Babushahi Special: ਪੁਲਿਸ ਦੀ ਭੱਦਰਕਾਰੀ: ਨਸ਼ਾ ਤਸਕਰਾਂ ਨੂੰ ਬਰੀ ਕਰਵਾ ਰਹੀ ਖਾਮੀਆਂ ਭਰਪੂਰ ਜਾਂਚ
ਅਸ਼ੋਕ ਵਰਮਾ
ਬਠਿੰਡਾ,18 ਮਾਰਚ 2025: ਪੰਜਾਬ ਸਰਕਾਰ ਨੇ ਭਾਵੇਂ ਨਸ਼ਾ ਤਸਕਰੀ ਰੋਕਣ ਲਈ ‘ਯੁੱਧ ਨਸ਼ਿਆਂ ਵਿਰੁੱਧ’ ਚਲਾਇਆ ਹੋਇਆ ਹੈ ਪਰ ਤਸਵੀਰ ਦਾ ਇੱਕ ਪਾਸਾ ਇਹ ਵੀ ਹੈ ਕਿ ਪੁਲਿਸ ਤਫਤੀਸ਼ ਵਿਚਲੀਆਂ ਖਾਮੀਆਂ ਅਤੇ ਅਦਾਲਤਾਂ ’ਚ ਢੁੱਕਵੇਂ ਸਬੂਤ ਪੇਸ਼ ਨਾਂ ਕਰਨ ਕਾਰਨ ਨਸ਼ਾ ਤਸਕਰ ਬਰੀ ਹੋ ਰਹੇ ਹਨ। ਅਜਿਹਾ ਕਿਸੇ ਲਾਪਰਵਾਹੀ ਤਹਿਤ ਹੁੰਦਾ ਹੈ ਇਹ ਤਾਂ ਜਾਂਚ ਦਾ ਵਿਸ਼ਾ ਹੈ ਪ੍ਰੰਤੂ ਅਜਿਹੇ ਮਾਮਲੇ ਸਾਹਮਣੇ ਆਉਣ ਤੇ ਸਮੁੱਚਾ ਪੁਲਿਸ ਤੰਤਰ ਕਟਹਿਰੇ ’ਚ ਖੜ੍ਹਾ ਨਜ਼ਰ ਆ ਰਿਹਾ ਹੈ। ਏਦਾਂ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ’ਚ ਬਠਿੰਡਾ ਪੁਲਿਸ ਨੇ 18 ਗੱਟੇ ਭੁੱਕੀ ਬਰਾਮਦ ਕਰਕੇ 4 ਤਸਕਰ ਗ੍ਰਿਫਤਾਰ ਕੀਤੇ ਸਨ । ਦੋਸ਼ ਸਾਬਤ ਕਰਨ ’ਚ ਅਸਫਲ ਰਹਿਣ ਤੇ ਅਦਾਲਤ ਤੋਂ ਦੋ ਨੂੰ ਹੀ ਸਜ਼ਾ ਦਿਵਾਈ ਜਾ ਸਕੀ ਜਦੋਂਕਿ ਸ਼ੱਕ ਦਾ ਲਾਂਭ ਦਿੰਦਿਆਂ ਦੋ ਨੂੰ ਬਰੀ ਕਰ ਦਿੱਤਾ ਗਿਆ।
ਜਾਣਕਾਰੀ ਅਨੁਸਾਰ ਬਠਿੰਡਾ ਪੁਲਿਸ ਨੇ 26ਨਵੰਬਰ 2022 ਨੂੰ 18 ਗੱਟਿਆਂ ਵਿੱਚ ਲਿਆਂਦੀ ਜਾ ਰਹੀ 3.60 ਕੁਇੰਟਲ ਭੁੱਕੀ ਸਮੇਤ ਦੋ ਤਸਕਰਾਂ ਨਿਰਮਲ ਸਿੰਘ ਉਰਫ ਲਾਡੀ ਅਤੇ ਕੁਲਦੀਪ ਸਿੰਘ ਉਰਫ ਖਲੀਫਾ ਵਾਸੀ ਸੰਗਤ ਕਲਾਂ ਨੂੰ ਗ੍ਰਿਫਤਾਰ ਕੀਤਾ ਸੀ। ਪੁਲਿਸ ਨੇ ਤਫਤੀਸ਼ ਨੂੰ ਅੱਗੇ ਵਧਾਇਆ ਤਾਂ ਮੁਲਜਮਾਂ ਨੇ ਦੱਸਿਆ ਕਿ ਇਹ ਭੁੱਕੀ ਉਨ੍ਹਾਂ ਕੋਲ ਪਰਗਟ ਸਿੰਘ ਵਾਸੀ ਰਘੂਆਣਾ (ਹਰਿਆਣਾ) ਬਲੈਰੋ ਗੱਡੀ ’ਚ ਛੱਡਕੇ ਗਿਆ ਸੀ। ਪੁਲਿਸ ਨੇ ਪਰਗਟ ਸਿੰਘ ਨੂੰ ਵੀ ਮਾਮਲੇ ’ਚ ਨਾਮਜਦ ਕਰਕੇ ਗ੍ਰਿਫਤਾਰ ਕਰ ਲਿਆ। ਜਦੋਂ ਪੁਲਿਸ ਨੇ ਪੁੱਛਗਿੱਛ ਕੀਤੀ ਤਾਂ ਪਰਗਟ ਸਿੰਘ ਨੇ ਦੱਸਿਆ ਕਿ ਉਸ ਨੇ ਇਹ ਭੁੱਕੀ ਦਲਜੀਤ ਸਿੰਘ ਵਾਸੀ ਮੋਰੀਆਵਾਲਾ ਹਰਿਆਣਾ ਤੋਂ ਲਿਆਂਦੀ ਹੈ। ਪੁਲਿਸ ਨੇ ਦਲਜੀਤ ਸਿੰਘ ਨੂੰ ਵੀ ਗ੍ਰਿਫਤਾਰ ਕਰ ਲਿਆ ਅਤੇ ਕੇਸ ਦਾ ਚਲਾਨ ਅਦਾਲਤ ਅੱਗੇ ਪੇਸ਼ ਕਰ ਦਿੱਤਾ।
ਜਦੋਂ ਅਦਾਲਤ ’ਚ ਸੁਣਵਾਈ ਦੌਰਾਨ ਸਾਹਮਣੇ ਆਇਆ ਕਿ ਪੁਲਿਸ ਨੇ ਨਾਂ ਤਾਂ ਮੁਲਜਮਾਂ ਦੀ ਫੋਨ ਕਾਲ ਡਿਟੇਲ ਕੱਢੀ ਅਤੇ ਨਾਂ ਹੀ ਗੱਡੀ ਬਾਰੇ ਪਤਾ ਲਾਇਆ ਜਿਸ ਵਿੱਚ ਭੁੱਕੀ ਲੱਦ ਕੇ ਲਿਆਂਦੀ ਗਈ ਸੀ। ਲਾਪਰਵਾਹੀ ਦੀ ਹੱਦ ਹੈ ਕਿ ਪੁਲਿਸ ਨੇ ਚਲਾਨ ਵਿੱਚ ਜੋ ਫੋਨ ਨੰਬਰ ਦੱਸੇ ਸਨ ਉਹ ਮੁਲਜਮਾਂ ਦੇ ਸੀ ਹੀ ਨਹੀਂ ਜਦੋਂ ਅਧਿਕਾਰੀਆਂ ਨੇ ਅਦਾਲਤ ’ਚ ਬਿਆਨ ਦਿੱਤਾ ਸੀ ਕਿ ਮੁਲਜਮਾਂ ਦੀ ਇੰਨ੍ਹਾਂ ਨੰਬਰਾਂ ਤੇ ਗੱਲਬਾਤ ਹੁੰਦੀ ਸੀ। ਇੱਥੋਂ ਤੱਕ ਕਿ ਪੁਲਿਸ ਨੇ ਮੁਲਜਮਾਂ ਦੇ ਬੈਂਕ ਖਾਤਿਆਂ ਸਬੰਧੀ ਪੜਤਾਲ ਕਰਨੀ ਵੀ ਜਰੂਰੀ ਨਹੀਂ ਸਮਝੀ ਜਿਸ ਤੋਂ ਸਾਬਤ ਹੁੰਦਾ ਕਿ ਪੈਸਿਆਂ ਦਾ ਲੈਣ ਦੇਣ ਹੋਇਆ ਹੈ। ਅਦਾਲਤ ਨੇ ਨਿਰਮਲ ਅਤੇ ਕੁਲਦੀਪ ਨੂੰ 10-10 ਸਾਲ ਦੀ ਸਜ਼ਾ ਸੁਣਾਈ ਜਦੋਂਕਿ ਪਰਗਟ ਸਿੰਘ ਅਤੇ ਦਲਜੀਤ ਸਿੰਘ ਨੂੰ ਬਰੀ ਕਰ ਦਿੱਤਾ ।
ਪਹਿਲਾਂ ਵੀ ਇਹੋ ਜਿਹਾ ਹਾਲ
ਇਸ ਤੋਂ ਪਹਿਲਾਂ 5 ਅਪਰੈਲ 2017 ਨੂੰ ਸੀਆਈਏ ਸਟਾਫ ਨੇ ਮੌੜ ਇਲਾਕੇ ਦੇ ਸੁਨੀਲ ਕੁਮਾਰ ਸੋਨੂੰ ਅਤੇ ਉਸ ਦੀ ਮਹਿਲਾ ਸਾਥੀ ਊਸ਼ਾ ਰਾਣੀ ਵਾਸੀ ਮੌੜ ਮੰਡੀ ਨੂੰ 22 ਸੌ ਸ਼ੀਸ਼ੀਆਂ, 37 ਸੌ ਗੋਲੀਆਂ ਅਤੇ 5 ਲੱਖ ਡਰੱਗ ਮਨੀ ਸਮੇਤ ਗ੍ਰਿਫਤਾਰ ਕੀਤਾ ਸੀ। ਕੇਸ ਦੀ ਸੁਣਵਾਈ ਦੌਰਾਨ ਅਦਾਲਤ ਵੱਲੋਂ ਮੰਗਵਾਏ ਰਿਕਾਰਡ ਤੋਂ ਪਤਾ ਲੱਗਾ ਕਿ ਜਾਂਚ ਅਧਿਕਾਰੀ ਰੈਗੂਲਰ ਏਐਸਆਈ ਨਹੀਂ ਬਲਕਿ ਸਰਵਿਸ ਬੁੱਕ ਮੁਤਾਬਕ ਹੌਲਦਾਰ ਸੀ ਜਿਸ ਨੂੰ ਤਨਖਾਹ ਵੀ ਹੌਲਦਾਰ ਹੀ ਮਿਲ ਰਹੀ ਸੀ। ਕਾਨੂੰਨੀ ਮਾਹਿਰਾਂ ਮੁਤਾਬਕ ਐਨਡੀਪੀਐਸ ਮਾਮਲੇ ਦੀ ਜਾਂਚ ਸਿਰਫ ਰੈਗੂਲਰ ਏਐਸਆਈ ਕਰ ਸਕਦਾ ਹੈ । ਇਸ ਦਾ ਫਾਇਦਾ ਮੁਲਜਮਾਂ ਨੂੰ ਮਿਲ ਗਿਆ ਤੇ ਦੋਵੇਂ ਬਰੀ ਹੋ ਗਏ। ਇਸ ਮਾਮਲੇ ’ਚ ਬਚਾਅ ਪੱਖ ਇਹ ਸਾਬਤ ਕਰਨ ’ਚ ਸਫਲ ਹੋ ਗਿਆ ਕਿ ਕਥਿਤ ਡਰੱਗ ਮਨੀ ਘਰ ਤੋਂ ਚੁੱਕੀ ਗਈ ਸੀ।
ਵੇਰਵਿਆਂ ਮੁਤਾਬਕ 6 ਸਤੰਬਰ 2017 ਨੂੰ ਥਾਣਾ ਥਰਮਲ ਪੁਲਿਸ ਨੇ ਇੱਕ ਔਰਤ ਨੂੰ ਪੰਜ ਕਿੱਲੋ ਭੁੱਕੀ ਸਮੇਤ ਗ੍ਰਿਫਤਾਰ ਕੀਤਾ ਸੀ ਜਿਸ ਦੀ ਜਾਮਾ ਤਲਾਸ਼ੀ ਮਹਿਲਾ ਕਾਂਸਟੇਬਲ ਨੇ ਲਈ ਪਰ ਸੁਣਵਾਈ ਦੌਰਾਨ ਉਸ ਕਾਂਸਟੇਬਲ ਨੂੰ ਅਦਾਲਤ ’ਚ ਪੇਸ਼ ਨਾਂ ਕੀਤਾ ਲਿਹਾਜ਼ਾ ਅਦਾਲਤ ਨੇ ਮਹਿਲਾ ਨੂੰ ਬਰੀ ਕਰ ਦਿੱਤਾ । ਇਵੇਂ ਹੀ ਥਾਣਾ ਕੈਨਾਲ ਪੁਲਿਸ ਵੱਲੋਂ 9 ਅਪਰੈਲ 2014 ਨੂੰ ਦੋ ਵਿਅਕਤੀਆਂ ਤੋਂ 53 ਸ਼ੀਸ਼ੀਆਂ ਤੇ 140 ਨਸ਼ੀਲੀਆਂ ਗੋਲੀਆਂ ਬਰਾਮਦ ਕਰਨ ਦੇ ਮਾਮਲੇ ’ਚ ਵੀ ਮੁਲਜਮ ਬਰੀ ਹੋਏ ਸਨ। 31 ਮਾਰਚ 2017 ਨੂੰ ਸੀਆਈਏ ਸਟਾਫ ਨੇ ਇੱਕ ਨੌਜਵਾਨ ਨੂੰ ਤਿੰਨ ਕਿੱਲੋ ਭੁੱਕੀ ਨਾਲ ਫੜਿਆ ਪਰ ਸਫਲਤਾ ਨਹੀਂ ਮਿਲ ਸਕੀ। ਇਹ ਕੁੱਝ ਮਿਸਾਲਾਂ ਹਨ ਪੁਲਿਸ ਆਪਣੇ ਵਹੀ ਖਾਤਿਆਂ ਨੂੰ ਸੰਜੀਦਗੀ ਨਾਲ ਫਰੋਲੇ ਤਾਂ ਹੋਰ ਵੀ ਮਾਮਲੇ ਸਾਹਮਣੇ ਆਉਣਗੇ ਜਿੰਨ੍ਹਾਂ ’ਚ ਪੁਲਿਸ ਫੇਲ੍ਹ ਰਹੀ ਹੈ।
ਨਿਯਮਾਂ ਦੀ ਉਲੰਘਣਾ ਜਿੰਮੇਵਾਰ
ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਐਡਵੋਕੇਟ ਰਣਜੀਤ ਸਿੰਘ ਜਲਾਲ ਦਾ ਕਹਿਣਾ ਸੀ ਕਿ ਨਿਯਮਾਂ ਦੀ ਉਲੰਘਣਾ ਕਰਨ ਕਾਰਨ ਅਕਸਰ ਤਸਕਰ ਨੂੰ ਬਰੀ ਹੋਣ ਦਾ ਲਾਹਾ ਮਿਲ ਜਾਂਦਾ ਹੈ ਜਦੋਂਕਿ ਕਈ ਮਾਮਲਿਆਂ ’ਚ ਪੁਲਿਸ ਗਵਾਹ ਵੀ ਸਹੀ ਢੰਗ ਨਾਲ ਪੇਸ਼ ਨਹੀਂ ਕਰਦੀ ਹੈ। ਉਨ੍ਹਾਂ ਕਿਹਾ ਕਿ ਥਾਣਿਆਂ ’ਚ ਅਜਿਹੇ ਅਧਿਕਾਰੀ ਤਾਇਨਾਤ ਹਨ ਜਿੰਨ੍ਹਾਂ ਨੂੰ ਅਦਾਲਤ ਸਹੀ ਨਹੀਂ ਮੰਨਦੀ ਜਿਸ ਦਾ ਫਾਇਦਾ ਤਸਕਰ ਲੈ ਜਾਂਦੇ ਹਨ।
ਕੇਸ ਫੇਲ੍ਹ ਹੋਣ ਤੇ ਕਾਰਵਾਈ: ਡੀਆਈਜੀ
ਡੀਆਈਜੀ ਬਠਿੰਡਾ ਰੇਂਜ ਹਰਜੀਤ ਸਿੰਘ ਦਾ ਕਹਿਣਾ ਸੀ ਕਿ ਨਸ਼ਾ ਤਸਕਰੀ ਮਾਮਲਿਆਂ ’ਚ ਸਜ਼ਾ ਦੀ ਦਰ ਪੰਜਾਬ ’ਚ ਪੂਰੇ ਮੁਲਕ ਨਾਲੋਂ ਵੱਧ ਹੈ। ਉਨ੍ਹਾਂ ਕਿਹਾ ਕਿ ਫਿਰ ਵੀ ਉਹ ਅਜਿਹੇ ਮਾਮਲਿਆਂ ਬਾਰੇ ਪਤਾ ਲਾਉਣਗੇ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਮਾਮਲੇ ’ਚ ਜਾਂਚ ਅਧਿਕਾਰੀ ਅਣਗਹਿਲੀ ਸਾਹਮਣੇ ਆਉਂਦੀ ਹੈ ਤਾਂ ਕਾਰਵਾਈ ਕੀਤੀ ਜਾਂਦੀ ਹੈ।