ਹੈਰੋਇਨ ਤੇ ਨਜਾਇਜ਼ ਸ਼ਰਾਬ ਸਮੇਤ ਦੋ ਕਾਬੂ
ਦੀਪਕ ਜੈਨ
ਰਾਏਕੋਟ, 30 ਦਸੰਬਰ 2024 - ਸਥਾਨਕ ਥਾਣਾ ਸਦਰ ਅਤੇ ਪੁਲਿਸ ਚੌਂਕੀ ਲੋਹਟਬੱਦੀ ਦੀ ਪੁਲਿਸ ਨੇ ਵੱਖ ਵੱਖ ਥਾਵਾਂ ਤੋਂ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਹੀਰੋਇਨ ਸਮੇਤ ਨਜਾਇਜ਼ ਦੇਸ਼ੀ ਸ਼ਰਾਬ ਬਰਾਮਦ ਕਰਕੇ ਪਰਚਾ ਦਰਜ਼ ਕੀਤਾ ਹੈ। ਇਸ ਮਾਮਲੇ ਸਬੰਧੀ ਥਾਣਾ ਸਦਰ ਦੇ ਏਐਸਆਈ ਲਖਵੀਰ ਸਿੰਘ ਪੁਲਿਸ ਪਾਰਟੀ ਸਮੇਤ ਗਸ਼ਤ ਦੌਰਾਨ ਸ਼ੱਕੀ ਵਿਅਕਤੀਆਂ ਦੀ ਭਾਲ ਵਿੱਚ ਕਸਬਾ ਬੱਸੀਆਂ ਦੇ ਜਾ ਰਹੇ ਸੀ ਤਾਂ ਸੂਏ ਨੇੜੇ ਇੱਕ ਸ਼ੱਕੀ ਵਿਅਕਤੀ ਨੂੰ ਕਾਬੂ ਕਰਕੇ ਉਸ ਕੋਲੋਂ ਅੱਠ ਗ੍ਰਾਮ ਹੈਰੋਇਨ ਬਰਾਮਦ ਕਰਕੇ ਗਿਰਫ਼ਤਾਰ ਕੀਤਾ ਗਿਆ। ਪੁਛਗਿੱਛ ਦੌਰਾਨ ਆਰੋਪੀ ਨੇ ਅਪਣੀ ਪਹਿਚਾਣ ਗੋਰੀ ਪੁੱਤਰ ਨਰਿੰਦਰ ਵਾਸੀ ਉੱਤਰ ਪ੍ਰਦੇਸ਼ ਹਾਲ ਵਾਸੀ ਨੇੜੇ ਦਾਣਾ ਮੰਡੀ ਬੱਸੀਆਂ ਵਜੋਂ ਦੱਸੀ।
ਦੂਸਰੇ ਮਾਮਲੇ ਵਿੱਚ ਪੁਲਿਸ ਚੌਂਕੀ ਲੋਹਟਬੱਦੀ ਦੇ ਇੰਚਾਰਜ਼ ਸਬ ਇੰਸਪੈਕਟਰ ਗੁਰਸੇਵਕ ਸਿੰਘ ਪੁਲਿਸ ਪਾਰਟੀ ਸਮੇਤ ਸ਼ੱਕੀ ਵਿਅਕਤੀਆਂ ਦੀ ਤਲਾਸ਼ ਦੇ ਸਬੰਧ ਵਿੱਚ ਗਸ਼ਤ ਚੈਕਿੰਗ ਦੌਰਾਨ ਲੋਹਟਬੱਦੀ ਦੇ ਬੱਸ ਅੱਡੇ ਤੇ ਖੜੇ ਸਨ ਤਾਂ ਕਿਸੇ ਖ਼ਾਸ ਮੁਖ਼ਬਰ ਨੇ ਪੁਲਿਸ ਨੂੰ ਸੂਚਨਾਂ ਦਿੱਤੀ ਕਿ ਇੱਕ ਵਿਅਕਤੀ ਹਰਦੀਪ ਸਿੰਘ ਪੀਤਾ ਵਾਸੀ ਪਿੰਡ ਰਛੀਨ ਜੋ ਸਸਤੇ ਭਾਅ ਤੇ ਦੇਸ਼ੀ ਸ਼ਰਾਬ ਲਿਆ ਕੇ ਅੱਗੇ ਮਹਿੰਗੇ ਰੇਟ ਉੱਤੇ ਵੇਚਦਾ ਹੈ ਜੋ ਹੁਣ ਅਪਣੇ ਘਰ ਅੱਗੇ ਗ੍ਰਾਹਕਾਂ ਦੀ ਉਡੀਕ ਕਰ ਰਿਹਾ ਹੈ। ਇਸ ਮਾਮਲੇ ਸਬੰਧੀ ਜਦੋਂ ਪੁਲਿਸ ਪਾਰਟੀ ਨੇ ਉਸ ਦੇ ਘਰ ਵਿੱਚ ਛਾਪੇਮਾਰੀ ਕਰ ਤਲਾਸ਼ੀ ਲਈ ਤਾਂ 12 ਬੋਤਲਾਂ ਦੇਸੀ ਸ਼ਰਾਬ ਦੀਆਂ ਬਰਾਮਦ ਕੀਤੀਆਂ। ਇਸ ਮਾਮਲੇ ਸਬੰਧੀ ਪੁਲਿਸ ਚੌਂਕੀ ਲੋਹਟਬੱਦੀ ਵਿੱਚ ਆਰੋਪੀ ਦੇ ਖ਼ਿਲਾਫ਼ ਐਕਸਾਈਜ਼ ਐਕਟ ਦੇ ਤਹਿਤ ਮਾਮਲਾ ਦਰਜ਼ ਕੀਤਾ ਗਿਆ।