Babushahi Special: ਬੀੜ ਤਲਾਬ: ਚਿੱਟੇ ਦੇ ਕਾਲੇ ਧੰਦੇ ਕਾਰਨ ਹੋ ਰਹੀ ਮਾਵਾਂ ਦੀ ਗੋਦ ਸੱਖਣੀ
ਅਸ਼ੋਕ ਵਰਮਾ
ਬਠਿੰਡਾ,19ਮਾਰਚ 2025: ਨਸ਼ਿਆਂ ਦੀ ਖੁੱਲ੍ਹੀ ਮੰਡੀ ਮੰਨੇ ਜਾਂਦੇ ਬਠਿੰਡਾ ਜਿਲ੍ਹੇ ਦੇ ਬੀੜ ਤਲਾਬ ਦੀਆਂ ਮਾਵਾਂ ਦੇ ਸਵਾਲ ਹਨ ਕਿ ਉਨ੍ਹਾਂ ਦੇ ਘਰਾਂ ’ਚ ਸੱਥਰ ਕਿਓਂ ਵਿਛਣੋ ਨਹੀਂ ਹਟ ਰਹੇ ਹਨ। ਤਾਜਾ ਮਾਮਲਾ ਇਸ ਪਿੰਡ ਵਿੱਚ ਚਿੱਟੇ ਕਾਰਨ ਦੋ ਕੜੀ ਵਰਗੇ ਗੱਭਰੂਆਂ ਦੀ ਦੁਖਦਾਈ ਮੌਤ ਦਾ ਹੈ ਜਿਸ ਨੇ ਪਿੰਡ ਵਾਸੀਆਂ ਨੂੰ ਹਿਲਾਕੇ ਰੱਖ ਦਿੱਤਾ ਹੈ। ਪੁਲਿਸ ਨੇ ਇਸ ਪਿੰਡ ਵਿੱਚ ਇੱਕ ਨਸ਼ਾ ਤਸਕਰ ਦੀ ਉਸਾਰੀ ਅਧੀਨ ਕੋਠੀ ਢਾਹਕੇ ‘ਯੁੱਧ ਨਸ਼ਿਆਂ ਵਿਰੁੱਧ’ ਸ਼ੁਰੂ ਕੀਤਾ ਸੀ ਤਾਂ ਨਸ਼ਿਆਂ ਦਾ ਲੱਕ ਤੋੜਨ ਦੀ ਗੱਲ ਆਖੀ ਸੀ । ਇਸ ਕਰਕੇ ਇਹ ਸਵਾਲ ਉੱਠਿਆ ਹੈ ਕਿ ਪੰਜਾਬ ਸਰਕਾਰ ਇਸ ਪਿੰਡ ’ਚ ਵਿਕਦੇ ਨਸ਼ੇ ਦੇ ਮਾਮਲੇ ਵਿੱਚ ਕਦੋਂ ਜਾਗੇਗੀ। ਪਿੰਡ ਵਾਸੀ ਆਖਦੇ ਹਨ ਕਿ ਪਿਛਲੀ ਸਰਕਾਰ ਵੇਲੇ ਮਹਾਰਾਜੇ ਦੀ ਸਹੁੰ ਝੂਠੀ ਸਾਬਤ ਹੋਈ ਤਾਂ ਇਸ ਹਕੂਮਤ ਦੌਰਾਨ ਵੀ ਚਿੱਟਾ ਕਹਿਰ ਵਰਤਾਉਣੋ ਨਹੀਂ ਹਟਿਆ ਹੈ।

ਜਾਣਕਾਰੀ ਅਨੁਸਾਰ ਬਸਤੀ ਨੰਬਰ 5 ਦੇ ਲੜਕੇ ਮਨੀ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਨੂੰ ਚਿੱਟੇ ਵਰਗੇ ਖਤਰਨਾਕ ਨਸ਼ੇ ਦੀ ਚਾਟ ਲੱਗੀ ਹੋਈ ਸੀ ਜੋ ਬਸਤੀ ਨੰਬਰ 4 ਦੇ ਨਜ਼ਦੀਕ ਸੜਕ ਦੇ ਕਿਨਾਰੇ ਬੇਹੋਸ਼ ਮਿਲਿਆ ਸੀ। ਜਦੋਂ ਪਿਡ ਵਾਸੀਆਂ ਵੱਲੋਂ ਜਾਣਕਾਰੀ ਦੇਣ ਤੇ ਪ੍ਰੀਵਾਰ ਨੇ ਡਾਕਟਰ ਨੂੰ ਬਲਾਇਆ ਪਰ ਉਦੋਂ ਤੱਕ ਮਨੀ ਸਿੰਘ ਦੀ ਮੌਤ ਹੋ ਚੁੱਕੀ ਸੀ। ਹਾਲਾਂਕਿ ਪਿਛੇ ਬਚੀ ਬਿਰਧ ਦਾਦੀ ਗੁਰਦੀਪ ਕੌਰ ਨੇ ਕਾਰਵਾਈ ਕਰਵਾਉਣ ਤੋਂ ਇਨਕਾਰ ਕੀਤਾ ਹੈ ਪਰ ਪਿੰਡ ਵਾਸੀ ਗੱਭਰੂ ਦੀ ਮੌਤ ਕਾਰਨ ਡਰੇ ਹੋਏ ਹਨ। ਇਸ ਬਿਰਧ ਦੇ ਪੁੱਤਰ ਜਹਾਨੋਂ ਚਲਾ ਗਿਆ ਅਤੇ ਨੂੰਹ ਵੀ ਘਰ ਛੱਡਕੇ ਪੇਕੇ ਚਲੀ ਗਈ ਤਾਂ ਵੀ ਉਸ ਨੇ ਖੁਦ ਨੂੰ ਸੰਭਾਲ ਲਿਆ ਸੀ ਪਰ ਹੁਣ ਕੋਈ ਸਹਾਰਾ ਨਹੀਂ ਬਚਿਆ ਹੈ। ਉਹ ਸੋਚਦੀ ਸੀ ਕਿ ਪੋਤਾ ਬੁਢਾਪੇ ਦੀ ਲਾਠੀ ਬਣੇਗਾ ਪਰ ਉਹ ਵੀ ਅੱਧ ਵਿਚਕਾਰ ਛੱਡ ਗਿਆ ਹੈ।
ਅੱਖਾਂ ’ਚ ਹੰਝੂ ਅਤੇ ਸਿਰ ਤੇ ਫਿਕਰਾਂ ਦੀ ਪੰਡ ਲਈ ਗੁਰਦੀਪ ਕੌਰ ਦਾ ਕਹਿਣਾ ਸੀ ਕਿ ਪੋਤਾ ਇੱਕ ਸਾਲ ਤੋਂ ਨਸ਼ਾ ਕਰ ਰਿਹਾ ਸੀ ਜਿਸ ਨੂੰ ਸਮਝਾਇਆ ਬੁਝਾਇਆ ਤੇ ਨਸ਼ਾ ਮੁਕਤੀ ਕੇਂਦਰ ਵੀ ਦਾਖਲ ਕਰਵਾਇਆ ਪਰ ਵਾਪਿਸ ਆਉਣ ਤੇ ਉਸ ਨੇ ਨਸ਼ਾ ਕਰਨਾ ਸ਼ੁਰੂ ਕਰ ਦਿੱਤਾ। ਭਰੀਆਂ ਅੱਖਾਂ ਨਾਲ ਉਸ ਨੇ ਕਿਹਾ ਕਿ ਉਹ ਕਿਸ ਖੂਹ ਖਾਤੇ ਪਵੇ । ਉਸਦੇ ਅੱਗੇ ਤਾਂ ਰੋਟੀ ਦਾ ਸਵਾਲ ਖੜ੍ਹਾ ਹੋ ਗਿਆ ਹੈ ਕਿਉਂਕਿ ਪੁੱਤਰ ਦੇ ਜਾਣ ਮਗਰੋ ਉਹ ਤਾਂ ਜਿਓਂ ਹੀ ਪੋਤੇ ਦੇ ਸਹਾਰੇ ਰਹੀ ਸੀ। ਗੁਰਦੀਪ ਕੌਰ ਨੇ ਸਰਕਾਰ ਤੋਂ ਪੂਰੀ ਸਖਤੀ ਨਾਲ ਨਸ਼ੇ ਤੇ ਰੋਕ ਲਾਉਣ ਦੀ ਅਪੀਲ ਕੀਤੀ ਤਾਂ ਜੋ ਹੋਰ ਸਿਵੇ ਬਲਣ ਤੋਂ ਬਚਾਏ ਜਾ ਸਕਣ। ਇਸ ਮੌਕੇ ਹਾਜ਼ਰ ਕੁੱਝ ਔਰਤਾਂ ਨੇ ਕਿਹਾ ਕਿ ਚਿੱਟੇ ਦਾ ਨਸ਼ਾ ਮਾਵਾਂ ਦੇ ਕਾਲੇ ਲੇਖ ਲਿਖਣੋ ਹਟ ਹੀ ਨਹੀਂ ਰਿਹਾ ਹੈ।
ਅਜਿਹਾ ਹੀ ਭਾਣਾ ਬਸਤੀ ਨੰਬਰ 3 ਦੇ ਰਹਿਣ ਵਾਲੇ ਗਗਨਦੀਪ ਸਿੰਘ ਉਰਫ ਗੱਗੂ ਦੇ ਪ੍ਰੀਵਾਰ ਨਾਲ ਵਾਪਰਿਆ ਹੈ ਜੋ ਘਰ ਵਿੱਚ ਹੀ ਦਮ ਤੋੜ ਗਿਆ। ਗੱਗੂ ਕੋਲੇ ਚਿੱਟੇ ਦਾ ਟੀਕਾ ਮਿਲਿਆ ਹੈ। ਪ੍ਰੀਵਾਰ ਨੇ ਉਸ ਨੂੰ ਸਰਕਾਰੀ ਹਸਪਤਾਲ ਲਿਆਂਦਾ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਗਗਨਦੀਪ ਦੀ ਮੌਤ ਨਾਲ ਪ੍ਰੀਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਆਪਣੇ ਪੁੱਤ ਦੀ ਫੋਟੋ ਬੁੱਕਲ ’ਚ ਲੈਕੇ ਭੁੱਬਾਂ ਮਾਰ ਰਹੀ ਮਾਂ ਕੰਤਵੀਰ ਕੌਰ ਦੇ ਵੈਣ ਝੱਲੇ ਨਹੀਂ ਜਾ ਰਹੇ ਸਨ। ਉਸਨੇ ਕਿਹਾ ਕਿ ਪੁੱਤ ਹੀ ਸਹਾਰਾ ਸੀ ਹੁਣ ਉਹ ਕਿਸੇ ਦੇ ਆਸੇਰੇ ਜਿੰਦਗੀ ਜੀਵੇ। ਪਤਾ ਪਹਿਲਾਂ ਚੱਲ ਵੱਸਿਆ ਸੀ ਜਿਸ ਤੋਂ ਮਗਰੋਂ ਪੁੱਤਰ ਵੀ ਕਮਾਉਣ ਵਾਲਾ ਸੀ। ਫੈਕਟਰੀ ’ਚ ਕੰਮ ਕਰਕੇ ਉਹ ਛੋਟੇ ਭਰਾ ਅਤੇ ਉਸ ਦਾ ਪੇਟ ਪਾਲ ਰਿਹਾ ਸੀ ਪਰ ਚਿੱਟੇ ਦੀ ਚਾਟ ਨੇ ਕਿਸੇ ਪਾਸੇ ਜੋਗਾ ਨਹੀਂ ਛੱਡਿਆ।
ਗਗਨਦੀਪ ਸਿੰਘ ਦੇ ਚਾਚੇ ਬਲਵਿੰਦਰ ਸਿੰਘ ਨੇ ਦੱਸਿਆ ਕਿ ਬਸਤੀ ਵਿੱਚ ਚਿੱਦੇ ਕਹਿਰ ਤੇ ਜਹਿਰ ਇਸ ਕਦਰ ਫੈਲਿਆ ਹੋਇਆ ਹੈ ਕਿ ਹਰ ਪ੍ਰੀਵਾਰ ਸਹਿਮ ਦੇ ਸਾਏ ਹੇਠ ਦਿਨ ਕਈ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਤਾਂ ਹੱਦ ਹੀ ਹੋ ਗਈ ਹੈ ਅਤੇ ਨਿਤ ਦਿਨ ਕਿਸੇ ਨਾਂ ਕਿਸੇ ਘਰ ਸੱਥਰ ਵਿਛਣਾ ਆਮ ਜਿਹਾ ਹੋ ਗਿਆ ਹੈ। ਬਲਵਿੰਦਰ ਸਿੰਘ ਨੇ ਕਿਹਾ ਕਿ ਪੁਲਿਸ ਸਿਰਫ ਖਾਨਾਪੂਰਤੀ ਕਰਦੀ ਹੈ ਅਤੇ ਨਸ਼ਾ ਤਸਕਰ ਸ਼ਰੇਆਮ ਜਹਿਰ ਦਾ ਵਪਾਰ ਕਰ ਰਹੇ ਹਨ। ਨਸ਼ਾ ਵਿਰੋਧੀ ਕਮੇਟੀ ਦੇ ਪ੍ਰਧਾਨ ਵਿਜੇ ਸਿੰਘ ਦਾ ਕਹਿਣਾ ਹੈ ਕਿ ਇੱਕ ਸਾਲ ਦੌਰਾਨ ਬੀੜ ਤਲਾਬ ਦੇ ਕਰੀਬ ਇੱਕ ਦਰਜਨ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪਿੰਡ ਵਿੱਚ ਸਥਿਤੀ ਬਦਤਰ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਪੁਲਿਸ ਸੰਜੀਦਗੀ ਨਾਲ ਕਾਰਵਾਈ ਕਰੇ ਤਾਂ ਹੀ ਨਸ਼ਾ ਖਤਮ ਕੀਤਾ ਜਾ ਸਕਦਾ ਹੈ।
ਦੋ ਤਸਕਰ ਗ੍ਰਿਫਤਾਰ :ਡੀਐਸਪੀ
ਡੀਐਸਪੀ ਦਿਹਾਤੀ ਹਿਨਾ ਗੁਪਤਾ ਦਾ ਕਹਿਣਾ ਸੀ ਕਿ ਗਗਨਦੀਪ ਸਿੰਘ ਦੇ ਮਾਮਲੇ ’ਚ ਵਿਦਿੱਆ ਕੌਰ ਪਤਨੀ ਗੁਰਮੀਤ ਸਿੰਘ ,ਬਿੰਦਰ ਕੌਰ ਪਤਨੀ ਸ਼ਿੰਦਰਪਾਲ, ਸਤਨਾਮ ਪੁੱਤਰ ਕਸ਼ਮੀਰ ਸਿੰਘ ,ਸੁਖਰਾਜ ਸਿੰਘ ਪੁੱਤਰ ਸੁਰਜੀਤ ਸਿੰਘ ਅਤੇ ਸੰਜੀਵ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀਆਨ ਬੀੜ ਤਲਾਬ ਖਿਲਾਫ ਕੇਸ ਦਰਜ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪ੍ਰੀਵਾਰ ਅਨੁਸਾਰ ਗਗਨਦੀਪ ਸਿੰਘ ਇੰਨ੍ਹਾਂ ਤੋਂ ਚਿੱਟਾ ਲਿਆਇਆ ਸੀ। ਉਨ੍ਹਾਂ ਦੱਸਿਆ ਕਿ ਸੁਖਰਾਜ ਸਿੰਘ ਅਤੇ ਵਿੱਦਿਆ ਕੌਰ ਨੂੰ ਗ੍ਰਿਫਤਾਰ ਕਰ ਲਿਆ ਹੈ ਜਦੋਂਕਿ ਬਾਕੀਆਂ ਦੀ ਤਲਾਸ਼ ਜਾਰੀ ਹੈ। ਉਨ੍ਹਾਂ ਕਿਹਾ ਕਿ ਨਸ਼ਾ ਵੇਚਣ ਵਾਲਿਆਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਏਗਾ।