ਮਿਡ ਡੇ ਮੀਲ ਵਰਕਰਾਂ ਨੇ ਕੀਤਾ ਰੋਸ ਵਿਖਾਵਾ ਅਤੇ ਫੂਕਿਆ ਪੁਤਲਾ
ਮੰਗਾਂ ਨਾ ਮੰਨੀਆ ਤਾਂ ਆਉਣ ਵਾਲੇ ਸਮੇਂ ਚ ਤਿੱਖੇ ਸੰਘਰਸ਼ ਕੀਤੇ ਜਾਣਗੇ
ਰੋਹਿਤ ਗੁਪਤਾ
ਗੁਰਦਾਸਪੁਰ ਇੱਥੋਂ ਦੇ ਸਥਾਨਕ ਗੁਰੂ ਨਾਨਕ ਪਾਰਕ ਵਿਖੇ ਮਿਦ ਡੇ ਮੀਲ ਵਰਕਰਾਂ ਨੇ ਇੱਕਠ ਕਰਕੇ ਰੋਸ ਪ੍ਰਦਰਸ਼ਨ ਕੀਤਾ । ਜਿਲ੍ਹੇ ਦੇ ਵੱਖ -ਵੱਖ ਥਾਂਵਾਂ ਤੋੰ ਇੱਕਤਰ ਹੋਈਆਂ ਵਰਕਰਾਂ ਨੇ ਆਪਣੀਆਂ ਹੱਕੀ ਮੰਗਾਂ ਲਈ ਜੋਰਦਾਰ ਨਾਹਰੇਬਾਜੀ ਕੀਤੀ, ਇਹ ਇਕਤਰਤਾ ਪ੍ਰਧਾਨ ਮੰਨਜੀਤ ਕੌਰ ਵੜੈਚ ਅਤੇ ਨਿਰਮਲ ਜੀਤ ਕੌਰ ਚੱਕ ਸ਼ਰੀਫ ਦੀ ਪ੍ਰਧਾਨਗੀ ਹੇਠ ਕੀਤੀ ਗਈ ।
ਪ.ਸ.ਸ.ਫ. ਗੁਰਦਾਸਪੁਰ ਦੇ ਆਗੂ ਅਨਿਲ ਕੁਮਾਰ ਲਾਹੌਰੀਆ, ਦਿਲਦਾਰ ਭੰਡਾਲ , ਸਲਵਿੰਦਰ ਕੁਮਾਰ ਅਤੇ ਮੰਗਲਦੀਪ ਵਿਸ਼ੇਸ ਰੂਪ ਵਿੱਚ ਸ਼ਾਮਲ ਹੋਏ । ਇਸ ਸਮੇਂ ਵੱਖ -ਵੱਖ ਬੁਲਾਰਿਆਂ ਨੇ ਬੋਲਦਿਆਂ ਦੱਸਿਆ ਕਿ ਸਰਕਾਰੀ ਸਕੂਲਾਂ ਚ ਚਲਦੇ ਮਿਡ ਡੇ ਮੀਲ ਦੇ ਕੰਮ ਨੂੰ ਇਹ ਬੀਬੀਆਂ 20 ਸਾਲਾਂ ਤੋਂ ਨਿਭਾ ਰਹੀਆਂ ਹਨ, ਪਰ ਇਹਨਾਂ ਨੂੰ ਅਜੇ ਵੀ ਲਗਭਗ 33 ਰੁਪਏ ਦਿਹਾੜੀ ਤੇ ਕੰਮ ਕਰਨਾ ਪੈ ਰਿਹਾ ਹੈ ।ਅੱਤ ਦੀ ਮਹਿੰਗਾਈ ਵਿੱਚ ਘਰਾਂ ਦੇ ਗੁਜਾਰੇ ਕਦਨੇ ਔਖੇ ਹੋਏ ਹਨ, ਸਰਕਾਰਾਂ ਕੋਲੋ ਲੜ ਕੇ ਮੰਨਵਾਈਆਂ ਮੰਗਾਂ ਵੀ ਲਾਗੂ ਨਹੀਂ ਕੀਤੀਆਂ ਗਈਆਂ, ਵਰਕਰਾਂ ਦਾ ਜੀਵਨ ਬੀਮਾ ਕੀਤਾ ਜਾਵੇ, ਖਾਣਾ ਪਕਾਉਣ ਲਈ ਵਰਦੀਆਂ ਦਾ ਪ੍ਰਬੰਧ ਕੀਤਾ ਜਾਵੇ, ਜਿਉਣ ਜੋਗੀ ਘੱਟੋ -ਘੱਟ ਉਜਰਤ 15000 ਦਿੱਤੀ ਜਾਵੇ, ਪੱਚੀ ਬੱਚਿਆਂ ਤੇ ਦੋ ਵਰਕਰਾਂ ਰੱਖੀਆਂ ਜਾਣ, 100 ਬੱਚਿਆਂ ਤੋਂ ਉਪਰ ਤਿੰਨ ਬੀਬੀਆਂ ਰੱਖੀਆਂ ਜਾਣ ਅਤੇ ਇਹਨਾਂ ਦੇ ਰੁਜਗਾਰ ਦਾ ਪੱਕਾ ਪ੍ਰਬੰਧ ਕੀਤਾ ਜਾਵੇ । ਫੈਡਰੇਸ਼ਨ ਆਗੂਆ ਨੇ ਕਿਹਾ ਜੇਕਰ ਮਿਡ ਡੇ ਮੀਲ ਵਰਕਰਰਾਂ ਦੀਆਂ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਚ ਸਰਕਾਰ ਨੂੰ ਇਹਨਾ ਦੇ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪਏਗਾ ।
ਇਸ ਸਮੇਂ ਹੋਰਨਾ ਤੋਂ ਇਲਾਵਾ ਸੁਰਿੰਦਰ ਕੌਰ, ਬਬੀਤਾ ਕੁਮਾਰੀ, ਪਿੰਕੀ, ਰਾਜਵਿੰਦਰ ਕੌਰ, ਰਤਨ ਕੌਰ, ਦਵਿੰਦਰ ਕੌਰ ਨੈਨੇਕੋਟ, ਸਪਨਾ, ਬਲਵਿੰਦਰ ਕੌਰ, ਮੰਨਜੀਤ ਕੌਰ, ਹਰਜੀਤ ਕੌਰ ਅਤੇ ਪ੍ਰੀਤੀ ਆਦ ਹਾਜਰ ਸਨ ।