ਭਗਵੰਤ ਮਾਨ ਦੇਸ਼ ਦੇ ਅੰਨਦਾਤਾ ਦੀ ਆਵਾਜ਼ ਕੁਚਲਣ ਲਈ ਪੱਬਾਂ ਭਾਰ: ਬਿਕਰਮ ਮਜੀਠੀਆ
ਚੰਡੀਗੜ੍ਹ, 19 ਮਾਰਚ 2025: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ (ਆਪ) ਸਰਕਾਰ ਵੱਲੋਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੇ ਪ੍ਰਮੁੱਖ ਆਗੂਆਂ ਨੂੰ ਗ੍ਰਿਫਤਾਰ ਕਰ ਕੇ ਕਿਸਾਨਾਂ ਦੀ ਆਵਾਜ਼ ਕੁਚਲਣ ਦੇ ਯਤਨਾਂ ਦੀ ਜ਼ੋਰਦਾਰ ਨਿਖੇਧੀ ਕੀਤੀ ਅਤੇ ਕਿਹਾ ਕਿ ਮੁੱਖ ਮੰਤਰੀ ਨੇ ਦੇਸ਼ ਦੇ ਕਿਸਾਨਾਂ ਦੀ ਪਿੱਠ ਵਿਚ ਛੁਰਾ ਮਾਰਿਆ ਹੈ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਰਦਾਰ ਮਜੀਠੀਆ ਨੇ ਕਿਹਾ ਕਿ ਪੰਜਾਬ ਵਿਚ ਖੇਤੀਬਾੜੀ ਖੇਤਰ ਇਸ ਵੇਲੇ ਸੰਕਟ ਵਿਚ ਹੈ ਪਰ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਤਾਕਤ ਦੇ ਨਸ਼ੇ ਵਿਚ ਅੰਨਦਾਤਾ ਦੀ ਆਵਾਜ਼ ਕੁਚਲਣ ਵਿਚ ਲੱਗੇ ਹਨ। ਉਹਨਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਕਿਸੇ ਕਿਸਾਨ ਨਾਲ ਕੁਝ ਵੀ ਹੋਇਆ ਤਾਂ ਫਿਰ ਸਿਰਫ ਭਗਵੰਤ ਮਾਨ ਹੀ ਜ਼ਿੰਮੇਵਾਰ ਹੋਣਗੇ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਸੂਬੇ ਦੇ ਕਿਸਾਨਾਂ ਦੀ ਮੀਟਿੰਗ ਸੱਦੀ ਸੀ ਪਰ ਉਹਨਾਂ ਨੂੰ ਇਹ ਆਖ ਕੇ ਪਿੱਠ ਵਿਚ ਛੁਰਾ ਮਾਰ ਦਿੱਤਾ ਕਿ ਜੋ ਤੁਸੀਂ ਕਰਨਾ ਹੈ ਕਰ ਲਵੋ।
ਉਹਨਾਂ ਕਿਹਾ ਕਿ ਹੁਣ ਮੁੱਖ ਮੰਤਰੀ ਇੰਦਰਾ ਗਾਂਧੀ ਵੱਲੋਂ ਦੇਸ਼ ਵਿਚ ਐਮਰਜੰਸੀ ਲਾਉਣ ਵੇਲੇ ਵਾਂਗ ਕਿਸਾਨਾਂ ਦੀ ਆਵਾਜ਼ ਕੁਚਲਣ ਦੇ ਯਤਨ ਕਰ ਰਹੇ ਹਨ। ਉਹਨਾਂ ਕਿਹਾ ਕਿ ਭਗਵੰਤ ਮਾਨ ਨੇ ਕਿਸਾਨਾਂ ਨਾਲ ਵੱਡੇ ਤੇ ਝੂਠੇ ਵਾਅਦੇ ਕੀਤੇ ਪਰ ਅੱਜ ਉਹ ਉਹਨਾਂ ਦੀ ਆਵਾਜ਼ ਕੁਚਲਣ ਦੀ ਕੋਸ਼ਿਸ਼ ਕਰ ਰਹੇ ਹਨ।