ਪੰਜਾਬ ’ਚ ਹਰ ਪਾਸੇ ਲੱਗੀਆਂ ਵਾਹਨਾਂ ਦੀਆਂ ਲੰਬੀਆਂ ਲਾਈਨਾਂ, ਕਿਸਾਨਾਂ ਵੱਲੋਂ ਕਈ ਥਾਈਂ ਜ਼ਬਰੀ ਲਾਗੂ ਕੀਤਾ ਬੰਦ
ਬਾਬੂਸ਼ਾਹੀ ਨੈਟਵਰਕ
ਚੰਡੀਗੜ੍ਹ, 30 ਦਸੰਬਰ, 2024: ਪੰਜਾਬ ਬੰਦ ਦੌਰਾਨ ਅੱਜ ਕਿਸਾਨਾਂ ਵੱਲੋਂ ਸੂਬੇ ਵਿਚ ਸਾਰੇ ਪ੍ਰਮੁੱਖ ਕੌਮੀ ਸ਼ਾਹਮਾਰਗਾਂ ’ਤੇ ਧਰਨੇ ਮਾਰ ਕੇ ਮੁਕੰਮਲ ਜਾਮ ਕਰਨ ਕਾਰਣ ਰਾਜ ਵਿਚ ਹਰ ਪਾਸੇ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ ਹਨ। ਜਾਮ ਕਾਰਣ ਰਾਹਗੀਰ ਖੱਜਲ ਖੁਆਰ ਹੋ ਰਹੇ ਹਨ।
ਬੰਦ ਦੌਰਾਨ ਬੱਸਾਂ ਬੰਦ ਹਨ ਕਿਉਂਕਿ ਪੀ ਆਰ ਟੀ ਸੀ ਤੇ ਪਨਬੱਸ ਨੇ ਪੰਜਾਬ ਬੰਦ ਦੀ ਹਮਾਇਤ ਕੀਤੀ ਹੈ ਜਦੋਂ ਕਿ ਕੁਝ ਪ੍ਰਾਈਵੇਟ ਬੱਸਾਂ ਸੜਕ ’ਤੇ ਨਜ਼ਰ ਆ ਰਹੀਆਂ ਹਨ ਜੋ ਜਾਮ ਵਿਚ ਫਸੀਆਂ ਹਨ।
ਇਸੇ ਤਰੀਕੇ ਰੇਲਵੇ ਵੱਲੋਂ ਪੰਜਾਬ ਆਉਣ-ਜਾਣ ਵਾਲੀਆਂ ਰੇਲ ਗੱਡੀਆਂ ਬੇਸ਼ੱਕ ਬੰਦ ਕਰ ਦਿੱਤੀਆਂ ਗਈਆਂ ਹਨ ਪਰ ਇਸਦੇ ਬਾਵਜੂਦ ਕਿਸਾਨ ਰੇਲਵੇ ਟਰੈਕ ’ਤੇ ਬੈਠੇ ਦਿੱਸ ਰਹੇ ਹਨ।
ਪਟਿਆਲਾ ਸਮੇਤ ਕੁਝ ਸ਼ਹਿਰਾਂ ਵਿਚ ਕਿਸਾਨਾਂ ਵੱਲੋਂ ਜ਼ਬਰੀ ਬੰਦ ਲਾਗੂ ਕਰਨ ਦੀਆਂ ਰਿਪੋਰਟਾਂ ਹਨ। ਖੁੱਲ੍ਹੀਆਂ ਦੁਕਾਨਾਂ, ਸ਼ਰਾਬ ਦੇ ਠੇਕੇ, ਪੈਟਰੋਲ ਪੰਪ ਤੇ ਸਰਕਾਰੀ ਬੈਂਕ ਵੀ ਕਿਸਾਨਾਂ ਵੱਲੋਂ ਜ਼ਬਰੀ ਬੰਦ ਕਰਵਾਏ ਗਏ ਹਨ।
ਇਹ ਬੰਦ ਸਵੇਰੇ 7.00 ਵਜੇ ਤੋਂ ਸ਼ਾਮ 4.00 ਵਜੇ ਤੱਕ ਹੈ।
ਕੜਾਕੇ ਦੀ ਠੰਢ ਵਿਚ ਸਭ ਤੋਂ ਵੱਧ ਰਾਹਗੀਰ ਪ੍ਰੇਸ਼ਾਨ ਹਨ। ਸੂਬੇ ਵਿਚ ਹੋਰ ਰਾਜਾਂ ਤੋਂ ਆਏ ਕਈ ਰਾਹਗੀਰ ਬੱਸ ਅੱਡਿਆਂ ’ਤੇ ਅਤੇ ਸੜਕਾਂ ’ਤੇ ਫਸੇ ਦਿਸ ਰਹੇ ਹਨ। ਰੂਸ ਤੋਂ ਸ੍ਰੀ ਹਰਿਮੰਦਿਰ ਸਾਹਿਬ ਦੇ ਦਰਸ਼ਨਾਂ ਵਾਸਤੇ ਆਇਆ ਇਕ ਪਰਿਵਾਰ ਅੰਮ੍ਰਿਤਸਰ ਦੇ ਬਾਹਰ ਪ੍ਰਵੇਸ਼ ਦੁਆਰ ’ਤੇ ਫਸ ਗਿਆ ਤਾਂ ਪੁਲਿਸ ਅਧਿਕਾਰੀਆਂ ਨੇ ਵਿਚ ਦਖਲ ਦੇ ਕੇ ਉਹਨਾਂ ਨੂੰ ਸਪੈਸ਼ਲ ਆਟੋ ਕਰ ਕੇ ਸਾਰਾਗੜ੍ਹੀ ਸਰਾਂ ਵੱਲ ਭੇਜਿਆ।