ਕੈਨੇਡਾ ਦੀ ਯੂਨੀਵਰਸਿਟੀ ਦੇ ਪ੍ਰੋਫੈਸਰ ਨੇ ਪੀ.ਏ.ਯੂ. ਦੇ ਦੌਰੇ ਦੌਰਾਨ ਵਿਚਾਰ ਸਾਂਝੇ ਕੀਤੇ
ਲੁਧਿਆਣਾ 30 ਅਪ੍ਰੈਲ, 2025 - ਬੀਤੇ ਦਿਨੀਂ ਕੈਨੇਡਾ ਦੀ ਯੂਨੀਵਰਸਿਟੀ ਆਫ ਨਿਊ ਬਰੰਨਸਵਿਕ, ਫਰੈਡਰਿਕਸ਼ਨ ਦੇ ਕੰਪਿਊਟਰ ਵਿਗਿਆਨ ਦੇ ਪ੍ਰੋਫੈਸਰ ਡਾ. ਕੈਨੇਥ ਬਲੇਅਰ ਕੈਂਟ ਪੀ.ਏ.ਯੂ. ਦੇ ਦੋ ਰੋਜ਼ਾ ਦੌਰੇ ਤੇ ਸਨ| ਇਸ ਦੌਰਾਨ ਉਹਨਾਂ ਨੇ ਪੀ.ਏ.ਯੂ. ਦੇ ਅਧਿਕਾਰੀਆਂ, ਮਾਹਿਰਾਂ ਅਤੇ ਵਿਦਿਆਰਥੀਆਂ ਨਾਲ ਵਿਚਾਰ-ਚਰਚਾ ਕੀਤੀ| ਵਿਸ਼ੇਸ਼ ਤੌਰ ਤੇ ਇਹ ਦੌਰਾ ਯੂਨੀਵਰਸਿਟੀ ਦੇ ਇਲੈਕਟ੍ਰੀਕਲ ਇੰਜਨੀਅਰਿੰਗ ਅਤੇ ਸੂਚਨਾ ਤਕਨਾਲੋਜੀ ਵਿਭਾਗ ਵੱਲੋਂ ਆਯੋਜਿਤ ਕੀਤਾ ਗਿਆ ਸੀ| ਡਾ. ਕੈਂਟ ਡਿਜ਼ੀਟਲ ਟਰਾਂਸਫਾਰਮੇਸ਼ਨ ਦੇ ਖੇਤਰ ਵਿਚ ਵਿਸ਼ੇਸ਼ ਮੁਹਾਰਤ ਰੱਖਦੇ ਹਨ ਅਤੇ ਉਹ ਬੋਨ ਰਾਈਨ ਸੇਗ ਯੂਨੀਵਰਸਿਟੀ ਜਰਮਨੀ ਦੇ ਆਨਰੇਰੀ ਪ੍ਰੋਫੈਸਰ ਵਜੋਂ ਵੀ ਕਾਰਜਸ਼ੀਲ ਹਨ|
ਆਪਣੇ ਦੌਰੇ ਦੌਰਾਨ ਡਾ. ਕੈਂਟ ਨੇ ਵਿਚਾਰ ਉਤੇਜਿਕ ਭਾਸ਼ਣ ਨਾਲ ਯੂ ਐੱਨ ਵੀ ਦੇ ਐਂਟਲਾਟਿਕ ਲੈਬਜ਼ ਅਤੇ ਅਡਵਾਂਸਡ ਸਟੱਡੀਜ਼ ਸੈਂਟਰ ਬਾਰੇ ਗੱਲਬਾਤ ਕੀਤੀ| ਉਹਨਾਂ ਨੇ ਪੀ.ਏ.ਯੂ. ਵਿਖੇ ਸਮਾਰਟ ਖੇਤੀਬਾੜੀ ਲਈ ਡਿਜ਼ੀਟਲ ਖੋਜਾਂ ਬਾਰੇ ਹੁਣੇ ਸਥਾਪਿਤ ਹੋ ਰਹੇ ਸਕੂਲ ਵਿਚ ਯੂ ਐੱਨ ਵੀ ਦੀ ਤਰਜ਼ ਦਾ ਸੈਂਟਰ ਬਨਾਉਣ ਦੀ ਗੱਲ ਕੀਤੀ| ਇਸ ਦਿਸ਼ਾ ਵਿਚ ਉਹਨਾਂ ਨੇ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਦਿਵਾਇਆ ਅਤੇ ਕਿਹਾ ਕਿ ਐੱਮ ਟੈੱਕ ਏ ਆਈ ਅਤੇ ਅੰਕੜਾ ਵਿਗਿਆਨ ਦੇ ਨਾਲ-ਨਾਲ ਪੀ ਜੀ ਡਿਪਲੋਮਾ ਇਨ ਰੋਬੋਟਿਕਸ ਬਾਰੇ ਲਾਜ਼ਮੀ ਸਹਾਇਤਾ ਦੇਣਗੇ| ਨਾਲ ਹੀ ਉਹਨਾਂ ਨੇ ਖੇਤੀ ਇੰਜਨੀਅਰਿੰਗ ਕਾਲਜ ਦੇ ਵਿਦਿਆਰਥੀਆਂ ਨੂੰ ਡਿਜ਼ੀਟਲ ਟਰਾਂਸਫਾਰਮੇਸ਼ਨ ਬਾਰੇ ਵਿਸ਼ੇਸ਼ ਭਾਸ਼ਣ ਵੀ ਦਿੱਤਾ| ਯੂਨੀਵਰਸਿਟੀ ਨੂੰ ਜਾਨਣ ਦੇ ਅਮਲ ਵਿਚ ਡਾ. ਕੈਂਟ ਨੇ ਗੁਰਦੇਵ ਸਿੰਘ ਖੁਸ਼ ਲੈਬਜ਼, ਯੂਨੀਵਰਸਿਟੀ ਅਜਾਇਬ ਘਰ, ਸਕਿੱਲ ਡਿਵੈਲਪਮੈਂਟ ਸੈਂਟਰ ਦੇ ਨਾਲ-ਨਾਲ ਖੇਤੀ ਇੰਜਨੀਅਰਿੰਗ ਕਾਲਜ ਦੇ ਵੱਖ-ਵੱਖ ਹਿੱਸਿਆਂ ਅਤੇ ਮਸ਼ੀਨਰੀ ਪ੍ਰੋਗਰਾਮਾਂ ਨੂੰ ਦੇਖਿਆ|
ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਡਾ. ਕੈਂਟ ਦਾ ਸਵਾਗਤ ਕਰਦਿਆਂ ਅਗਲੇਰੀ ਸਾਂਝ ਦੇ ਪੱਖਾਂ ਉੱਪਰ ਚਾਨਣਾ ਪਾਇਆ|
ਰਜਿਸਟਰਾਰ ਸ਼੍ਰੀ ਰਿਸ਼ੀਪਾਲ ਸਿੰਘ ਨੇ ਨਵੀਆਂ ਧਾਰਨਾਵਾਂ ਸਾਂਝੀਆਂ ਕਰਨ ਲਈ ਡਾ. ਕੈਂਟ ਦਾ ਧੰਨਵਾਦ ਕੀਤਾ| ਖੇਤੀ ਇੰਜਨੀਅਰਿੰਗ ਕਾਲਜ ਦੇ ਡੀਨ ਡਾ. ਮਨਜੀਤ ਸਿੰਘ ਨੇ ਇਸ ਲਾਹੇਵੰਦ ਦੌਰੇ ਲਈ ਡਾ. ਕੈਂਟ ਦਾ ਸ਼ੁਕਰੀਆ ਕਰਦਿਆਂ ਇਸ ਸਾਂਝ ਦੇ ਜਾਰੀ ਰਹਿਣ ਦੀ ਆਸ ਪ੍ਰਗਟਾਈ|