ਲੁਧਿਆਣਾ ਦੇ ਵੱਖ-ਵੱਖ ਖੇਤਰਾਂ 'ਚ ਬੰਦ ਦੇ ਸੱਦੇ ਨੂੰ ਮਿਲਿਆ ਭਰਪੂਰ ਹੁੰਗਾਰਾ/ਕਿਸਾਨੀ ਮੰਗਾਂ ਤੁਰੰਤ ਮੰਨਣ ਦੀ ਕੀਤੀ ਜ਼ੋਰਦਾਰ ਮੰਗ
ਨਿਰਮਲ ਦੋਸਤ
ਰਾਏਕੋਟ/ਲੁਧਿਆਣਾ, 30 ਦਸੰਬਰ 2024 - ਫ਼ਸਲਾਂ ਦੇ ਸਮਰਥਨ ਮੁੱਲ ਨੂੰ ਲੈ ਕੇ ਅੰਦੋਲਨ ਕਰ ਰਹੀਆਂ ਕਿਸਾਨ-ਮਜ਼ਦੂਰ ਜਥੇਬੰਦੀਆਂ, ਕਿਸਾਨ-ਮਜਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ(ਗੈਰ ਰਾਜਨੀਤਿਕ) ਵਲੋਂ ਕਿਸਾਨੀ ਮੰਗਾਂ ਨੂੰ ਮਨਵਾਉਣ ਲਈ ਪੰਜਾਬ ਬੰਦ ਸਮੇਂ ਲੁਧਿਆਣਾ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ 'ਚ ਭਰਪੂਰ ਹੁੰਗਾਰਾ ਮਿਲਿਆ।
ਰਾਏਕੋਟ ਦੇ ਸ੍ਰ. ਹਰੀ ਸਿੰਘ ਨਲੂਆ ਚੌਂਕ 'ਚ ਰੋਸ ਧਰਨੇ 'ਚ ਵੱਖ-ਵੱਖ ਆਗੂਆਂ ਨੇ ਕਿਸਾਨੀ ਮੰਗਾਂ/ਮਸਲਿਆਂ ਬਾਰੇ ਵਿਚਾਰ ਸਾਂਝੇ ਕਰਦਿਆਂ ਬਿਨਾਂ ਕਿਸੇ ਦੇਰੀ ਦੇ ਚਿਰੋਕਣੀਆਂ ਮੰਗਾਂ ਨੂੰ ਤੁਰੰਤ ਮੰਨਣ ਦੀ ਜ਼ੋਰਦਾਰ ਮੰਗ ਕੀਤੀ। ਮੁੱਲਾਂਪੁਰ ਸ਼ਹਿਰ 'ਚ ਦੀ ਗੁਜਰਦੀ ਲੁਧਿਆਣਾ-ਜਗਰਾਉਂ ਨੈਸ਼ਨਲ ਹਾਈਵੇ, ਮੁੱਲਾਂਪੁਰ-ਰਾਏਕੋਟ ਰਾਜ ਮਾਰਗ 'ਤੇ ਸੜਕੀ ਆਵਾਜਾਈ ਪੂਰੀ ਤਰ੍ਹਾਂ ਬੰਦ ਰਹੀ। ਸੜਕਾਂ 'ਤੇ ਹਸਪਤਾਲ ਜਾਣ ਵਾਲੇ ਐਂਬੂਲੈਂਸ ਜਾਂ ਇੱਕਾ ਦੁੱਕਾ ਹੋਰ ਵਾਹਨ ਹੀ ਨਜਰ ਆਏ।
ਪ੍ਰਾਪਤ ਵੇਰਵਿਆਂ ਅਨੁਸਾਰ ਕਿਸਾਨਾਂ ਨੇ ਲੁਧਿਆਣਾ ਜ਼ਿਲ੍ਹੇ ਦੇ ਵੱਖ-ਵੱਖ ਥਾਂਵਾ 'ਤੇ ਜਾਮ ਲਗਾ ਕੇ ਸਾਰੇ ਪਾਸਿਆ ਤੋਂ ਆਵਾਜਾਈ ਬੰਦ ਕਰ ਦਿੱਤੀ। ਸੜਕਾਂ 'ਤੇ ਸੰਨਾਟਾ ਪਸਰਿਆ ਰਿਹਾ। ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਸਾਨਾਂ ਦੀਆਂ ਮੰਗਾਂ ਨੂੰ ਪੂਰਾ ਨਾ ਕਰਨ 'ਤੇ ਸਰਕਾਰ ਦੀ ਰੱਜ ਕੇ ਆਲੋਚਨਾ ਕੀਤੀ ਹੈ। ਦੁਕਾਨਦਾਰਾਂ ਵੱਲੋਂ ਦੁਕਾਨਾਂ ਬੰਦ ਰੱਖ ਕੇ ਬੰਦ ਦੇ ਸੱਦੇ ਨੂੰ ਭਰਪੂਰ ਸਮਰਥਨ ਦਿੱਤਾ ਗਿਆ। ਬਜ਼ਾਰਾਂ ਚ ਸੁੰਨਸਾਨ ਰਹੀ। ਕਿਸਾਨਾਂ ਨੇ ਕੜਾਕੇ ਦੀ ਠੰਡ ਦੌਰਾਨ ਸ਼ਾਂਤਮਈ ਤਰੀਕੇ ਨਾਲ ਰੋਸ ਧਰਨੇ ਦਿੱਤੇ। ਕਿਸਾਨਾਂ ਵੱਲੋਂ ਜਿੱਥੇ ਫਸਲਾਂ 'ਤੇ ਐੱਮ.ਐੱਸ.ਪੀ.(ਘੱਟੋ-ਘੱਟ ਸਮਰਥਨ ਮੁੱਲ)ਨਾ ਦੇਣ ਸਮੇਤ ਹੋਰ ਕਿਸਾਨੀ ਮੰਗਾਂ ਨੂੰ ਅਣਗੌਲਿਆਂ ਕਰਨ ਕਰਕੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ, ਉੱਥੇ ਪੰਜਾਬ ਸਰਕਾਰ ਖ਼ਿਲਾਫ਼ ਵੀ ਰੱਜ ਕੇ ਨਾਅਰੇਬਾਜ਼ੀ ਕੀਤੀ ਗਈ/ ਭੜਾਸ ਕੱਢੀ ਗਈ। ਪਿੰਡਾਂ ਤੇ ਸ਼ਹਿਰਾਂ 'ਚੋਂ ਕਿਸਾਨ ਇਕਾਈਆਂ ਹੁੰਮ-ਹੁੰਮਾ ਕੇ ਧਰਨਿਆਂ 'ਤੇ ਪਹੁੰਚੀਆਂ। ਪਿੰਡਾਂ 'ਚ ਵੀ ਬੰਦ ਨੂੰ ਕਾਫ਼ੀ ਭਰਵਾਂ ਹੁੰਗਾਰਾ ਮਿਲਿਆ। ਜਿਸ ਦੌਰਾਨ ਪਿੰਡਾਂ ਦੀਆਂ ਦੁਕਾਨਾਂ ਬੰਦ ਦੇਖਣ ਨੂੰ ਮਿਲੀਆਂ। ਇਸ ਦੌਰਾਨ ਐਮਰਜੈਂਸੀ ਸੇਵਾਵਾਂ ਬਹਾਲ ਰਹੀਆਂ।