ਪੰਜਾਬ ਨੂੰ ਸਿੱਖਿਆ ਪੱਖੋਂ ਮੋਹਰੀ ਸੂਬਾ ਬਣਾਉਣ ਲਈ ਯਤਨ ਜਾਰੀ : ਜਗਸੀਰ ਸਿੰਘ
ਅਸ਼ੋਕ ਵਰਮਾ
ਬਠਿੰਡਾ, 30 ਅਪ੍ਰੈਲ 2025 : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਪੰਜਾਬ ਨੂੰ ਸਿੱਖਿਆ ਪੱਖੋਂ ਮੋਹਰੀ ਸੂਬਾ ਬਣਾਉਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾਂ ਵਿਧਾਇਕ ਭੁੱਚੋਂ ਮੰਡੀ ਮਾਸਟਰ ਜਗਸੀਰ ਸਿੰਘ ਨੇ ਸਰਕਾਰੀ ਮਿਡਲ ਸਕੂਲ ਬੱਜੋਆਣਾ, ਸਰਕਾਰੀ ਪ੍ਰਾਇਮਰੀ ਸਕੂਲ ਅਤੇ ਹਾਈ ਸਕੂਲ ਗਿੱਦੜ ਵਿਖੇ ਸਕੂਲ ਦੇ ਮੁਕੰਮਲ ਹੋਏ ਵੱਖ-ਵੱਖ ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਮੌਕੇ ਕੀਤਾ।
ਇਸ ਮੌਕੇ ਵਿਧਾਇਕ ਮਾਸਟਰ ਜਗਸੀਰ ਸਿੰਘ ਨੇ ਕਿਹਾ ਕਿ ਬੱਚਿਆਂ ਦਾ ਭਵਿੱਖ ਗੁਣਵੱਤਾ ਭਰਪੂਰ ਸਿੱਖਿਆ ਨਾਲ ਹੀ ਉਜਵੱਲ ਹੋ ਸਕਦਾ ਹੈ ਜਿਸ ਲਈ ਸਕੂਲਾਂ ਵਿਚ ਚੰਗੇ ਅਧਿਆਪਕਾਂ, ਵਧੀਆ ਬੁਨਿਆਦੀ ਢਾਂਚੇ ਤੋਂ ਇਲਾਵਾ ਪੜ੍ਹਨ ਲਈ ਹਰ ਸਹੂਲਤ ਮੁਹੱਈਆ ਕਰਵਾਉਣੀ ਲਾਜ਼ਮੀ ਹੁੰਦੀ ਹੈ ਜਿਸ ਦੇ ਮੱਦੇਨਜ਼ਰ ਸੂਬਾ ਸਰਕਾਰ ਨੇ ਪਹਿਲ ਕਰਦਿਆਂ ਸਿੱਖਿਆ ਨੂੰ ਲੋਕ ਲਹਿਰ ਬਣਾਇਆ।
ਵਿਧਾਇਕ ਮਾਸਟਰ ਜਗਸੀਰ ਸਿੰਘ ਨੇ ਕਿਹਾ ਕਿ ਸਿੱਖਿਆ ਸਾਰੇ ਵਰਗ, ਧਰਮਾਂ ਅਤੇ ਜਾਤੀ ਦੇ ਲੋਕਾਂ ਲਈ ਅਤਿ ਮਹੱਤਵਪੂਰਨ ਹੈ, ਜਿਸ ਨਾਲ ਹੀ ਨਵੇਂ ਅਤੇ ਸਾਰਥਿਕ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ।
ਇਸ ਮੌਕੇ ਸਕੂਲਾਂ ਦੇ ਸਟਾਫ ਤੋਂ ਇਲਾਵਾ ਪਿੰਡਾਂ ਦੀਆਂ ਪੰਚਾਇਤਾਂ ਦੇ ਨੁਮਾਇੰਦੇ ਤੇ ਹੋਰ ਪਤਵੰਤੇ ਹਾਜ਼ਰ ਸਨ ।