ਨਵਾਂ ਸਾਲ ਮੁਬਾਰਕ! ਹੈਪੀ ਨਿਊ ਯੀਅਰ, ਦੇ ਢੇਰਾਂ ਦੇ ਢੇਰ ਮੈਸੇਜਿਸ, ਕਿਸੇ ਦੀ ਸੋਚ ਨਾਲ, ਕਿਸੇ ਦੁਆਰਾ ਬਣਾਇਆ ਗਿਆ ਸਿਰਜਿਆ ਗਿਆ ਮੈਸੇਜ, ਇੱਕ ਦੂਸਰੇ ਨੂੰ ਭੇਜ ਕੇ ਕਿੰਨੀ ਕੁ ਖੁਸ਼ੀ ਹਾਸਿਲ ਕਰਦੇ ਹਾਂ , ਇਹ ਅਸੀਂ ਸਾਰੇ ਭਲੀ-ਭਾਂਤੀ ਜਾਣਦੇ ਹਾਂ। ਅਸੀਂ ਅਜਿਹਾ ਕੁਝ ਸਿਰਜੀਏ, ਬਣਾਈਏ ਜਿਸਨੂੰ ਇੱਕ ਦੂਜੇ ਨਾਲ ਸਾਂਝਾ ਕਰੀਏ। ਅਸੀਂ ਇੱਕ ਫਾਰਮੈਲਿਟੀ ਵੱਸ ਇਹ ਸਭ ਕਰ ਰਹੇ ਹਾਂ। ਵੇਖਾ-ਵੇਖੀ ਆਪਣੀ ਪਹਿਚਾਣ ਬਣਾਉਣ ਦੀ ਥਾਂ 'ਤੇ ਭੀੜ ਦਾ ਹਿੱਸਾ ਬਣਨਾ ਜਿਆਦਾ ਪਸੰਦ ਕਰਦੇ ਹਾਂ। ਮਹਿੰਗੇ ਮਹਿੰਗੇ ਰੈਸਟੋਰੇਂਟਸ, ਹੋਟਲਾਂ ਵਿੱਚ ਖਾਣਾ ਖਾ ਕੇ, ਕੇਕ ਕੱਟਦੇ ਹਾਂ ਸਿਰਫ਼ ਤੇ ਸਿਰਫ਼ ਸਟੇਟਸ ਵਿੱਚ ਸ਼ੋਅ ਕਰਨ ਲਈ। ਸਾਲ ਬਦਲ ਰਿਹਾ,,, ਕੀ ਸਚਮੁੱਚ ਹੀ ਸਾਲ ਬਦਲ ਰਿਹਾ ਹੈ, ਕੁੱਝ ਨਵਾਂ ਬਦਲਾਅ ਆਉਣ ਵਾਲਾ ਹੈ? ਰਾਤੋ-ਰਾਤ ਕੋਈ ਚਮਤਕਾਰ ਹੋ ਜਾਣਾ ਕਿ ਅਸੀਂ ਬਹੁਤ ਤਰੱਕੀ ਕਰ ਲੈਣੀ ਹੈ। ਨਹੀਂ ,, ਅਜਿਹਾ ਕੁਝ ਨਹੀਂ ਹੁੰਦਾ। ਹਰ ਸਾਲ ਇੱਕ ਨਵਾਂ ਸਾਲ ਸਾਡੀ ਜਿੰਦਗੀ ਵਿੱਚ ਆਉਂਦਾ ਹੈ, ਤੇ ਲੰਘ ਜਾਂਦਾ ਹੈ ਅਤੇ ਇੰਝ ਕਰਦਿਆਂ ਸਾਡੀ ਜਿੰਦਗੀ ਦੇ ਕਿੰਨੇ ਵੵਰੇ ਲੰਘ ਗਏ। ਪਰ ਅਸੀਂ ਕੀਤਾ ਕੀ ਹੈ? ਕੀ ਕਦੇ ਕਿਸੇ ਦਾ ਭਲਾ ਕੀਤਾ, ਇਮਾਨਦਾਰੀ ਨਾਲ ਕੰਮ ਕੀਤਾ? ਕਿਸੇ ਨਾਲ ਬੇਇਨਸਾਫੀ ਜਾਂ ਧੱਕਾ ਤਾਂ ਨਹੀਂ ਕੀਤਾ ਜਾਂ ਕਿਸੇ ਦੀ ਸੱਚੇ ਦਿਲੋਂ ਮਦਦ ਕੀਤੀ ਹੋਵੇ। ਜਾਣੇ ਅਣਜਾਣੇ ਕਿਸੇ ਨੂੰ ਮਾੜਾ ਬੋਲੇ ਜਾਣ ਦਾ ਮਨ ਅੰਦਰ ਪਛਤਾਵਾ ਕੀਤਾ? ਯਾਦ ਰੱਖਣ ਵਾਲੀ ਗੱਲ ਹੈ ਕਿ ਇਸ ਸਾਲ ਵਿੱਚ ਅਸੀਂ ਕਿਹੜਾ ਅਜਿਹਾ ਕੰਮ ਕੀਤਾ ਕਿ ਸਾਡਾ ਸਾਲ ਬਹੁਤ ਵਧੀਆ ਬੀਤਿਆ ਅਤੇ ਆਉਣ ਵਾਲਾ ਸਾਲ ਵੀ ਚੰਗੇ ਕੰਮਾਂ ਦੇ ਲੇਖੇ ਲੱਗੇ। ਜਾਂ ਅਰਦਾਸ ਕਰੀਏ ਕਿ ਜੋ ਅਸੀਂ ਇਸ ਸਾਲ ਨਹੀਂ ਕਰ ਸਕੇ, ਪਰਮਾਤਮਾ ਆਉਣ ਵਾਲੇ ਸਾਲ ਵਿੱਚ ਕਰਨ ਲਈ ਸਹਾਈ ਹੋਣਾ, ਸਾਰਥਕ ਸੋਚ ਦੇ ਹਾਣੀ ਬਣਾਉਣਾ, ਜੀਉ। ਅਸਲ ਵਿੱਚ ਜਿੰਨੀਂ ਤੇਜੀ ਨਾਲ ਸਮਾਂ ਬਦਲ ਰਿਹਾ, ਸਾਲ ਲੰਘ ਰਹੇ, ਉਸ ਨਾਲੋਂ ਕਿਤੇ ਜਿਆਦਾ ਤੇਜੀ ਨਾਲ ਇਨਸਾਨ ਦਾ ਸੁਭਾਅ ਬਦਲ ਰਿਹਾ, ਸੋਚ ਬਦਲ ਰਹੀ।
ਅਸੀਂ ਪਦਾਰਥਵਾਦੀ ਹੋ ਚੁੱਕੇ ਹਾਂ। ਆਪਣੀਆਂ ਪੁਰਾਤਨ ਵਸਤਾਂ, ਪਹਿਰਾਵਾ, ਸੱਭਿਆਚਾਰ ਇੱਥੋਂ ਤੱਕ ਕਿ ਬਜੁਰਗਾਂ ਨੂੰ ਘਰਾਂ ਵਿੱਚ ਰੱਖਣਾ ਪਸੰਦ ਨਹੀਂ ਕਰਦੇ। ਆਮ ਘਰਾਂ ਦੀ ਵਿਰਾਸਤ ਹੁਣ ਵਪਾਰਕ ਹੋ ਚੁੱਕੀ ਹੈ। ਅਸੀਂ ਆਪਣੀ ਹੀ ਵਿਰਾਸਤ ਮੁੱਲ ਦੇ ਕੇ ਭਾਵ ਟਿਕਟ ਲੈ ਕੇ ਵੇਖਣ ਜਾਂਦੇ ਹਾਂ। ਮੱਕੀ ਦੀ ਰੋਟੀ, ਸਰੋਂ ਦਾ ਸਾਗ,,,, ਇਹ ਸਾਡੀ ਸ਼ਾਨ ਸੀ, ਤੇ ਅੱਜ ਅਸੀਂ ਸਾਇਦ ਤਾਂ ਹੀ ਮੇਲਿਆਂ ਵਿੱਚ ਲੱਗੇ ਸਟਾਲਾਂ ਤੋਂ ਖਾਣ ਲੱਗ ਗਏ ਹਾਂ ਕਿਉਂਕਿ ਸਾਨੂੰ ਬਣਾਉਣੀ ਨਹੀਂ ਆਉਂਦੀ ਜਾਂ ਇੰਝ ਕਹਿ ਲਈਏ ਕਿ ਹੱਥੀਂ ਕੰਮ ਕਰਨਾ ਨਹੀਂ ਚਾਹੁੰਦੇ।
ਅਸੀਂ ਸ਼ਹਿਰਾਂ ਵਿੱਚ ਆ ਵੱਸੇ। ਕੋਠਿਆਂ ਤੋਂ ਨਿਕਲ ਕੇ ਰਿਹਾਇਸ਼ੀ ਕਲੋਨੀਆਂ ਵਿੱਚ ਆਲੀਸ਼ਾਨ ਕੋਠੀਆਂ ਪਾ ਲਈਆਂ। ਮੰਜਿਆਂ, ਪੀੜੀਆਂ ਤੋਂ ਕੁਰਸੀਆਂ ਤੇ ਆ ਗਏ। ਇਸ ਦਾ ਸਭ ਤੋਂ ਵਧੇਰੇ ਅਸਰ ਪਿਆ ਸਾਡੇ ਬਜੁਰਗਾਂ 'ਤੇ। ਉਹਨਾਂ ਦੀਆਂ ਗੱਲਾਂ ਮੁੱਕ ਗਈਆਂ, ਕਿਉਂ ਕਿ ਗੱਲਾਂ ਇਨਸਾਨ ਦੇ ਮਨ ਦਾ ਬੋਝ ਤੇ ਸਰੀਰ ਦਾ ਥਕੇਵਾਂ ਲਾਹ ਦਿੰਦੀਆਂ ਨੇ। ਅਸੀਂ ਗਲੀਆਂ ਵਿੱਚ ਉਹਨਾਂ ਦੇ ਬੈਠਣ ਤੇ ਪਾਬੰਧੀਆਂ ਲਗਾ ਦਿੱਤੀਆਂ। ਉਹਨਾਂ ਨੂੰ ਖੁੱਲ ਕੇ ਜਿਊਣ ਦਾ ਹੱਕ ਉਹਨਾਂ ਕੋਲੋਂ ਖੋਹ ਲਿਆ, ਜੋ ਕਿ ਬਹੁਤ ਵੱਡੀ ਤ੍ਸਾਦੀ ਹੈ।
ਪੁਰਾਣੇ ਵੇਲਿਆਂ ਵਿੱਚ ਦੁੱਧ ਪੁੱਤ ਦੀ ਕਦਰ ਇੱਕ ਬਰਾਬਰ ਸੀ, ਮਿੱਟੀ ਨਾਲ ਮੋਹ ਸੀ, ਤੇ ਜੱਟ- ਜਿੰਮੀਦਾਰਾਂ ਦੇ ਘਰ ਵਿੱਚ ਲੱਸੀ ਦੀਆਂ ਬਰਕਤਾਂ ਹੁੰਦੀਆਂ ਤੇ ਸਾਰਾ ਪਿੰਡ ਲੱਸੀ ਲੈ ਜਾਂਦਾ। ਹੁਣ ਤੇ ਮਿੱਟੀ ਵੀ ਮੁੱਲ ਵਿਕਦੀ ਤੇ ਚਾਟੀ ਦੀ ਲੱਸੀ ਵੀ। ਹੱਥੀਂ ਕੰਮ ਕਰਕੇ ਕੋਈ ਰਾਜੀ ਨਹੀਂ, । ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਹੱਥੀਂ ਕੰਮ ਕਰਨ ਵਾਲੀ ਸਾਡੀ ਆਖਰੀ ਪੀੜੀ ਹੋਵੇਗੀ। ਅਸੀਂ ਆਪਣੀਆਂ ਬੱਚੀਆਂ ਨੂੰ ਕੰਮ ਦੱਸ ਕੇ ਰਾਜੀ ਨਹੀਂ। ਹੱਥਾਂ ਦੀ ਕੋਮਲਤਾ ਤੇ ਸੁੰਦਰਤਾ ਵੱਲ ਵੇਖਦੇ ਇਹ ਵੀ ਭੁੱਲ ਗਏ ਕਿ ਸਾਡੀ ਮਾਵਾਂ ਕਹਿੰਦੀਆਂ ਹੁੰਦੀਆਂ ਸੀ ਕਿ ਮੇਰੇ ਹੱਥ ਗਰਮ ਚੀਜ ਫੜਦਿਆਂ ਜਾਂ ਰੋਟੀ ਥੱਲਦਿਆਂ ਨਹੀਂ ਸੜਦੇ ਕਿਉਂਕਿ ਮੇਰੇ ਹੱਥ ਪੱਕੇ ਹੋਏ ਨੇ, ਪੱਕੇ ਹੋਏ ਹੱਥ ਮਿਹਨਤੀ ਹੱਥ ਹੁੰਦੇ ਨੇ। ਬਾਬੇ ਨਾਨਕ ਜੀ ਨੇ ਨਾਮ ਜਪੋ, ਕਿਰਤ ਕਰੋ, ਤੇ ਵੰਡ ਛਕੋ ਦਾ ਨੇਮ ਜਿੰਦਗੀ ਵਿੱਚ ਅਪਨਾਉਣ ਦਾ ਸੰਦੇਸ਼ ਦਿੱਤਾ, ਪਰ ਅਸੀਂ ਮਿਹਨਤ ਕਰਨ ਦਾ ਬਚਨ ਕਿੰਨੀ ਵਾਰੀ ਕੀਤਾ, ਇਹ ਸੋਚਣ ਦੀ ਲੋੜ ਹੈ। ਅਸੀਂ ਇੱਕ ਦੂਜੇ ਵੱਲ ਵੇਖ ਕੇ ਆਪਣੀ ਮਨਾਂ ਵਿੱਚ ਈਰਖਾ ਪੈਦਾ ਕਰੀ ਜਾਂਦੇ ਹਾਂ। ਕਦੇ ਇਹ ਕਿਉਂ ਨਹੀਂ ਸੋਚਦੇ ਕਿ ਜਿਸ ਮੁਕਾਮ ਤੇ ਉਹ ਸਖਸ਼ ਹੈ, ਜਿਸ ਨੂੰ ਵੇਖ ਕੇ ਸਾਡੇ ਮਨ ਅੰਦਰ ਈਰਖਾ ਵੱਧ ਰਹੀ ਹੈ, ਉਸ ਇਨਸਾਨ ਦੇ ਗੁਣਾਂ ਵੱਲ, ਉਸਦੀ ਮਿਹਨਤ ਵੱਲ ਵੀ ਝਾਤੀ ਮਾਰ ਲਈਏ ਤੇ ਸੋਚ ਲਈਏ ਕਿ ਅਸੀਂ ਵੀ ਇੱਥੇ ਪਹੁੰਚਣਾ ਹੈ, ਕੁਝ ਕਰਨਾ ਹੈ, ਤਾਂ ਬਹੁਤਾ ਨਹੀਂ ਪਰ ਕੁਝ ਹੱਦ ਤੱਕ ਅਸੀਂ ਕਾਮਯਾਬ ਹੁੰਦੇ ਹਾਂ। ਕਈ ਵਾਰ ਅਸੀਂ ਕਿਸੇ ਆਦਰਸ਼ ਇਨਸਾਨ ਵੱਲ ਵੇਖ ਕੇ ਉਸ ਵਾਂਗ ਬਣਨਾ ਲੋਚਦੇ ਹਾਂ ਪਰ ਕਿਸਮਤ ਨੂੰ ਕੋਸਦੇ ਰਹਿ ਜਾਂਦੇ ਹਾਂ ਜਾਂ ਇੰਝ ਕਹਿ ਲਈਏ ਕਿ ਵਾਰ-ਵਾਰ ਮੌਕੇ ਦੀ ਉਡੀਕ ਵਿੱਚ ਸਹੀ ਮੌਕਾ ਅਜਾਈਂ ਗਵਾ ਦਿੰਦੇ ਹਾਂ। ਜਿੰਦਗੀ ਸਾਨੂੰ ਮੌਕੇ ਪ੍ਦਾਨ ਕਰਦੀ ਹੈ, ਬਸ ਸਾਨੂੰ ਇਸ ਮੌਕੇ ਨੂੰ ਸਹੀ ਸਮੇਂ 'ਤੇ ਸਹੀ ਦਿਸ਼ਾ ਇੱਚ ਵਰਤਣ ਦੀ ਲੋੜ ਹੁੰਦੀ ਹੈ। ਉਦਾਹਰਣ ਦੇ ਤੌਰ ਤੇ ਵੇਖੀਏ ਕਿ ਜਦੋਂ ਕਦੇ ਅਸੀਂ ਫੋਨ ਤੇ ਕੋਈ ਗੇਮ ਖੇਡਦੇ ਹਾਂ ਤੇ ਉਸਦਾ ਲੈਵਲ ਪਾਰ ਨਹੀਂ ਹੁੰਦਾ, ਅਸੀਂ ਬਜ਼ਿਦ ਹੁੰਦੇ ਹਾਂ ਇਸਨੂੰ ਪਾਰ ਕਰਨਾ ਹੈ, ਤੇ ਜਦ ਇਹ ਕਰ ਲੈਂਦੇ ਹਾਂ ਤਾਂ ਇੱਕ ਵੱਖਰੀ ਖੁਸ਼ੀ ਮਹਿਸੂਸ ਕਰਦੇ ਹਾਂ, ਮਨ ਅੰਦਰ ਸੋਚਦੇ ਹਾਂ ਕਿ ਮੈਂ ਕਰਕੇ ਹੀ ਸਾਹ ਲੈਣਾ। ਇਹ ਤਾਂ ਇੱਕ ਮਨੋਰੰਜਨ ਦੀ ਖੇਡ ਹੁੰਦੀ, ਜਿਸ ਨੂੰ ਸਰ ਕਰਨ ਲਈ ਅਸੀਂ ਪ੍ਣ ਕਰ ਲੈਂਦੇ ਹਾਂ ਤਾਂ ਫਿਰ ਜਿੰਦਗੀ ਦੀ ਬਾਜੀ ਚੰਗੇ ਤੇ ਮਿਹਨਤ ਵਾਲੇ ਨੇਕ ਕੰਮ, ਇਮਾਨਦਾਰੀ ਨਾਲ , ਜਜਬੇ ਨਾਲ ਜਿਊਣ ਲਈ ਪ੍ਪੱਕ ਕਿਉਂ ਨਹੀਂ ਹੁੰਦੇ? ਕਿਉਂ ਨਹੀਂ ਨਿਸ਼ਚਾ ਕਰਦੇ ਕਿ ਅਸੀਂ ਜਿੰਦਗੀ ਵਿੱਚ ਕੁਝ ਕਰਨਾ ਹੈ, ਕੁਝ ਬਣਨਾ ਹੈ। ਜਿੰਦਗੀ ਦਾ ਜੋ ਟੀਚਾ ਅਸੀਂ ਮਿੱਥ ਲੈਂਦੇ ਹਾਂ , ਉਹ ਹਾਸਿਲ ਜਰੂਰ ਹੁੰਦਾ ਹੈ, ਜੇਕਰ ਸਾਡੇ ਅੰਦਰ ਕਰਨ ਦਾ ਜਜਬਾ ਹੋਵੇ। ਜਿੰਦਗੀ ਸਿਰਫ਼ ਤੇ ਸਿਰਫ਼ ਇੱਕ ਵਾਰ ਮਿਲਦੀ ਹੈ ਅਤੇ ਇਹ ਵੀ ਅਟੱਲ ਸੱਚਾਈ ਹੈ ਕਿ ਦੁੱਖ ਸੁੱਖ, ਘਾਟੇ-ਵਾਧੇ ਇਸ ਦਾ ਹਿੱਸਾ ਹੁੰਦੇ ਹਨ। ਇਸ ਲਈ ਜਿੰਦਗੀ ਵਿੱਚ ਕੁੱਝ ਚੰਗਾ ਕਰਨ ਦੀ ਤਾਂਘ ਹਮੇਸ਼ਾਂ ਮਨ ਅੰਦਰ ਉਜਾਗਰ ਰਹਿਣੀ ਚਾਹੀਦੀ ਹੈ। ਫਿਰ ਅਸੀਂ ਵੀ ਕਹਾਂਗੇ ਅਸੀਂ ਬਦਲੇ ਨਹੀਂ, ਬਲਕਿ ਸਮੇਂ ਦੇ ਹਾਣੀ ਬਣੇ ਹਾਂ। ਇਸੇ ਉਮੀਦ ਨਾਲ ਇੱਛਾ ਰੱਖਦੇ ਹਾਂ ਕਿ ਆਉਣ ਵਾਲਾ ਸਾਲ ਸਾਡੇ ਸਾਰਿਆਂ ਲਈ ਹੋਰ ਵੀ ਬਿਹਤਰ ਸਿਰਜਣਾਤਮਕ ਮੌਕੇ ਲੈ ਕੇ ਆਵੇ ਤੇ ਅਸੀਂ ਹਰ ਮੌਕੇ ਕੁਝ ਚੰਗਾ ਕਰ ਗੁਜ਼ਰਨ ਦੀ ਇੱਛਾ ਰੱਖੀਏ ਤਾਂ ਕਿ ਜਿੰਦਗੀ ਦਾ ਹਰ ਪਲ, ਹਰ ਦਿਨ, ਹਰ ਮੌਕਾ ਇੱਕ ਨਵੇਂ ਤੇ ਚੰਗੇ ਵਰੇ ਦੀ ਆਮਦ ਵਿੱਚ ਸਹਾਈ ਹੋਵੇ।
ਕਰ ਗੁਜ਼ਰੋ ਇਸ ਜਹਾਂ ਮੇਂ ਕੁਝ ਐਸਾ ਕਰਮਕਿ ਮੌਤ ਆਏ ਭੀ ਲੇਕਿਨ, ਤੁਮ ਜਿੰਦਾ ਰਹਿ ਸਕੋ।
-
ਬਲਜੀਤ ਕੌਰ, ਸੀਨੀਅਰ ਸਹਾਇਕ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ
............
.................
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.