ਭਾਈ ਨੂਰਾ ਮਾਹੀ ਦੀ ਯਾਦ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ 2 ਜਨਵਰੀ ਨੂੰ ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ ਰਾਏਕੋਟ ਲਈ ਹੋਵੇਗਾ ਰਵਾਨਾ
- 1 ਜਨਵਰੀ ਨੂੰ ਸੰਗਤ ਰਾਏਕੋਟ ਤੋਂ ਸ੍ਰੀ ਫ਼ਤਹਿਗੜ੍ਹ ਸਾਹਿਬ ਲਈ ਹੋਵੇਗੀ ਰਵਾਨਾ
ਨਿਰਮਲ ਦੋਸਤ
ਰਾਏਕੋਟ/ਲੁਧਿਆਣਾ, 30 ਦਸੰਬਰ 2024 - ਪਿਛਲੇ ਵਰ੍ਹਿਆਂ ਦੀ ਤਰ੍ਹਾਂ ਇਸ ਵਾਰ ਵੀ ਸ਼ਬਦ ਗੁਰੂ ਗੁਰਮਤਿ ਅਕੈਡਮੀ, ਰਾਏਕੋਟ ਵੱਲੋਂ ਭਾਈ ਨੂਰਾ ਮਾਹੀ ਦੀ ਨਿੱਘੀ ਯਾਦ ਨੂੰ ਸਮਰਪਿਤ 4 ਦਿਨਾ ਵਿਸ਼ਾਲ ਨਗਰ ਕੀਰਤਨ ਸ੍ਰੀ ਫ਼ਤਹਿਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਦੇ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਤੋਂ 2 ਜਨਵਰੀ 2025 ਤੋਂ 5 ਜਨਵਰੀ 2025 ਤੱਕ ਸਜਾਇਆ ਜਾ ਰਿਹਾ ਹੈ। 2 ਜਨਵਰੀ ਨੂੰ ਸਜਾਏ ਗਏ ਇਸ ਵਿਸ਼ਾਲ ਨਗਰ ਕੀਰਤਨ ਦੀ ਸੰਪੂਰਨਤਾ 5 ਜਨਵਰੀ ਨੂੰ ਜ਼ਿਲ੍ਹਾ ਲੁਧਿਆਣਾ ਨਾਲ ਸਬੰਧਤ ਸ਼ਹਿਰ ਰਾਏਕੋਟ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਟਾਹਲੀਆਣਾ ਸਾਹਿਬ,ਪਾਤਸ਼ਾਹੀ 10 ਵੀਂ ਰਾਏਕੋਟ ਵਿਖੇ ਹੋਵੇਗੀ।
ਪ੍ਰੈੱਸ ਨੂੰ ਉਪਰੋਕਤ ਜਾਣਕਾਰੀ ਦਿੰਦਿਆਂ ਸ਼ਬਦ ਗੁਰੂ ਗੁਰਮਤਿ ਅਕੈਡਮੀ, ਰਾਏਕੋਟ ਦੇ ਮੁੱਖ ਸੇਵਾਦਾਰ ਬਾਬਾ ਹਰਜੀਤ ਸਿੰਘ ਰਾਏਕੋਟ ਨੇ ਦੱਸਿਆ ਕਿ ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ ਨਗਰ ਕੀਰਤਨ ਲਿਆਉਣ ਲਈ ਸੰਗਤ 1 ਜਨਵਰੀ ਨੂੰ ਗੁਰਦੁਆਰਾ ਟਾਹਲੀਆਣਾ ਸਾਹਿਬ, ਰਾਏਕੋਟ ਤੋਂ ਸ੍ਰੀ ਫ਼ਤਹਿਗੜ੍ਹ ਸਾਹਿਬ ਨੂੰ ਜਾਣ ਵਾਸਤੇ ਰਵਾਨਾ ਹੋਵੇਗੀ।ਇਹ ਨਗਰ ਕੀਰਤਨ ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ ਜੁਗੋ-ਜੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਸਜਾਇਆ ਜਾਵੇਗਾ,ਜਿਸ ਦੀ ਅਗਵਾਈ ਪੰਜ ਪਿਆਰਿਆਂ ਵੱਲੋਂ ਕੀਤੀ ਜਾਵੇਗੀ।ਇਹ ਨਗਰ ਕੀਰਤਨ ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ ਲੈ ਕੇ ਰਾਏਕੋਟ ਦਰਮਿਆਨ ਪੈਂਦੇ ਵੱਖ-ਵੱਖ ਪਿੰਡਾਂ(ਰੂਟ ਅਨੁਸਾਰ) ਦੇ ਪੜਾਵਾਂ ਦੀ ਪ੍ਰਕਰਮਾ ਕਰਦਾ ਹੋਇਆ ਰਾਏਕੋਟ ਵਿਖੇ ਪਹੁੰਚੇਗਾ। ਨਗਰ ਕੀਰਤਨ ਦੇ ਚਾਰੇ ਦਿਨ ਕੀਰਤਨੀ ਜੱਥੇ ਵੱਲੋਂ ਗੁਰਬਾਣੀ ਦਾ ਕੀਰਤਨ ਕੀਤਾ ਜਾਵੇਗਾ ਅਤੇ ਢਾਡੀ ਜੱਥੇ/ਕਵੀਸ਼ਰੀ ਜੱਥੇ ਗੁਰ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ।
ਬਾਬਾ ਹਰਜੀਤ ਸਿੰਘ ਰਾਏਕੋਟ ਨੇ ਦੱਸਿਆ ਕਿ ਇਸ ਨਗਰ ਕੀਰਤਨ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਉਨ੍ਹਾਂ ਨਾਨਕ ਨਾਮ ਲੇਵਾ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਹੈ ਕਿ ਉਹ ਇਸ ਨਗਰ ਕੀਰਤਨ ਦੀ ਰੌਣਕ/ਸ਼ੋਭਾ ਨੂੰ ਵਧਾਉਣ ਲਈ ਵੱਡੀ ਗਿਣਤੀ 'ਚ ਸ਼ਾਮਲ ਹੋਣ ਅਤੇ ਇਸ ਨਗਰ ਕੀਰਤਨ ਦੇ ਮਾਮਲੇ 'ਚ ਸ਼ਬਦ ਗੁਰੂ ਗੁਰਮਤਿ ਅਕੈਡਮੀ, ਰਾਏਕੋਟ ਦੀ ਹਰ ਪੱਖੋਂ(ਤਨ,ਮਨ ਤੇ ਧਨ)ਆਪਣੀ ਹੈਸੀਅਤ ਅਨੁਸਾਰ ਮੱਦਦ ਕਰਕੇ/ਦਸਵਾਂ ਦਸਵੰਧ ਕੱਢ ਕੇ ਆਪਣਾ ਜੀਵਨ ਸਫ਼ਲਾ ਕਰਨ/ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨ।
ਇਤਿਹਾਸ ਅਨੁਸਾਰ ਜਦੋਂ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਰਾਏਕੋਟ ਵਿਖੇ ਪਹੁੰਚੇ ਸਨ ਤਾਂ ਉਸ ਸਮੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਕਹਿਣ 'ਤੇ ਭਾਈ ਨੂਰਾ ਮਾਹੀ ਸਰਹੰਦ ਤੋਂ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਤੇ ਬਾਬਾ ਫਤਿਹ ਸਿੰਘ ਜੀ ਦੀ ਸ਼ਹਾਦਤ ਦੀ ਖ਼ਬਰ ਲੈ ਕੇ ਰਾਏਕੋਟ ਦੀ ਧਰਤੀ 'ਤੇ ਪਹੁੰਚੇ ਸਨ।