ਅਣਖ ਦੀ ਲਟ ਲਟ ਬਲ਼ਦੀ ਮਿਸ਼ਾਲ-- ਸਾਹਿਬ ਕਾਂਸ਼ੀ ਰਾਮ
ਬਹੁਜਨ ਸਮਾਜ ਲਹਿਰ ਦੇ ਉਸਰੱਈਏ, ਬਾਮਸੇਫ,ਡੀ ਐਸ ਫੋਰ ਅਤੇ ਬਹੁਜਨ ਸਮਾਜ ਪਾਰਟੀ ਦੇ ਬਾਨੀ, ਕਰੋੜਾਂ ਦਲਿਤਾਂ ਸ਼ੋਸ਼ਿਤਾਂ ਦੀ ਆਵਾਜ਼, ਦੱਬੇ ਕੁਚਲਿਆਂ ਦੇ ਮਸੀਹਾ ਅਤੇ ਕੰਮੀਆਂ ਦੇ ਵਿਹੜਿਆਂ ਦੇ ਸੂਰਜ ਵਜੋਂ ਜਾਣੇ ਜਾਂਦੇ ਸਾਹਿਬ ਕਾਂਸ਼ੀ ਰਾਮ 9 ਅਕਤੂਬਰ 2006 ਨੂੰ ਸਵੇਰੇ 1-00 ਵਜੇ ਦੇ ਕਰੀਬ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਉਹਨਾਂ ਦੇ ਸਦੀਵੀ ਵਿਛੋੜੇ ਨਾਲ ਸਾਰੇ ਦੇਸ਼ ਅੰਦਰ ਸੋਗ ਅਤੇ ਗ਼ਮ ਦੀ ਲਹਿਰ ਫੈਲ ਗਈ। ਦਲਗਤ ਰਾਜਨੀਤੀ ਤੋਂ ਉਪਰ ਉੱਠ ਕੇ ਦੇਸ਼ ਦੀਆਂ ਲੱਗਭਗ ਤਮਾਮ ਰਾਜਨੀਤਕ ਅਤੇ ਸਮਾਜਿਕ ਸ਼ਖ਼ਸੀਅਤਾਂ ਨੇ ਸਾਹਿਬ ਕਾਂਸ਼ੀ ਰਾਮ ਜੀ ਦੀ ਅਜ਼ੀਮ ਸ਼ਖ਼ਸੀਅਤ ਬਾਰੇ ਸ਼ਰਧਾਂਜਲੀ ਵਜੋਂ ਬੜੇ ਪ੍ਰਭਾਵਸ਼ਾਲੀ ਸ਼ਬਦ ਕਹੇ ਅਤੇ ਉਹਨਾਂ ਦੀ ਦੇਹ ਨੂੰ ਅੰਤਿਮ ਵਿਦਾਇਗੀ ਦਿੱਤੀ।
14 ਅਪ੍ਰੈਲ 1984 ਨੂੰ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਦੇ ਜਨਮ ਦਿਹਾੜੇ ਤੇ ਉਹਨ੍ਹਾਂ ਵਲੋਂ ਬਣਾਈ ਗਈ ਬਹੁਜਨ ਸਮਾਜ ਪਾਰਟੀ ਨੇ ਦਲਿਤਾਂ ਤੇ ਪਛੜੇ ਵਰਗਾਂ ਵਿਚ ਜੋ ਰਾਜਸੀ ਸੂਝ ਬੂਝ ਪੈਦਾ ਕੀਤੀ ਅਤੇ ਸਿਆਸੀ ਖੇਤਰ ਵਿਚ ਉਹਨਾਂ ਵਲੋਂ ਨਿਭਾਈ ਗਈ ਅਸਰਦਾਰ ਭੂਮਿਕਾ ਨੇ ਭਾਰਤੀ ਸਿਆਸਤ ਦਾ ਮੂੰਹ ਮੁਹਾਂਦਰਾ ਹੀ ਬਦਲ ਕੇ ਰੱਖ ਦਿੱਤਾ। ਰਾਜਨੀਤਕ ਰੰਗ ਮੰਚ ਤੇ ਸਾਹਿਬ ਕਾਂਸ਼ੀ ਰਾਮ ਦੀ ਦਿਤੀ ਦਸਤਕ ਨੇ ਅਜਿਹੀ ਹਲਚਲ ਪੈਦਾ ਕਰ ਦਿੱਤੀ ਕਿ ਦਿੱਲੀ ਦਾ ਤਖਤ ਡਾਵਾਂ ਡੋਲ ਹੋ ਗਿਆ। ਸਾਹਿਬ ਕਾਂਸ਼ੀ ਰਾਮ ਜੀ ਦੀ ਰਾਜਨੀਤਕ ਹੋਂਦ ਕਾਰਨ ਢਿਡੋਂ ਸਖਤ ਦੁਖੀ ਔਖੇ ਤੇ ਸੜੇ ਭੁੱਜੇ ਉਹਨਾਂ ਦੇ ਕੱਟੜ ਵਿਰੋਧੀ ਵੀ ਉਹਨਾਂ ਦਾ ਸਾਥ ਪਾਉਣ ਲਈ ਤਰਲੋ ਮੱਛੀ ਹੁੰਦੇ ਦੇਖੇ ਗਏ। ਇਕ ਵੇਲੇ ਮੀਡੀਆ ਚ ਇਹ ਗੱਲ ਖਾਸ ਤੌਰ ਤੇ ਉਭਰ ਕੇ ਆਈ ਸੀ ਕਿ "ਸੱਭ ਕੋ ਚਾਹੀਏ ਕਾਂਸ਼ੀ ਰਾਮ।"
ਉਹਨਾਂ ਵਲੋਂ ਸਰਕਾਰੀ ਮੁਲਾਜ਼ਮਾਂ ਦੀ ਬਣਾਈ ਗਈ ਜਥੇਬੰਦੀ ਬਾਮਸੇਫ ਵਲੋਂ ਚੰਡੀਗੜ੍ਹ ਦੀ ਪਰੇਡ ਗਰਾਊਂਡ ਚ 14 ਅਕਤੂਬਰ ਤੋਂ 18 ਅਕਤੂਬਰ 1981 ਨੂੰ ਪੰਜ ਦਿਨਾਂ ਲਈ ਕੀਤੀ ਗਈ ਭਰਵੀਂ ਤੀਸਰੀ ਕੌਮੀ ਕਨਵੈਨਸ਼ਨ, ਡੀ.ਐਸ. ਫੋਰ ਦੇ ਮੰਚ ਤੋਂ ਬੂਟਾ ਮੰਡੀ ਜਲੰਧਰ 'ਚ ਕੀਤੀ ਗਈ "ਪੂਨਾ ਪੈਕਟ ਧਿਕਾਰ ਦਿਵਸ ਰੈਲੀ" ਅਤੇ ਨਵਾਂ ਸ਼ਹਿਰ ਲਾਗੇ ਮੂਸਾਪੁਰ ਪਿੰਡ ਚ ਕੀਤੀ ਗਈ ਵਿਸ਼ਾਲ ਕਾਨਫਰੰਸ ਤੋਂ ਬਾਅਦ ਸਾਹਿਬ ਕਾਂਸ਼ੀ ਰਾਮ ਪੰਜਾਬ ਵਿਚ ਚਰਚਿਤ ਹੋ ਗਏ ਸਨ। ਉਹਨਾਂ ਨੇ ਕੁਲੀਆਂ ਤੇ ਸਾਰਿਆਂ ਵਿਚ ਅਣਖ ਦੀ ਅਜਿਹੀ ਚਿਣਗ ਲਾਈ ਜੋ ਲਟ ਲਟ ਬਲ਼ਦੀ ਮਿਸ਼ਾਲ ਬਣ ਗਈ। ਸਾਹਿਬ ਕਾਂਸ਼ੀ ਰਾਮ ਦੀ ਪਾਰਸ ਛੋਹ ਨੇ ਅਜਿਹਾ ਕੀਲਿਆ ਕਿ ਪਰਵਾਰ ਸਮੇਤ ਉਹਨਾਂ ਦੇ ਕਾਰਵਾਂ ਦਾ ਹਮਸਫਰ ਬਣ ਗਿਆ।
ਸਾਹਿਬ ਕਾਂਸ਼ੀ ਰਾਮ ਇਕਲੌਤਾ ਪੰਜਾਬੀ ਸੂਰਮਾ ਸੀ ਜਿਸਨੇ ਆਪਣੇ ਬਲਬੂਤੇ ਕੌਮੀ ਰਾਜਨੀਤੀ ਵਿਚ ਮੋਹਰੀ ਸਥਾਨ ਹਾਸਲ ਕੀਤਾ। ਸਮਾਜਕ ਪਰਿਵਰਤਨ ਤੇ ਆਰਥਿਕ ਮੁਕਤੀ ਲਹਿਰ ਦਾ ਉਸਰੱਈਆ ਉਹ ਅਣਥੱਕ ਯੋਧਾ ਸੀ, ਜਿਸਨੇ ਆਪਣੇ ਸਿਰੜ, ਲਗਨ ਮਿਹਨਤ, ਤਿਆਗ ਤੇ ਮਿਸ਼ਨਰੀ ਭਾਵਨਾ ਸਦਕਾ ਪੂਰੇ ਦੇਸ਼ ਅੰਦਰ ਅਣਗੌਲੇ ਸਮਾਜ ਵਿਚ ਰਾਜਨੀਤਕ ਚੇਤਨਾ ਅਤੇ ਸੂਝਬੂਝ ਪੈਦਾ ਕੀਤੀ ਅਤੇ ਉਨ੍ਹਾਂ ਦਾ ਸਵੈਮਾਣ ਜਗਾਇਆ। ਦਲਿਤ ਪਛੜੇ ਅਤੇ ਧਾਰਮਿਕ ਅਕਲੀਅਤਾਂ ਜੋ ਦੇਸ਼ ਅੰਦਰ ਘੱਟ ਗਿਣਤੀ ਦੇ ਅਹਿਸਾਸ ਦੀਆਂ ਸ਼ਿਕਾਰ ਰਹੀਆਂ ਹਨ ਉਹਨਾਂ ਵਿਚ ਬਹੁ ਗਿਣਤੀ (ਬਹੁਜਨ) ਹੋਣ ਦਾ ਪੂਰੇ ਭਰੋਸੇ ਨਾਲ ਅਹਿਸਾਸ ਜਗਾਇਆ। ਉਹਨਾਂ ਨੇ ਮਾਨਤਾ ਪ੍ਰਾਪਤ ਸਰਕਾਰੀ ਅੰਕੜਿਆਂ ਰਾਹੀਂ ਦੱਸਿਆ ਕਿ ਰਾਜ ਪ੍ਰਬੰਧ ਅਤੇ ਕੌਮੀ ਸਰਮਾਏ ਤੇ ਕਾਬਜ਼ ਮੁੱਠੀ ਭਰ 15 ਫੀਸਦੀ ਤੋਂ ਵੀ ਘੱਟ ਹਨ। ਇਨ੍ਹਾਂ ਹੱਥੋਂ ਲੁੱਟਿਆ ਤੇ ਕੁੱਟਿਆ ਜਾਣ ਵਾਲਾ ਸਮਾਜ 85 ਫੀ ਸਦੀ ਤੋਂ ਵੀ ਵੱਧ ਹੈ। ਸੰਗਠਤ ਹੋ ਕੇ ਦੇਸ਼ ਦਾ ਬਹੁਜਨ ਸਮਾਜ ਆਪਣੀ ਹੋਣੀ ਦਾ ਆਪ ਮਾਲਕ ਬਣ ਸਕਦਾ ਹੈ। ਟੁੱਟੇ ਭੱਜੇ ਸਮਾਜ ਨੂੰ ਭਾਈਚਾਰੇ ਦਾ ਸੀਮਿੰਟ ਲਾਕੇ ਜੋੜਨ ਲਈ ਅਤੇ ਬਹੁਜਨ ਸਮਾਜ ਲਹਿਰ ਦੀ ਉਸਾਰੀ ਲਈ ਉਸ ਮਹਾਂਪੁਰਖ ਨੇ 4200 ਕਿਲੋਮੀਟਰ ਤੋਂ ਵੱਧ ਸਾਈਕਲ ਚਲਾ ਕੇ ਦੇਸ਼ ਦੇ ਕੋਨੇ ਚ ਅੰਦੋਲਨ ਕੀਤਾ। ਉਹ ਜ਼ੋਰ ਦੇਕੇ ਕਿਹਾ ਕਰਦੇ ਸਨ ਕਿ "ਜੇ ਲੀਰੋ ਲੀਰ ਹੋਇਆ ਜਾਤੀ ਟੁਕੜਿਆਂ ਚ ਵੰਡਿਆ ਸਮਾਜ ਇਕੱਠਾ ਕਰ ਲਿਆ ਜਾਵੇ ਤਾਂ ਇਹ ਇਕ ਸ਼ਕਤੀਸ਼ਾਲੀ ਸੰਗਠਨ ਬਣ ਜਾਵੇਗਾ। ਜਿਸ ਦਾ ਕੋਈ ਵੀ ਮਨੂਵਾਦੀ ਦਲ ਮੁਕਾਬਲਾ ਨਹੀਂ ਕਰ ਸਕੇਗਾ।" ਦੇਸ਼ ਦੇ ਲੋਕਾਂ ਦੀ ਬਦਕਿਸਮਤੀ ਹੈ ਕਿ ਉਹਨਾਂ ਦੀ ਜ਼ਿੰਦਗੀ ਦੌਰਾਨ ਬਹੁਜਨ ਸਮਾਜ ਆਪਣਾ ਮੂਲ ਪਹਿਚਾਨਣ ਤੋਂ ਅਸਮਰਥ ਰਿਹਾ ਤੇ ਬਹੁਜਨ ਲਹਿਰ ਅਧਵਾਟੇ ਭਟਕ ਜਾਣ ਕਰਕੇ ਮੰਜ਼ਿਲੇ ਮਕਸੂਦ ਤਕ ਨਹੀਂ ਪਹੁੰਚ ਸਕੀ।
ਵਰਗ ਰਹਿਤ ,ਜਾਤ ਰਹਿਤ, ਸਮਤਲ, ਸਮਾਨਤਾ, ਭਾਈਚਾਰੇ ਅਤੇ ਆਜ਼ਾਦੀ ਵਾਲਾ ਉਹਨਾਂ ਦਾ ਸੁਪਨਾ ਅਧੂਰਾ ਹੀ ਰਹਿ ਗਿਆ। ਉਹ ਡੰਕੇ ਦੀ ਚੋਟ ਤੇ ਆਖਦੇ ਸਨ ਕਿ "ਸਮਾਜਿਕ ਤੇ ਆਰਥਿਕ ਗੈਰ ਬਰਾਬਰੀ ਦਾ ਖਾਤਮਾ ਅਤੇ ਜਾਤ ਰਹਿਤ ਸਮਾਜ ਦੀ ਉਸਾਰੀ ਉਹਨਾਂ ਦਾ ਇਕੋ ਨਿਸ਼ਾਨਾ ਹੈ। ਸਮਾਜਕ ਪ੍ਰਬੰਧ ਦੇ ਪਰਵਰਨ ਵਿਚ ਬ੍ਰਾਹਮਣਵਾਦ ਸੱਭ ਤੋਂ ਵੱਡੀ ਰੁਕਾਵਟ ਹੈ, ਇਸ ਨੂੰ ਜੜ੍ਹੋਂ ਪੁੱਟੇ ਬਿਨਾਂ ਸਮਾਜਕ ਤੇ ਆਰਥਿਕ ਗੈਰ ਬਰਾਬਰੀ ਦਾ ਅੰਤ ਸੰਭਵ ਨਹੀਂ।" ਉਹਨਾਂ ਨੇ ਮਹਾਂ ਮਾਨਵ ਮਹਾਤਮਾ ਬੁੱਧ ਦੀ "ਬਹੁਜਨ ਹਿਤਾਏ ਬਹੁਜਨ ਸੁਖਾਏ", ਵਰਗੀ ਸੁੱਚੀ ਵਿਚਾਰਧਾਰਾ ਅਤੇ ਸਿੱਖ ਲਹਿਰ ਦੀ "ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ", "ਸਭੇ ਸਾਂਝੀਵਾਲ ਸਦਾਇਨ ਕੋਇ ਨਾ ਦਿਸੈ ਬਾਹਰਾ ਜੀਉ" ਅਤੇ "ਏਕ ਪਿਤਾ ਏਕਸੁ ਕੇ ਹਮ ਬਾਰਿਕ" ਵਰਗੀ ਮਾਨਵਵਾਦੀ ਸੁੱਚੀ ਸੋਚ ਦੀ ਪੂਰਤੀ ਲਈ ਜ਼ਿੰਦਗੀ ਭਰ ਸੰਘਰਸ਼ ਕੀਤਾ। ਸਾਹਿਬ ਕਾਂਸ਼ੀ ਰਾਮ ਆਪਣੇ ਸੰਘਰਸ਼ ਦਾ ਪ੍ਰੇਰਨਾ ਸਰੋਤ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਦੇ ਅੰਦੋਲਨ ਨੂੰ ਮੰਨਦੇ ਸਨ। ਗੁਰੂ ਸਾਹਿਬ ਦੇ ਜੀਵਨ ਦੀਆਂ ਘਟਨਾਵਾਂ, ਘਾਲਣਾਵਾਂ ਅਤੇ ਕੁਰਬਾਨੀਆਂ ਦੀ ਉਹਨਾਂ ਦੇ ਜੀਵਨ ਤੇ ਖਾਸ ਛਾਪ ਸੀ। ਗੁਰੂ ਸਾਹਿਬ ਦੇ ਸਰਬੰਸ ਦੀਆਂ ਸ਼ਹਾਦਤਾਂ ਦਾ ਜ਼ਿਕਰ ਕਰਦਿਆਂ ਉਹ ਅਕਸਰ ਹੀ ਜਜ਼ਬਾਤੀ ਹੋ ਜਾਇਆ ਕਰਦੇ ਅਤੇ ਫੁੱਟ ਫੁੱਟ ਕੇ ਰੋ ਪੈਂਦੇ ਸਨ।
ਗੁਰੂ ਗੋਬਿੰਦ ਸਿੰਘ ਜੀ ਦੇ ਗਰੀਬ ਗੁਰਬਿਆਂ ਨੂੰ "ਸਰਦਾਰ ਤੇ ਪਾਤਸ਼ਾਹ" ਬਨਾਉਣ ਦੇ ਸੰਕਲਪ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਨੇ ਸਾਰੀ ਜ਼ਿੰਦਗੀ ਕੁਆਰੇ ਰਹਿ ਕੇ ਸੰਘਰਸ਼ ਕੀਤਾ। ਪਰਵਾਰ ਅਤੇ ਨਿੱਜੀ ਜਾਇਦਾਦ ਨਾ ਬਣਾਉਣ ਦੇ ਆਪਣੇ ਨਿਸਚੇ ਤੇ ਉਹ ਆਖ਼ਰੀ ਸਾਹਾਂ ਤਕ ਦ੍ਰਿੜ੍ਹਤਾ ਨਾਲ ਪਹਿਰਾ ਦਿੰਦੇ ਰਹੇ। ਉਹ ਹਿੱਕ ਠੋਕ ਕੇ ਕਿਹਾ ਕਰਦੇ ਸਨ ਕਿ "ਕਾਂਸ਼ੀ ਰਾਮ ਦੇ ਨਾਂ ਤੇ ਨਿੱਜੀ ਜਾਇਦਾਦ ਵਜੋਂ ਪੂਰੀ ਦੁਨੀਆਂ ਵਿੱਚ ਸਾਢੇ ਤਿੰਨ ਹੱਥ ਜਗਾਹ ਵੀ ਨਹੀਂ ਜੋ ਮਰਨ ਤੋੱ ਬਾਅਦ ਹਰੇਕ ਮਨੁੱਖ ਨੂੰ ਨਸੀਬ ਹੋ ਜਾਣੀ ਹੈ, ਬੈਂਕ ਖਾਤੇ ਤਾਂ ਦੂਰ ਦੀ ਗੱਲ ਰਹੀ।"
ਆਪਣੇ ਨਿਸ਼ਾਨੇ ਦੀ ਪੂਰਤੀ ਹਿਤ ਉਹਨਾਂ ਦੇ ਜੀਵਨ ਵਿਚ ਇਕ ਵਿਸ਼ੇਸ਼ ਕਾਹਲ ਸੀ। ਦੱਬੇ ਕੁਚਲਿਆਂ ਦੀਆਂ ਪੀੜਾਂ, ਆਹਾਂ ਤੇ ਸਿਸਕੀਆਂ ਨੇ ਉਹਨਾਂ ਨੂੰ ਬੇਚੈਨ ਕਰ ਕੇ ਰੱਖ ਦਿੱਤਾ ਸੀ। ਮਜ਼ਲੂਮਾਂ ਤੇ ਲਾਚਾਰ ਲੋਕਾਂ ਨਾਲ ਬੇਇਨਸਾਫ਼ੀ ਵਿਰੁੱਧ ਉਹਨਾਂ ਦੇ ਦਿਲ ਵਿਚ ਇਕ ਚੀਸ ਸੀ ਜੋ ਉਹਨਾਂ ਨੂੰ ਟਿਕ ਕੇ ਨਹੀਂ ਬਹਿਣ ਦਿੰਦੀ ਸੀ। ਸਾਧਨਾਂ ਤੇ ਪੈਸੇ ਦੀ ਅਣਹੋਂਦ ਦੇ ਬਾਵਜੂਦ ਵੀ ਉਹਨਾਂ ਨੇ ਸਾਈਕਲ ਤੇ ਹੀ ਬਹੁਜਨ ਲਹਿਰ ਦੀ ਉਸਾਰੀ ਲਈ ਆਪਣਾ ਅੰਦੋਲਨ ਅਰੰਭ ਦਿੱਤਾ। ਦੋ ਪੈਰਾਂ ਤੇ ਦੋ ਪਹੀਆਂ ਨੇ ਅਜਿਹਾ ਕਮਾਲ ਕੀਤਾ ਕਿ ਭਾਰਤ ਦੀ ਦਲਗਤ ਰਾਜਨੀਤੀ ਵਿੱਚ ਤੂਫ਼ਾਨ ਆ ਗਿਆ। ਸਾਹਿਬ ਕਾਂਸ਼ੀ ਰਾਮ ਦੀ ਦੂਰ ਅੰਦੇਸ਼ੀ ਨੇ ਹਕੂਮਤ ਤੇ ਕਾਬਜ਼ ਧਿਰਾਂ ਦੇ ਪੈਰਾਂ ਹੇਠ ਅਜਿਹਾ ਲਾਂਬੂ ਲਾਇਆ ਕਿ ਉਹਨਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਰਾਜਨੀਤਕ ਖੇਤਰ ਵਿਚ ਉਨ੍ਹਾਂ ਦੀ ਹਾਜ਼ਰੀ ਨੇ ਰਾਜਸੀ ਅਸਥਿਰਤਾ ਦਾ ਮਹੌਲ ਪੈਦਾ ਕਰ ਦਿੱਤਾ। ਉਹਨਾਂ ਨੇ ਬੇਝਿਜਕ ਪੂਰੀ ਬੇਬਾਕੀ ਨਾਲ ਐਲਾਨਿਆ ਕਿ "ਉਹ ਉਤਨੀ ਦੇਰ ਤੱਕ ਰਾਜਨੀਤਕ ਅਸਥਿਰਤਾ ਦੇ ਮੁਦੱਈ ਹਨ ਜਿੰਨੀ ਦੇਰ ਤਕ ਬਹੁਜਨ ਸਮਾਜ ਰਾਜਸੀ ਸਥਿਰਤਾ ਦੇ ਲਾਇਕ ਨਹੀਂ ਹੋ ਜਾਂਦਾ।" ਸਾਹਿਬ ਕਾਂਸ਼ੀ ਰਾਮ ਦੀ ਲਹਿਰ ਦੇ ਉਭਾਰ ਸਦਕਾ ਸਦੀਆਂ ਬਾਅਦ ਗੈਰ ਬਰਾਬਰੀ ਦੇ ਹਾਮੀ ਬ੍ਰਾਹਮਣਵਾਦੀਆਂ ਨੂੰ ਆਪਣੀ ਹੋਂਦ ਲਈ ਖਤਰਾ ਭਾਸਣ ਲੱਗਾ ਉਹਨਾਂ ਦੀ ਇਹ ਚਿੰਤਾ ਸੰਘ ਪਰਵਾਰ ਦੇ ਗੁਪਤ ਦਸਤਾਵੇਜ਼ਾਂ ਵਿੱਚੋਂ ਸਾਫ ਜ਼ਾਹਰ ਹੁੰਦੀ ਹੈ।
ਸਾਹਿਬ ਕਾਂਸ਼ੀ ਰਾਮ ਨੇ ਦਿੱਲੀ ਦੇ ਤਖਤ ਤੇ ਬਹੁਜਨ ਸਮਾਜ ਨੂੰ ਕਾਬਜ਼ ਕਰਵਾਉਣ ਲਈ ਲਖਨਊ ਦਾ ਰਾਹ ਫੜਿਆ। ਸਤਾ ਦੀ ਵੱਡੀ ਚਾਬੀ ਹਾਸਲ ਕਰਨ ਲਈ ਦੇਸ਼ ਦਾ ਸੱਭ ਤੋਂ ਵੱਡਾ ਸੂਬਾ ਉਤਰ ਪ੍ਰਦੇਸ਼ ਉਹਨਾਂ ਨੂੰ ਸੱਭ ਤੋਂ ਜਰਖੇਜ਼ ਖਿੱਤਾ ਜਾਪਿਆ। ਉਹ ਐਲਾਨੀਆਂ ਕਿਹਾ ਕਰਦੇ ਸਨ ਕਿ "ਉਹ ਦੁਸਮਣ ਨੂੰ ਲੱਤਾ ਬਾਹਾਂ ਤੋਂ ਨਹੀ ਸਗੋਂ ਧੌਣ ਤੋਂ ਫੜਨ ਲਈ ਯਤਨਸ਼ੀਲ ਹਨ।" ਉਹਨਾਂ ਦੀ ਦੂਰਦ੍ਰਿਸ਼ਟੀ, ਵਿਸ਼ਾਲ ਸਿਆਸੀ ਸੂਝਬੂਝ, ਸਖਤ ਮਿਹਨਤ, ਬੇਮਿਸਾਲ ਲਗਨ, ਰਾਜਨੀਤਕ ਪ੍ਰਤਿਭਾ ਅਤੇ ਅਥਾਹ ਇੱਛਾ ਸ਼ਕਤੀ ਸਦਕਾ ਬਹੁਜਨ ਸਮਾਜ ਪਾਰਟੀ (ਬਸਪਾ) ਕੌਮੀ ਪੱਧਰ ਦੀ ਤੀਜੀ ਵੱਡੀ ਤੇ ਮਾਨਤਾ ਪਰਾਪਤ ਪਾਰਟੀ ਥੋੜ੍ਹੇ ਸਮੇਂ ਵਿਚ ਹੀ ਬਣ ਗਈ। ਕਾਂਸ਼ੀ ਰਾਮ ਦੀ ਸਿਆਸੀ ਯੋਗਤਾ ਨੇ ਵੱਡੇ ਵੱਡੇ ਰਾਜਨੀਤਕ ਧੁਰੰਧਰਾਂ ਨੂੰ ਕੰਬਣੀ ਛੇੜ ਦਿੱਤੀ। ਰਾਜਸੀ ਪੰਡਤਾਂ ਦੀਆਂ ਗਿਣਤੀਆਂ ਮਿਣਤੀਆਂ ਧਰੀਆਂ ਧਰਾਈਆਂ ਰਹਿ ਜਾਂਦੀਆਂ, ਸਿਆਸੀ ਸਮੀਕਰਣ ਗੜਬੜਾ ਜਾਂਦੇ ਰਹੇ ਅਤੇ ਵੱਡੇ ਵੱਡੇ ਖੱਬੀਖਾਨ ਉਹਨਾਂ ਤਕ ਪਹੁੰਚ ਕਰਨ ਲਈ ਗੋਡਿਆਂ ਭਾਰ ਹੋਏ ਰਹਿੰਦੇ। ਸਮਝੌਤਿਆਂ ਦੀ ਰਾਜਨੀਤੀ ਦਾ ਆਗਾਜ਼ ਕਰਨ ਵਾਲੇ ਕਾਂਸ਼ੀ ਰਾਮ ਸਮਝੌਤਾ ਕਰਨ ਲਈ ਕਦੀ ਵੀ ਕਿਸੇ ਕੋਲ ਨਹੀਂ ਸਨ ਜਾਂਦੇ ਸਗੋਂ ਉਹ ਆਪਣੇ ਵਿਰੋਧੀਆਂ ਲਈ ਅਜਿਹੀ ਰਾਜਸੀ ਮਜ਼ਬੂਰੀ ਪੈਦਾ ਕਰਨ ਦੀ ਸੂਝ ਬੂਝ ਰੱਖਦੇ ਸਨ ਕਿ ਵਿਰੋਧੀ ਰੁੜ੍ਹ ਕੇ ਉਹਨਾਂ ਕੋਲ਼ ਆਉਣ ਲਈ ਲਾਚਾਰ ਤੇ ਮਜ਼ਬੂਰ ਹੋ ਜਾਂਦੇ।
ਉਹ ਬੇਝਿਜਕ ਕਿਹਾ ਕਰਦੇ ਸਨ ਕਿ "ਮਨੁੱਖ ਅੰਦਰ ਬਦਲੇ ਦੀ ਭਾਵਨਾ ਹੋਣੀ ਚਾਹੀਦੀ ਹੈ। ਜਿਸ ਮਨੁੱਖ ਜਾਂ ਸਮਾਜ 'ਚ ਬਦਲੇ ਦੀ ਭਾਵਨਾ ਨਾ ਹੋਵੇ ਉਹ ਮੁਰਦਿਆਂ ਸਮਾਨ ਹੁੰਦੇ ਹਨ।" ਸੰਨ 1972 ਵਿਚ ਮਹਾਂਰਾਸ਼ਟਰ ਦੀ ਸੱਤਾਧਾਰੀ ਕਾਂਗਰਸ ਪਾਰਟੀ ਨੇ ਬਾਬਾ ਸਾਹਿਬ ਦੀ ਪਾਰਟੀ ਵਜੋਂ ਜਾਣੀ ਜਾਂਦੀ ਰਿਪਬਲਿਕਨ ਪਾਰਟੀ ਆਫ਼ ਇੰਡੀਆ (ਆਰ. ਪੀ. ਆਈ.) ਨੂੰ ਪੰਡਰਪੁਰ ਦੀ ਇਕ ਪਾਰਲੀਮਾਨੀ ਸੀਟ ਦੇਕੇ ਤੇ ਪਾਰਲੀਮੈਂਟ ਦੀਆਂ 520 ਸੀਟਾਂ ਆਪ ਲੈਕੇ ਪੂਰੇ ਸੂਬੇ ਚ ਕਾਂਗਰਸ ਪਾਰਟੀ ਦੀ ਹਮਾਇਤ ਕਰਨ ਦਾ ਜ਼ਲਾਲਤ ਭਰਿਆ ਸਮਝੌਤਾ ਕੀਤਾ ਅਤੇ ਇਸ ਸਮਝੌਤੇ ਨੂੰ ਅੰਬੇਡਕਰ ਤੇ ਗਂਧੀ ਦੇ ਸਮਝੌਤੇ ਵਜੋਂ ਪ੍ਰਚਾਰਿਆ ਗਿਆ। ਸਾਹਿਬ ਕਾਂਸ਼ੀ ਰਾਮ ਨੇ ਦੇਸ਼ ਦੇ ਸੱਭ ਤੋਂ ਵੱਡੇ ਸੂਬੇ ਉਤਰ ਪ੍ਰਦੇਸ਼ ਜਿੱਥੋਂ 425 ਵਿਧਾਨਕਾਰ ਚੁਣੇ ਜਾਂਦੇ ਹਨ ਕੇਦਰ ਦੀ ਸਤਾ ਤੇ ਕਾਬਜ਼ ਕਾਂਗਰਸ ਪਾਰਟੀ ਦੇ ਤਤਕਾਲੀ ਪ੍ਰਧਾਨ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰ ਸਿਮ੍ਹਾ ਰਾਉ ਨੂੰ ਅਜਿਹੀ ਲਾਚਾਰੀ ਤੇ ਬੇਬੱਸੀ ਦੀ ਸਥਿਤੀ ਵਿਚ ਲੈ ਆਂਦਾ ਕਿ ਉਹ ਸਾਹਿਬ ਕਾਂਸ਼ੀ ਰਾਮ ਦੇ ਰਹਿਮੋ- ਕਰਮ ਅਤੇ ਉਹਨਾਂ ਦੀਆਂ ਸ਼ਰਤਾਂ ਤੇ 125 ਸੀਟਾਂ ਲੈਕੇ ਸਮਝੌਤਾ ਕਰਨ ਲਈ ਮਜ਼ਬੂਰ ਹੋ ਗਏ। ਇਹ ਸਮਝੌਤਾ ਬੰਦ ਕਮਰੇ ਵਿਚ ਨਹੀਂ ਸਗੋਂ ਮੀਡੀਆ ਦੇ ਸਾਹਮਣੇ ਕੀਤਾ ਗਿਆ। ਸਾਹਿਬ ਕਾਂਸ਼ੀ ਰਾਮ ਨੇ ਪੂਰੇ ਗੌਰਵ ਨਾਲ ਦੇਸ਼ ਦੇ ਲੋਕਾਂ ਨੂੰ ਦੱਸਿਆ ਕਿ "ਅੰਬੇਡਕਰ ਤੇ ਗਾਂਧੀ ਦਾ ਅਸਲ ਸਮਝੌਤਾ ਹੁਣ ਹੋਇਆ ਹੈ।"
ਮੀਡੀਏ ਦਾ ਕੁੱਝ ਭਾਗ ਤੇ ਕੁੱਝ ਰਾਜਸੀ ਵਿਰੋਧੀ ਸਾਹਿਬ ਕਾਂਸ਼ੀ ਰਾਮ ਨੂੰ ਵਿਕਾਊ ਮਾਲ ਹੋਣ ਦੇ ਤੰਜ ਕੱਸਕੇ ਭੰਡਦੇ ਰਹੇ ਪਰ 1995 ਵਿਚ ਪਾਰਲੀਮੈਂਟ ਦੇ ਚੱਲ ਰਹੇ ਇਜਲਾਸ ਦੌਰਾਨ (ਜਿਸਦੀ ਕਾਰਵਾਈ ਟੀਵੀ ਰਾਹੀਂ ਨਾਲੋ ਨਾਲ ਪ੍ਰਸਾਰਤ ਹੋ ਰਹੀ ਸੀ) ਉਹਨਾਂ ਨੇ ਦੱਸਿਆ ਕਿ "ਕਾਂਸ਼ੀ ਰਾਮ ਵਿਕਣ ਲਈ ਪੈਦਾ ਨਹੀਂ ਹੋਇਆ। ਕਾਂਸ਼ੀ ਰਾਮ ਨੂੰ ਖਰੀਦਣ ਲਈ ਭਾਜਪਾ ਆਗੂਆਂ ( ਅਟਲ ਬਿਹਾਰੀ ਵਾਜਪਾਈ ਤੇ ਲਾਲ ਕ੍ਰਿਸ਼ਨ ਅਡਵਾਨੀ) ਵਲੋਂ ਉਹਨਾਂ ਨੂੰ ਰਾਸ਼ਟਰਪਤੀ ਬਣਾਉਣ ਲਈ ਕੀਤੀ ਗਈ ਪੇਸ਼ਕਸ਼ ਇਹ ਕਹਿੰਦਿਆਂ ਠੁਕਰਾ ਦਿਤੀ ਕਿ ਉਹ ਆਪਣੇ ਸਮਾਜ ਲਈ ਕੁਝ ਕਰਨਾ ਚਾਹੁੰਦੇ ਹਨ, ਕੁਝ ਬੋਲਣਾ ਚਾਹੁੰਦੇ ਹਨ, ਕੁਝ ਬੋਲਣ ਲਈ, ਕੁਝ ਕਰਨ ਲਈ ਰਾਸ਼ਟਰਪਤੀ ਨਹੀਂ ਪ੍ਰਧਾਨ ਮੰਤਰੀ ਹੋਣਾ ਚਾਹੀਦਾ ਹੈ। ਉਸ ਵੱਡੇ ਮਕਾਨ ( ਰਾਸ਼ਟਰਪਤੀ ਭਵਨ) ਵਿਚ ਕੈਦ ਕਰਕੇ ਉਹਨਾਂ ਦੀ ਜ਼ਬਾਨ ਰੋਕੀ ਨਹੀਂ ਜਾ ਸਕਦੀ ਇਸ ਲਈ ਰਾਸ਼ਟਰਪਤੀ ਵਰਗਾ ਸਨਮਾਨਯੋਗ ਰੁਤਬਾ ਉਹਨਾਂ ਨੇ ਠੁਕਰਾ ਦਿਤਾ।"
ਸਾਹਿਬ ਕਾਂਸ਼ੀ ਰਾਮ ਦੀ ਦੂਰ ਦਰਸ਼ੀ ਸੋਚ ਸਦਕਾ ਦੇਸ਼ ਅੰਦਰ ਜਾਤੀਗਤ ਸਮੀਕਰਨ ਪੂਰੀ ਤਰ੍ਹਾਂ ਬਦਲ ਕੇ ਰਹਿ ਗਏ ਤੇ ਨਵੇਂ ਸਿਰਿਉਂ ਧਰੁਵੀਕਰਨ ਹੋਣ ਲੱਗਾ। ਦਲਿਤਾਂ ਤੇ ਪਛੜਿਆਂ ਵਿਚ ਰਾਜਸੀ ਸੂਝਬੂਝ ਅਤੇ ਰਾਜਪਾਟ ਸਾਂਭਣ ਦੀ ਇੱਛਾ ਪੈਦਾ ਕਰਕੇ ਸਾਹਿਬ ਕਾਂਸ਼ੀ ਰਾਮ ਨੇ ਨਵੇਂ ਕਲਚਰ ਦੇ ਮਸੀਹਾ ਵਜੋਂ ਆਪਣੀ ਭੱਲ ਬਣਾ ਲਈ। ਉਹਨਾਂ ਦੀ ਦੂਰ ਦਰਸ਼ੀ ਸੋਚ ਸਦਕਾ ਦਲਿਤ ਪੀੜਤ ਤੇ ਅਣਗੌਲਿਆ ਵਰਗ ਭਾਰਤ ਦੀ ਚੋਣ ਰਾਜਨੀਤੀ ਵਿੱਚ ਸੱਭ ਤੋਂ ਅਹਿਮ ਵਰਗ ਵਜੋਂ ਉੱਭਰ ਕੇ ਸਾਹਮਣੇ ਆਇਆ। ਵਿਸ਼ਾਲ ਪੱਧਰ ਤੇ ਰਾਜਸੀ ਸਮੀਕਰਨ ਬਦਲਣ ਦਾ ਸਿਹਰਾ ਸਾਹਿਬ ਕਾਂਸ਼ੀ ਰਾਮ ਨੂੰ ਹੀ ਜਾਂਦਾ ਹੈ।
ਕਰੋੜਾਂ ਦਲਿਤਾਂ ਸ਼ੋਸ਼ਿਤਾਂ ਤੇ ਪਛੜਿਆਂ ਦਾ ਮਸੀਹਾ, ਗਰੀਬ ਗੁਰਬਿਆਂ ਤੇ ਮਜ਼ਲੂਮਾਂ ਦੀ ਜ਼ੁਬਾਨ, ਸਮਾਜਕ ਕ੍ਰਾਂਤੀ ਦਾ ਮੁਦੱਈ, ਆਰਥਿਕ ਮੁਕਤੀ ਦਾ ਅਲੰਬਰਦਾਰ, ਅਣਗੌਲਿਆਂ ਤੇ ਅਣਹੋਇਆਂ ਦੀ ਕਾਂਇਆਂ ਕਲਪ ਕਰਨ ਦਾ ਤਲਬਗਾਰ, ਸੁਪਨਿਆਂ ਦਾ ਸੁਦਾਗਰ, ਝੁੱਗੀਆਂ ਝੌਂਪੜੀਆਂ ਤੇ ਢਾਰਿਆਂ ਵਿਚ ਚਾਨਣ ਬੀਜਣ ਦਾ ਇੱਛਕ ਰੰਗਲਾ ਸੱਜਣ ਕਾਂਸ਼ੀ ਰਾਮ ਆਪਣਾ ਕਾਰਜ ਅੱਧਵਾਟੇ ਛੱਡ ਕੇ ਦਿਲ ਦੀਆਂ ਦਿਲ ਵਿਚ ਲੈਕੇ ਜਿਸਮਾਨੀ ਤੌਰ ਤੇ ਸਦਾ ਲਈ ਅਲੋਪ ਹੋ ਗਿਆ। ਗ਼ਰੀਬਾਂ ਨੂੰ "ਸਰਦਾਰ ਤੇ ਪਾਤਸ਼ਾਹ" ਬਣਾਉਣ ਦਾ ਉਹਨਾਂ ਦਾ ਸੁਪਨਾ ਉਹਨਾਂ ਦੀ ਜ਼ਿੰਦਗੀ ਦੌਰਾਨ ਸਾਕਾਰ ਨਾ ਹੋ ਸਕਿਆ। ਜ਼ਿੰਦਗੀ ਦੇ ਆਖਰੀ ਪੜਾਅ ਤੇ ਅਣਹੋਣੀਆਂ ਨੇ ਉਹਨਾਂ ਨੂੰ ਬੇਬੱਸ ਤੇ ਲਾਚਾਰ ਬਣਾ ਕੇ ਰੱਖ ਦਿੱਤਾ। ਕਰੋੜਾਂ ਦਿਲਾਂ ਦੀ ਧੜਕਨ ਕਾਂਸ਼ੀ ਰਾਮ ਬੇਹਰਕਤ ਹੋ ਕੇ ਰਹਿ ਗਿਆ। ਆਪਣੀ ਬੱਬਰ ਗਰਜ ਨਾਲ ਵਿਰੋਧੀਆਂ ਤੇ ਦੁਸ਼ਮਣਾਂ ਨੂੰ ਕੰਬਣੀ ਛੇੜ ਦੇਣ ਵਾਲ਼ਾ ਬੇਖੌਫ ਤੇ ਨਿੱਡਰ ਆਗੂ ਬੇਬੱਸ, ਬੇਜ਼ੁਬਾਨ, ਲਾਚਾਰ ਤੇ ਮੋਮ ਦਾ ਅਹਿੱਲ ਪੁਤਲਾ ਬਣ ਕੇ ਰਹਿ ਗਿਆ। ਅਣਗੌਲੇ ਵਰਗਾਂ ਨੂੰ ਉਹਨਾਂ ਦੀ ਅਗਵਾਈ ਦੀ ਅਜੇ ਸਖਤ ਲੋੜ ਸੀ। ਦਲਿਤਾਂ ਪਛੜਿਆਂ ਨੂੰ ਬਰਾਬਰ ਦਾ ਨਾਗਰਿਕ ਬਣਾਉਣ ਲਈ, ਉਹਨਾਂ ਦੀ ਕਾਂਇਆਕਲਪ ਕਰਨ ਲਈ, ਉਹਨਾਂ ਦੇ ਜੀਵਨ ਵਿਚ ਪਸਰਿਆ ਹਨੇਰਾ ਦੂਰ ਕਰਨ ਲਈ ਸਾਹਿਬ ਕਾਂਸ਼ੀ ਦੀ ਰਹਿਨੁਮਾਈ ਦੀ ਅਜੇ ਬਹੁਤ ਲੋੜ ਸੀ ਪਰ ਹੋਣੀ ਨੂੰ ਇਹ ਮਨਜ਼ੂਰ ਨਹੀਂ ਸੀ।
ਆਪਣੀ ਵੱਧਦੀ ਉਮਰ ਤੇ ਡਿੱਗਦੀ ਜਾ ਰਹੀ ਸਿਹਤ ਵਾਂਗ ਉਹਨਾਂ ਦੀ ਖੁਰਦੀ ਜਾ ਰਹੀ ਵਿਰਾਸਤ ਪ੍ਰਤੀ ਉਹ ਜ਼ਿੰਦਗੀ ਦੇ ਆਖਰੀ ਪੜਾਅ ਤੇ ਡਾਹਢੇ ਚਿੰਤਿਤ ਸਨ। ਕਰੋੜਾਂ ਬਹੁਜਨਾਂ ਦਾ ਮਸੀਹਾ ਆਪਣੇ ਦਿਲ ਦੀਆਂ ਦਿਲ 'ਚ ਲੈਕੇ ਸਦਾ ਲਈ ਸ਼ਾਂਤ ਹੋ ਗਿਆ। ਭਾਵੇਂ ਉਹਨਾਂ ਦਾ ਅਫਸੋਸਨਾਕ ਜਿਸਮਾਨੀ ਅੰਤ ਹੋ ਗਿਆ ਹੈ ਪਰ ਉਹਨਾਂ ਦੀ ਮਾਨਵੀ ਸੋਚ ਹਮੇਸ਼ਾ ਬਹੁਜਨ ਸਮਾਜ ਲਈ ਰਾਹ ਦਸੇਰਾ ਬਣੀ ਰਹੇਗੀ। ਸਮਾਜਿਕ ਪਰਵਰਤਨ ਤੇ ਆਰਥਿਕ ਮੁਕਤੀ ਅੰਦੋਲਨ ਲਈ ਐਨਿਆਂ ਚੋਂ ਕਿਹੜਾ ਸੂਰਮਾ ਉੱਭਰ ਕੇ ਅੱਗੇ ਆਵੇਗਾ ਜਿਹੜਾ ਉਹਨਾਂ ਦੀ ਵਿਰਾਸਤ ਸੰਭਾਲ ਕੇ ਸਹੀ ਦਿਸ਼ਾ ਦੇ ਸਕੇ ਇਸ ਸੁਆਲ ਦਾ ਜੁਆਬ ਅਜੇ ਭਵਿੱਖ ਦੇ ਗੱਰਭ ਵਿੱਚ ਪਿਆ ਹੈ।
ਲਾਲ ਸਿੰਘ ਸੁਲਹਾਣੀ
9872155120

-
ਲਾਲ ਸਿੰਘ ਸੁਲਹਾਣੀ, writer
lalsingh75@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.