗ ਤਰੀਕਿਆਂ ਅਤੇ ਉਨ੍ਹਾਂ ਨੂੰ ਬਦਨਾਮ ਕਰਕੇ, ਬੇਇਜ਼ਤ ਕਰਕੇ ਫਾਰਗ ਕੀਤਾ ਗਿਆ। ਇਸ ਨਾਲ ਸੰਸਾਰ ਭਰ ਵਿੱਚ ਵਸਦੇ ਸਿੱਖ ਮਨਾਂ ਅੰਦਰ ਭਾਰੀ ਰੋਸ ਤੇ ਗੁਸੇ ਦਾ ਪ੍ਰਚੰਡ ਰੂਪ ਵੇਖਣ ਵਿੱਚ ਆ ਰਿਹਾ ਹੈ।
ਇਸ ਨੇ ਖਾਸ ਕਰਕੇ ਅਕਾਲੀ ਦਲ ਬਾਦਲ ਵਿਰੁੱਧ ਵੱਡੀ ਰੋਸ ਲਹਿਰ ਪੈਦਾ ਕਰ ਦਿਤੀ ਹੈ ਅਤੇ ਇਸ ਵਰਤਾਰੇ ਨਾਲ ਸ਼੍ਰੋ:ਗੁ:ਪ੍ਰ ਕਮੇਟੀ ਦੇ ਕਾਰਜਕਰਨੀ ਤੇ ਪ੍ਰਬੰਧਕੀ ਸਰੂਪ ਨੂੰ ਨਾ ਸਹਿਣ ਵਾਲਾ ਧੱਕਾ ਲੱਗਾ ਹੈ। ਇੱਕ ਵਿਅਕਤੀ ਵਿਸ਼ੇਸ਼ ਤੇ ਇੱਕ ਧੜੇ ਦੀ ਰਾਜਸੀ ਲਾਲਸਾ ਦੀ ਪੂਰਤੀ ਲਈ ਪੰਥ ਦੀਆਂ ਮਹਾਨ ਸੰਸਥਾਵਾਂ ਨੂੰ ਹੇਠੀ ਪਹੁੰਚਾਉਣ ਤੇ ਕਲੰਕਤ ਕਰਨ ਦੀ ਹਰਗਿਜ ਆਗਿਆ ਨਹੀਂ ਦਿਤੀ ਜਾਣੀ ਚਾਹੀਦੀ। ਹਰ ਸਿੱਖ ਹਮੇਸ਼ਾ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪ੍ਰਭੂਸਤਾ ਅਤੇ ਸ਼੍ਰੋਮਣੀ ਕਮੇਟੀ ਵਰਗੀ ਸੰਸਥਾ ਦੇ ਵਿਕਾਸ ਤੇ ਵਕਾਰ ਲਈ ਯਤਨਸ਼ੀਲ ਹੈ। ਪਰ ਜਿਵੇਂ ਮੌਜੂਦਾ ਸਮੇਂ ਕਾਰਜਕਰਨੀ ਅਤੇ ਸ਼੍ਰੋਮਣੀ ਕਮੇਟੀ ਪ੍ਰਸ਼ਾਸਨ ਨੇ ਸਾਰੇ ਨਿਯਮ, ਕਾਨੂੰਨ, ਸਿੱਖ ਰਵਾਇਤਾਂ ਨੂੰ ਛਿੱਕੇ ਟੰਗਿਆ ਹੈ। ਇਹ ਇਸ ਸੰਸਥਾ ਦੇ ਵਕਾਰ ਲਈ ਬਹੁਤ ਘਾਤਕ ਤੇ ਨਿਘਾਰ ਭਰਿਆ ਵਰਤਾਰਾ ਹੈ। ਸਿਰਫ ਨਿਜੀ ਰਾਜਸੀ ਲਾਲਸਾ ਦੀ ਪੂਰਤੀ ਲਈ ਦੋਹਾਂ ਸੰਸਥਾਵਾਂ ਦੇ ਵਕਾਰ ਨੂੰ ਜਿੰਨੀ ਢਾਹ ਇਸ ਧੜੇ ਨੇ ਲਾਈ ਹੈ, ਭਵਿੱਖ ਦੇ ਕਟਹਿਰੇ ਵਿਚ ਇਹ ਸਾਰੇ ਦੋਸ਼ੀ ਖੜੇ ਹੋਣਗੇ ਅਤੇ ਸੰਗਤ ਪੁਛੇਗੀ ਇਨ੍ਹਾਂ ਨੇ ਆਪਣੀਆਂ ਮਹਾਨ ਸੰਸਥਾਵਾਂ ਦੀ ਦੁਰਵਰਤੋਂ ਕਿਉਂ ਅਤੇ ਕਿਵੇਂ ਕੀਤੀ ਜਿਸ ਦਾ ਜਵਾਬ ਇਨ੍ਹਾਂ ਕੋਲ ਨਾ ਅੱਜ ਹੈ ਨਾ ਕੱਲ ਹੋਵੇਗਾ। ਇਹ ਸਦਾ ਲਈ ਸ਼ਰਮਸਾਰ ਰਹਿਣਗੇ। ਸੰਸਥਾਵਾਂ ਵਿੱਚ ਵਿਅਕਤੀ ਆਉਂਦੇ ਜਾਂਦੇ ਰਹਿੰਦੇ ਹਨ। ਪਰ ਇਨ੍ਹਾਂ ਦਾ ਨਾਮ ਇਤਿਹਾਸ ਦੇ ਕਾਲੇ ਪੰਨਿਆ ਵਿੱਚ ਵੇਖਿਆ ਜਾਂਦਾ ਰਹੇਗਾ।
ਪੰਥ ਹਤੈਸ਼ੀ ਸਾਰੇ ਲੋਕਾਂ ਦੀ ਮੰਗ ਹੈ ਕਿ ਸਿੰਘ ਸਾਹਿਬਾਨ ਗਿਆਨੀ ਹਰਪ੍ਰੀਤ ਸਿੰਘ, ਗਿ. ਰਘਬੀਰ ਸਿੰਘ ਤੇ ਗਿ. ਸੁਲਤਾਨ ਸਿੰਘ ਨੂੰ ਅਹੁਦਿਆ ਤੋਂ ਲਾਂਬੇ ਕਰਨ ਵੇਲੇ ਵਰਤੀ ਗਈ ਅਪਮਾਨਜਨਕ ਸ਼ਬਦਾਵਲੀ ਤੇ ਪਾਸ ਕੀਤੇ ਮਤਿਆਂ ਉਤੇ ਮੁੜ ਵਿਚਾਰ ਕਰਕੇ ਰੱਦ ਕੀਤੇ ਜਾਣ। ਦੂਜਾ ਸਿੰਘ ਸਾਹਿਬਾਨਾਂ ਦੀ ਨਿਯੁਕਤੀ ਅਤੇ ਸੇਵਾ ਨਿਵਰਤੀ ਲਈ ਨਿਯਮਾਂ ਦਾ ਪਾਲਣ ਨਹੀਂ ਕੀਤਾ ਗਿਆ ਤੇ ਇਹ ਜੁੰਮੇਵਾਰੀ ਪਹਿਲੇ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਫਿਰ ਕਾਰਜਕਾਰਣੀ ਦੇ ਮੈਂਬਰਾਂ ਦੀ ਸੀ ਉਨ੍ਹਾਂ ਨੇ ਨਹੀਂ ਨਿਭਾਈ। ਜਿਸ ਨੇ ਪੰਥ ਵਿੱਚ ਸ਼੍ਰੋ: ਗੁ: ਪ੍ਰ ਕਮੇਟੀ ਪ੍ਰਤੀ ਬੇਭਰੋਸੀ ਤੇ ਦੁਬਿਧਾ ਪੈਦਾ ਕਰ ਦਿਤੀ ਹੈ। ਸ. ਹਰਿਜੰਦਰ ਸਿੰਘ ਧਾਮੀ ਜੋ ਪੰਥਕ ਰਵਾਇਤਾਂ, ਗੁਰਮਰਯਾਦਾ ਅਤੇ ਗੁ: ਐਕਟ ਦੇ ਚੰਗੇ ਜਾਣੂ ਹਨ, ਉਹ 17 ਤਰੀਕ ਨੂੰ ਹੋਣ ਵਾਲੀ ਕਾਰਜਕਰਨੀ ਮੀਟੰਗ ਦੀ ਪ੍ਰਧਾਨਗੀ ਕਰਨ ਅਤੇ ਪਿਛਲੇ ਫੈਸਲੇ ਜੋ ਇਤਿਹਾਸ ਤੇ ਮਰਯਾਦਾ ਨੂੰ ਕਲੰਕਤ ਕਰਨ ਵਾਲੇ ਹਨ ਨੂੰ ਰੱਦ ਕਰਕੇ ਪੰਥ ਨੂੰ ਵੱਡੇ ਸੰਕਟ ਤੋਂ ਬਚਾਉਣ। ਇਸ ਵੇਲੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਬਹੁਤ ਲੋੜ ਹੈ ਅਤੇ ਉਨ੍ਹਾਂ ਦੀ ਵੱਡੀ ਜਿੰਮੇਵਾਰੀ ਹੈ। ਉਹ ਆਪਣਾ ਵੱਡਾ ਯੋਗਦਾਨ ਪਾ ਕੇ ਪੰਥਕ ਤੌਰ ਤੇ ਸੁਰਖਰੂ ਹੋਣ ਅਤੇ ਆਪਣੀ ਆਤਮਾ ਉਤੇ ਪਏ ਬੋਝ ਨੂੰ ਖਤਮ ਕਰਨ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 2 ਦਸੰਬਰ ਨੂੰ ਹੋਏ ਹੁਕਮਨਾਮਿਆਂ ਤੇ ਦਰਿੜਤਾ ਨਾਲ ਪਹਿਰਾ ਦੇਣ, ਨਹੀਂ ਤਾਂ ਉਹ ਵੀ ਹਮੇਸ਼ਾ ਸ਼ੱਕ ਦੇ ਘੇਰੇ ਵਿੱਚ ਰਹਿਣਗੇ। ਭਵਿੱਖ ਦਾ ਇਤਿਹਾਸ ਤੁਹਾਨੂੰ ਜ਼ਰੂਰ ਪੁਛੇਗਾ।
ਪਿਛਲੇ ਦਿਨੀ ਸ਼੍ਰੋਮਣੀ ਕਮੇਟੀ ਦੇ ਸਕੱਤਰ ਵਰਗੇ ਅਖੀਰਲੇ ਅਹੁਦੇ ਤੇ ਕੰਮ ਕਰਨ ਵਾਲੇ ਤਜਰਬੇਕਾਰ ਸੀਨੀਅਰ ਸਕੱਤਰਾਂ ਜਿਨ੍ਹਾਂ ਵਿੱਚ ਸ. ਕੁਲਵੰਤ ਸਿੰਘ, ਸ.ਰਘਬੀਰ ਸਿੰਘ ਰਾਜਾਸਾਸੀ, ਸ. ਦਿਲਮੇਘ ਸਿੰਘ, ਸ. ਜੋਗਿੰਦਰ ਸਿੰਘ, ਸ. ਵਰਿਆਮ ਸਿੰਘ, ਸ. ਦਿਲਜੀਤ ਸਿੰਘ ਬੇਦੀ, ਸ. ਮਨਜੀਤ ਸਿੰਘ ਬਾਠ, ਸ. ਤਰਲੋਚਨ ਸਿੰਘ, ਸ. ਬਲਵਿੰਦਰ ਸਿੰਘ ਜੋੜਾ, ਸ. ਪਰਮਜੀਤ ਸਿੰਘ, ਸ. ਜਗਜੀਤ ਸਿੰਘ ਜੱਗੀ ਸਕੱਤਰ, ਸ. ਰਮਿੰਦਰਬੀਰ ਸਿੰਘ, ਸ. ਅਵਤਾਰ ਸਿੰਘ ਸੈਂਪਲਾ ਸ਼ਾਮਲ ਹੋਏ ਰਿਟਾਇਰਡ ਸਕੱਤਰਾਂ ਨੇ ਸਾਂਝੇ ਤੌਰ ਤੇ ਕਿਹਾ ਕਿ “ਵਰਤਮਾਨ ਪੰਥਕ ਹਾਲਾਤ ਬਾਰੇ ਹਰ ਪੰਥ ਦਰਦੀ ਚਿੰਤਾਤੁਰ ਹੈ ਕਿਉਂਕਿ ਸਿਆਸਤਦਾਨਾਂ ਨੇ ਗੁਰੂਕਿਆਂ ਦੀ ਚੁੱਪ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਾਹੀਂ ਲਗਾਤਾਰ ਆਪਣੇ ਹੱਕ ਵਿਚ ਭੁਗਤਾ ਲਿਆ ਹੈ।ਏਸੇ ਦਾ ਸਿੱਟਾ ਹੈ ਕਿ ਪੰਥਕ ਸੰਸਥਾਵਾਂ ਦੇ ਮੁਖੀਆਂ ਵਿਚੋਂ ਜਿਹੜਾ ਅਪਹਰਣੀ ਸਿਆਸਤ ਵਾਸਤੇ ਨਹੀਂ ਵਰਤਿਆ ਜਾ ਸਕਦਾ, ਉਸ ਨੂੰ ਜ਼ਲੀਲ ਕਰਕੇ ਔਹੁਦਿਆਂ ਤੋਂ ਹਟਾਇਆ ਜਾ ਰਿਹਾ ਹੈ।ਲਗਾਤਾਰ ਹੁੰਦੇ ਆ ਰਹੇ ਸਿਆਸੀ ਅਪਹਰਣ ਦੀ ਸਿਖਰ ਜਥੇਦਾਰ ਅਕਾਲ ਤਖਤ ਸਾਹਿਬ ਅਤੇ ਜਥੇਦਾਰ ਅਨੰਦਪੁਰ ਸਾਹਿਬ ਨੂੰ ਬਰਤਰਫ ਕਰਕੇ ਸਾਹਮਣੇ ਆ ਗਈ ਹੈ। ਇਸ ਦੇ ਵਿਰੋਧ ਵਿਚ ਉਠ ਰਹੀਆਂ ਪੰਥਕ ਆਵਾਜ਼ਾਂ ਨੂੰ ਰੋਕਣ ਅਤੇ ਅਣਵੇਖਿਆ ਕਰਣ ਦੀ ਸਿਆਸਤ ਵੀ ਹੋਣ ਲੱਗ ਪਈ ਹੈ।ਇਸ ਵਿਰੁਧ ਆਵਾਜ਼ ਨਿਹੰਗ ਮੁਖੀ ਨੇ ਪੰਥਕ ਸੁਰ ਵਿਚ ਉਠਾਈ ਹੈ ਅਤੇ ਇਸ ਨੂੰ ਹੁੰਗਾਰਾ ਵੀ ਮਿਲਿਆ ਹੈ।ਅੱਜ ਮਿਤੀ 14 ਮਾਰਚ 2025 ਨੂੰ ਸਨਮਾਨਿਤ ਕੀਤੀਆਂ ਪੰਥਕ ਸ਼ਖਸ਼ੀਅਤਾਂ, ਨਿਹੰਗ ਮੁਖੀ ਦੀ ਸੁਰ ਵਿਚ ਸੁਰ ਮਿਲਾਕੇ ਪੰਥਕ-ਨਾਦ ਨੂੰ ਪ੍ਰਚੰਡ ਕਰਦਿਆਂ ਪੰਥ ਤੇਰੇ ਦੀਆਂ ਗੂੰਜਾਂ ਦਿਨੋ ਦਿਨ ਪੈਣਗੀਆਂ ਨਾਲ ਸਹਿਮਤੀ ਪ੍ਰਗਟ ਕਰਦੀਆਂ ਹਨ।”
-1742044444062.jpg)
-
ਦਲਜੀਤ ਸਿੰਘ ਬੇਦੀ, ਲੇਖਕ
dsbedisgpc@gmail.com
*****
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.