ਪਵਿੱਤਰ ਗ੍ਰੰਥ ਸ੍ਰੀ ਰਮਾਇਣ ਦੇ ਨਾਮ 'ਤੇ ਹਿੰਦੂ ਦੇਵੀ-ਦੇਵਤਿਆਂ ਦੀ ਬੇ-ਅਦਬੀ ਕਰਨ ਦੇ ਦੋਸ਼ੀ ਦੀ ਸੱਤਵੀਂ ਵਾਰ ਜਮਾਨਤ ਅਰਜ਼ੀ ਰੱਦ
ਜੀ ਐਸ ਪੰਨੂ
ਪਟਿਆਲਾ, 19 ਮਾਰਚ 2025: ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਵਿੱਚ ਲਗਭਗ ਅੱਠ ਮਹੀਨੇ ਜੇਲ੍ਹ ਵਿੱਚ ਬੰਦ ਰਹਿ ਕੇ ਮਾਣਯੋਗ ਹਾਈ ਕੋਰਟ ਤੋਂ ਜਮਾਨਤ ਲੈ ਕੇ ਬਾਹਰ ਆਏ ਦੋਸ਼ੀ ਸਰਬਜੀਤ ਸਿੰਘ ਓਖਲਾ ਦੀ ਇੱਕ ਹੋਰ ਧਾਰਾ ਅਧੀਨ ਲਗਾਈ ਅਗਾਉਂ ਜਮਾਨਤ ਦੀ ਅਰਜੀ ਮਾਣਯੋਗ ਐਡੀਸ਼ਨਲ ਸੈਸ਼ਨ ਜੱਜ ਪਟਿਆਲਾ ਦੀ ਅਦਾਲਤ ਨੇ ਰੱਦ ਕਰ ਦਿੱਤੀ ਹੈ।
ਇਸ ਮਾਮਲੇ ਵਿਚ ਦੋਸ਼ੀ ਵਿਰੁੱਧ ਧਾਰਾ 153 ਅਧੀਨ ਦੋਸ਼ ਹੈ। ਦੋਸ਼ੀ ਸਰਬਜੀਤ ਸਿੰਘ ਓਖਲਾ ਨੂੰ ਹੁਣ ਜ਼ਮਾਨਤ ਲਈ ਮੁੜ ਹਾਈਕੋਰਟ ਦਾ ਰੁਖ ਕਰਨਾ ਪਵੇਗਾ।
ਅੱਜ ਪਟਿਆਲਾ ਵਿਖੇ ਮਾਨਯੋਗ ਐਡੀਸ਼ਨਲ ਸੈਸ਼ਨ ਜੱਜ ਪਟਿਆਲਾ ਸ੍ਰੀਮਤੀ ਸੁਚੇਤਾ ਆਸ਼ੀਸ਼ ਦੇਵ ਦੀ ਅਦਾਲਤ ਵਿੱਚ ਐਡਵੋਕੇਟ ਦਵਿੰਦਰ ਰਾਜਪੂਤ ਨੇ ਦੋਸ਼ੀ ਸਰਬਜੀਤ ਸਿੰਘ ਓਖਲਾ ਦੀ ਜਮਾਨਤ ਅਰਜੀ ਉੱਤੇ ਇਤਰਾਜ਼ ਕਰਦਿਆਂ ਸਖਤ ਵਿਰੋਧ ਕੀਤਾ ਜਿਸਦੇ ਸਦਕਾ ਦੋਸ਼ੀ ਦੀ ਜ਼ਮਾਨਤ ਅਰਜ਼ੀ ਡਿਸਮਿਸ ਹੋ ਗਈ। ਇਸ ਮੌਕੇ ਕਾਬਿਲ ਵਕੀਲ ਦੇਵੇਂਦਰ ਰਾਜਪੂਤ ਦੇ ਨਾਲ ਸ਼ਿਕਾਇਤਕਰਤਾ ਅਸ਼ੋਕ ਵਰਮਾ ਅਤੇ ਕੁਝ ਹੋਰ ਪੱਤਰਕਾਰ ਵੀ ਹਾਜ਼ਰ ਸਨ।
ਜ਼ਿਕਰਯੋਗ ਹੈ ਕਿ ਧਾਰਮਿਕ ਤੇ ਪਵਿੱਤਰ ਗ੍ਰੰਥ ਸ੍ਰੀ ਰਾਮਾਇਣ ਦੇ ਨਾਂ ਉੱਤੇ ਸਾਜਿਸ਼ਕਰਤਾ ਪਟਿਆਲਾ ਦੇ ਆਨੰਦ ਨਗਰ ਨਿਵਾਸੀ ਇੱਕ ਵਿਅਕਤੀ ਸਰਬਜੀਤ ਸਿੰਘ ਓਖਲਾ ਨੇ ਇੱਕ ਕਿਤਾਬ ਪਬਲਿਸ਼ ਕੀਤੀ ਸੀ ਜਿਸ ਦਾ ਵਿਰੋਧ ਕਰਦਿਆਂ ਸ਼ਿਕਾਇਤਕਰਤਾ ਪਟਿਆਲਾ ਪੱਤਰਕਾਰ ਨੇ ਸਾਲ 2022 ਵਿੱਚ ਐਸਐਸਪੀ ਪਟਿਆਲਾ ਨੂੰ ਬੇਨਤੀ ਕੀਤੀ ਸੀ ਕਿ ਦੋਸ਼ੀ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਧਾਰਮਿਕ ਦੰਗੇ ਭੜਕ ਸਕਦੇ ਹਨ ਅਤੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਉੱਚ ਅਧਿਕਾਰੀਆਂ ਨੇ ਇਸ ਸੰਗੀਨ ਮਾਮਲੇ ਦੀ ਅਹਿਮੀਅਤ ਸਮਝਦੇ ਹੋਏ ਜਾਂਚ ਕਰਕੇ ਦੋਸ਼ੀ ਵਿਰੁੱਧ ਮਾਰਚ 2022 ਵਿੱਚ ਬੇ-ਅਦਬੀ ਦੀ ਸੰਗੀਨ ਧਾਰਾ 295-ਏ ਅਧੀਨ ਥਾਣਾ ਲਾਹੌਰੀ ਗੇਟ ਪਟਿਆਲਾ ਵਿਖੇ ਪਰਚਾ ਦਰਜ ਕੀਤਾ ਸੀ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਡਵੋਕੇਟ ਰਾਜਪੂਤ ਨੇ ਦੱਸਿਆ ਕਿ ਬੇ-ਅਦਬੀ ਦੇ ਦੋਸ਼ੀ ਅਤੇ ਸਾਜਿਸ਼ਕਰਤਾ ਸਰਬਜੀਤ ਸਿੰਘ ਓਖਲਾ ਦੀ ਸੱਤਵੀਂ ਵਾਰ ਜਮਾਨਤ ਖਾਰਜ ਹੋਈ ਹੈ।