ਸਰਕਾਰੀ ਸਕੂਲ ਦੀ ਇੱਕ ਹੋਰ ਅਧਿਆਪਕਾ ਵੀ ਕੀਤੀ ਗਈ ਸਸਪੈਂਡ
ਰੋਹਿਤ ਗੁਪਤਾ
ਗੁਰਦਾਸਪੁਰ, 19 ਮਾਰਚ 2025 - ਪੰਜਾਬ ਸਕੂਲ ਸਿੱਖਿਆ ਬੋਰਡ ਦੀ ਰਿਪੋਰਟ ਤੋਂ ਬਾਅਦ ਪ੍ਰਾਪਤ ਡੀ ਪੀ ਆਈ ਪਰਮਜੀਤ ਸਿੰਘ ਵੱਲੋਂ ਇੱਕ ਹੋਰ ਅਧਿਆਪਕਾ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਅਧਿਕਾਰਕ ਜਾਣਕਾਰੀ ਦੇ ਅਨੁਸਾਰ ਕਿਰਨਦੀਪ ਕੌਰ, ਹਿੰਦੀ ਮਿਸਟ੍ਰੈਸ, ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਲੜਕੇ (ਗੁਰਦਾਸਪੁਰ) ਜੋ ਕਿ ਪਰੀਖਿਆ ਕੇਂਦਰ ਨੰਬਰ-241251 ਵਿਖੇ ਬਤੌਰ ਨਿਗਰਾਨ ਤਾਇਨਾਤ ਸਨ, ਵੱਲੋ 10 ਵੀਂ ਦੀ ਅੰਗਰੇਜੀ ਵਿਸ਼ੇ ਦੀ ਪਰੀਖਿਆ ਦੌਰਾਨ ਕੀਤੀਆਂ ਗਈਆਂ ਘੋਰ ਅਣਗਹਿਲੀਆਂ ਅਤੇ ਕੁਤਾਈਆਂ ਕਾਰਨ ਤੁਰੰਤ ਪ੍ਰਭਾਵ ਨਾਲ ਮੁਅੱਤਲ ਕੀਤਾ ਗਿਆ ਹੈ। ਉਸ ਦਾ ਹੈੱਡ ਕੁਆਟਰ ਜਿਲ੍ਹਾ ਸਿੱਖਿਆ ਅਫਸਰ (ਸ) ਗੁਰਦਾਸਪੁਰ ਨਿਸ਼ਚਿਤ ਕੀਤਾ ਗਿਆ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਇਸੇ ਸਕੂਲ ਦੇ ਸੁਪਰੀਡੈਂਟ ਅਸ਼ਵਨੀ ਕੁਮਾਰ ਨੂੰ ਵੀ ਮੁਅਤਲ ਕੀਤਾ ਜਾ ਚੁੱਕਿਆ ਹੈ।
ਦੂਜੇ ਪਾਸੇ ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਕਾਰਵਾਈ ਕੁਝ ਸਕੂਲਾਂ ਵਿੱਚ ਚੱਲ ਰਹੇ ਨਕਲ ਰੈਕਟ ਦੀ ਸੂਚਨਾ ਮਿਲਣ ਤੋਂ ਬਾਅਦ ਕੀਤੀ ਗਈ ਹੈ। ਸਿੱਖਿਆ ਵਿਭਾਗ ਦੇ ਉੱਚ ਅਤੇ ਅੰਦਰੂਨੀ ਸੂਤਰਾਂ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਵਿੱਚ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀ ਵੀ ਪ੍ਰੀਖਿਆਵਾਂ ਦੇ ਰਹੇ ਹਨ। ਨਕਲ ਸਿੰਡੀਕੇਟ ਪ੍ਰਾਈਵੇਟ ਸਕੂਲਾਂ ਦੇ ਸੰਚਾਲਕਾਂ ਨਾਲ ਸੈਟਿੰਗ ਕਰਕੇ ਵਿਦਿਆਰਥੀਆਂ ਨੂੰ ਨਕਲ ਕਰਵਾਉਂਦਾ ਹੈ। ਸਰਕਾਰ ਨੂੰ ਵੀ ਇਸ ਦੀ ਜਾਣਕਾਰੀ ਮਿਲ ਗਈ ਹੈ ਅਤੇ ਮਾਮਲੇ ਨੂੰ ਸੰਜੀਦਗੀ ਅਤੇ ਗੰਭੀਰਤਾ ਨਾਲ ਲੈਂਦੇ ਹੋਏ ਸਿੱਖਿਆ ਮੰਤਰੀ ਵੱਲੋਂ ਫਲਾਇੰਗ ਸਕੁਐਡ ਅਮਲੇ ਵਿੱਚ ਵਾਧਾ ਕੀਤਾ ਜਾ ਰਿਹਾ ਹੈ ਅਤੇ ਪ੍ਰੀਖਿਆ ਕੇਂਦਰਾਂ ਦੀ ਚੈਕਿੰਗ ਹੋਰ ਵਧਾਈ ਜਾਵੇਗੀ। ਜਲਦੀ ਹੀ ਮਾਮਲੇ ਵਿੱਚ ਹੋਰ ਵੀ ਕਈ ਤੱਥ ਸਾਹਮਣੇ ਆਉਣਗੇ ।