ਖੱਬੇ ਪੱਖੀ ਪਾਰਟੀਆਂ ਨੇ ਡਾ. ਭੀਮ ਰਾਓ ਅੰਬੇਡਕਰ ਬਾਰੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋ ਕੀਤੀਆਂ ਅਪਮਾਨਜਨਕ ਟਿੱਪਣੀਆਂ ਦੇ ਵਿਰੋਧ 'ਚ ਰੋਸ ਜਤਾਇਆ
- ਮਰਨ ਵਰਤ 'ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਖੱਬੇ ਪੱਖੀ ਆਗੂਆਂ ਵੱਲੋ ਚਿੰਤਾ ਜ਼ਾਹਿਰ
ਨਿਰਮਲ ਦੋਸਤ
ਰਾਏਕੋਟ/ਲੁਧਿਆਣਾ, 30 ਦਸੰਬਰ 2024 - ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋ ਸੰਵਿਧਾਨ ਦੇ ਪ੍ਮੁੱਖ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਬਾਰੇ ਕੀਤੀਆਂ ਕਥਿਤ ਅਪਮਾਨਜਨਕ ਟਿੱਪਣੀਆਂ ਦੇ ਵਿਰੋਧ 'ਚ ,ਅੱਜ ਦੇਸ਼ ਦੀਆ ਪ੍ਰਮੁੱਖ ਖੱਬੇ ਪੱਖੀ ਪਾਰਟੀਆਂ ਸੀ.ਪੀ.ਆਈ(ਐਮ), ਸੀ.ਪੀ.ਆਈ, ਆਰ.ਐਸ.ਪੀ, ਏ.ਆਈ.ਐਫ.ਬੀ, ਸੀ.ਪੀ.ਆਈ (ਐਮ.ਐਲ) ਲਿਬਰੇਸ਼ਨ ਦੇ ਸਾਂਝੇ ਸੱਦੇ 'ਤੇ ਖੰਨਾ ਵਿਖੇ ਉੱਥੋਂ ਦੇ ਲਲਹੇੜੀ ਪੁੱਲ ਥੱਲੇ,ਰੋਸ ਪ੍ਰਦਰਸ਼ਨ ਕੀਤਾ ਗਿਆ।ਜਥੇਬੰਦੀਆਂ ਦੇ ਆਗੂਆਂ ਨੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੋ ਦੇਸ਼ ਦੀ ਜਨਤਾ ਤੋ ਮੁਆਫੀ ਮੰਗਣ ਅਤੇ ਮੰਤਰੀ ਮੰਡਲ ਦੇ ਅਹੁਦੇ ਤੋਂ ਅਸਤੀਫਾ ਦੇਣ ਦੀ ਮੰਗ ਕੀਤੀ।
ਇਸ ਮੌਕੇ ਆਗੂਆਂ ਨੇ ਲਗਾਤਾਰ ਵੱਧ ਰਹੀ ਮਹਿੰਗਾਈ, ਘੱਟ ਗਿਣਤੀਆਂ ਦੇ ਧਾਰਮਿਕ ਸਥਾਨਾਂ 'ਤੇ ਹੋ ਰਹੇ ਹਮਲਿਆਂ, ਲੋਕਤੰਤਰ ਅਤੇ ਸੰਵਿਧਾਨ ਨੂੰ ਢਾਹ ਲਾਉਣ ਦੀਆਂ ਹਾਕਮ ਧਿਰਾਂ ਦੀਆਂ ਕੋਝੀਆਂ ਚਾਲਾਂ 'ਤੇ ਗੰਭੀਰ ਚਿੰਤਾ ਪ੍ਰਗਟ ਕੀਤੀ। ਓਹਨਾ 'ਵਨ ਨੇਸ਼ਨ ਵਨ ਵੋਟ' ਦੀ ਭਾਜਪਾ ਦੀ ਚਾਲ ਨੂੰ ਆਸਾਨ ਬਣਾਉਣ ਲਈ ਸੰਵਿਧਾਨ ਸੋਧ ਦੀ ਯੋਜਨਾ 'ਤੇ ਗੰਭੀਰ ਇਤਰਾਜ਼ ਦਰਜ ਕੀਤੇ ਤੇ ਅਜਿਹੀ ਕੋਸ਼ਿਸ਼ ਨੂੰ ਸੰਘਵਾਦ ਅਤੇ ਸੰਵਿਧਾਨ ਵਿਰੋਧੀ ਕਰਾਰ ਦਿੱਤਾ।
ਆਗੂਆਂ ਨੇ ਚਿਤਾਵਨੀ ਸੁਰ 'ਚ ਕਿਹਾ ਕਿ ਖੱਬੀਆਂ ਪਾਰਟੀਆਂ 'ਇਕ ਰਾਸ਼ਟਰ, ਇਕ ਚੋਣ' ਦੀ ਅਜਿਹੀ ਲੋਕਤੰਤਰ ਵਿਰੋਧੀ ਲਹਿਰ ਵਿਰੁੱਧ ਦੇਸ਼ ਵਿਆਪੀ ਮੁਹਿੰਮ ਚਲਾਉੁਣਗੀਆਂ। ਇਸ ਮੌਕੇ ਚੋਣ ਨਿਯਮਾਂ ਦੇ ਸੰਚਾਲਨ ਵਿੱਚ ਕੀਤੀ ਸੋਧ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਗਈ।
ਇਸ ਮੋਕੇ ਹੋਰਨਾਂ ਆਗੂਆਂ ਤੋ ਇਲਾਵਾ ਕਾਮਰੇਡ ਕਰਨੈਲ ਸਿੰਘ ਇਕੋਲਾਹਾ ਸੂਬਾ ਸਕੱਤਰ ਆਰ.ਐਸ.ਪੀ, ਗੁਰਦੀਪ ਸਿੰਘ ਹੋਲ ਤਹਿਸੀਲ ਸਕੱਤਰ ਸੀ.ਪੀ.ਆਈ (ਐਮ),ਰਾਜਿੰਦਰ ਸਿੰਘ ਚੀਮਾ ਤਹਿਸੀਲ ਸਕੱਤਰ ਆਲ ਕਿਸਾਨ ਸਭਾ ,ਮੋਹਨ ਲਾਲ ਘਾਈ ,ਇਕਬਾਲ ਸਿੰਘ ਗਰੇਵਾਲ, ਤਰਲੋਚਨ ਸਿੰਘ ਖਟੜਾ,ਮਲਕੀਤ ਸਿੰਘ ਵਾਲੀਆ, ਅਵਤਾਰ ਸਿੰਘ ਮੰਨਾ ਇਕੋਲਾਹੀ, ਗੁਰਮੀਤ ਸਿੰਘ ਤਹਿਸੀਲ ਸਕੱਤਰ ਸੀ.ਪੀ.ਆਈ, ਕਰਮਜੀਤ ਸਿੰਘ ਸਿਫਤੀ ਪ੍ਰਧਾਨ ਅੰਬੇਡਕਰ ਮਿਸ਼ਨ ਸੁਸਾਇਟੀ ਖੰਨਾ, ਰਣਬੀਰ ਸਿੰਘ ਪ੍ਰਿੰਸੀਪਲ, ਹਵਾ ਸਿੰਘ ਮੀਤ ਪ੍ਰਧਾਨ ਯੂਨਾਇਟੇਡ ਟਰੇਡਜ ਯੂਨੀਅਨ ਕਾਂਗਰਸ,ਬਲਬੀਰ ਸਿੰਘ ਭੱਟੀ,ਸੋਹਣ ਸਿੰਘ ਸੁਰੀਲਾ, ਐਡਵੋਕੇਟ ਲਵਪ੍ਰੀਤ ਸਿੰਘ ਇਕੋਲਾਹਾ, ਦਿਲਪ੍ਰੀਤ ਸਿੰਘ ਢਿੱਲੋ,ਅਮਰਜੋਤ ਸਿੰਘ,ਰਮੇਸ਼ ਡੋਗਰ ਮੌਜੂਦ ਸਨ।