ਰਾਜਸਥਾਨ ਸਰਕਾਰ ਨੇ 9 ਜ਼ਿਲ੍ਹੇ ਕੀਤੇ ਭੰਗ, ਅਸ਼ੋਕ ਗਹਿਲੋਤ ਦਾ ਸਾਹਮਣੇ ਆਇਆ ਬਿਆਨ
ਜੈਪੁਰ, 29 ਦਸੰਬਰ, 2024: ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਦੀ ਅਗਵਾਈ ਹੇਠ ਹੋਈ ਕੈਬਨਿਟ ਦੀ ਮੀਟਿੰਗ ਵਿਚ ਪਿਛਲੀ ਕਾਂਗਰਸ ਸਰਕਾਰ ਵੱਲੋਂ ਨਵੇਂ ਬਣਾਏ 9 ਜ਼ਿਲ੍ਹੇ ਭੰਗ ਕਰ ਦਿੱਤੇ ਗਏ ਹਨ। ਕੈਬਨਿਟ ਮੰਤਰੀ ਜੋਗਾਰਾਮ ਪਟੇਲ ਨੇ ਫੈਸਲਿਆਂ ਦੀ ਜਾਣਕਾਰੀ ਦਿੰਦਿਆਂ ਮੀਡੀਆ ਨੂੰ ਦੱਸਿਆ ਕਿ ਹੁਣ ਰਾਜਸਥਾਨ ਵਿਚ 7 ਡਵੀਜ਼ਨਾਂ ਹੋਣਗੀਆਂ ਤੇ 41 ਜ਼ਿਲ੍ਹੇ ਹੋਣਗੇ। ਉਹਨਾਂ ਦੱਸਿਆ ਕਿ ਪਿਛਲੀ ਸਰਕਾਰ ਨੇ 17 ਨਵੇਂ ਜ਼ਿਲ੍ਹੇ ਦੇ 3 ਨਵੀਂਆਂ ਡਵੀਜ਼ਨਾਂ ਬਣਾਉਣ ਦਾ ਫੈਸਲਾ ਕੀਤਾ ਸੀ। ਮਾਲ ਵਿਭਾਗ ਨੇ 5 ਅਗਸਤ 2023 ਨੂੰ ਇਹਨਾਂ ਜ਼ਿਲ੍ਹਿਆਂ ਤੇ ਡਵੀਜ਼ਨਾਂ ਦੀ ਸਿਰਜਣਾ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ। ਤਿੰਨ ਜ਼ਿਲ੍ਹਿਆਂ ਦਾ ਐਲਾਨ ਤਾਂ 2023 ਦੀਆਂ ਚੋਣਾਂ ਤੋਂ ਇਕ ਦਿਨ ਪਹਿਲਾਂ ਕੀਤਾ ਗਿਆ ਸੀ। ਮੰਤਰੀ ਪਟੇਲ ਨੇ ਕਿਹਾ ਕਿ ਕਾਂਗਰਸ ਨੇ ਸਿਰਫ ਸਿਆਸੀ ਲਾਹੇ ਵਾਸਤੇ ਨਵੇਂ ਜ਼ਿਲ੍ਹੇ ਬਣਾਉਣ ਦਾ ਫੈਸਲਾ ਕੀਤਾ ਸੀ ਤੇ ਅਜਿਹਾ ਕਰਦਿਆਂ ਵਿੱਤੀ ਸਰੋਤ, ਪ੍ਰਸ਼ਾਸਕੀ ਲੋੜਾਂ, ਕਾਨੂੰਨ ਵਿਵਸਥਾ ਤੇ ਫਿਰਕੂ ਸਦਭਾਵਨਾ ਦਾ ਖਿਆਲ ਨਹੀਂ ਰੱਖਿਆ। ਨਾ ਹੀ ਪਿਛਲੀ ਸਰਕਾਰ ਨੇ ਨਵੇਂ ਜ਼ਿਲ੍ਹਿਆਂ ਵਾਸਤੇ ਦਫਤਰ ਤੇ ਇਮਾਰਤਾਂ ਬਣਾਈਆਂ ਤੇ ਨਾ ਹੀ ਬਜਟ ਪ੍ਰਦਾਨ ਕੀਤਾ ਤੇ ਲੋੜੀਂਦੇ ਸਰੋਤ ਦਿੱਤੇ। ਉਹਨਾਂ ਦੱਸਿਆ ਕਿ ਮੌਜੂਦਾ ਸਰਕਾਰ ਨੇ ਮਾਮਲੇ ਦੀ ਸਮੀਖਿਆ ਲਈ ਇਕ ਕੈਬਨਿਟ ਸਬ ਕਮੇਟੀ ਤੇ ਸੇਵਾ ਮੁਕਤ ਆਈ ਏ ਐਸ ਅਫਸਰ ਡਾ. ਲਲਿਤ ਪੰਵਾਰ ਦੀ ਅਗਵਾਈ ਹੇਠ ਮਾਹਿਰ ਕਮੇਟੀ ਬਣਾਈ ਸੀ। ਕਮੇਟੀ ਦੀਆਂ ਸਿਫਾਰਸ਼ਾਂ ਮਗਰੋਂ ਕੈਬਨਿਟ ਨੇ ਫੈਸਲਾ ਕੀਤਾ ਹੈ ਕਿ 9 ਨਵੇਂ ਜ਼ਿਲ੍ਹਿਆਂ ਅਨੂਪਗੜ੍ਹ, ਡੁੱਡੂ, ਗੰਗਾਪੁਰ ਸ਼ਹਿਰ, ਜੈਪੁਰ ਦਿਹਾਤੀ, ਜੋਧਪੁਰ ਦਿਹਾਤੀ, ਕੇਕੜੀ, ਨੀਮ ਕਾ ਥਾਣਾ, ਸੰਚੋਰ ਅਤੇ ਸ਼ਾਹਪੁਰਾ ਜ਼ਿਲ੍ਹਿਆਂ ਦੀ ਕੋਈ ਲੋੜ ਨਹੀਂ ਹੈ ਤੇ ਇਸੇ ਤਰੀਕੇ 3 ਨਵੀਂਆਂ ਡਵੀਜ਼ਨਾਂ ਬੰਸਵਾਲਾ, ਪਾਲੀ ਤੇ ਸੀਕਰ ਦੀ ਕੋਈ ਲੋੜ ਨਹੀਂ ਹੈ।
ਸਾਬਕਾ ਮੁੱਖ ਮੰਤਰੀ ਤੇ ਕਾਂਗਰਸੀ ਆਗੂ ਅਸ਼ੋਕ ਗਹਿਲੋਤ ਨੇ ਰਾਜ ਸਰਕਾਰ ਦੇ ਫੈਸਲੇ ਦੀ ਨਿਖੇਧੀ ਕੀਤੀ ਹੈ।