ਬਲਾਕ ਫਤਿਹਗੜ੍ਹ ਚੂੜੀਆਂ ਦੇ ਬੀਜ ਵਿਕ੍ਰੇਤਾਵਾਂ ਦੀਆਂ ਦੁਕਾਨਾਂ ਦੀ ਚੈਕਿੰਗ
ਰੋਹਿਤ ਗੁਪਤਾ
ਬਟਾਲਾ, 29 ਅਪ੍ਰੈਲ 2025- ਕਿਸਾਨਾਂ ਨੁੰ ਮਿਆਰੀ ਖੇਤੀ ਸਮਗਰੀ ਖਾਸ ਕਰਕੇ ਝੋਨੇ ਦੀਆਂ ਸੁਧਰੀਆਂ ਕਿਸਮਾਂ ਉਪਲਬਧ ਕਰਵਾਉਣ ਦੇ ਮਕਸਦ ਨਾਲ ਜ਼ਿਲਾ ਪੱਧਰੀ ਟੀਮ ਵੱਲੋਂ ਬਲਾਕ ਫਤਿਹਗੜ੍ਹ ਚੂੜੀਆਂ ਦੇ ਬੀਜ ਵਿਕ੍ਰੇਤਾਵਾਂ ਦੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਗਈ ।
ਮੁੱਖ ਖੇਤੀਬਾੜੀ ਅਫ਼ਸਰ ਡਾ.ਅਮਰੀਕ ਸਿੰਘ ਦੀ ਅਗਵਾਈ ਵਾਲੀ ਟੀਮ ਵਿਚ ਡਾ. ਮਨਪ੍ਰੀਤ ਸਿੰਘ ਖ਼ੇਤੀਬਾੜੀ ਅਫ਼ਸਰ (ਪੌਦ ਸੁਰੱਖਿਆ) ਡਾ.ਰਵਿੰਦਰ ਸਿੰਘ ਖ਼ੇਤੀਬਾੜੀ ਵਿਕਾਸ ਅਫ਼ਸਰ ਸ਼ਾਮਿਲ ਸਨ। ਚੈਕਿੰਗ ਦੌਰਾਨ ਕਿਸੇ ਵੀ ਬੀਜ ਵਿਕ੍ਰੇਤਾ ਕੋਲ ਪਾਬੰਦੀ ਸ਼ੁਦਾ ਬੀਜ ਨਹੀਂ ਪਾਇਆ ਗਿਆ।
ਗੱਲਬਾਤ ਕਰਦਿਆਂ ਡਾ. ਅਮਰੀਕ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਪੂਸਾ 44 ਅਤੇ ਹਾਈਬ੍ਰਿਡ ਕਿਸਮਾਂ ਦੀ ਲਵਾਈ ਕਰਨ ਲਗਾਈ ਪਾਬੰਦੀ ਹੋਣ ਕਾਰਨ ਇਨਾਂ ਕਿਸਮਾਂ ਦੇ ਬੀਜ ਦੀ ਵਿਕਰੀ ਨਹੀਂ ਕਰ ਸਕਦਾ।ਉਨਾਂ ਕਿਹਾ ਕਿ ਜੇਕਰ ਕੋਈ ਬੀਜ ਵਿਕ੍ਰੇਤਾ ਪਾਬੰਦੀਸ਼ੁਦਾ ਕਿਸਮਾਂ ਦੀ ਵਿਕਰੀ ਕਰਦਾ ਪਾਇਆ ਗਿਆ ਤਾਂ ਉਸ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਉਨਾਂ ਕਿਹਾ ਕਿ ਕੀਤੀ ਗਈ ਚੈਕਿੰਗ ਦੌਰਾਨ ਦੇਖਿਆ ਗਿਆ ਕਿ ਬਹੁਤਾਤ ਬੀਜ ਵਿਕ੍ਰੇਤਾਵਾਂ ਕੋਲ ਬਾਸਮਤੀ ਦਾ ਬੀਜ ਹੀ ਉਪਲਬਧ ਹੋ ਕਿਉਂਕਿ ਬਲਾਕ ਫਤਿਹਗੜ੍ਹ ਚੂੜੀਆਂ ਵਿਚ ਬਾਸਮਤੀ ਦੀ ਕਾਸ਼ਤ ਤਕਰੀਬਨ ਦਸ ਹਜ਼ਾਰ ਹੈਕਟੇਅਰ ਰਕਬੇ ਵਿੱਚ ਕੀਤੀ ਜਾਂਦੀ ਹੈ। ਉਨਾਂ ਕਿਹਾ ਕਿ ਬਾਸਮਤੀ ਦੀ ਪਨੀਰੀ ਦੀ ਬਿਜਾਈ ਦਾ ਸਮਾਂ ਜੂਨ ਦਾ ਪਹਿਲਾ ਪੰਦਰਵਾੜਾ ਹੈ ਅਤੇ ਕਿਸਾਨ ਇਸ ਸਮੇਂ ਦੌਰਾਨ ਹੀ ਬਾਸਮਤੀ ਦੀ ਪਨੀਰੀ ਦੀ ਬਿਜਾਈ ਕਰਨ।
ਉਨਾਂ ਕਿਹਾ ਕਿ ਆਮ ਦੇਖਿਆ ਗਿਆ ਹੈ ਕਿ ਬਾਸਮਤੀ ਕਾਸ਼ਤਕਾਰਾਂ ਵਲੋਂ ਝੋਨੇ ਦੀ ਪਨੀਰੀ ਦੀ ਬਿਜਾਈ ਦੇ ਨਾਲ ਹੀ ਬਾਸਮਤੀ ਦੀ ਪਨੀਰੀ ਦੀ ਬਿਜਾਈ ਕਰ ਦਿੱਤੀ ਜਾਂਦੀ ਹੈ ਅਤੇ ਲਵਾਈ ਵੀ ਜਲਦੀ ਕਰ ਦਿੱਤੀ ਜਾਂਦੀ ਹੈ ਜਿਸ ਨਾਲ ਬਾਸਮਤੀ ਦੀ ਫ਼ਸਲ ਵਿਚ ਪੈਰਾਂ ਦੇ ਗਲਣ ਦਾ ਰੋਗ ਬਹੁਤ ਨੁਕਸਾਨ ਕਰਦਾ ਹੈ।
ਉਨਾਂ ਕਿਹਾ ਕਿ ਪੰਜਾਬ ਯੂਨੀਵਰਸਿਟੀ ਲੁਧਿਆਣਾ ਅਤੇ ਖੇਤੀਬਾੜੀ ਵਿਭਾਗ ਵਲੋ ਪ੍ਰਵਾਨਿਤ ਪੀ ਆਰ 121,122, ਪੀ ਆਰ126,128,129,130,ਐਚ ਕੇ ਆਰ 47, ਪੀ ਆਰ 131 ਅਤੇ 132 ਕਿਸਮਾਂ ਦੀ ਬਿਜਾਈ ਕਰਨ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਇਹ ਕਿਸਮਾਂ ਪਾਣੀ ਦੀ ਬੱਚਤ ਲਈ ਵਧੇਰੇ ਕਾਰਗਰ ਹਨ ਅਤੇ ਪਰਾਲੀ ਦੀ ਸੰਭਾਲ ਕਰਨੀ ਵੀ ਸੌਖੀ ਹੁੰਦੀ ਹੈ।
ਉਨਾਂ ਬੀਜ ਵਿਕ੍ਰੇਤਾਵਾਂ ਨੁੰ ਇਹ ਵੀ ਹਦਾਇਤ ਕੀਤੀ ਕਿ ਕਿਸਾਨਾਂ ਨੁੰ ਬੀਜ ਦੀ ਵਿਕਰੀ ਕਰਨ ਉਪਰੰਤ ਬਿੱਲ ਜ਼ਰੁਰ ਦਿੱਤਾ ਜਾਵੇ।
ਉਨਾਂ ਨੇ ਕਿਹਾ ਕਿ ਇਸ ਵਾਰ ਜ਼ਿਲਾ ਗੁਰਦਾਸਪੁਰ ਅੰਦਰ ਝੋਨੇ ਦੀ ਲਵਾਈ ਦਾ ਸਮਾ 5 ਜੂਨ ਤੋ ਨਿਰਧਾਰਤ ਕੀਤਾ ਗਿਆ ਹੈ । ਉਨਾਂ ਦੱਸਿਆ ਕਿ ਖੇਤੀਬਾੜੀ ਵਿਭਾਗ ਵਲੋਂ ਪੂਸਾ 44 ਅਤੇ ਹਾਈਬ੍ਰਿਡ ਕਿਸਮਾਂ ਦੀ ਵਿਕਰੀ ਨਾਂ ਕਰਨ ਲਈ ਪੂਰੀ ਸ਼ਖਤੀ ਕੀਤੀ ਜਾਵੇਗੀ ਅਤੇ ਇਸਦੇ ਬੀਜ ਨੂੰ ਵਿਕਣ ਨਹੀ ਦਿੱਤਾ ਜਾਵੇਗਾ।
ਉਨਾਂ ਕਿਹਾ ਕਿ ਸਮੂਹ ਬੀਜ ਵਿਕਰੇਤਾਵਾਂ ਨੂੰ ਹਦਾਇਤ ਕੀਤੀ ਕਿ ਹਰੇਕ ਕਿਸਾਨ ਨੁੰ ਬੀਜ ਦੀ ਵਿਕਰੀ ਕਰਨ ਉਪਰੰਤ ਬਿੱਲ ਹਰ ਹਾਲਤ ਵਿੱਚ ਕੱਟ ਕੇ ਦਿੱਤਾ ਜਾਵੇ ਅਤੇ ਜੇਕਰ ਕੋਈ ਬੀਜ ਵਿਕ੍ਰੇਤਾ ਬਿੱਲ ਦੇਣ ਤੋਂ ਬਗੈਰ ਬੀਜ ਦੀ ਵਿਕਰੀ ਕਰਦਾ ਪਾਇਆ ਗਿਆ ਤਾਂ ਉਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਜਿਸ ਵਿਚ ਲਾਇਸੰਸ ਮੁਅੱਤਲ ਵੀ ਕੀਤਾ ਜਾ ਸਕਦਾ । ਉਨ੍ਹਾ ਕਿਹਾ ਕਿ ਪੀ ਆਰ 126 ਝੋਨੇ ਦੀ ਕਿਸਮ ਦੀ ਪਨੀਰੀ ਦੀ ਬਿਜਾਈ 15-20 ਮਈ ਤੋਂ ਬਾਅਦ ਕੀਤੀ ਜਾਵੇ।
ਉਨਾ ਦੱਸਿਆ ਕਿ ਅਨਅਧਿਕਾਰਤ ਕਿਸਮਾਂ ਦੀ ਵਿਕਰੀ ਰੋਕਣ ਲਈ ਸਮੁਹ ਖੇਤੀਬਾੜੀ ਅਫਸਰਾਂ ਨੂੰ ਹਦਾਇ਼ਤਾ ਜਾਰੀ ਕਰ ਦਿੱਤੀਆ ਹਨ ਕਿ ਪੂਸਾ 44 ਸਮੇਤ ਹਾਈਬ੍ਰਿਡ ਬੀਜਾਂ ਦੀ ਵਿਕਰੀ ਨਾਂ ਹੋਣ ਦਿੱਤੀ ਜਾਵੇ।