ਪਿੰਡ ਧਰਮਗੜ੍ਹ 'ਚ ਲਵਾਇਆ ਪੁਆਧੀ ਅਖਾੜਾ
ਮਲਕੀਤ ਸਿੰਘ ਮਲਕਪੁਰ
ਲਾਲੜੂ 19 ਮਾਰਚ 2025: ਪਿੰਡ ਧਰਮਗੜ੍ਹ ਵਿਖੇ ਪਿੰਡ ਦੇ ਪੰਚ ਗੁਰਲਾਲ ਸਿੰਘ ਦੇ ਉਦਮ ਸਦਕਾ ਅੱਜ ਪਿੰਡ ਦੇ ਪਾਰਕ ਨੰਬਰ 1 ਵਿੱਚ ਪੰਜਾਬ ਦਾ ਲੋਕ ਵਿਰਸਾ ਪੁਆਧੀ ਅਖਾੜਾ ਪ੍ਰੰਪਰਾ ਦੀ ਟੀਮ ਵੱਲੋਂ ਅਖਾੜਾ ਲਗਾਇਆ ਗਿਆ, ਜਿਸ ਵਿੱਚ ਪਿੰਡ ਧਰਮਗੜ੍ਹ ਸਮੇਤ ਰਾਮਗੜ੍ਹ ਰੁੜਕੀ, ਜਾਸਤਨਾ ਕਲਾਂ, ਜਾਸਤਨਾ ਖੁਰਦ, ਬੱਲੋਪੁਰ ਸਮੇਤ ਕਈਂ ਪਿੰਡ ਦੇ ਲੋਕਾਂ ਨੇ ਸਮੂਲੀਅਤ ਕਰਕੇ ਅਖਾੜੇ ਦਾ ਅਨੰਦ ਮਾਣਿਆ। ਅਖਾੜੇ ਵਿੱਚ ਪੁੱਜੇ ਪਿੰਡ ਸੁਹਾਣਾ ਦੇ ਨਿੰਦਰ ਸਿੰਘ ਬੈਦਵਾਨ ਸੁਹਾਣਾ , ਸਰੰਗੀ ਮਾਸਟਰ ਬਲਵਿੰਦਰ ਸਿੰਘ ਬਿੱਲੂ ਸੋਹਾਣਾ, ਢੋਲਕੀ ਮਾਸਟਰ ਕਰਨ ਸਿੰਘ ਬਰਾੜਾ, ਅੰਗਰੇਜ ਸਿੰਘ ਧਨਾਸ, ਮਿੱਤਾ ਸਿੰਘ ਕੁੰਭੜਾ, ਨਛੱਤਰ ਸਿੰਘ ਗੀਗੇ ਮਾਜਰਾ, ਗੁਰਧਿਆਨ ਸਿੰਘ ਸੁਹਾਣਾ, ਪ੍ਰਦੀਪ ਸਿੰਘ ਬਰਾੜਾ ਤੇ ਗੁਰਮੀਤ ਸਿੰਘ ਰੋਡਾ ਸੁਹਾਣਾ ਨੇ ਦੱਸਿਆ ਕਿ ਭਗਤ ਆਸਾ ਰਾਮ ਬੈਦਵਾਨ ਸੁਹਾਣਾ ਵੱਲੋਂ ਇਸ ਅਖਾੜੇ ਦੀ ਪ੍ਰਰੰਪਰਾ ਚਲਾਈ ਗਈ ਸੀ ਤੇ ਉਨ੍ਹਾਂ ਦੀ ਅੱਜ ਤੀਜੀ ਪੀੜੀ ਪੁਆਧ ਦੇ ਖੇਤਰ ਵਿੱਚ ਅਖਾੜੇ ਲਾ ਕੇ ਆਸਾ ਰਾਮ ਦੀ ਪ੍ਰੰਪਰਾ ਤੇ ਪੁਆਧ ਦੇ ਮਸ਼ਹੂਰ ਅਖਾੜੇ ਨੂੰ ਜਿਊਂਂਦਾ ਰੱਖਣ ਵਿੱਚ ਆਪਣੀ ਭੂਮਿਕਾ ਨਿਭਾਅ ਰਹੀ ਹੈ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਪੁਆਧ ਦੇ ਖੇਤਰ ਰੋਪੜ ਤੋਂ ਲੈ ਕੇ ਹਰਿਆਣਾ ਦੇ ਕਰਨਾਲ , ਕੂਰਕਸ਼ੇਤਰ, ਪੰਚਕੁਲਾ ਦੇ ਪਹਾੜੀ ਖੇਤਰ, ਅੰਬਾਲਾ , ਸ੍ਰੀ ਚਮਕੌਰ ਸਾਹਿਬ, ਫਤਿਹਗੜ੍ਹ ਸਾਹਿਬ ਦੇ ਪਿੰਡ ਵਿੱਚ ਵੀ ਅਖਾੜੇ ਲਗਾਏ ਜਾ ਚੁੱਕੇ ਹਨ। ਨਿੰਦਰ ਸਿੰਘ ਦੱਸਿਆ ਕਿ ਅੱਜ ਅਖਾੜੇ ਵਿੱਚ ਮਹਾਂਭਾਰਤ ਦਾ ਪ੍ਰਸੰਗ ਸੁਣਾਇਆ ਗਿਆ, ਜਿਸ ਵਿੱਚ ਯੁੱਧ ਦੇ ਸਮੇਂ ਚੱਕਰਵਿਊ ਵਿੱਚ ਫਸ ਕੇ ਅਭਿੰਮਨਯੂ ਮਰਿਆ ਅਤੇ ਕਿਸ ਤਰ੍ਹਾਂ ਸ੍ਰੀ ਕ੍ਰਿਸ਼ਨ ਜੀ ਨੇ ਸੂਰਜ ਦਿਨ ਵਿੱਚ ਅਸਤ ਕਰਕੇ ਅਰਜਨ ਨੂੰ ਸਿੱਖਿਆ ਦੇ ਕੇ ਅਭਿੰਮਨਯੂ ਦਾ ਬਦਲਾ ਲਿਆ। ਉਨ੍ਹਾਂ ਨੌਜਵਾਨਾਂ ਨੂੰ ਸੱਦਾ ਦਿੰਦਿਆਂ ਕਿਹਾ ਕਿ ਉਹ ਪੱਛਮੀ ਸੱਭਿਅਤਾ ਨੂੰ ਛੱਡ ਕੇ ਆਪਣੇ ਪੰਜਾਬ ਦੇ ਪੁਆਧ ਖੇਤਰ ਦੀ ਸੱਭਿਅਤਾ ਨਾਲ ਜੁੜਨ ਅਤੇ ਆਪਣੀ ਸੱਭਿਅਤਾ ਨੂੰ ਅਗਲੀ ਪੀੜ੍ਹੀ ਤੱਕ ਲੈ ਕੇ ਜਾਣ।
ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਕਿਤਾਬਾਂ ਅਤੇ ਅਖਬਾਰ ਪੜ੍ਹਨਾ ਛੱਡ ਕੇ ਮੋਬਾਇਲ ਦੇ ਗਲੇਵੇਂ ਵਿੱਚ ਫਸ ਚੁੱਕੀ ਹੈ, ਜੋ ਚਿੰਤਾ ਦਾ ਵਿਸ਼ਾ ਹੈ। ਇਸ ਲਈ ਸਾਡੇ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਆਪਣੀ ਨੌਜਵਾਨ ਪੀੜ੍ਹੀ ਸਮੇਤ ਬੱਚਿਆਂ ਨੂੰ ਮੋਬਾਇਲ ਤੋਂ ਦੂਰ ਕਰਕੇ ਉਨ੍ਹਾਂ ਨੂੰ ਆਪਣੇ ਗੁਰੂ ਸਾਹਿਬਾਨਾਂ ਅਤੇ ਸ਼ਹੀਦਾਂ ਦੀਆਂ ਕਹਾਣੀਆਂ ਸੁਣਾਉਣ ਤਾਂ ਜੋ ਉਹ ਸਹੀ ਸੇਧ ਲੈ ਕੇ ਆਪਣੀ ਸੱਭਿਅਤਾ ਨੂੰ ਜਿਊਂਦਾ ਰੱਖ ਸਕਣ। ਗੁਰਲਾਲ ਸਿੰਘ ਲਾਲਾ ਪੰਚ ਨੇ ਕਿਹਾ ਕਿ ਪੁਆਧੀ ਅਖਾੜਾ ਲਵਾਉਣ ਦਾ ਮੁੱਖ ਮਕਸਦ ਨੌਜਵਾਨੀਂ ਨੂੰ ਪੁਆਧੀ ਸੱਭਿਅਤਾ ਨਾਲ ਜੋੜਨਾ ਸੀ। ਉਨ੍ਹਾਂ ਕਿਹਾ ਕਿ ਇਸ ਅਖਾੜੇ ਵਿੱਚ ਵੱਡੀ ਗਿਣਤੀ ਨੌਜਵਾਨ ਵੀ ਸਾਮਿਲ ਹੋਏ, ਜੋ ਬਹੁਤ ਵਧੀਆ ਸੋਚ ਸੀ। ਉਨ੍ਹਾਂ ਦੱਸਿਆ ਕਿ 20 ਮਾਰਚ ਨੂੰ ਬਾਕਰਪੁਰ ਨੇੜੇ ਮੋਹਾਲੀ ਅਤੇ 22 ਮਾਰਚ ਨੂੰ ਪਿੰਡ ਲਾਡਰਾਂ ਨੇੜੇ ਮੋਹਾਲੀ ਵਿਖੇ ਅਖਾੜਾ ਲੱਗੇਗਾ।